ਪ੍ਰੈੱਸ ਰਿਵੀਊ: ਚੀਫ਼ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਨੂੰ ਕਲੀਨ ਚਿੱਟ

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਚੀਫ਼ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੀ ਵੀਡੀਓ ਵਾਇਰਲ ਮਾਮਲੇ ਵਿੱਚ ਐਸਆਈਟੀ ਨੇ ਐਫਆਈਆਰ ਦੀ ਕੈਂਸਲੇਸ਼ਨ ਰਿਪੋਰਟ ਸੌਂਪੀ ਹੈ।

ਇਸ ਮਾਮਲੇ ਵਿੱਚ ਆਈਜੀ(ਕਰਾਈਮ) ਐਲ ਕੇ ਯਾਦਵ ਦੀ ਅਗਵਾਈ ਵਿੱਚ ਸਪੈਸ਼ਲ ਜਾਂਚ ਟੀਮ ਬਣਾਈ ਗਈ ਸੀ ਜਿਸ ਵਿੱਚ ਉਨ੍ਹਾਂ ਨੇ ਚੱਢਾ ਦੀ ਐਫਆਈਆਰ ਰੱਦ ਕਰਨ ਬਾਰੇ ਰਿਪੋਰਟ ਸੌਂਪੀ ਹੈ।

ਯਾਦਵ ਨੇ ਕਿਹਾ ਕਿ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਜ਼ਰੀਏ ਕੋਰਟ ਵਿੱਚ ਰਿਪੋਰਟ ਦਾਖ਼ਲ ਕੀਤੀ ਗਈ ਹੈ।

ਚਰਨਜੀਤ ਸਿੰਘ ਚੱਢਾ 'ਤੇ ਇੱਕ ਮਹਿਲਾ ਵੱਲੋਂ ਸਰੀਰਕ ਸ਼ੋਸ਼ਣ ਦੇ ਇਲਜ਼ਾਮ ਲਾਏ ਗਏ ਸੀ। ਇਹ ਮਹਿਲਾ ਚੀਫ਼ ਖਾਲਸਾ ਦੀਵਾਨ ਅਧੀਨ ਚੱਲ ਰਹੇ ਸਕੂਲ ਦੀ ਪ੍ਰਿੰਸੀਪਲ ਸੀ। 26 ਦਸਬੰਰ 2017 ਨੂੰ ਇੱਕ ਵੀਡੀਓ ਵਾਇਰਲ ਹੋਇਆ ਸੀ।

2018 ਦੀ ਸਵੱਛਤਾ ਸਰਵੇ ਰਿਪੋਰਟ

ਟਾਈਮਜ਼ ਆਫ਼ ਇੰਡੀਆ ਖ਼ਬਰ ਮੁਤਾਬਕ ਸਵੱਛਤਾ ਸਰਵੇ ਵਿੱਚ ਇੰਦੌਰ ਲਗਾਤਾਰ ਦੂਜੇ ਸਾਲ ਟੌਪ 'ਤੇ ਹੈ। ਭੋਪਾਲ ਦੂਜੇ ਨੰਬਰ 'ਤੇ ਅਤੇ ਚੰਡੀਗੜ੍ਹ ਤੀਜੇ ਨੰਬਰ 'ਤੇ ਹੈ।

ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਬੁੱਧਵਾਰ ਨੂੰ ਦਿੱਲੀ ਵਿੱਚ ਇਸਦਾ ਐਲਾਨ ਕੀਤਾ। ਸੂਬਿਆਂ ਦੀਆਂ ਰਾਜਧਾਨੀਆਂ ਵਿੱਚ ਗ੍ਰੇਟਰ ਮੁੰਬਈ ਦੇਸ ਵਿੱਚ ਸਭ ਤੋਂ ਸਾਫ਼ ਚੁਣੀ ਗਈ।

2018 ਸਵੱਛਤਾ ਸਰਵੇਖਣ ਦੇ ਨਤੀਜੇ ਦੇਸ ਭਰ ਦੇ 4041 ਸ਼ਹਿਰਾਂ ਦੇ ਸਰਵੇ ਤੋਂ ਬਾਅਦ ਜਾਰੀ ਕੀਤੇ ਗਏ ਹਨ। ਇਹ ਪਿਛਲੇ ਸਾਲ ਕੀਤੇ ਗਏ ਸਰਵੇ ਤੋਂ 10 ਗੁਣਾ ਵੱਧ ਹੈ। ਕੇਂਦਰ ਸਰਕਾਰ ਨੇ ਇਸ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਸਵੱਛਤਾ ਸਰਵੇਖਣ ਕਿਹਾ ਹੈ।

ਰਮਜ਼ਾਨ ਦੌਰਾਨ ਕਸ਼ਮੀਰ 'ਚ ਗੋਲੀਬੰਦੀ ਦਾ ਐਲਾਨ

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਮੁਸਲਮਾਨਾਂ ਦੇ ਪਵਿੱਤਰ ਮਹੀਨੇ ਰਮਜ਼ਾਨ ਦੌਰਾਨ ਕੇਂਦਰ ਵੱਲੋਂ ਗੋਲੀਬੰਦੀ ਦਾ ਐਲਾਨ ਕੀਤਾ ਗਿਆ ਹੈ। ਹਾਲਾਂਕਿ ਇਸ ਤੋਂ ਇੱਕ ਘੰਟੇ ਬਾਅਦ ਹੀ ਦਹਿਸ਼ਤਗਰਦਾਂ ਨੇ ਸ਼ੋਪੀਆਂ ਦੇ ਜਾਮਾਨਗਰੀ ਵਿੱਚ ਫੌਜ ਦੇ ਗਸ਼ਤੀ ਦਲ 'ਤੇ ਹਮਲਾ ਕਰ ਦਿੱਤਾ।

ਜਾਣਕਾਰੀ ਮੁਤਾਬਕ ਇਸ ਹਮਲੇ ਵਿੱਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ।

ਕੇਂਦਰ ਸਰਕਾਰ ਨੇ ਰਮਜ਼ਾਨ ਦੌਰਾਨ ਸੁਰੱਖਿਆ ਬਲਾਂ ਨੂੰ ਜੰਮੂ-ਕਸ਼ਮੀਰ ਵਿੱਚ ਆਪਰੇਸ਼ਨ ਨਾ ਚਲਾਉਣ ਨੂੰ ਕਿਹਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸ਼ਨਮੀਵਾਰ ਨੂੰ ਜੰਮੂ-ਕਸ਼ਮੀਰ ਦੌਰੇ ਤੋਂ ਠੀਕ ਪਹਿਲਾਂ ਇਹ ਐਲਾਨ ਕੀਤਾ ਗਿਆ ਹੈ।

ਗ੍ਰਹਿ ਮੰਤਰਾਲੇ ਨੇ ਬੁੱਧਵਾਰ ਨੂੰ ਟਵੀਟ ਕਰਕੇ ਕਿਹਾ ਕਿ ਇਹ ਫ਼ੈਸਲਾ ਅਮਨ ਪਸੰਦ ਮੁਸਲਮਾਨਾਂ ਨੂੰ ਸ਼ਾਂਤੀਪੂਰਨ ਮਾਹੌਲ ਮੁਹੱਈਆ ਕਰਵਾਉਣ ਲਈ ਲਿਆ ਗਿਆ ਹੈ।

ਗ੍ਰਹਿ ਮੰਤਰਾਲੇ ਨੇ ਐਲਾਨ ਕਰਦਿਆਂ ਕਿਹਾ ਕਿ ਇਸ ਦੌਰਾਨ ਸੁਰੱਖਿਆ ਦਸਤੇ ਆਪਣੇ ਉੱਤੇ ਹੋਣ ਵਾਲੇ ਕਿਸੇ ਹਮਲੇ ਜਾਂ ਲੋਕਾਂ ਦੀ ਜਾਨ-ਮਾਲ ਦੀ ਰਾਖੀ ਨੂੰ ਲੈ ਕੇ ਚੌਕਸ ਰਹਿਣਗੇ।

ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਕੇਂਦਰ ਦੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ।

ਬੈਂਕ ਖਾਤਿਆਂ ਨਾਲ ਆਧਾਰ ਲਿੰਕ ਕਰਨ 'ਤੇ ਬਜ਼ੁਰਗਾਂ ਨੂੰ ਛੂਟ

ਦੈਨਿਕ ਭਾਸਕਰ ਦੀ ਖ਼ਬਰ ਮੁਤਾਬਕ ਸਰਕਾਰ ਨੇ ਬਿਮਾਰਾਂ, ਬਜ਼ੁਰਗਾਂ ਅਤੇ ਜ਼ਖ਼ਮੀਆਂ ਨੂੰ ਬੈਂਕ ਖਾਤੇ ਨੂੰ ਆਧਾਰ ਨਾਲ ਲਿੰਕ ਕਰਵਾਉਣ ਤੋਂ ਛੂਟ ਦਿੱਤੀ ਹੈ।

ਸਰਕਾਰ ਵੱਲੋਂ ਜਾਰੀ ਸੂਚਨਾ ਮੁਤਾਬਕ ਅਜਿਹੇ ਲੋਕ ਕਿਸੇ ਹੋਰ ਤਰੀਕੇ ਨਾਲ ਆਪਣੀ ਜਾਣਕਾਰੀ ਬੈਂਕ ਨੂੰ ਦੇ ਸਕਦੇ ਹਨ।

ਇਸਦੇ ਲਈ ਪ੍ਰਿਵੈਂਸ਼ਨ ਆਫ਼ ਮਨੀ ਲਾਂਡਰਿੰਗ ਨਿਯਮਾਂ ਵਿੱਚ ਸੋਧ ਕੀਤਾ ਗਿਆ ਹੈ।

ਇਸ ਲਈ ਸਰਕਾਰ ਨੇ ਗਜਟ ਜਾਰੀ ਕੀਤਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਇਹ ਸਹੂਲਤ ਉਨ੍ਹਾਂ ਲਈ ਹੈ ਜਿਹੜੇ ਬਾਇਓਮੀਟ੍ਰਿਕ ਪਛਾਣ ਦੇਣ ਵਿੱਚ ਅਸਮਰੱਥ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)