ਅਵਨੀ ਚਤੁਰਵੇਦੀ ਲੜਾਕੂ ਜਹਾਜ਼ ਉਡਾਉਣ ਵਾਲੀ ਪਹਿਲੀ ਭਾਰਤੀ ਕੁੜੀ

ਅਵਨੀ ਚਤੁਰਵੇਦੀ

ਤਸਵੀਰ ਸਰੋਤ, DINANKAR CHATURVEDI

    • ਲੇਖਕ, ਸਰੋਜ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਤੁਸੀਂ, ਪਹਿਲੀ ਵਾਰ ਇਕੱਲਿਆਂ ਮਿੱਗ-21 ਉਡਾਉਣ ਵਾਲੀ ਕੁੜੀ ਅਵਨੀ ਬਾਰੇ ਕਿੰਨਾ ਜਾਣਦੇ ਹੋ ?

ਅਵਨੀ ਚਤੁਰਵੇਦੀ ਮਿੱਗ-21 ਇਕੱਲਿਆਂ ਉਡਾਉਣ ਵਾਲੀ ਪਹਿਲੀ ਭਾਰਤੀ ਕੁੜੀ ਬਣ ਗਈ ਹੈ। ਇਸ ਕਰਕੇ ਉਸਦੇ ਨਾਮ ਦੀ ਧੂਮ ਪਈ ਹੋਈ ਹੈ।

ਗੁਜਰਾਤ ਦੇ ਜਾਮਨਗਰ ਦੇ ਏਅਰਬੇਸ 'ਤੇ ਉਨ੍ਹਾਂ ਨੇ ਇਹ ਕੰਮ ਪਹਿਲੀ ਹੀ ਉਡਾਣ ਵਿੱਚ ਕਰ ਦਿਖਾਇਆ। ਇਸ ਤਰ੍ਹਾਂ ਉਨ੍ਹਾਂ ਨੇ ਲੜਾਕੂ ਜਹਾਜ਼ ਉਡਾਉਣ ਵਾਲੀ ਪਹਿਲੀ ਮਹਿਲਾ ਪਾਇਲਟ ਬਣ ਕੇ ਇਤਿਹਾਸ ਰਚਿਆ ਹੈ।

ਅਵਨੀ ਚਤੁਰਵੇਦੀ

ਤਸਵੀਰ ਸਰੋਤ, DINANKAR CHATURVEDI

ਲੜਾਕੂ ਜਹਾਜ਼ ਦੀ ਪਾਇਲਟ ਹੋਣ ਦਾ ਮਤਲਬ ਹੈ ਕਿ ਹੁਣ ਉਹ ਯੁੱਧ ਵਿੱਚ ਸੁਖੋਈ ਵਰਗੇ ਜਹਾਜ਼ ਵੀ ਉਡਾ ਸਕਣਗੇ। 2016 ਵਿੱਚ ਉਨ੍ਹਾਂ ਦੀ ਚੋਣ ਭਾਵਨਾ ਕਾਂਤ ਅਤੇ ਮੋਹਨਾ ਸਿੰਘ ਨਾਲ ਹੋਈ ਸੀ। ਇਨ੍ਹਾਂ ਤਿੰਨਾਂ ਨੂੰ ਇਸ ਸਾਲ ਟ੍ਰੇਨਿੰਗ ਦਿੱਤੀ ਗਈ।

2016 ਤੋਂ ਪਹਿਲਾਂ ਭਾਰਤੀ ਹਵਾਈ ਫ਼ੋਜ ਵਿੱਚ ਔਰਤਾਂ ਨੂੰ ਲੜਾਕੂ ਜਹਾਜ਼ ਉਡਾਉਣ ਦੀ ਆਗਿਆ ਨਹੀਂ ਸੀ। ਆਗਿਆ ਮਿਲਣ ਦੇ ਮਗਰੋਂ ਵੀ ਅਵਨੀ ਨੇ ਦੋ ਸਾਲਾਂ ਬਾਅਦ ਇਹ ਤਗਮਾ ਆਪਣੇ ਨਾਮ ਕੀਤਾ ਹੈ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਅਵਨੀ ਤੋਂ ਬਾਅਦ ਵਾਲੇ ਬੈਚ ਦੇ ਲਈ ਵੀ ਹਵਾਈ ਫੌਜ ਨੇ ਤਿੰਨ ਹੋਰ ਮਹਿਲਾ ਪਾਇਲਟਾਂ ਨੂੰ ਜਹਾਜ਼ ਸਿਖਲਾਈ ਦੇਣ ਲਈ ਚੁਣਿਆ ਹੈ।

ਅਵਨੀ ਦਾ ਬਚਪਨ

ਅਵਨੀ ਦਾ ਬਚਪਨ ਮੱਧ ਪ੍ਰਦੇਸ਼ ਦੇ ਰੀਵਾ ਨੇੜੇ ਇੱਕ ਛੋਟੇ ਜਿਹੇ ਕਸਬੇ ਵਿੱਚ ਬੀਤਿਆ। ਸ਼ੁਰੂ ਵਿੱਚ ਉਨ੍ਹਾਂ ਦੀ ਪੜ੍ਹਾਈ ਹਿੰਦੀ ਮੀਡੀਅਮ ਵਿੱਚ ਹੋਈ।

ਅਵਨੀ ਚਤੁਰਵੇਦੀ

ਤਸਵੀਰ ਸਰੋਤ, DINANKAR CHATURVEDI

ਅਵਨੀ ਦੇ ਪਿਤਾ ਦਿਨਾਂਕਰ ਚਤੁਰਵੇਦੀ ਨੇ ਬੀਬੀਸੀ ਨੂੰ ਦੱਸਿਆ, "ਬਚਪਨ ਵਿੱਚ ਅਵਨੀ ਬਹੁਤ ਸ਼ਾਂਤ ਸੁਭਾਅ ਵਾਲੀ ਸੀ। ਹਾਂ, ਉਸ ਨੂੰ ਅਨੁਸ਼ਾਸ਼ਨ ਵਿੱਚ ਰਹਿਣਾ ਪਸੰਦ ਸੀ। ਮੈਨੂੰ ਕਦੇ ਅਜਿਹਾ ਨਹੀਂ ਲੱਗਿਆ ਕਿ ਉਸਨੇ ਪਾਇਲਟ ਹੀ ਬਣਨਾ ਹੈ।"

ਅਵਨੀ ਦਸਵੀਂ ਤੇ ਬਾਹਰਵੀਂ ਵਿੱਚ ਆਪਣੇ ਸਕੂਲ ਦੀ ਟਾਪਰ ਰਹੀ ਅਤੇ ਇਸ ਮਗਰੋਂ ਅਗਲੀ ਪੜ੍ਹਾਈ ਇੰਜਨੀਅਰਿੰਗ ਵਿੱਚ ਕਰਨ ਲਈ ਵਨਸਥਲੀ ਵਿਦਿਆਪੀਠ ਚਲੀ ਗਈ।

ਅਵਨੀ ਦੇ ਪਿਤਾ ਵੀ ਇੰਜੀਨੀਅਰ ਹਨ ਜਦਕਿ ਉਨ੍ਹਾਂ ਦੀ ਮਾਂ ਇੱਕ ਘਰੇਲੂ ਔਰਤ ਹੈ। ਅਵਨੀ ਦਾ ਵੱਡਾ ਭਰਾ ਭਾਰਤੀ ਫੌਜ ਵਿੱਚ ਹੈ।

ਕਲਪਨਾ ਚਾਵਲਾ ਨੂੰ ਆਦਰਸ਼ ਮੰਨਦੇ ਹਨ

ਕੀ ਫੌਜ ਵਿੱਚ ਜਾਣ ਦੀ ਪ੍ਰੇਰਨਾ ਅਵਨੀ ਨੂੰ ਭਰਾ ਤੋਂ ਮਿਲੀ?

ਅਵਨੀ ਚਤੁਰਵੇਦੀ

ਤਸਵੀਰ ਸਰੋਤ, DINANKAR CHATURVEDI

ਇਸ ਬਾਰੇ ਦਿਨਾਂਕਰ ਚਤੁਰਵੇਦੀ ਦਾ ਕਹਿਣਾ ਸੀ ਕਿ ਗ੍ਰੈਜੂਏਸ਼ਨ ਦੀ ਪੜ੍ਹਾਈ ਤੱਕ ਅਵਨੀ ਨੂੰ ਨਹੀਂ ਸੀ ਪਤਾ ਕਿ ਉਹ ਪਾਇਲਿਟ ਬਣੇਗੀ।

ਉਨ੍ਹਾਂ ਦੱਸਿਆ, "2003 ਵਿੱਚ ਕਲਪਨਾ ਚਾਵਲਾ ਦੀ ਮੌਤ ਤੋਂ ਬਾਅਦ ਜਦੋਂ ਅਵਨੀ ਨੇ ਉਨ੍ਹਾਂ ਬਾਰੇ ਪੜ੍ਹਿਆ। ਉਸ ਸਮੇਂ ਪਹਿਲੀ ਵਾਰ ਅਵਨੀ ਨੇ ਪਹਿਲੀ ਵਾਰ ਮੇਰੇ ਨਾਲ ਪੁਲਾੜ ਵਿੱਚ ਜਾਣ ਦੀ ਇੱਛਾ ਜ਼ਾਹਿਰ ਕੀਤੀ।"

ਭਰਾ ਦੇ ਫੌਜ ਵਿੱਚ ਹੋਣ ਕਰਕੇ ਉਨ੍ਹਾਂ ਨੇ ਇੱਕ ਫੌਜੀ ਦੇ ਜੀਵਨ ਨੂੰ ਵੀ ਕੋਲੋਂ ਦੇਖਿਆ ਸੀ ਪਰ ਉਹ ਕਲਪਨਾ ਚਾਵਲਾ ਤੋਂ ਹੀ ਜ਼ਿਆਦਾ ਪ੍ਰਭਾਵਿਤ ਹਨ।

ਅਵਨੀ ਚਤੁਰਵੇਦੀ

ਤਸਵੀਰ ਸਰੋਤ, DINANKAR CHATURVEDI

ਇੰਜੀਨੀਅਰਿੰਗ ਦੀ ਪੜ੍ਹਾਈ ਪੂਰੀ ਕਰਕੇ ਅਵਨੀ ਨੇ ਹਵਾਈ ਫੌਜ ਦੀ ਤਕਨੀਕੀ ਸੇਵਾ ਵਿੱਚ ਜਾਣ ਲਈ ਪ੍ਰੀਖਿਆ ਦਿੱਤੀ ਤੇ ਪਾਸ ਹੋਣ ਮਗਰੋਂ ਲੜਾਕੂ ਪਾਇਲਿਟ ਬਣ ਗਈ।

ਪਿਤਾ ਨੂੰ ਕਿਵੇਂ ਪਤਾ ਲੱਗਿਆ?

ਫ਼ਿਲਹਾਲ ਅਵਨੀ ਹਵਾਈ ਫੌਜ ਦੇ ਜਾਮਨਗਰ ਏਅਰਬੇਸ ਵਿੱਚ ਹਨ।

ਅਵਨੀ ਚਤੁਰਵੇਦੀ

ਤਸਵੀਰ ਸਰੋਤ, AIRFORCE PR

ਬੇਟੀ ਨੇ ਇਤਿਹਾਸ ਬਣਾ ਦਿੱਤਾ, ਇਹ ਖ਼ਬਰ ਮਿਲਣ ਬਾਰੇ ਦਿਨਾਂਕਰ ਚਤੁਰਵੇਦੀ ਨੇ ਕਿਹਾ, "ਲੰਘੀ ਰਾਤ ਤੁਹਾਡੇ ਵਾਂਗ ਹੀ ਇੱਕ ਪੱਤਰਕਾਰ ਦਾ ਫੋਨ ਆਇਆ ਸੀ। ਉਸ ਸਮੇਂ ਮੈਨੂੰ ਅਵਨੀ ਦੇ ਕਾਰਨਾਮੇ ਦਾ ਪਤਾ ਲਗਿਆ। ਹਾਲਾਂਕਿ ਉਹ ਇੱਕ ਦਿਨ ਸਫ਼ਲ ਹੋਵੇਗੀ ਇਸਦਾ ਮੈਨੂੰ ਹਮੇਸ਼ਾ ਹੀ ਭਰੋਸਾ ਰਿਹਾ ਸੀ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)