ਇਰਫ਼ਾਨ ਦੀ ਬਿਮਾਰੀ ’ਤੇ ਉਨ੍ਹਾਂ ਦੀ ਪਤਨੀ ਨੇ ਕੀ ਕਿਹਾ ?

ਮਸ਼ਹੂਰ ਅਦਾਕਾਰ ਇਰਫਾਨ ਖ਼ਾਨ ਦੀ ਪਤਨੀ ਸੁਤਾਪਾ ਸਿਕਦਰ ਨੇ ਸ਼ਨੀਵਾਰ ਨੂੰ ਫੇਸਬੁੱਕ ਉੱਤੇ ਇਰਫਾਨ ਦੇ ਪ੍ਰਸੰਸਕਾਂ ਨੂੰ ਦੁਆਵਾਂ ਲਈ ਧੰਨਵਾਦ ਕਿਹਾ।

ਸੁਤਾਪਾ ਸਿਕਦਰ ਨੇ ਕਿਹਾ ਹੈ ਕਿ ਉਹ ਮੁਆਫ਼ੀ ਚਾਹੁੰਦੇ ਹਨ ਕਿ ਪਿਛਲੇ ਕੁਝ ਦਿਨਾਂ ਤੋਂ ਉਹ ਫ਼ੋਨ ਜਾਂ ਸੰਦੇਸ਼ ਨਹੀਂ ਲੈ ਰਹੇ ਹਨ, ਪਰ ਉਹ ਇਰਫਾਨ ਦੇ ਸਾਰੇ ਪ੍ਰਸੰਸਕਾਂ ਦੀਆਂ ਦੁਆਵਾਂ ਲਈ ਹਮੇਸ਼ਾ ਕਰਜ਼ਦਾਰ ਰਹਿਣਗੇ।

ਦਰਅਸਲ, 5 ਮਾਰਚ ਨੂੰ ਇਰਫਾਨ ਨੇ ਦੱਸਿਆ ਸੀ ਕਿ ਉਹ ਇੱਕ ਖ਼ਤਰਨਾਕ ਬਿਮਾਰੀ ਤੋਂ ਪੀੜਤ ਹਨ, ਜਿਸ ਤੋਂ ਬਾਅਦ ਸਾਰੇ ਉਨ੍ਹਾਂ ਦੀ ਇਸ ਬਿਮਾਰੀ ਬਾਰੇ ਜਾਣਨਾ ਚਾਹੁੰਦੇ ਸਨ।

ਉਨ੍ਹਾਂ ਆਪਣੇ ਸੋਸ਼ਲ ਮੀਡੀਆ ਪੇਜ ਉੱਤੇ ਲਿਖਿਆ, "ਕਦੇ-ਕਦੇ ਤੁਸੀਂ ਜਾਗਦੇ ਹੋ ਅਤੇ ਪਤਾ ਲੱਗਦਾ ਹੈ ਕਿ ਤੁਹਾਡੀ ਜ਼ਿੰਦਗੀ ਪੂਰੀ ਤਰ੍ਹਾਂ ਨਾਲ ਹਿੱਲ ਚੁੱਕੀ ਹੈ।"

"ਪਿਛਲੇ 15 ਦਿਨਾਂ ਵਿੱਚ ਮੇਰੀ ਜ਼ਿੰਦਗੀ ਸਸਪੈਂਸ ਕਹਾਣੀ ਬਣ ਗਈ ਹੈ। ਮੈਨੂੰ ਇਸ ਬਾਰੇ ਅੰਦਾਜ਼ਾ ਵੀ ਨਹੀਂ ਸੀ ਕਿ ਵੱਖਰੀਆਂ ਕਹਾਣੀਆਂ ਦੀ ਭਾਲ ਕਰਦੇ-ਕਰਦੇ ਮੈਨੂੰ ਇੱਕ ਵੱਖਰੀ ਬਿਮਾਰੀ ਮਿਲ ਜਾਵੇਗੀ।"

ਇਰਫਾਨ ਨੇ ਆਪਣੇ ਟਵੀਟ ਵਿੱਚ ਕਿਹਾ ਸੀ ਕਿ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਦੀ ਬਿਮਾਰੀ ਦੀ ਖ਼ਬਰ ਤੋਂ ਕਾਫ਼ੀ ਫ਼ਿਕਰਮੰਦ ਹੈ।

ਇਸ ਦੇ ਨਾਲ ਹੀ ਉਨ੍ਹਾਂ ਆਪਣੇ ਪ੍ਰਸੰਸਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਉਨ੍ਹਾਂ ਦੀ ਸਿਹਤ ਬਾਰੇ ਕਿਸੇ ਵੀ ਤਰ੍ਹਾਂ ਦੀਆਂ ਕਿਆਸ ਨਾ ਲਗਾਉਣ।

'ਯੋਧਾ ਹਨ ਇਰਫਾਨ ਖ਼ਾਨ'

ਇਰਫਾਨ ਦੀ ਪਤਨੀ ਸੁਤਾਪਾ ਸਿਕਦਰ ਕਹਿੰਦੇ ਹਨ, "ਮੇਰੇ ਸਭ ਤੋਂ ਚੰਗੇ ਦੋਸਤ ਅਤੇ ਸਾਥੀ ਇੱਕ ਯੋਧਾ ਹਨ ਅਤੇ ਉਹ ਪੂਰੇ ਸਨਮਾਨ ਨਾਲ ਹਰ ਔਕੜ ਦਾ ਸਾਹਮਣਾ ਕਰ ਰਹੇ ਹਨ।"

ਉਨ੍ਹਾਂ ਕਿਹਾ, "ਮੈਂ ਅੱਲਾ ਦਾ ਧੰਨਵਾਦ ਕਰਦੀ ਹਾਂ ਕਿ ਉਸ ਨੇ ਮੈਨੂੰ ਵੀ ਇੱਕ ਯੋਧਾ ਬਣਾਇਆ ਹੈ। ਮੈਂ ਇਸ ਸਮੇਂ ਇਸ ਲੜਾਈ ਦੇ ਮੈਦਾਨ ਲਈ ਰਣਨੀਤੀ ਬਣਾਉਣ ਉੱਤੇ ਧਿਆਨ ਦੇ ਰਹੀ ਹਾਂ। ਇਹ ਕਦੇ ਵੀ ਆਸਾਨ ਨਹੀਂ ਸੀ ਅਤੇ ਆਸਾਨ ਹੋਵੇਗਾ ਵੀ ਨਹੀਂ। ਪਰ ਦੁਨੀਆਂ ਭਰ ਤੋਂ ਆਉਂਦੀ ਦੁਆਵਾਂ ਨੇ ਮੈਨੂੰ ਜਿੱਤ ਦਾ ਆਸਰਾ ਦਿੱਤਾ ਹੈ।"

'ਜਿੱਤ ਲਈ ਕਰੋ ਦੁਆਵਾਂ'

ਸੁਤਾਪਾ ਸਿਕਦਰ ਨੇ ਇਰਫਾਨ ਖ਼ਾਨ ਦੇ ਪ੍ਰਸੰਸਕਾਂ ਨੂੰ ਉਨ੍ਹਾਂ ਦੀ ਬਿਮਾਰੀ ਬਾਰੇ ਜਾਨਣ ਦੀ ਬੇਸਬਰੀ ਰੱਖਣ ਦੀ ਜਗ੍ਹਾ ਉਨ੍ਹਾਂ ਦੀ ਚੰਗੀ ਸਿਹਤ ਲਈ ਦੁਆਵਾਂ ਕਰਨ ਦੀ ਅਪੀਲ ਕੀਤੀ ਹੈ।

ਸਿਕਦਰ ਕਹਿੰਦੇ ਹਨ, " ਉਹ ਜਾਣਦੇ ਹਨ, ਚਿੰਤਾ ਦੀ ਵਜ੍ਹਾ ਨਾਲ ਬੇਸਬਰੀ ਪੈਦਾ ਹੁੰਦੀ ਹੈ ਪਰ ਸਾਨੂੰ ਆਪਣੀ ਬੇਸਬਰੀ 'ਕੀ ਹੋਇਆ ਹੈ ਤੋਂ ਜ਼ਿਆਦਾ ਕੀ ਹੋਣਾ ਚਾਹੀਦਾ ਹੈ' ਉੱਤੇ ਕੇਂਦਰਿਤ ਕਰਨੀ ਚਾਹੀਦੀ ਹੈ।"

ਇਰਫਾਨ ਨੇ ਵੀ ਟਵੀਟਰ ਉੱਤੇ ਆਪਣੇ ਪ੍ਰਸੰਸਕਾਂ ਨੂੰ ਅਪੀਲ ਕੀਤੀ ਸੀ ਕਿ ਲੋਕ ਉਨ੍ਹਾਂ ਦੀ ਸਿਹਤ ਬਾਰੇ ਕਿਆਸ ਨਾ ਲਗਾਉਣ।

ਉਨ੍ਹਾਂ ਇਹ ਵੀ ਕਿਹਾ ਹੈ ਕਿ ਜਾਂਚ ਰਿਪੋਰਟ ਆਉਣ ਤੋਂ ਬਾਅਦ ਉਹ ਇਸ ਦੀ ਜ਼ਿਆਦਾ ਜਾਣਕਾਰੀ ਜ਼ਰੂਰ ਸਾਂਝੀ ਕਰਨਗੇ।

51 ਸਾਲਾ ਇਰਫਾਨ ਖ਼ਾਨ ਨੇ 100 ਤੋਂ ਵੱਧ ਫ਼ਿਲਮਾਂ ਵਿੱਚ ਕੰਮ ਕੀਤਾ ਹੈ।

ਇਰਫਾਨ ਦੀਆਂ ਹਾਲੀਵੁੱਡ ਫ਼ਿਲਮਾਂ ਵਿੱਚ ਲਾਈਫ਼ ਆਫ਼ ਪਾਈ, ਸਲਮਡੋਗ ਮਿਲਿਨੇਅਰ ਅਤੇ ਦਿ ਅਮੇਜਿੰਗ ਸਪਾਇਡਰ ਮੈਨ ਦਾ ਨਾਮ ਲਿਆ ਜਾਂਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)