ਕਿਉਂ ਵਿਰਾਟ ਕੋਹਲੀ ਨੇ ਦੇਸ ਲਈ ਖੇਡਣ ਨਾਲੋਂ ਕਾਊਂਟੀ ਨੂੰ ਦਿੱਤੀ ਤਰਜੀਹ?

    • ਲੇਖਕ, ਐਡਮ ਮਾਉਂਟਫੋਰਡ
    • ਰੋਲ, ਬੀਬੀਸੀ ਕ੍ਰਿਕਟ ਪ੍ਰੋਡਿਊਸਰ

ਸਰੀ ਦੇ ਕਾਉਂਟੀ ਕ੍ਰਿਕਟ ਕਲੱਬ ਨੇ ਵਿਰਾਟ ਕੋਹਲੀ ਨੂੰ ਜੂਨ ਦੇ ਮਹੀਨੇ ਲਈ ਸਾਈਨ ਕੀਤਾ ਹੈ।

ਕੋਹਲੀ ਪੂਰਾ ਮਹੀਨਾ ਖੇਡਣ ਲਈ ਹਾਜ਼ਰ ਰਹਿਣਗੇ। ਸਕਾਰਬੋਰੋ ਵਿੱਚ ਸਰੀ ਅਤੇ ਯੌਰਕਸ਼ਾਇਰ ਵਿਚਾਲੇ ਹੋਣ ਵਾਲੇ ਟਰਿੱਪ ਦੇ ਅੰਤ ਤੱਕ ਉਹ ਮੌਜੂਦ ਰਹਿਣਗੇ।

ਕੋਹਲੀ ਇਸ ਸਾਲ ਕਾਉਂਟੀ ਕ੍ਰਿਕਟ ਖੇਡਣ ਵਾਲੇ ਚੌਥੇ ਭਾਰਤੀ ਟੈਸਟ ਖਿਡਾਰੀ ਹਨ। ਸਾਥੀ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਯੌਰਕਸ਼ਾਇਰ ਵਿੱਚ ਹਨ ਅਤੇ ਈਸ਼ਾਂਤ ਸ਼ਰਮਾ, ਵਰੁਨ ਆਰੋਨ ਸਸੈਕਸ ਅਤੇ ਲੈਸਟਰਸ਼ਾਇਰ ਲਈ ਖੇਡ ਰਹੇ ਹਨ।

2014 ਵਿੱਚ ਇੰਗਲੈਂਡ ਦੇ ਬੀਤੇ ਦੌਰੇ 'ਤੇ ਵਿਰਾਟ ਕੋਹਲੀ ਦਾ ਬੇਹੱਦ ਮਾੜਾ ਪ੍ਰਦਰਸ਼ਨ ਰਿਹਾ ਸੀ। ਇਸੇ ਸਾਲ ਜੁਲਾਈ ਵਿੱਚ ਭਾਰਤੀ ਟੀਮ ਇੰਗਲੈਂਡ ਦੇ ਦੌਰੇ 'ਤੇ ਆ ਰਹੀ ਹੈ ਇਸ ਲਈ ਵਿਰਾਟ ਦਾ ਕਾਊਂਟੀ ਖੇਡਣਾ ਉਸੇ ਦੌਰੇ ਦੀ ਤਿਆਰੀ ਵਜੋਂ ਮੰਨਿਆ ਜਾ ਰਿਹਾ ਹੈ।

ਕਾਊਂਟੀ ਖੇਡਣ ਲਈ ਵਿਰਾਟ ਕੋਹਲੀ ਭਾਰਤ ਤੇ ਅਫਗਾਨਿਸਤਾਨ ਵਿਚਾਲੇ ਹੋਣ ਵਾਲਾ ਪਹਿਲਾ ਟੈਸਟ ਮੈਚ ਵੀ ਨਹੀਂ ਖੇਡਣਗੇ।

'ਕਾਉਂਟੀ ਕ੍ਰਿਕਟ ਲਈ ਖੇਡਣਾ ਸੁਫਨਾ ਸੀ'

ਇਸ ਕਾਮਯਾਬੀ 'ਤੇ ਵਿਰਾਟ ਕੋਹਲੀ ਨੇ ਕਿਹਾ, ''ਕਾਉਂਟੀ ਕ੍ਰਿਕਟ ਲਈ ਖੇਡਣਾ ਮੇਰਾ ਸੁਫਨਾ ਰਿਹਾ ਹੈ ਅਤੇ ਮੈਂ ਐਲਕ ਸਟੀਵਾਰਡ ਅਤੇ ਸਰੀ ਦਾ ਧੰਨਵਾਦੀ ਹਾਂ, ਜਿਨ੍ਹਾਂ ਨੇ ਮੈਨੂੰ ਇਹ ਮੌਕਾ ਦਿੱਤਾ।''

2017 ਵਿੱਚ 'ਆਈਸੀਸੀ ਵਰਲਡ ਕ੍ਰਿਕਟਰ ਆਫ ਦਿ ਇਅਰ' ਲਈ 'ਸਰ ਗਾਰਫੀਲਡ ਸੋਬਰਸ ਟਰਾਫੀ' ਜਿੱਤਣ ਵਾਲੇ ਕੋਹਲੀ ਦੀ ਗੇਮ ਦੇ ਤਿੰਨੇ ਫੌਰਮੈਟਸ ਵਿੱਚ 50 ਰਨਾਂ ਤੋਂ ਵੱਧ ਦੀ ਐਵਰੇਜ ਹੈ।

ਉਸੇ ਸਾਲ ਕੋਹਲੀ ਨੂੰ 'ਵਿਸਡੈਨ ਲੀਡਿੰਗ ਕ੍ਰਿਕਟਰ ਇੰਨ ਦਿ ਵਰਲਡ' ਆਖਿਆ ਗਿਆ ਸੀ। ਨਾਲ ਹੀ ਆਈਸੀਸੀ ਟੈਸਟ ਅਤੇ ਓਡੀਆਈ ਟੀਮਜ਼ ਦੇ ਕਪਤਾਨ ਆਫ ਦਿ ਇਅਰ ਦਾ ਖਿਤਾਬ ਵੀ ਦਿੱਤਾ ਗਿਆ ਸੀ।

ਸਰੀ ਦੇ ਡਾਇਰੈਕਟਰ ਆਫ ਕ੍ਰਿਕਟ ਐਲਕ ਸਟੀਵਾਰਡ ਨੇ ਕਿਹਾ, ''ਵਿਰਾਟ ਕੋਹਲੀ ਕ੍ਰਿਕਟ ਦੀ ਦੁਨੀਆਂ ਦਾ ਇੱਕ ਵੱਡਾ ਨਾਂ ਹੈ। ਜੂਨ ਲਈ ਵਿਰਾਟ ਨੂੰ ਸਾਈਨ ਕਰ ਕੇ ਅਸੀਂ ਬੇਹਦ ਖੁਸ਼ ਅਤੇ ਉਤਸ਼ਾਹਿਤ ਹਾਂ।''

ਉਨ੍ਹਾਂ ਅੱਗੇ ਕਿਹਾ, ''ਵਿਰਾਟ ਨਾਲ ਟ੍ਰੇਨਿੰਗ ਕਰਨਾ ਅਤੇ ਖੇਡਣਾ ਸਾਡੇ ਖਿਡਾਰੀਆਂ ਲਈ ਵੱਡਾ ਮੌਕਾ ਹੈ ਜਿਸ ਨਾਲ ਉਨ੍ਹਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ।''

''ਹੁਣ ਜਦੋਂ ਕਾਉਂਟੀ ਕ੍ਰਿਕਟ ਦੇ ਭਵਿੱਖ ਬਾਰੇ ਚਰਚਾ ਹੋ ਰਹੀ ਹੈ, ਵਿਰਾਟ ਦੇ ਆਉਣ ਨਾਲ ਗੇਮ ਨੂੰ ਬੂਸਟ ਮਿਲੇਗਾ ਅਤੇ ਇਹ ਚੀਜ਼ ਹਰ ਕਾਉਂਟੀ ਲਈ ਫਾਇਦੇਮੰਦ ਰਹੇਗੀ।''

2011 ਵਿੱਚ ਟੈਸਟ ਮੈਚ ਡੈਬਿਊ ਤੋਂ ਬਾਅਦ, ਕੋਹਲੀ ਨੇ ਪੰਜ ਦਿਨਾਂ ਦੀ ਗੇਮ ਵਿੱਚ 53.40 ਦੀ ਐਵਰੇਜ 'ਤੇ 5554 ਰਨ ਬਣਾਏ ਅਤੇ ਓਡੀਆਈ ਦੀ ਗੱਲ ਕਰੀਏ ਤਾਂ 58.10 ਪ੍ਰਤੀ ਇਨਿੰਗਜ਼ ਦੀ ਐਵਰੇਜ 'ਤੇ 5888 ਰਨ ਬਣਾਏ।

2014-15 ਵਿੱਚ ਭਾਰਤ ਦੇ ਆਸਟ੍ਰੇਲੀਆ ਟੂਰ ਦੌਰਾਨ ਵਿਰਾਟ ਦੀ ਕਪਤਾਨੀ ਹੇਠ ਭਾਰਤ 34 ਮੈਚਾਂ ਵਿੱਚੋਂ 21 ਟੈਸਟ ਮੈਚ ਜਿੱਤਕੇ ਆਈਸੀਸੀ ਦੀ ਟੌਪ ਰੈਂਕਿੰਗਜ਼ ਵਿੱਚ ਪਹੁੰਚਿਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)