You’re viewing a text-only version of this website that uses less data. View the main version of the website including all images and videos.
ਫੇਸਬੁੱਕ ਕੰਟੈਕਟ ਨੰਬਰ ਹੀ ਨਹੀਂ ਤੁਹਾਡੇ ਨਿਜੀ ਮੈਸੇਜ ਵੀ ਪੜ੍ਹਦਾ ਹੈ!
- ਲੇਖਕ, ਰੌਰੀ ਸੇਲਨ ਜੋਨਜ਼
- ਰੋਲ, ਟੈਕਨੌਲਜੀ ਪੱਤਰਕਾਰ
ਫੇਸਬੁੱਕ ਨੇ ਆਮ ਲੋਕਾਂ ਦੀਆਂ ਚਿੰਤਾਵਾਂ ਨੂੰ ਵਧਾ ਦਿੱਤਾ ਹੈ। ਡਾਟਾ ਲੀਕ ਮਾਮਲੇ ਤੋਂ ਬਾਅਦ ਲੋਕ ਹੁਣ ਖੁਦ ਤੋਂ ਸਵਾਲ ਕਰਨ ਲੱਗੇ ਹਨ। ਜਿਵੇਂ ਕਿ ਮੈਂ ਫੇਸਬੁੱਕ ਨਾਲ ਕਿਹੜਾ ਡਾਟਾ ਸਾਂਝਾ ਕੀਤਾ ਹੈ?
ਕੀ ਮੈਂ ਫੇਸਬੁੱਕ ਨੂੰ ਇਸਦੇ ਇਸਤੇਮਾਲ ਲਈ ਇਜਾਜ਼ਤ ਦਿੱਤੀ ਸੀ ਜਾਂ ਨਹੀਂ?
ਕੀ ਮੈਂ ਆਪਣੇ ਕਿਸੇ ਦੋਸਤ ਦਾ ਡਾਟਾ ਫੇਸਬੁੱਕ ਨੂੰ ਉਪਲਬਧ ਕਰਾਇਆ ਹੈ ਜੋ ਕੈਲੀਫੋਰਨੀਆ ਦੇ ਕਿਸੇ ਸਰਵਰ ਵਿੱਚ ਸੁਰੱਖਿਅਤ ਰੱਖਿਆ ਗਿਆ ਹੈ?
ਇਹ ਸਵਾਲ ਮੈਨੂੰ ਵੀ ਪ੍ਰੇਸ਼ਾਨ ਕਰ ਰਹੇ ਹਨ। ਪਿਛਲੇ ਹਫਤੇ ਮੈਂ ਆਪਣਾ ਫੇਸਬੁੱਕ ਡਾਟਾ ਡਾਉਨਲੋਡ ਕੀਤਾ।
ਇਹ ਕਰਨਾ ਸੌਖਾ ਹੈ। ਸੈਟਿੰਗਜ਼ ਅੰਦਰ ਜਨਰਲ ਅਕਾਊਂਟ ਸੈਟਿੰਗਜ਼ ਵਿੱਚ ਜਾ ਕੇ 'ਡਾਊਨਲੋਡ ਮਾਈ ਡਾਟਾ' 'ਤੇ ਕਲਿੱਕ ਕਰਨਾ ਹੈ।
ਫੇਰ ਇੱਕ ਮੇਲ ਮਿਲੇਗਾ ਜਿਸ ਵਿੱਚ ਇੱਕ ਲਿੰਕ ਹੋਵੇਗਾ। ਲਿੰਕ 'ਤੇ ਕਲਿੱਕ ਕਰਨ ਨਾਲ 675 ਐਮਬੀ ਦਾ ਫੋਲਡਰ ਡਾਊਨਲੋਡ ਹੋਵੇਗਾ।
ਉਸ ਫੋਲਡਰ ਵਿੱਚ 2007 ਵਿੱਚ ਫੇਸਬੁੱਕ ਨਾਲ ਜੁੜਨ ਤੋਂ ਬਾਅਦ ਦਾ ਮੇਰਾ ਸਾਰਾ ਡਾਟਾ ਸੀ।
ਫੇਸਬੁੱਕ ਕੋਲ ਮੇਰੇ ਸਾਰੇ ਫੋਨ ਨੰਬਰ ਸਨ
ਸ਼ੁਰੂਆਤ ਵਿੱਚ ਤਾਂ ਪ੍ਰੇਸ਼ਾਨ ਕਰਨ ਵਾਲੀ ਕੋਈ ਚੀਜ਼ ਨਜ਼ਰ ਨਹੀਂ ਆਈ।
ਮੈਨੂੰ ਲੱਗਿਆ ਸੀ ਕਿ ਮੇਰੇ ਅੱਜ ਤਕ ਦੀਆਂ ਪੋਸਟ ਕੀਤੀਆਂ ਤਸਵੀਰਾਂ ਅਤੇ ਵੀਡੀਓਜ਼ ਹੋਣਗੀਆਂ ਅਤੇ ਟਾਈਮਲਾਈਨ 'ਤੇ ਪੋਸਟ ਕੀਤੇ ਪਿਛਲੇ 10 ਸਾਲਾਂ ਦੇ ਰੋਮਾਂਚਕ ਕਿੱਸੇ।
'ਸਪਾਟੀਫਾਈ' 'ਤੇ ਸੁਣਿਆ ਮੇਰਾ ਹਰ ਗਾਣਾ ਫੇਸਬੁੱਕ 'ਤੇ ਨਜ਼ਰ ਆ ਰਿਹਾ ਸੀ। ਇਸ ਦਾ ਮਤਲਬ ਹੈ ਕਿ ਤੁਸੀਂ ਫੇਸਬੁੱਕ ਜ਼ਰੀਏ ਜੇ ਕਿਸੇ ਹੋਰ ਐਪ 'ਤੇ ਕਲਿੱਕ ਕਰਦੇ ਹੋ ਤਾਂ ਫੇਸਬੁੱਕ ਤੁਹਾਡੇ ਬਾਰੇ ਹੋਰ ਜਾਣਕਾਰੀ ਇਕੱਠੀ ਕਰ ਲੈਂਦਾ ਹੈ।
ਉਸ ਤੋਂ ਬਾਅਦ ਮੈਂ 'ਕੰਟੈਕਟਸ' ਨਾਂ ਦੀ ਫਾਈਲ 'ਤੇ ਕਲਿੱਕ ਕੀਤਾ। ਮੈਂ ਇਹ ਵੇਖ ਕੇ ਹੈਰਾਨ ਰਹਿ ਗਿਆ ਕਿ ਮੇਰੀ ਸਾਰੀ ਕੰਟੈਕਟਸ ਲਿਸਟ ਉੱਥੇ ਸੀ ਜਿਸ ਵਿੱਚ ਹਜ਼ਾਰਾਂ ਫੋਨ ਨੰਬਰ ਸਨ।
ਸਿਰਫ ਫੇਸਬੁੱਕ ਦੇ ਦੋਸਤਾਂ ਦੇ ਨਹੀਂ, ਬਲਕਿ ਦੂਜੇ ਦੋਸਤਾਂ ਦੇ ਵੀ ਨੰਬਰ ਉਸ ਸੂਚੀ ਵਿੱਚ ਸਨ।
ਮੈਨੂੰ ਯਾਦ ਨਹੀਂ ਕਿ 2007 ਵਿੱਚ ਫੇਸਬੁੱਕ ਨਾਲ ਜੁੜਨ ਵੇਲੇ ਕੀ ਹੋਇਆ ਹੋਵੇਗਾ?
ਸ਼ਾਇਦ ਉਸ ਵੇਲੇ ਮੈਂ ਅਣਜਾਣੇ ਵਿੱਚ ਆਪਣੀ ਕੰਟੈਕਟ ਸੂਚੀ ਨੂੰ ਅਪਲੋਡ ਕਰਨ ਦੀ ਇਜਾਜ਼ਤ ਦੇ ਦਿੱਤੀ ਹੋਵੇਗੀ ਤਾਂ ਕੀ ਵੇਖ ਸਕਾਂ ਕਿ ਫੇਸਬੁੱਕ 'ਤੇ ਕੌਣ ਕੌਣ ਹੈ। ਸ਼ਾਇਦ, ਇਹ ਮੇਰੀ ਗਲਤੀ ਸੀ।
ਫੇਰ ਮੈਂ ਧਿਆਨ ਦਿੱਤਾ ਕਿ ਸੂਚੀ ਵਿੱਚ ਸਭ ਤੋਂ ਉੱਪਰ ਜੋ ਨੰਬਰ ਸਨ ਉਹ ਦਸ ਸਾਲ ਪਹਿਲਾਂ ਫੇਸਬੁੱਕ ਮਸ਼ੀਨ ਵਿੱਚ ਸ਼ਾਮਲ ਨਹੀਂ ਹੋਏ ਹਨ, ਕਿਉਂਕਿ ਮੈਂ ਹਾਲ ਹੀ ਵਿੱਚ ਉਨ੍ਹਾਂ ਨੂੰ ਕੰਟੈਕਟ ਸੂਚੀ ਵਿੱਚ ਜੋੜਿਆ ਸੀ।
ਇਸ ਵਿੱਚ ਪੱਤਰਕਾਰ ਕੈਰੋਲ ਕੈਡਵਾਲਾਡਰ ਦਾ ਵੀ ਨੰਬਰ ਸੀ ਜਿਨ੍ਹਾਂ ਕੈਂਬ੍ਰਿਜ ਐਨਾਲਿਟਿਕਾ ਅਤੇ ਫੇਸਬੁੱਕ ਦੀ ਪੂਰੀ ਕਹਾਣੀ ਰਿਪੋਰਟ ਕੀਤੀ ਸੀ।
ਇਸਦਾ ਮਤਲਬ ਹੈ ਕਿ ਜਿਵੇਂ ਹੀ ਮੈਂ ਕੋਈ ਨੰਬਰ ਆਪਣੇ ਫੋਨ ਵਿੱਚ ਜੋੜਦਾ ਹਾਂ ਤਾਂ ਉਹ ਆਪਣੇ ਆਪ ਹੀ ਫੇਸਬੁੱਕ ਕੋਲ ਵੀ ਚਲਾ ਜਾਂਦਾ ਹੈ। ਮਤਲਬ ਕੰਪਨੀ ਮੇਰੀ ਨਿਗਰਾਨੀ ਕਰ ਰਹੀ ਹੈ।
ਫੇਸਬੁੱਕ ਡਾਟਾ ਕੁਲੈਕਸ਼ਨ ਦਾ ਇਹ ਪੱਖ ਹੈਰਾਨ ਕਰਦਾ ਹੈ। ਇੱਕ ਯੂਜ਼ਰ ਨੇ ਰਿਪੋਰਟ ਕੀਤਾ ਹੈ ਕਿ ਉਸਦੇ ਐਂਡਰਾਇਡ ਫੋਨ ਦੇ ਸਾਰੇ ਟੈਕਸਟ ਮੈਸੇਜ ਫੇਸਬੁੱਕ 'ਤੇ ਸਟੋਰ ਹੋ ਗਏ ਸਨ।
ਮੰਨ ਲਿਆ ਕਿ ਕਿਸੇ ਫੇਸਬੁੱਕ ਯੂਜ਼ਰ ਨੇ ਆਪਣੇ ਡਾਟਾ ਨੂੰ ਸਾਂਝਾ ਕਰਨ ਦੀ ਇਜਾਜ਼ਤ ਦੇ ਦਿੱਤੀ ਪਰ ਉਸਦੇ ਦੋਸਤਾਂ ਨੇ ਤਾਂ ਨਹੀਂ ਦਿੱਤੀ ਜਿਨ੍ਹਾਂ ਦੇ ਟੈਕਸਟ ਮੈਸੇਜ ਜਾਂ ਫੋਨ ਨੰਬਰ ਇਕੱਠੇ ਕੀਤੇ ਜਾ ਰਹੇ ਹਨ।
ਜੇ ਉਹ ਲੋਕ ਕਦੇ ਫੇਸਬੁੱਕ 'ਤੇ ਆਏ ਹੀ ਨਹੀਂ ਜਾਂ ਆਪਣਾ ਫੇਸਬੁੱਕ ਅਕਾਊਂਟ ਡਿਲੀਟ ਵੀ ਕਰ ਦਿੱਤਾ ਤਾਂ ਵੀ ਉਨ੍ਹਾਂ ਦਾ ਕੁਝ ਡਾਟਾ ਜਾਂ ਜਾਣਕਾਰੀ ਸੋਸ਼ਲ ਨੈਟਵਰਕ 'ਤੇ ਮੌਜੂਦ ਰਹੇਗੀ ਹੀ।
ਯੂਜ਼ਰਜ਼ ਕਿਵੇਂ ਕਰਨਗੇ ਭਰੋਸਾ?
ਫੇਸਬੁੱਕ ਦਾ ਕਹਿਣਾ ਹੈ ਕਿ ਆਪਣੀ ਕੰਟੈਕਟ ਸੂਚੀ ਦੇਣਾ ਕਿਸੇ ਵੀ ਮੈਸੇਜਿੰਗ ਜਾਂ ਸੋਸ਼ਲ ਐਪ ਨਾਲ ਜੁੜਨ ਲਈ ਆਮ ਪ੍ਰਕਿਰਿਆ ਹੈ ਅਤੇ ਯੂਜਰਜ਼ ਦੀ ਮਰਜ਼ੀ ਹੈ ਕਿ ਉਹ ਅਜਿਹਾ ਕਰਨ ਜਾਂ ਨਾ ਕਰਨ।
ਲੋਕਾਂ ਨੂੰ ਪੁੱਛਿਆ ਜਾਂਦਾ ਹੈ ਕਿ ਕੀ ਉਹ ਆਪਣੇ ਫੋਨ 'ਤੇ ਕੰਟੈਕਟ ਸੂਚੀ ਅਪਲੋਡ ਕਰਨ ਦੀ ਇਜਾਜ਼ਤ ਦੇਣਾ ਚਾਹੁੰਦੇ ਹਨ ਅਤੇ ਇਹ ਐਪ ਨੂੰ ਸ਼ੁਰੂ ਕਰਨ ਵੇਲੇ ਹੀ ਦੱਸ ਦਿੱਤਾ ਜਾਂਦਾ ਹੈ। ਪਹਿਲਾਂ ਤੋਂ ਦਿੱਤੀ ਗਈ ਜਾਣਕਾਰੀ ਨੂੰ ਲੋਕ ਡਿਲੀਟ ਵੀ ਕਰ ਸਕਦੇ ਹਨ।
ਕੰਪਨੀ ਦਾ ਇਹ ਕਹਿਣਾ ਸਹੀ ਹੈ ਕਿ ਇਹ ਆਮ ਗੱਲ ਹੈ ਅਤੇ ਜੇ ਤੁਹਾਨੂੰ ਲੱਗਦਾ ਹੈ ਕਿ ਫੇਸਬੁੱਕ ਦਾ ਤੁਹਾਡੀ ਜਾਣਕਾਰੀ ਨੂੰ ਇਕੱਠਾ ਕਰਨਾ ਗਲਤ ਹੈ ਤਾਂ ਐੱਪਲ ਕੰਪਨੀ ਦੇ ਆਈਕਲਾਊਡ ਦਾ ਕੀ ਜਿੱਥੇ ਲੱਖਾਂ ਲੋਕਾਂ ਨੇ ਆਪਣੇ ਆਈਫੋਨ ਦਾ ਡਾਟਾ ਅਤੇ ਕੰਟੈਕਟਸ ਜਮਾ ਕਰ ਰੱਖੇ ਹਨ।
ਫੇਸਬੁੱਕ ਦਾ ਦਾਅਵਾ ਹੈ ਕਿ ਉਹ ਆਪਣਾ ਡਾਟਾ ਕਿਸੇ ਨਾਲ ਵੀ ਸਾਂਝਾ ਨਹੀਂ ਕਰਦਾ।
ਮੁਸ਼ਕਲ ਇਹ ਹੈ ਕਿ ਇਸਦਾ ਬਿਜ਼ਨਸ ਮਾਡਲ ਆਈ-ਫੋਨ ਵਾਂਗ ਨਹੀਂ ਹੈ ਅਤੇ ਯੂਜ਼ਰ ਡਾਟਾ 'ਤੇ ਕਾਫੀ ਨਿਰਭਰ ਕਰਦਾ ਹੈ।
ਪਰ ਪਿਛਲੇ ਹਫਤੇ ਡਾਟਾ ਲੀਕ ਦਾ ਜੋ ਮਾਮਲਾ ਸਾਹਮਣੇ ਆਇਆ ਹੈ, ਉਸ ਤੋਂ ਬਾਅਦ ਯੂਜ਼ਰਜ਼ ਫੇਸਬੁੱਕ ਨੂੰ ਸ਼ੱਕੀ ਨਜ਼ਰਾਂ ਨਾਲ ਵੇਖ ਰਹੇ ਹਨ।