ਸੋਸ਼ਲ ਮੀਡੀਆ ਰਾਹੀਂ ਕੈਪਟਨ ਸਰਕਾਰ ਨੂੰ ਸਵਾਲ ਕਰਨ ਵਾਲੇ 'ਤੇ ਪਰਚਾ ਦਰਜ

ਪੰਜਾਬ ਦੇ ਜਾਣੇ-ਪਛਾਣੇ ਬੱਚਿਆਂ ਦੇ ਰੋਗਾਂ ਦੇ ਮਾਹਰ ਤੇ ਸਮਾਜਿਕ ਕਾਰਕੁਨ ਡਾਕਟਰ ਅਮਰ ਸਿੰਘ ਆਜ਼ਾਦ ਖ਼ਿਲਾਫ਼ ਸਰਕਾਰੀ ਟੀਕਾਕਰਨ ਖ਼ਿਲਾਫ਼ ਅਫ਼ਵਾਹਾਂ ਫੈਲਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ।

ਪਟਿਆਲਾ ਦੇ ਸਿਵਲ ਸਰਜਨ ਦਫ਼ਤਰ ਦੀ ਸ਼ਿਕਾਇਤ ਦੇ ਆਧਾਰ ਉੱਤੇ ਡਾਕਟਰ ਆਜ਼ਾਦ ਖ਼ਿਲਾਫ਼ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਸਿਵਲ ਲਾਈਨ ਥਾਣੇ ਵਿੱਚ ਦਰਜ 96 ਨੰਬਰ ਐੱਫ਼ਆਈਆਰ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸਿਹਤ ਵਿਭਾਗ ਦੀ ਡਾਕ ਰਾਹੀ ਮਿਲੀ ਸ਼ਿਕਾਇਤ ਦੀ ਐੱਸਪੀ ਰੈਂਕ ਦੇ ਅਧਿਕਾਰੀ ਵਲੋਂ ਕੀਤੀ ਗਈ ਜਾਂਚ ਤੋਂ ਬਾਅਦ ਇਹ ਮਾਮਲਾ ਦਰਜ ਕੀਤਾ ਗਿਆ ਹੈ।

ਐੱਫ਼ਆਈਆਰ ਵਿੱਚ ਡਾਕਟਰ ਅਮਰ ਸਿੰਘ ਆਜ਼ਾਦ ਉੱਤੇ ਸੋਸ਼ਲ ਮੀਡੀਆ ਰਾਹੀ ਵੈਕਸੀਨੇਸ਼ਨ ਖ਼ਿਲਾਫ਼ ਅਫ਼ਵਾਹਾਂ ਫੈਲਾਉਣ ਦਾ ਇਲਜ਼ਾਮ ਲਾਇਆ ਗਿਆ ਹੈ। ਪੁਲਿਸ ਦਾ ਦਾਅਵਾ ਹੈ ਕਿ ਡਾਕਟਰ ਆਜ਼ਾਦ ਵੱਲੋਂ ਬੱਚਿਆਂ ਦੇ ਟੀਕੇ ਲੁਆਉਣ ਤੋਂ ਮਨ੍ਹਾਂ ਕੀਤਾ ਜਾ ਰਿਹਾ ਹੈ। ਜਿਸ ਕਾਰਨ ਲੋਕਾਂ ਵਿੱਚ ਟੀਕਾਕਰਨ ਨੂੰ ਲੈ ਕੇ ਭਰਮ ਭੁਲੇਖੇ ਪੈਦਾ ਹੋ ਰਹੇ ਹਨ।

ਬੱਚਿਆਂ ਦੇ ਮਾਪੇ ਟੀਚਰਾਂ ਅਤੇ ਸਿਹਤ ਵਿਭਾਗ ਦੇ ਕਰਮਚਾਰੀਆਂ ਨਾਲ ਲੜ ਰਹੇ ਹਨ ਅਤੇ ਸੂਬੇ ਵਿੱਚ ਇਸ ਮਸਲੇ ਨੂੰ ਲੈ ਕੇ ਝਗੜੇ ਹੋ ਸਕਦੇ ਹਨ।

ਡਾਕਟਰ ਆਜ਼ਾਦ ਖ਼ਿਲਾਫ਼ ਲਾਈਆਂ ਧਾਰਾਵਾਂ

ਭਾਰਤੀ ਸੰਵਿਧਾਨ ਦੀ ਧਾਰਾ 153: ਧਰਮ, ਨਸਲ, ਜਨਮ ਅਸਥਾਨ, ਰਿਹਾਇਸ਼ ਅਤੇ ਬੋਲੀ ਵਗੈਰਾ ਦੀ ਬੁਨਿਆਦ ਉੱਤੇ ਦੋ ਬਰਾਦਰੀਆਂ ਵਿੱਚ ਨਫ਼ਤਰ ਫੈਲਾਉਣਾ—ਅਮਨ ਕਾਨੂੰਨ ਨੂੰ ਖ਼ਤਰਾ ਪੈਦਾ ਕਰਨਾ।

ਭਾਰਤੀ ਸੰਵਿਧਾਨ ਦੀ ਧਾਰਾ 186: ਸਰਕਾਰੀ ਮੁਲਾਜ਼ਮਾਂ ਦੇ ਕੰਮ ਵਿੱਚ ਵਿਘਨ ਪਾਉਣਾ।

ਭਾਰਤੀ ਸੰਵਿਧਾਨ ਦੀ ਧਾਰਾ 505 (1): ਲਿਖਤੀ ਜਾਂ ਜ਼ੁਬਾਨੀ ਤੌਰ ਉੱਤੇ ਅਫ਼ਵਾਹ ਫੈਲਾਉਣਾ , ਜਿਸ ਨਾਲ ਕਿਸੇ ਸਰਕਾਰੀ ਅਫ਼ਸਰ ਜਾਂ ਫ਼ੌਜ (ਥਲ, ਜਲ ਅਤੇ ਹਵਾਈ) ਨੂੰ ਬਗ਼ਾਵਤ ਲਈ ਉਕਸਾਇਆ ਜਾਵੇ। ਅਫ਼ਵਾਹ ਰਾਹੀਂ ਦੋ ਬਰਾਦਰੀਆਂ ਵਿੱਚ ਨਫ਼ਤਰ ਫੈਲਾਉਣਾ ਅਤੇ ਅਮਨ-ਕਾਨੂੰਨ ਲਈ ਖ਼ਤਰਾ ਪੈਦਾ ਕਰਨਾ।

ਕੀ ਕਹਿੰਦੇ ਨ ਡਾਕਟਰ ਆਜ਼ਾਦ?

ਡਾਕਟਰ ਅਮਰ ਸਿੰਘ ਆਜ਼ਾਦ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਟੀਕਾਕਰਨ ਨੂੰ ਲੈਕੇ ਲੋਕਾਂ ਵਿੱਚ ਚੱਲ ਰਹੀ ਚਰਚਾ ਨੂੰ ਲੈਕੇ ਪੰਜਾਬੀ ਵਿੱਚ ਕੁਝ ਨੁਕਤੇ ਸਾਂਝੇ ਕੀਤੇ ਸਨ। ਜਿਸ ਨੂੰ ਹੋਰ ਲੋਕਾਂ ਨੇ ਅੰਗਰੇਜ਼ੀ ਵਿੱਚ ਹੋਰ ਜਾਣਕਾਰੀ ਜਾਂ ਉਨ੍ਹਾਂ ਦੇ ਵਿਚਾਰਾਂ ਨੂੰ ਜੋੜ ਕੇ ਸ਼ੇਅਰ ਕੀਤਾ ਹੈ। ਜਿਸ ਦੀ ਉਨ੍ਹਾਂ ਦੀ ਸਾਰੀ ਜ਼ਿੰਮੇਵਾਰੀ ਨਹੀਂ ਹੈ।ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪੰਜਾਬੀ ਵਿੱਚ ਪੋਸਟ ਪਾਈ ਸੀ ਅਤੇ ਉਹ ਨੁਕਤੇ ਜਿਹੜੇ ਉਨ੍ਹਾਂ ਉਭਾਰੇ ਹਨ ਉਸ ਦੀ ਉਹ ਜ਼ਿੰਮੇਵਾਰੀ ਲੈਂਦੇ ਹਨ।

ਭਾਰਤੀ ਕਿਸਾਨ ਯੂਨੀਅਨ ਵੱਲੋਂ ਸੰਘਰਸ਼ ਦਾ ਐਲਾਨ

ਉੱਧਰ ਭਾਰਤੀ ਕਿਸਾਨ ਯੂਨੀਅਨ ਡਕੌਂਦੇ ਦੇ ਜਨਰਲ ਸਕੱਤਰ ਜਗਮੋਹਨ ਸਿੰਘ ਨੇ ਕਿਹਾ ਹੈ,'ਅਸੀਂ ਇਸਦੀ ਸਿਰਫ਼ ਨਿਖੇਧੀ ਹੀ ਨਹੀਂ ਕਰਦੇ ਬਲਕਿ ਸਰਕਾਰ ਤੇ ਪੁਲਿਸ ਦੇ ਇਸ ਕਾਰੇ ਖਿਲਾਫ਼ ਸੰਘਰਸ਼ ਵੀ ਕਰਾਂਗੇ'। ਉਨ੍ਹਾਂ ਕਿਹਾ ਕਿ ਤਰਕ ਸੰਗਤ ਵਿਚਾਰਾਂ ਉੱਤੇ ਵਿਚਾਰ ਹੋਣੀ ਚਾਹੀਦੀ ਹੈ ਨਾ ਕਿ ਉਸ ਨੂੰ ਸਰਕਾਰੀ ਜ਼ਬਰ ਨਾਲ ਦਬਾਇਆ ਜਾਣਾ ਚਾਹੀਦਾ ਹੈ।

ਡਾ. ਆਜ਼ਾਦ ਨੇ ਪੋਸਟ 'ਚ ਕੀ ਕਿਹਾ ਸੀ

ਸਿਹਤ ਅਧਿਕਾਰੀਆਂ ਅਤੇ ਲੀਡਰਾਂ ਨੂੰ ਬੇਨਤੀ : ਏਨਾਂ ਝੂਠ ਤਾਂ ਨਾ ਬੋਲੋ

  • ਕੁਝ ਸਿਹਤ ਅਧਿਕਾਰੀਆਂ ਅਤੇ ਨੇਤਾਵਾਂ ਵੱਲੋਂ ਸਰੇਆਮ ਮੀਡੀਆ ਵਿੱਚ ਕਿਹਾ ਜਾ ਰਿਹਾ ਹੈ ਕਿ ਮੀਜ਼ਲਜ਼ ਅਤੇ ਰੂਬੇਲਾ (ਖਸਰਾ ਅਤੇ ਜਰਮਨ ਖਸਰਾ) ਨਾਲ ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਮੌਤਾਂ ਹੋ ਰਹੀਆਂ ਹਨ ਜਾਂ ਉਨ੍ਹਾਂ ਨੂੰ ਕੋਈ ਗੰਭੀਰ ਸਰੀਰਕ ਨੁਕਸਾਨ ਹੋ ਗਿਆ ਹੈ।
  • ਕੀ ਸਿਹਤ ਅਧਿਕਾਰੀ ਅਤੇ ਨੇਤਾ ਇਨ੍ਹਾਂ ਦੇ ਅੰਕੜੇ ਪੰਜਾਬ ਦੇ ਲੋਕਾਂ ਨੂੰ ਦੱਸਣ ਦੀ ਕਿਰਪਾਲਤਾ ਕਰਨਗੇ?
  • ਕੀ ਉਹ ਦੱਸਣਗੇ ਕਿ ਸਾਲ 2017 ਵਿੱਚ ਪੰਜਾਬ ਵਿੱਚ ਕਿੰਨੀਆਂ ਮੌਤਾਂ ਖਸਰੇ ਨਾਲ ਹੋਈਆਂ ਹਨ?
  • ਕੀ ਉਹ ਦੱਸਣਗੇ ਕਿ ਸਾਲ 2017 ਵਿੱਚ ਪੰਜਾਬ ਵਿੱਚ ਕਿੰਨੇ ਬੱਚਿਆਂ ਨੂੰ ਖਸਰੇ ਨਾਲ ਕੋਈ ਗੰਭੀਰ ਸਰੀਰਕ ਨੁਕਸਾਨ ਹੋਇਆ ਹੈ?
  • ਜੇਕਰ ਖਸਰੇ ਨਾਲ ਮੌਤਾਂ ਹੋਈਆਂ ਹਨ ਜਾਂ ਕੋਈ ਗੰਭੀਰ ਸਰੀਰਕ ਨੁਕਸਾਨ ਹੋਇਆ ਹੈ ਤਾਂ ਉਹ ਬੱਚੇ ਕਿੰਨੀ ਉਮਰ ਦੇ ਸਨ?
  • ਕੀ ਕਿਸੇ ਸਕੂਲ ਵਿੱਚ ਪੜ੍ਹਦੇ ਬੱਚੇ ਦੀ ਮੌਤ ਖਸਰੇ ਨਾਲ ਹੋਈ ਹੈ?
  • ਕੀ ਮਰਨ ਵਾਲੇ ਬੱਚਿਆਂ ਨੂੰ ਖਸਰੇ ਦਾ ਟੀਕਾ ਲੱਗਿਆ ਹੋਇਆ ਸੀ ਕਿ ਨਹੀਂ?
  • ਜੇਕਰ ਖਸਰੇ ਦਾ ਟੀਕਾ ਲੱਗਾ ਹੋਇਆ ਸੀ (ਜੋ ਕਿ 1985 ਤੋਂ ਹਰੇਕ ਬੱਚੇ ਨੂੰ ਲੱਗ ਰਿਹਾ ਹੈ) ਤੇ ਫਿਰ ਵੀ ਉਸ ਦੀ ਮੌਤ ਹੋਈ ਹੈ ਜਾਂ ਉਸ ਨੂੰ ਗੰਭੀਰ ਸਰੀਰਕ ਨੁਕਸਾਨ ਹੋਇਆ ਹੈ ਤਾਂ ਉਹ ਅਧਿਕਾਰੀ ਉਸ ਦਾ ਕੀ ਸਿੱਟਾ ਕੱਢਦੇ ਹਨ?
  • ਕੀ ਉਹ ਦਸਣਗੇ ਕਿ ਸਾਲ 2017 ਵਿੱਚ ਪੰਜਾਬ ਵਿੱਚ ਕਿੰਨੀਆਂ ਮੌਤਾਂ ਰੁਬੇਲਾ (ਜਰਮਨ ਖਸਰੇ) ਨਾਲ ਹੋਈਆਂ ਹਨ? ਜੇਕਰ ਕੋਈ ਰੁਬੇਲਾ (ਜਰਮਨ ਖਸਰੇ) ਨਾਲ ਮੌਤ ਲੱਭ ਲਵੇ ਤਾਂ ਉਸ ਨੂੰ ਤਾਂ ਨੋਬਲ ਇਨਾਮ ਮਿਲਣਾ ਚਾਹੀਦਾ ਹੈ ਕਿਉਂਕਿ ਇਸ ਬਿਮਾਰੀ ਨਾਲ ਤਾਂ ਅੱਜ ਤੱਕ ਦੁਨੀਆਂ ਵਿੱਚ ਕੋਈ ਮੌਤ ਨਹੀਂ ਹੋਈ।
  • ਇਹ ਸਿਹਤ ਅਧਿਕਾਰੀ ਅਤੇ ਨੇਤਾ ਲੋਕਾਂ ਨੂੰ ਕਹਿ ਰਹੇ ਹਨ ਕੀ ਉਹ ਅਫਵਾਹਾਂ ਫੈਲਾ ਰਹੇ ਹਨ - ਕੀ ਏਡੇ-ਏਡੇ ਵੱਡੇ ਝੂਠ ਬੋਲ ਕੇ ਲੋਕਾਂ ਨੂੰ ਡਰਾਉਣਾ ਅਤੇ ਗੁਮਰਾਹ ਕਰਨਾ ਉਨ੍ਹਾਂ ਅਫਵਾਹਾਂ ਤੋਂ ਛੋਟੀਆਂ ਅਫਵਾਹਾਂ ਹਨ?

ਟੀਕਾਕਰਨ ਦਾ ਵਿਰੋਧ

ਇਸੇ ਦੌਰਾਨ ਪੰਜਾਬ ਸਟੂਡੈਂਟ ਯੂਨੀਅਨ, ਵਾਤਾਵਰਨ ਅਤੇ ਸਿਹਤ ਬਚਾਓ ਮੰਚ ਨੇ ਮੁੱਖ ਮੰਤਰੀ ਨੂੰ ਇੱਕ ਪੱਤਰ ਲਿਖ ਕੇ ਕੁਝ ਸਵਾਲ ਪੁੱਛੇ ਹਨ।

ਲਿਖੇ ਗਏ ਪੱਤਰ ਵਿੱਚ ਸੱਤ ਨੁਕਤੇ ਉਭਾਰ ਨੇ ਟੀਕਿਆਂ ਸਬੰਧੀ ਸਵਾਲ ਕੀਤੇ ਗਏ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਆਪਣੇ ਖੁੱਲ੍ਹੇ ਪੱਤਰ 'ਚ ਲਿਖਿਆ ਗਿਆ ਹੈ ਕਿ ''ਆਪ ਜੀ ਦੇ ਸੂਬੇ ਪੰਜਾਬ ਦੇ ਸਰਕਾਰੀ, ਪ੍ਰਾਈਵੇਟ ਸਕੂਲਾਂ ਵਿੱਚ ਐਮ.ਆਰ.(ਮੀਜ਼ਲ, ਰੂਬੇਲਾ) ਨਾਮ ਦਾ ਟੀਕਾ ਬੱਚਿਆਂ ਦੇ ਲਾਇਆ ਜਾ ਰਿਹਾ ਹੈ।''

''ਕੀ ਤੁਸੀਂ ਆਪਣੇ ਪੋਤੇ, ਪੋਤਰੀਆਂ, ਦੋਹਤੇ, ਦੋਹਤੀਆਂ ਦੇ ਇਹ ਟੀਕੇ ਲਗਵਾ ਲਏ ਨੇ, ਪਰ ਤੁਹਾਨੂੰ ਅਜਿਹੀ ਕਿਹੜੀ ਮਜ਼ਬੂਰੀ ਹੋ ਸਕਦੀ ਹੈ ਕਿ ਤੁਸੀਂ ਭੁੱਖੇ, ਨੰਗੇ, ਨੱਕ ਵਗਦੇ ਅਤੇ ਅੱਖਾਂ ਚੂੰਨੀਆ ਵਾਲੇ ਬੱਚਿਆਂ ਦੇ ਨਾਲ ਆਪਣੇ ਜਵਾਕਾਂ ਦੇ ਟੀਕੇ ਲਗਵਾਓ।''

''ਭੁੱਖ-ਨੰਗ ਨਾਲ ਘੁਲ ਰਹੇ, ਮਹਿੰਗੇ ਇਲਾਜ ਤੋਂ ਅਸਮਰੱਥ ਲੋਕ ਇਸ ਦੇ ਲਈ ਮਜ਼ਬੂਰ ਹਨ।'' ਟੀਕਿਆਂ ਬਾਰੇ ਵਿਗਿਆਨਕ ਜਾਣਕਾਰੀ ਨਾਲ ਕੁਝ ਸਵਾਲ ਚੁੱਕ ਕੇ ਸਰਕਾਰੀ ਮਾਹਰਾਂ ਤੋਂ ਸਪੱਸ਼ਟੀਕਰਨ ਦੀ ਮੰਗ ਕੀਤੀ ਗਈ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)