ਸਾਊਦੀ ਅਰਬ ਦੀ ਫੈਸ਼ਨ ਮੈਗਜ਼ੀਨ 'ਤੇ ਇਸ ਰਾਜਕੁਮਾਰੀ ਦੀ ਚਰਚਾ

ਅਮਰੀਕੀ ਰਸਾਲੇ ਵੋਗ ਦੇ ਅਰਬ ਐਡੀਸ਼ਨ ਦੇ ਮੁੱਖ ਪੰਨੇ ਉੱਤੇ ਪਹਿਲੀ ਵਾਰ ਕਿਸੇ ਅਰਬ ਰਾਜਕੁਮਾਰੀ ਦੀ ਤਸਵੀਰ ਛਾਪੀ ਗਈ ਹੈ। ਮੈਗਜ਼ੀਨ ਨੇ ਸਾਉਦੀ ਅਰਬ ਦੀ ਰਾਜਕੁਮਾਰੀ ਹੈਫ਼ਾ ਬਿਨਤ ਅਬਦੁਲਾਹ ਅਲ ਸਾਉਦ ਦੀ ਤਸਵੀਰ ਛਾਪੀ ਹੈ।

ਸਾਉਦੀ ਰਾਜਕੁਮਾਰੀਆਂ ਜਾਂ ਰਾਜ ਪਰਿਵਾਰ ਨਾਲ ਜੁੜੀਆਂ ਔਰਤਾਂ ਬਹੁਤ ਘਟ ਅਜਿਹੇ ਕਾਰਨਾਂ ਕਰਕੇ ਚਰਚਾ ਵਿੱਚ ਆਉਂਦੀਆਂ ਹਨ। ਉੱਥੋਂ ਦੇ ਸ਼ਾਹੀ ਪਰਿਵਾਰ ਇਸ ਕਿਸਮ ਦੀ ਚਕਾ-ਚੌਂਧ ਤੋਂ ਆਪਣੇ ਆਪ ਨੂੰ ਅਤੇ ਖ਼ਾਸ ਕਰਕੇ ਔਰਤਾਂ ਨੂੰ ਦੂਰ ਰਖਦੇ ਹਨ।

ਮੈਗਜ਼ੀਨ ਦਾ ਇਹ ਅੰਕ ਸਾਉਦੀ ਦੀਆਂ ਔਰਤਾਂ ਨੂੰ ਸਮਰਪਿਤ ਕੀਤਾ ਗਿਆ ਹੈ ਅਤੇ ਰਾਜਕੁਮਾਰ ਮੋਹੰਮਦ ਬਿਨ ਸਲਮਾਨ ਵੱਲੋਂ ਇਸ ਦਿਸ਼ਾ ਵਿੱਚ ਕੀਤੇ ਗਏ ਸੁਧਾਰਾਂ ਦੀ ਸ਼ਲਾਘਾ ਕੀਤੀ ਗਈ ਹੈ।

ਕਿੰਮ ਨਾਲ ਮੁਲਾਕਾਤ 12 ਜੂਨ ਨੂੰ-ਟਰੰਪ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਉੱਤਰੀ ਕੋਰੀਆ ਦੇ ਆਗੂ ਕਿਮ ਜੋਂਗ ਉਨ ਨਾਲ 12 ਜੂਨ ਨੂੰ ਮੁਲਾਕਤ ਲਈ ਹਾਮੀ ਭਰ ਦਿੱਤੀ ਹੈ।

ਇੱਕ ਹਫ਼ਤਾ ਪਹਿਲਾਂ ਉਨ੍ਹਾਂ ਨੇ ਇਸ ਬੈਠਕ ਤੋਂ ਇਨਕਾਰ ਕਰ ਦਿੱਤਾ ਸੀ।

ਕਿਮ ਜੋਂਗ ਉਨ ਦੇ ਖਾਸ ਦੂਤ ਅਤੇ ਨਜ਼ਦੀਕੀ ਕਿਮ ਜੋਂਗ ਉਨ ਚੋਲ ਨੇ ਰਾਸ਼ਟਰਪਤੀ ਨੂੰ ਉਨ ਦਾ ਇੱਕ ਖ਼ਤ ਪਹੁੰਚਾਇਆ।

ਇਸ ਪੱਤਰ ਬਾਰੇ ਪਹਿਲਾਂ ਟਰੰਪ ਨੇ ਕਿਹਾ ਕਿ ਇਹ ਬਹੁਤ ਦਿਲਚਸਪ ਹੈ ਪਰ ਬਾਅਦ ਵਿੱਚ ਉਨ੍ਹਾਂ ਕਿਹਾ ਕਿ ਫਿਲਹਾਲ ਉਨ੍ਹਾਂ ਨੇ ਇਹ ਖ਼ਤ ਖੋਲ੍ਹ ਕੇ ਨਹੀਂ ਦੇਖਿਆ।

ਕੇਂਦਰ ਨੇ ਲੰਗਰ ਤੋਂ ਜੀਐਸਟੀ ਹਟਾਇਆ

ਸ਼ਾਹਕੋਟ ਜ਼ਿਮਨੀ ਚੋਣ ਵਿੱਚ ਭਾਜਪਾ ਦੀ ਭਾਈਵਾਲ ਅਕਾਲੀ ਦਲ ਦੀ ਕਰਾਰੀ ਹਾਰ ਮਗਰੋਂ ਕੇਂਦਰ ਸਰਕਾਰ ਲੰਗਰ ਤੋਂ ਜੀਐੱਸਟੀ ਹਟਾਉਣ ਦਾ ਫ਼ੈਸਲਾ ਲਿਆ ਗਿਆ ਹੈ।

ਭਲਕੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਟਵਿੱਟਰ 'ਤੇ ਕੇਂਦਰ ਸਰਕਾਰ ਦੇ ਹੁਕਮਾਂ ਦੀ ਕਾਪੀ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ।

31 ਮਈ ਦੇ ਇਸ ਹੁਕਮ ਵਿੱਚ ਵਿੱਤੀ ਸਾਲ 2018-19 ਅਤੇ 2020-21 ਲਈ ਸੇਵਾ ਭੋਜ ਯੋਜਨਾ ਦੀ ਸ਼ੁਰੂਆਤ ਕੀਤੀ ਹੈ ਜਿਸ ਤਹਿਤ ਦੇਸ ਵਿੱਚ ਚੈਰੀਟੇਬਲ ਸੰਸਥਾਵਾਂ ਵੱਲੋਂ ਲੰਗਰ ਲਈ ਖਰੀਦੀ ਗਈ ਸੱਮਗਰੀ 'ਤੇ ਲਾਏ ਗਏ ਜੀਐਸਟੀ ਵਿੱਚੋਂ ਕੇਂਦਰ ਸਰਕਾਰ ਦਾ ਹਿੱਸਾ ਵਾਪਸ (ਰਿਫੰਡ) ਕੀਤਾ ਜਾਵੇਗਾ।

ਸਟੀਲ 'ਤੇ ਟਰੰਪ ਦੇ ਫ਼ੈਸਲੇ ਕਾਰਨ ਭਖੇ ਉਨ੍ਹਾਂ ਦੇ ਦੋਸਤ

ਅਮਰੀਕਾ ਦੇ ਖਾਸ ਮਿੱਤਰ ਦੇਸਾਂ ਨੇ ਉਸ ਨੂੰ ਚੇਤਾਇਆ ਹੈ ਕਿ ਉਨ੍ਹਾਂ ਵੱਲੋਂ ਟਰੰਪ ਪ੍ਰਸ਼ਾਸਲ ਵੱਲੋਂ ਸਟੀਲ ਤੇ ਅਲਮੀਨੀਅਮ 'ਤੇ ਲਗਾਈ ਇੰਪੋਰਟ ਡਿਊਟੀ ਦਾ ਜਵਾਬ ਦਿੱਤਾ ਜਾਵੇਗਾ।

ਅਮਰੀਕੀ ਪ੍ਰਸ਼ਾਸਨ ਵੱਲੋਂ ਕੈਨੇਡਾ, ਮੈਕਸਿਕੋ ਅਤੇ ਯੂਰਪੀਅਨ ਯੂਨੀਅਨ ਤੋਂ ਆਉਂਦੇ ਸਾਮਾਨ 'ਤੇ ਨਵੀਂ ਇੰਪੋਰਟ ਡਿਊਟੀ ਨੂੰ ਲਗਾ ਦਿੱਤੀ ਗਈ ਹੈ।

ਇਨ੍ਹਾਂ ਸਾਰਿਆਂ ਦੇਸਾਂ ਨੇ ਕਿਹਾ ਹੈ ਕਿ ਉਹ ਹੁਣ ਅਮਰੀਕਾ ਦੇ ਸਾਮਾਨ ਜਿਵੇਂ ਹਾਰਲੇ ਡਿਵਿਡਸਨ ਬਾਈਕ ਤੋਂ ਲੈ ਕੇ ਓਰੈਂਜ ਜੂਸ ਤੱਕ, ਸਾਰਿਆਂ 'ਤੇ ਇੰਪੋਰਟ ਡਿਊਟੀ ਲਾਉਣਗੇ।

ਹਾਲਾਂਕਿ ਯੂਰਪੀਅਨ ਯੂਨੀਅਨ ਦੇ ਵਿਦੇਸ਼ ਨੀਤੀ ਦੀ ਮੁਖੀ ਫੈਡਰਿਕਾ ਮੋਘੇਰਿਨੀ ਨੇ ਕਿਹਾ ਹੈ ਕਿ ਇਸ ਫੈਸਲੇ ਨੂੰ ਟਰੇਡ ਵਾਰ ਵਜੋਂ ਨਾ ਦੇਖਿਆ ਜਾਵੇ ਪਰ ਇਹ ਕਦਮ ਹਿੱਤਾਂ ਦੀ ਰਾਖੀ ਲਈ ਚੁੱਕਿਆ ਗਿਆ ਹੈ।

ਕਿਸਾਨਾਂ ਦੀ ਦਸ ਰੋਜਾ ਹੜਤਾਲ

ਕਿਸਾਨਾਂ ਵੱਲੋਂ 10 ਰੋਜ਼ਾ ਦੇਸ ਵਿਆਪੀ ਹੜਤਾਲ ਸ਼ੁੱਕਰਵਾਰ ਤੋਂ ਸ਼ੁਰੂ ਹੋ ਗਈ ਹੈ। ਇਸ ਹੜਤਾਲ ਵਿੱਚ 110 ਵੱਖ-ਵੱਖ ਕਿਸਾਨ ਜੱਥੇਬੰਦੀਆਂ ਸ਼ਾਮਲ ਹੋ ਰਹੀਆਂ ਹਨ।

ਹੜਤਾਲ ਵਿੱਚ ਕਿਸਾਨਾਂ ਨੂੰ ਸੱਦਾ ਦਿੱਤਾ ਗਿਆ ਹੈ ਕਿ ਉਹ ਆਪਣੀਆਂ ਸਬਜ਼ੀਆਂ, ਦੁੱਧ ਅਤੇ ਹੋਰ ਖੇਤੀਬਾੜੀ ਉਤਪਾਦ ਵੇਚਣ ਲਈ ਸ਼ਹਿਰਾਂ ਵਿੱਚ ਨਾ ਲਿਜਾਣ।

ਪਿੰਡਾਂ ਦੀ ਖੇਤੀ ਪੈਦਾਵਾਰ ਨੂੰ ਸ਼ਹਿਰ ਲਿਜਾਣ ਤੋਂ ਰੋਕਣ ਵਾਲੀ ਇਸ ਮੁਹਿੰਮ ਵਿੱਚ ਪੰਜਾਬ ਦੀਆਂ ਪੰਜ ਜਥੇਬੰਦੀਆਂ ਹਿੱਸਾ ਲੈ ਰਹੀਆਂ ਹਨ।

ਜਥੇਬੰਦੀਆਂ ਦੀ ਮੁੱਖ ਮੰਗ ਹੈ ਕਿ ਕਿਸਾਨ/ਮਜ਼ਦੂਰ ਦੀ ਘੱਟੋ-ਘੱਟ ਆਮਦਨ ਚੌਥਾ ਦਰਜਾ ਸਰਕਾਰੀ ਮੁਲਾਜ਼ਮ ਦੇ ਬਰਾਬਰ ਯਕੀਨੀ ਬਣਾਈ ਜਾਵੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)