You’re viewing a text-only version of this website that uses less data. View the main version of the website including all images and videos.
ਗੁਜਰਾਤ: ਘੋੜੀ ਚੜ੍ਹਨ ਦੇ 'ਜੁਰਮ' 'ਚ ਦਲਿਤ ਦਾ ਕਤਲ
ਪੁਲਿਸ ਮੁਤਾਬਕ ਗੁਜਰਾਤ ਵਿਚ ਇਕ ਦਲਿਤ ਨੌਜਵਾਨ ਦਾ ਕਤਲ ਹੋ ਗਿਆ ਹੈ। ਉਸ ਦਾ ਦੋਸ਼ ਸਿਰਫ਼ ਇੰਨਾ ਸੀ ਕਿ ਉਹ ਘੋੜੇ ਉੱਤੇ ਚੜ੍ਹਦਾ ਸੀ।
ਘਟਨਾ ਭਾਵਨਗਰ ਜ਼ਿਲ੍ਹੇ ਦੇ ਟਿੱਬਾ ਪਿੰਡ ਦੀ ਹੈ। ਪ੍ਰਦੀਪ ਰਾਠੌਰ ਘੋੜੇ 'ਤੇ ਬੈਠ ਕੇ ਘਰੋਂ ਨਿਕਲੇ ਸਨ ਕਿ ਰਸਤੇ ਵਿੱਚ ਘੇਰ ਕੇ ਉਸ ਨੂੰ ਮਾਰ ਦਿੱਤਾ ਗਿਆ। ਉਹ 21 ਸਾਲ ਦਾ ਸੀ।
ਪੁਲਿਸ ਮੁਤਾਬਕ ਇਹ ਵਾਰਦਾਤ ਵੀਰਵਾਰ ਸ਼ਾਮ ਦੀ ਹੈ। ਘਰੋਂ ਜਾਣ ਤੋਂ ਪਹਿਲਾਂ ਉਸਨੇ ਆਪਣੇ ਪਿਤਾ ਨਾਲ ਰਾਤ ਨੂੰ ਇਕੱਠੇ ਖਾਣ ਲਈ ਕਿਹਾ ਸੀ। ਰਾਤ ਨੂੰ ਜਦੋਂ ਪ੍ਰਦੀਪ ਘਰ ਵਾਪਸ ਨਹੀਂ ਆਇਆ ਤਾਂ ਉਸ ਦੇ ਪਿਤਾ ਉਸ ਨੂੰ ਲੱਭਣ ਲਈ ਪਿੰਡ ਤੋਂ ਬਾਹਰ ਗਏ।
ਪਿੰਡ ਤੋਂ ਕੁਝ ਮੀਲ ਦੂਰ ਮ੍ਰਿਤਕ ਦੇ ਪਿਤਾ ਨੂੰ ਆਪਣੇ ਪੁੱਤਰ ਦੀ ਲਾਸ਼ ਮਿਲੀ, ਘੋੜੀ ਉੱਥੇ ਹੀ ਬੰਨ੍ਹੀ ਮਿਲੀ । ਇਸ ਕੇਸ ਵਿਚ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਪ੍ਰਦੀਪ ਦੀ ਲਾਸ਼ ਨੂੰ ਸਰ ਟੀ ਹਸਪਤਾਲ ਭਾਵਨਗਰ ਵਿਚ ਪੋਸਟ ਮਾਰਟਮ ਲਈ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੇ ਪਰਿਵਾਰ ਨੇ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ।
ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ, ਉਹ ਆਪਣੇ ਪੁੱਤਰ ਦੀ ਲਾਸ਼ ਨੂੰ ਨਹੀਂ ਲੈ ਜਾਣਗੇ।
ਉਸ ਸ਼ਾਮ ਕੀ ਹੋਇਆ
ਪ੍ਰਦੀਪ ਦੇ ਪਿਤਾ ਕਾਲੂਭਾਈ ਨੇ ਬੀਬੀਸੀ ਪੱਤਰਕਾਰ ਭਾਰਗਵ ਪਾਰੇਖ ਨੂੰ ਦੱਸਿਆ ਕਿ ਪ੍ਰਦੀਪ ਨੇ ਦੋ ਮਹੀਨੇ ਪਹਿਲਾਂ ਘੋੜੀ ਖ਼ਰੀਦੀ ਸੀ।
ਉਨ੍ਹਾਂ ਕਿਹਾ, 'ਬਾਹਰਲੇ ਪਿੰਡ ਵਾਲੇ ਉਨ੍ਹਾਂ ਨੂੰ ਘੋੜੀ ਚੜ੍ਹਨ ਤੋਂ ਰੋਕਦੇ ਹਨ, ਉਨ੍ਹਾਂ ਨੂੰ ਧਮਕਾਇਆ ਵੀ ਜਾਂਦਾ ਸੀ'।
'ਉਹ ਮੈਨੂੰ ਕਹਿੰਦਾ ਸੀ ਕਿ ਉਹ ਘੋੜੀ ਵੇਚ ਦੇਵੇਗਾ,ਪਰ ਮੈਂ ਮਨ੍ਹਾ ਕਰ ਦਿੱਤਾ।ਕੱਲ੍ਹ ਸ਼ਾਮੀ ਉਹ ਘੋੜੀ ਚੜ੍ਹਕੇ ਖੇਤ ਗਿਆ ਸੀ ਉਹ ਕਹਿ ਕੇ ਗਿਆ ਸੀ ਕਿ ਉਹ ਰਾਤ ਦਾ ਖਾਣਾ ਘਰ ਆਕੇ ਖਾਵੇਗਾ।'
ਕਾਲੂਭਾਈ ਅੱਗੇ ਦੱਸਦੇ ਹਨ ਕਿ ਜਦੋਂ ਉਹ ਕਾਫ਼ੀ ਰਾਤ ਤੱਕ ਘਰ ਨਾ ਮੁੜਿਆ ਤਾਂ ਉਹ ਉਸਨੂੰ ਲੱਭਣ ਗਿਆ। ਟੀਂਬਾ ਪਿੰਡ ਤੋਂ ਕੁਝ ਦੂਰੀ ਉੱਤੇ ਪ੍ਰਦੀਪ ਦੀ ਲਾਸ਼ ਮਿਲੀ।
ਟੀਂਬਾ ਪਿੰਡ ਦੀ ਆਬਾਦੀ 300 ਦੇ ਕਰੀਬ ਹੈ। ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ਵਿੱਚ ਕਾਲੂਭਾਈ ਨੇ ਦੱਸਿਆ ਕਿ ਪੀਪਰਾਲਾ ਪਿੰਡ ਦੇ ਲੋਕਾਂ ਨੇ ਉਨ੍ਹਾਂ ਨੂੰ ਅੱਠ ਦਿਨ ਪਹਿਲਾਂ ਘੋੜੀ ਨਾ ਚੜ੍ਹਨ ਲਈ ਕਿਹਾ ਸੀ।ਅਜਿਹਾ ਨਾ ਕਰਨ ਉੱਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ।
ਕੀ ਕਹਿੰਦੀ ਹੈ ਪੁਲਿਸ
ਉਮਰਾਇਆ ਦੇ ਥਾਣੇਦਾਰ ਕੇਜੇ ਤਲਪੜਾ ਨੇ ਕਿਹਾ, 'ਅਸੀਂ ਸ਼ਿਕਾਇਤ ਦਰਜ ਕਰ ਲਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ,ਹੁਣ ਤੱਕ 3 ਜਣਿਆਂ ਨੂੰ ਹਿਰਾਸਤ ਵਿੱਚ ਵੀ ਲਿਆ ਜਾ ਚੁੱਕਾ ਹੈ।' ਪੁਲਿਸ ਇਸ ਮਾਮਲੇ ਦੀ ਬਿਹਤਰ ਜਾਂਚ ਲਈ ਭਾਵਨਗਰ ਕਰਾਇਮ ਬਰਾਂਚ ਦੀ ਮਦਦ ਲੈ ਰਹੀ ਹੈ।
ਗੁਜਰਾਤ ਦੇ ਸਮਾਜ ਭਲਾਈ ਮੰਤਰੀ ਈਸ਼ਵਰਭਾਈ ਪਰਮਾਰ ਨੇ ਕਿਹਾ, ' ਅਸੀਂ ਭਾਵਨਗਰ ਦੇ ਐੱਸਪੀ ਅਤੇ ਡੀਐੱਮ ਨੂੰ ਵਾਰਦਾਤ ਵਾਲੀ ਥਾਂ ਉੱਤੇ ਖੁਦ ਜਾਣ ਲਈ ਕਿਹਾ ਹੈ ਅਤੇ ਮਾਮਲੇ ਦੀ ਰਿਪੋਰਟ ਮੰਗੀ ਹੈ। ਮੁਲਜ਼ਮਾਂ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ।
ਦਲਿਤ ਆਗੂ ਅਸ਼ੋਕ ਗਿੱਲਾਧਰ ਦਾ ਕਹਿਣਾ ਹੈ ਕਿ ਇਸ ਖੇਤਰ ਵਿੱਚ ਦਲਿਤਾਂ ਖ਼ਿਲਾਫ਼ ਜ਼ੁਲਮ ਲਗਾਤਾਰ ਵਧ ਰਹੇ ਹਨ। ਇੱਥੇ ਦਲਿਤਾਂ ਦੇ ਪਹਿਲਾਂ ਵੀ ਕਤਲ ਹੋ ਚੁੱਕੇ ਹਨ।