ਉੱਚੀਆਂ ਇਮਾਰਤਾਂ, ਅਮੀਰ ਸ਼ੇਖਾਂ ਤੋਂ ਇਲਾਵਾ ਯੂਏਈ ਦੀਆਂ ਕੁਝ ਖਾਸ ਗੱਲਾਂ

    • ਲੇਖਕ, ਜ਼ੁਬੈਰ ਅਹਿਮਦ
    • ਰੋਲ, ਬੀਬੀਸੀ ਪੱਤਰਕਾਰ

ਤੇਲ ਦੀ ਕਮਾਈ ਨਾਲ ਐਸ਼ ਕਰਦੇ ਸ਼ੇਖ਼ਾਂ ਤੋਂ ਇਲਾਵਾ ਵੀ ਹੋਰ ਬਹੁਤ ਕੁਝ ਹੈ ਅਰਬ ਅਮੀਰਾਤ ਵਿੱਚ, ਜੋ ਸਾਨੂੰ ਓਪਰੀ ਨਜ਼ਰੇ ਨਜ਼ਰ ਨਹੀਂ ਆਉਂਦਾ।

ਦੁਬਈ ਸਿਰਫ਼ ਉਚੀਆਂ ਇਮਾਰਤਾਂ ਵਾਲਾ ਖਿੱਤਾ ਹੀ ਨਹੀਂ ਹੈ ਬਲਕਿ ਇੱਥੋਂ ਦੀ ਸਰਕਾਰ ਆਪਣੇ ਲੋਕਾਂ ਨੂੰ ਸਭ ਤੋਂ ਅਮੀਰ ਦੇ ਨਾਲ ਨਾਲ ਖੁਸ਼ ਵੀ ਦੇਖਣਾ ਚਾਹੁੰਦੀ ਹੈ।

ਆਓ ਵੇਖੀਏ ਕਿਵੇਂ ਦਾ ਹੈ, ਇਹ ਮੁਲਕ ਤੇ ਕੀ ਨੇ ਸਰਕਾਰ ਦੀਆਂ ਯੋਜਨਾਵਾਂ, ਦੁਬਈ ਤੋਂ ਬੀਬੀਸੀ ਪੱਤਰਕਾਰ ਜ਼ੁਬੈਰ ਅਹਿਮਦ ਦੀ ਰਿਪੋਰਟ꞉

ਸਰਕਾਰ ਦੀ ਭੱਵਿਖਮੁਖੀ ਬਣਤਰ

ਪਿਛਲੇ ਸਾਲ ਸੰਯੁਕਤ ਅਰਬ ਅਮੀਰਾਤ ਦੀ ਸਰਕਾਰ ਵਿੱਚ ਵੱਡੇ ਫ਼ੇਰ ਬਦਲ ਨਾਲ ਨਵਾਂ ਪ੍ਰਸੰਨਤਾ ਮੰਤਰਾਲਾ ਕਾਇਮ ਕੀਤਾ ਗਿਆ ਤਾਂ ਕਿ ਦੇਸ ਬਦਲਦੇ ਵਕਤ ਨਾਲ ਮਿਲ ਕੇ ਤੁਰ ਸਕੇ। ਪ੍ਰਸੰਨਤਾ ਮੰਤਰੀ ਦਾ ਕੰਮ ਸਮਾਜਿਕ ਭਲਾਈ ਤੇ ਸੰਤੁਸ਼ਟੀ ਲਈ ਨੀਤੀ ਤਿਆਰ ਕਰਨਾ ਹੋਵੇਗਾ।

ਇਸਦੇ ਨਾਲ ਹੀ ਸਹਿਣਸ਼ੀਲਤਾ ਲਈ ਰਾਜ ਮੰਤਰੀ ਦਾ ਅਹੁਦਾ ਵੀ ਕਾਇਮ ਕੀਤਾ ਗਿਆ ।

ਦੇਸ ਦੇ ਪ੍ਰਧਾਨ ਮੰਤਰੀ ਜੋ ਦੁਬਈ ਦੇ ਵੀ ਹਾਕਮ ਹਨ, ਸ਼ੇਖ਼ ਮੋਹੰਮਦ ਬਿਨ ਰਾਸ਼ਿਦ ਅਲ ਮਕਤੂਮ ਨੇ ਇਹ ਐਲਾਨ ਕੀਤਾ।

"ਸਾਨੂੰ ਜਵਾਨ ਤੇ ਲਚਕੀਲੀ ਸਰਕਾਰ ਚਾਹੀਦੀ ਹੈ, ਜੋ ਸਾਡੇ ਨੌਜਵਾਨਾਂ ਦੀਆਂ ਇੱਛਾਵਾਂ ਪੂਰੀਆਂ ਕਰੇ ਤੇ ਸਾਡੇ ਲੋਕਾਂ ਦੀਆਂ ਤਾਂਘਾਂ ਹਾਸਲ ਕਰੇ।"

ਸਹਿਣਸ਼ੀਲਤਾ ਨੂੰ ਯੂਏਈ ਸਮਾਜ ਦੀ ਕੇਂਦਰੀ ਕਦਰਾਂ ਕੀਮਤਾਂ ਵਜੋਂ ਉਤਸ਼ਾਹਿਤ ਕਰਨਾ ਚਾਹੁੰਦੀ ਹੈ।

ਪ੍ਰਧਾਨ ਮੰਤਰੀ ਨੇ ਯੂਏਈ ਦੇ ਨੌਜਵਾਨਾਂ ਲਈ ਕੌਮੀ ਕਾਊਂਸਲ ਵੀ ਬਣਾਈ ਹੈ ।

ਉਨ੍ਹਾਂ ਅੱਗੇ ਕਿਹਾ ਕਿ, "ਨੌਜਵਾਨਾਂ ਦੀ ਸ਼ਕਤੀ ਹੀ ਸਾਡੀ ਭਵਿੱਖ ਦੀ ਸਰਕਾਰ ਚਲਾਏਗੀ।"

ਦੁਬਈ ਤੋਂ ਜੁਬੈਰ ਅਹਿਮਦ

ਮੈਂ ਆਪਣੀਆਂ ਬਣੀਆਂ ਬਣਾਈਆਂ ਧਾਰਨਾਵਾਂ ਦੇ ਅਧੀਨ ਹੀ ਅਮੀਰਾਤ ਪਹੁੰਚਿਆ। ਇਹ ਵਿਚਾਰ ਪੱਛਮੀਂ ਮੀਡੀਏ ਦੇ ਅਸਰ ਹੇਠ ਸਨ। ਮੈਂ ਖ਼ੁਦ ਪਿਛਲੇ 22 ਸਾਲਾਂ ਤੋਂ ਇਸੇ ਮੀਡੀਏ ਨਾਲ ਜੁੜਿਆ ਹੋਇਆ ਹਾਂ।

ਸਾਡੀ ਕਲਪਨਾ ਸੀ ਕਿ ਇਹ ਕੋਈ ਉੱਚੀਆਂ ਇਮਾਰਤਾਂ ਵਾਲਾ ਸ਼ਹਿਰ ਹੈ। ਇਹ ਇੱਕ ਖੁਸ਼ਕ ਇਲਾਕਾ ਹੈ। ਮੈਂ ਇਸ ਮੁਲਕ ਨੂੰ ਤੇਲ ਪੈਦਾ ਕਰਨ ਵਾਲੇ ਦੇਸ ਤੋਂ ਵੱਧ ਕਦੇ ਕੁਝ ਨਹੀਂ ਸਮਝਿਆ।

ਮੈਨੂੰ ਲਗਦਾ ਸੀ ਕਿ ਇੱਥੋਂ ਦੇ ਲੋਕ ਆਪਣੇ ਰਵਾਇਤੀ ਪਹਿਰਾਵਿਆਂ ਵਿੱਚ ਬਸ ਐਸ਼ ਕਰਦੇ ਹਨ। ਸਾਫ਼ ਹੈ ਕਿ ਇਹ ਸਭ ਧਾਰਨਾਵਾਂ ਗਲਤ ਸਨ।

ਪਰ 10 ਦਿਨ ਗੁਜਾਰਨ ਤੋਂ ਬਾਅਦ ਸਾਡੀਆਂ ਅੱਖਾਂ ਖੁੱਲ੍ਹ ਗਈਆਂ।

ਇਹ ਲੋਕ ਬਾਹਰੋਂ ਭਾਵੇਂ ਸਖ਼ਤ ਲਗਦੇ ਹਨ ਪਰ ਅੰਦਰੋਂ ਆਤਮ ਵਿਸ਼ਵਾਸ਼ ਨਾਲ ਭਰੇ ਹੋਏ ਹਨ। ਉਨ੍ਹਾਂ ਦਾ ਅੱਜ ਖੁਸ਼ਹਾਲ ਹੈ ਤਾਂ ਉਹ ਆਪਣਾ ਭੱਵਿਖ ਸੰਵਾਰਨ ਵਿੱਚ ਲੱਗ ਗਏ ਹਨ।

ਡਰੋਨ ਦੇ ਮੁਕਾਬਲੇ ਤੇ ਮੰਗਲ ਗ੍ਰਹਿ 'ਤੇ ਸ਼ਹਿਰ

ਇਸਦੇ ਇਲਾਵਾ 'World Drone Prix' ਦੇ ਨਾਂ ਨਾਲ ਡਰੋਨ ਰੇਸਿੰਗ ਦੇ ਮੁਕਾਬਲੇ ਵੀ ਸ਼ੁਰੂ ਕਰਨ ਜਾ ਰਹੇ ਹਨ।

27 ਸਾਲਾ ਉਮਰ ਬਿਨ ਸੁਲਤਾਨ ਦੇਸ ਦੇ ਆਰਟੀਫ਼ੀਸ਼ਲ ਇੰਟੈਲੀਜੈਂਸ ਮੰਤਰਾਲੇ ਦੇ ਰਾਜ ਮੰਤਰੀ ਹਨ। ਉਹ ਪਿਛਲੇ ਮਹੀਨੇ ਹੀ ਮੰਤਰੀ ਨਿਯੁਕਤ ਕੀਤੇ ਗਏ ਹਨ ਤੇ ਭੱਵਿਖ ਨਾਲ ਜੁੜੀਆਂ ਸਾਰੀਆਂ ਯੋਜਨਾਵਾਂ ਨਾਲ ਵੀ ਜੁੜੇ ਹੋਏ ਹਨ।

ਉਨ੍ਹਾਂ ਦੀ ਜਿੰਮੇਵਾਰੀ ਹੈ ਕਿ ਇਸ ਬਣਾਉਟੀ ਸੂਝ ਨਾਲ ਜੁੜੀਆਂ ਤਕਨੀਕਾਂ ਵਿੱਚ ਨਿਵੇਸ਼ ਕਰਾ ਕੇ ਸਰਕਾਰੀ ਯੋਜਨਾਵਾਂ ਅੱਗੇ ਵਧਾਉਣ।

ਦੇਸ ਸਾਰੀਆਂ ਭੱਵਿਖੀ ਯੋਜਨਾਵਾਂ ਵਿੱਚ ਬਣਾਉਟੀ ਸੂਝ ਦੀ ਵਰਤੋਂ ਕਰਨੀ ਚਾਹੁੰਦਾ ਹੈ ਪਰ ਸਭ ਤੋਂ ਉੱਪਰ ਹੈ ਮੰਗਲ 'ਤੇ ਬਸਤੀ ਵਸਾਉਣਾ।

ਅਮੀਰਾਤ 1971 ਵਿੱਚ ਅੰਗਰੇਜਾਂ ਤੋਂ ਅਜ਼ਾਦ ਹੋਇਆ ਸੀ ਤੇ 2071 ਵਿੱਚ ਇਸ ਦੇ ਸੌ ਸਾਲਾ ਜਸ਼ਨਾਂ ਦੀਆਂ ਤਿਆਰੀਆਂ ਵੀ ਉਮਰ ਬਿਨ ਸੁਲਤਾਨ ਦੇ ਹੀ ਜਿੰਮੇ ਹਨ।

ਅਮੀਰ ਮੁਲਕਾਂ ਨਾਲੋਂ ਜ਼ਿਆਦਾ ਅਮੀਰਾਤ ਦੀ ਕਮਾਈ

ਇਹ ਧਨੀ ਸਮਾਜ ਹੈ। ਇੱਥੋਂ ਦੇ ਵਸਨੀਕਾਂ ਦੀ ਪ੍ਰਤੀ ਜੀਅ ਆਮਦਨ 72,800 ਡਾਲਰ ਹੈ। ਇਹ ਕਈ ਅਮੀਰ ਮੁਲਕਾਂ ਨਾਲੋਂ ਜ਼ਿਆਦਾ ਹੈ।

ਇੱਥੋਂ ਦੇ ਲੋਕ ਘੱਟੋ-ਘੱਟ ਵੇਖਣ ਨੂੰ ਤਾਂ ਖੁਸ਼ ਹੀ ਲਗਦੇ ਹਨ। ਫ਼ੇਰ ਵੀ ਇੱਥੋਂ ਦੀ ਸਰਕਾਰ ਨੇ ਪਿਛਲੇ ਸਾਲ ਪ੍ਰਸੰਨਤਾ ਮੰਤਰਾਲਾ ਬਣਇਆ ਜਿਸ ਦੀ ਅਗਵਾਈ ਔਹਦ ਬਿੰਤ ਖਲਫ਼ਾਨ ਅਲ ਰੂਮੀ ਕਰ ਰਹੀ ਹੈ। ਰੂਮੀ ਦੇਸ ਦੀਆਂ 8 ਔਰਤ ਮੰਤਰੀਆਂ ਵਿੱਚੋਂ ਇੱਕ ਹਨ।

ਪਿਛਲੇ ਸਾਲ ਮੰਤਰੀ ਬਣਦਿਆਂ ਹੀ ਉਨ੍ਹਾਂ ਨਾ ਖੁਸ਼ਹਾਲੀ ਨੂੰ ਵੱਡੀ ਜ਼ਰੂਰਤ ਕਿਹਾ ਸੀ। ਪਿਛਲੇ ਮਹੀਨੇ ਉਨ੍ਹਾਂ ਨੂੰ ਜਿੰਦਗੀ ਦੀ ਗੁਣਵੱਤਾ ਦਾ ਵਿਭਾਗ ਵੀ ਦੇ ਦਿੱਤਾ ਗਿਆ। ਪਰ ਕੀ ਸਾਡੀ ਜਿੰਦਗੀ ਵਿੱਚ ਖੁਸ਼ਹਾਲੀ ਲਿਆਉਣਾ, ਸਾਨੂੰ ਖੁਸ਼ ਰੱਖਣਾ ਸਰਕਾਰ ਦਾ ਕੰਮ ਹੈ?

ਜਵਾਬ ਬੇਸ਼ੱਕ ਐਨਾ ਸੌਖਾ ਨਾ ਹੋਵੇ ਪਰ ਇਸ ਵਿਭਾਗ ਦੀ ਵੈਬਸਾਈਟ ਵੀ ਹੈ ਜੋ ਇਸ ਬਾਰੇ ਸਰਕਾਰ ਦੇ ਕਦਮਾਂ ਤੇ ਨਜ਼ਰੀਏ ਬਾਰੇ ਚਾਨਣ ਪਾਉਂਦੀ ਹੈ। ਤਾਂ ਕਿ ਅਰਬ ਨੂੰ ਦੁਨੀਆਂ ਦਾ ਸਭ ਤੋਂ ਖੁਸ਼ਹਾਲ ਦੇਸ ਬਣਾਇਆ ਜਾ ਸਕੇ।

ਪਰ ਨਿੱਜੀ ਰੂਪ ਵਿੱਚ ਮੇਰੇ ਲਈ ਖੁਸ਼ੀ ਦਾ ਮਾਅਨਾ ਹੈ ਲੋਕ ਤੰਤਰ ਤੇ ਨਿੱਜੀ ਅਜ਼ਾਦੀ। ਬਹੁਤੇ ਲੋਕ ਤਾਂ ਮੇਰੇ ਨਾਲ ਸਹਿਮਤ ਦਿਖੇ ਪਰ ਕਈ ਹਾਲਾਤ ਨਾਲ ਸੰਤੁਸ਼ਟ ਨਜ਼ਰ ਆਏ ।

ਕੀ ਹੈ ਹੈਪੀਨੈੱਸ ਇੰਡੈਕਸ?

ਜ਼ਿਕਰਯੋਗ ਹੈ ਕਿ ਸੰਯੁਕਤ ਰਾਸ਼ਟਰ ਦੇ ਅਧੀਨ ਸਸਟੇਨੇਬਲ ਡਿਵੈਲਪਮੈਂਟ ਸੌਲਿਊਸ਼ਨਜ਼ ਨੈਟਵਰਕ ਹਰ ਸਾਲ ਇੱਕ ਰਿਪੋਰਟ ਜਾਰੀ ਕਰਦਾ ਹੈ ਜਿਸ ਵਿੱਚ ਦੁਨੀਆਂ ਭਰ ਦੇ ਮੁਲਕਾਂ ਦੀ ਦਰਜੇਬੰਦੀ ਵਸਨੀਕਾਂ ਦੀ ਪ੍ਰਸੰਨਤਾ ਦੇ ਅਧਾਰ 'ਤੇ ਕੀਤੀ ਜਾਂਦੀ ਹੈ। ਇਹ ਰਿਪੋਰਟ ਕਈ ਮੁਲਕਾਂ ਵਿੱਚ ਨੀਤੀ ਨਿਰਮਾਣ ਨੂੰ ਪ੍ਰਭਾਵਿਤ ਕਰਦੀ ਹੈ।

ਇਨ੍ਹਾਂ ਰਿਪੋਰਟਾਂ ਵਿੱਚ ਪ੍ਰਤੀ ਜੀਅ ਸਕਲ ਘਰੇਲੂ ਉਤਪਾਦ, ਤੰਦਰੁਸਤ ਜਣੇਪਿਆਂ ਦੀ ਉਮੀਦ, ਭ੍ਰਿਸ਼ਾਟਾਚਾਰ ਦਾ ਪੱਧਰ ਤੇ ਸਮਾਜਿਕ ਅਜ਼ਾਦੀ ਵਰਗੇ ਪੈਮਾਨਿਆਂ ਨੂੰ ਅਧਾਰ ਬਣਾਇਆ ਜਾਂਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)