11 ਮੁਲਕਾਂ ਦੇ ਦੌਰੇ ਤੋਂ ਬਾਅਦ ਅਮਰੀਕਾ ਪੁੱਜਿਆ ਪੰਜਾਬੀ ਹੋਇਆ ਡਿਪੋਰਟ

    • ਲੇਖਕ, ਅਰਵਿੰਦ ਛਾਬੜਾ
    • ਰੋਲ, ਬੀਬੀਸੀ ਪੱਤਰਕਾਰ

ਪੰਜਾਬ ਦੇ ਇੱਕ ਨੌਜਵਾਨ ਨੂੰ ਅਮਰੀਕਾ ਵਿਚ ਗੈਰਕਾਨੂੰਨੀ ਤਰੀਕੇ ਨਾਲ ਆਉਣ ਦੇ ਦੋਸ਼ ਹੇਠ ਭਾਰਤ ਡਿਪੋਰਟ ਕੀਤਾ ਗਿਆ ਹੈ।

ਨੌਜਵਾਨ 11 ਮੁਲਕਾਂ ਦਾ ਦੌਰਾ ਕਰਨ ਤੋਂ ਬਾਅਦ ਅਮਰੀਕਾ ਪਹੁੰਚਿਆ ਸੀ। ਜਾਅਲੀ ਪਾਸਪੋਰਟ ਰੱਖਣ ਦੇ ਦੋਸ਼ ਵਿਚ ਇਹ ਨੌਜਵਾਨ ਫਿਲਹਾਲ ਦਿੱਲੀ ਪੁਲਿਸ ਦੀ ਹਿਰਾਸਤ ਵਿਚ ਹੈ।

ਕਪੂਰਥਲਾ ਜ਼ਿਲ੍ਹੇ ਦੇ ਪਿੰਡ ਨੂਰਪੂਰ ਲੁਬਾਣਾ ਦਾ ਵਸਨੀਕ ਹਰਪ੍ਰੀਤ ਸਿੰਘ 11 ਮੁਲਕਾਂ ਦੇ ਦੌਰੇ ਤੋਂ ਬਾਅਦ 2016 ਵਿੱਚ ਅਮਰੀਕਾ ਪਹੁੰਚਿਆ ਸੀ।

ਅਮਰੀਕਾ ਪਹੁੰਚਣ ਤੋਂ ਬਾਅਦ ਹਰਪ੍ਰੀਤ ਸਿੰਘ ਨੇ 15 ਮਹੀਨੇ ਉਥੇ ਇਕ ਸਟੋਰ ਉਤੇ ਕੰਮ ਵੀ ਕੀਤਾ ਪਰ ਆਖ਼ਰ ਅਮਰੀਕਾ ਪੁਲਿਸ ਨੇ ਉਸ ਨੂੰ ਗੈਰਕਾਨੂੰਨੀ ਤਰੀਕੇ ਨਾਲ ਦੇਸ ਵਿੱਚ ਦਾਖ਼ਲ ਹੋਣ ਦੇ ਦੋਸ਼ ਵਿਚ ਭਾਰਤ ਡਿਪੋਰਟ ਕਰ ਦਿੱਤਾ।

ਦਿੱਲੀ ਪੁਲਿਸ ਅਨੁਸਾਰ ਅਮਰੀਕਾ ਪਹੁੰਚਣ ਵਿਚ ਗੁਰਪ੍ਰੀਤ ਸਿੰਘ ਦੀ ਮਦਦ ਜਲੰਧਰ ਦੇ ਇੱਕ ਏਜੰਟ ਨੇ ਕੀਤੀ ਸੀ।

ਦਿੱਲੀ ਪੁਲਿਸ ਦੇ ਡਿਪਟੀ ਕਮਿਸ਼ਨਰ (ਹਵਾਈ ਅੱਡਾ) ਸੰਜੇ ਭਾਟੀਆ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਹਰਪ੍ਰੀਤ ਸਿੰਘ ਪੁਲਿਸ ਰਿਮਾਂਡ 'ਤੇ ਹੈ ਅਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਹਰਪ੍ਰੀਤ ਖਿਲਾਫ ਧੋਖਾਧੜੀ ਅਤੇ ਜਾਅਲਸਾਜ਼ੀ ਦਾ ਮਾਮਲਾ ਦਰਜ ਕੀਤਾ ਗਿਆ ਹੈ।

ਅਮਰੀਕਾ ਪੁੱਜਣ ਲਈ ਬ੍ਰਾਜ਼ੀਲ ਤੋਂ ਦੌਰਾ ਕੀਤਾ ਸ਼ੁਰੂ

ਦਿੱਲੀ ਪੁਲਿਸ ਦੀ ਐਫਆਈਆਰ (ਬੀਬੀਸੀ ਪੰਜਾਬੀ ਕੋਲ FIR ਦੀ ਕਾਪੀ ਮੌਜੂਦ) ਅਨੁਸਾਰ ਹਰਪ੍ਰੀਤ ਸਿੰਘ ਨੇ ਅਮਰੀਕਾ ਲਈ ਆਪਣੀ ਯਾਤਰਾ ਅਗਸਤ 2016 ਵਿੱਚ ਦਿੱਲੀ ਤੋਂ ਬ੍ਰਾਜ਼ੀਲ ਲਈ ਆਪਣੇ ਅਸਲੀ ਪਾਸਪੋਰਟ ਨਾਲ ਸ਼ੁਰੂ ਕੀਤੀ ਸੀ।

ਦਿੱਲੀ ਪੁਲਿਸ ਮੁਤਾਬਕ ਜਲੰਧਰ ਦੇ ਏਜੰਟ ਨਾਲ ਉਸ ਦਾ ਲਗਾਤਾਰ ਸੰਪਰਕ ਰਿਹਾ। ਏਜੰਟ ਨੇ ਉਸ ਨੂੰ ਬੋਲਵੀਆ ਪਹੁੰਚਾਇਆ। ਉਥੋਂ ਸੜਕ ਮਾਰਗ ਰਾਹੀਂ ਲੀਮਾ, ਇਕਵਾਡੋਰ, ਕੋਲੰਬੀਆ, ਪਨਾਮਾ, ਕੋਸਟਾ ਰੀਕਾ, ਹੌਂਡੂਰਸ, ਗੁਆਟੇਮਾਲਾ ਅਤੇ ਮੈਕਸੀਕੋ ਪਹੁੰਚਿਆ।

ਇੱਥੋਂ ਹਰਪ੍ਰੀਤ ਸਿੰਘ ਅਮਰੀਕਾ ਦੇ ਸੂਬੇ ਲੂਜ਼ਿਆਨਾ ਪਹੁੰਚਿਆ। ਅਮਰੀਕਾ ਵਿਚ ਹਰਪ੍ਰੀਤ ਸਿੰਘ ਦੀ ਐਂਟਰੀ ਜਲੰਧਰ ਦੇ ਏਜੰਟ ਨੇ ਹੀ ਕਰਵਾਈ ਸੀ।

ਦਿੱਲੀ ਪੁਲਿਸ ਅਨੁਸਾਰ ਜਿਸ ਸਮੇਂ ਹਰਪ੍ਰੀਤ ਸਿੰਘ ਜ਼ਮੀਨੀ ਰਸਤੇ ਰਾਹੀਂ ਅਮਰੀਕਾ ਵਿਚ ਦਾਖ਼ਲ ਹੋਣ ਦੀ ਕੋਸ਼ਿਸ ਕਰ ਰਿਹਾ ਸੀ ਉਸ ਸਮੇਂ ਕੁਝ ਬਦਮਾਸ਼ਾਂ ਨੇ ਉਸਦਾ ਅਸਲ ਪਾਸਪੋਰਟ ਖੋਹ ਲਿਆ।

ਏਜੰਟ ਨੇ ਮੁੱਹਈਆ ਕਰਵਾਇਆ ਜਾਅਲੀ ਪਾਸਪੋਰਟ

ਐਫਆਈਆਰ ਮੁਤਾਬਕ ਹਰਪ੍ਰੀਤ ਸਿੰਘ ਨੇ ਪਾਸਪੋਰਟ ਦਾ ਪ੍ਰਬੰਧ ਕਰਨ ਲਈ ਜਲੰਧਰ ਦੇ ਇੱਕ ਏਜੰਟ ਨਾਲ ਮੁੜ ਤੋਂ ਸੰਪਰਕ ਕੀਤਾ। ਏਜੰਟ ਨੇ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਭਦਾਸ ਦੇ ਮੋਹਿੰਦਰ ਸਿੰਘ ਦੇ ਨਾਮ ਉਤੇ ਪਾਸਪੋਰਟ ਜਾਰੀ ਕਰਵਾ ਕੇ ਹਰਪ੍ਰੀਤ ਸਿੰਘ ਨੂੰ ਭੇਜਿਆ।

ਹਰਪ੍ਰੀਤ ਦਾ ਸਬੰਧ ਜਿਸ ਇਲਾਕੇ ਨਾਲ ਹੈ ,ਉਥੋਂ ਦੇ ਨੌਜਵਾਨਾਂ ਵਿਚ ਵਿਦੇਸ਼ ਜਾਣ ਦਾ ਰੁਝਾਨ ਸਭ ਤੋਂ ਵੱਧ ਹੈ। ਇੱਥੋਂ ਦੇ ਏਜੰਟ ਜਾਅਲੀ ਤਰੀਕੇ ਨਾਲ ਨੌਜਵਾਨਾਂ ਨੂੰ ਵਿਦੇਸ਼ ਭੇਜਣ ਲਈ "ਡੌਂਕੀ ਫਲਾਈਟ" ਦਾ ਸ਼ਬਦ ਵਰਤਦੇ ਹਨ।

ਜਿਸ ਤਹਿਤ ਏਜੰਟ ਨੌਜਵਾਨਾਂ ਨੂੰ ਗੈਰਕਾਨੂੰਨੀ ਤਰੀਕੇ ਨਾਲ ਵਿਦੇਸ਼ ਭੇਜਦੇ ਹਨ ਅਤੇ ਇਸ ਲਈ ਜਾਅਲੀ ਕਾਗਜ਼-ਪੱਤਰ ਵੀ ਤਿਆਰ ਕੀਤੇ ਜਾਂਦੇ ਹਨ।

ਪਿਛਲੇ ਸਾਲ ਦਸੰਬਰ ਵਿਚ, ਪੰਜਾਬ ਪੁਲਿਸ ਦੇ ਇੱਕ ਸੇਵਾ ਮੁਕਤ ਇੰਸਪੈਕਟਰ ਨੇ ਦਾਅਵਾ ਕੀਤਾ ਸੀ ਕਿ "ਡੌਕੀ ਉਡਾਣ" ਰਾਹੀਂ ਅਮਰੀਕਾ ਵਿਚ ਪ੍ਰਵੇਸ ਕਰਦੇ ਸਮੇਂ ਉਸ ਦੇ 39 ਸਾਲਾ ਮੁੰਡੇ ਦੀ ਮੌਤ ਹੋ ਗਈ ਸੀ। ਇਸ ਯਾਤਰਾ ਦਾ ਪ੍ਰਬੰਧ ਵੀ ਜਾਅਲੀ ਏਜੰਟ ਨੇ ਹੀ ਕੀਤਾ ਸੀ।

ਹਰਪ੍ਰੀਤ ਸਿੰਘ ਖਿਲਾਫ ਜਿਹੜੀ ਐਫਆਈਆਰ ਦਿੱਲੀ ਪੁਲਿਸ ਨੇ ਦਰਜ ਕੀਤੀ ਹੈ, ਉਸ ਵਿਚ ਜਲੰਧਰ ਦੇ ਰਾਣਾ ਨਾਮਕ ਏਜੰਟ ਦੇ ਫੋਨ ਨੰਬਰ ਦਾ ਜ਼ਿਕਰ ਕੀਤਾ ਗਿਆ ਹੈ।

ਉਸ ਨੰਬਰ 'ਤੇ ਬੀਬੀਸੀ ਪੰਜਾਬੀ ਨੇ ਸੰਪਰਕ ਵੀ ਕੀਤਾ ਤਾਂ ਅੱਗੋਂ ਜਵਾਬ ਮਿਲਿਆ ਕਿ ਇਹ ਨੰਬਰ ਜਲਾਲਾਬਾਦ ਦਾ ਹੈ ਅਤੇ ਉਹ ਪੇਸ਼ੇ ਤੋਂ ਆਟੋ ਡਰਾਈਵਰ ਹੈ। ਉਸ ਨੇ ਦੱਸਿਆ ਕਿ ਉਹ ਕਿਸੇ ਵੀ ਹਰਪ੍ਰੀਤ ਸਿੰਘ ਨਾਮਕ ਨੌਜਵਾਨ ਨੂੰ ਨਹੀਂ ਜਾਣਦਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)