ਬੈਂਕਾਕ꞉ ਕਿਰਾਏ ਦੀਆਂ ਕੁੱਖਾਂ ਤੋਂ ਪੈਦਾ ਹੋਏ 13 ਬੱਚੇ ਪਿਤਾ ਨੂੰ ਮਿਲੇ

ਤਸਵੀਰ ਸਰੋਤ, Getty Images
ਬੈਂਕਾਕ ਦੀ ਇੱਕ ਅਦਾਲਤ ਨੇ ਇੱਕ ਜਾਪਾਨੀ ਨਾਗਰਿਕ ਨੂੰ ਉਨ੍ਹਾਂ 13 ਬੱਚਿਆਂ ਦੀ ਕਸਟਡੀ ਦੇ ਦਿੱਤੀ ਹੈ ਜਿਨ੍ਹਾਂ ਦਾ ਉਹ ਥਾਈਲੈਂਡ ਦੀਆਂ ਸਰੋਗੇਟ ਮਾਵਾਂ ਰਾਹੀਂ ਪਿਤਾ ਬਣਿਆ ਸੀ।
ਇਹ ਕੇਸ ਬੇਬੀ ਫੈਕਟਰੀ ਦੇ ਨਾਮ ਨਾਲ ਚਰਚਿਤ ਹੋਇਆ ਸੀ ਜਿਸ ਵਿੱਚ ਇੱਕ ਵਿਅਕਤੀ ਥਾਈਲੈਂਡ ਵਿੱਚ ਸਰੋਗੇਟ ਮਾਵਾਂ (ਕਿਰਾਏ ਦੀਆਂ ਕੁੱਖਾਂ) ਰਾਹੀਂ 13 ਬੱਚਿਆਂ ਦਾ ਪਿਓ ਬਣਿਆ ਸੀ।
ਅਦਾਲਤ ਨੇ ਆਪਣੇ ਫੈਸਲੇ ਵਿੱਚ ਅਠਾਈ ਸਾਲਾ ਮਿਤਸੁਤੋਕੀ ਸ਼ੀਗੇਟਾ ਨੂੰ ਉਪਰੋਕਤ 13 ਬੱਚਿਆਂ ਦੇ ਪਾਲਣ-ਪੋਸ਼ਣ ਦੇ ਹੱਕ ਦੇ ਦਿੱਤੇ।
ਇੱਕ ਧਨਾਢ ਉੱਦਮੀਂ ਦੇ ਇਸ ਪੁੱਤਰ ਬਾਰੇ ਵਿਵਾਦ ਨੇ 2014 ਵਿੱਚ ਤਰਥੱਲੀ ਮਚਾ ਦਿੱਤੀ ਕਿ ਉਹ ਥਾਈਲੈਂਡ ਵਿੱਚ ਕਿਰਾਏ ਦੀਆਂ ਕੁੱਖਾਂ ਰਾਹੀਂ ਸੋਲਾਂ ਬੱਚਿਆਂ ਦਾ ਪਿਓ ਬਣਿਆ ਹੈ।
ਇਸ ਚਰਚਿਤ ਬੇਬੀ ਫੈਕਟਰੀ ਕੇਸ ਦੇ ਸਾਹਮਣੇ ਆਉਣ ਮਗਰੋਂ ਥਾਈਲੈਂਡ ਵਿੱਚ ਵਿਦੇਸ਼ੀਆਂ ਨੂੰ ਕੁੱਖ ਕਿਰਾਏ 'ਤੇ ਦੇਣ ਉੱਤੇ ਪਾਬੰਦੀ ਲਾ ਦਿੱਤੀ ਗਈ ਸੀ।
ਥਾਈਲੈਂਡ ਨਿਵਾਸੀ ਮਾਵਾਂ ਵੱਲੋਂ ਆਪਣੇ ਅਧਿਕਾਰ ਛਡਣ ਮਗਰੋਂ ਅਦਾਲਤ ਨੇ ਇਹ ਫੈਸਲਾ ਸੁਣਾਇਆ।
ਕੀ ਕਿਹਾ ਅਦਾਲਤ ਨੇ ਫੈਸਲੇ ਵਿੱਚ
ਬੈਂਕਾਕ ਦੀ ਸੈਂਟਰਲ ਜੁਵੇਨਾਈਲ ਕੋਰਟ ਨੇ ਇੱਕ ਫੈਸਲੇ ਵਿੱਚ ਕਿਹਾ, "ਉਨ੍ਹਾਂ ਖੁਸ਼ੀਆਂ ਤੇ ਸੰਭਾਵਨਾਵਾਂ ਲਈ ਜੋ ਇਨ੍ਹਾਂ 13 ਬੱਚਿਆਂ ਨੂੰ ਆਪਣੇ ਕੁਦਰਤੀ ਪਿਤਾ ਤੋਂ ਮਿਲਣਗੀਆਂ, ਅਤੀਤ ਵਿੱਚ ਵੀ ਉਸਦੇ ਬੁਰੇ ਆਚਰਣ ਦਾ ਕੋਈ ਰਿਕਾਰਡ ਨਹੀਂ ਹੈ।"
ਅਦਾਲਤ ਨੇ ਇਹ ਵੀ ਕਿਹਾ, "ਕਿਰਾਏ ਦੀਆਂ ਕੁੱਖਾਂ ਤੋਂ ਪੈਦਾ ਹੋਏ ਸਾਰੇ 13 ਬੱਚੇ ਪਟੀਸ਼ਨਰ ਦੇ ਕਾਨੂੰਨੀ ਬੱਚੇ ਹਨ।"
ਮਿਤਸੁਤੋਕੀ ਸ਼ੀਗੇਟਾ ਤੋਂ 2014 ਵਿੱਚ ਇੰਟਰਪੋਲ ਨੇ ਵੀ ਮਨੁੱਖੀ ਤਸਕਰੀ ਦੇ ਸ਼ੱਕ ਤਹਿਤ ਪੁੱਛ-ਗਿੱਛ ਕੀਤੀ ਸੀ।

ਤਸਵੀਰ ਸਰੋਤ, AFP/GETTY IMAGES
ਉਸਦੇ ਬੈਂਕਾਕ ਵਿਚਲੇ ਘਰ ਤੇ ਛਾਪੇ ਦੋਰਾਨ ਕਿਰਾਏ ਦੀਆਂ ਮਾਵਾਂ ਤੋਂ ਪੈਦਾ ਹੋਏ ਨੌਂ ਬੱਚੇ, ਆਇਆ ਤੇ ਇੱਕ ਕਿਰਾਏ ਦੀ ਗਰਭਵਤੀ ਮਾਂ ਪੁਲਿਸ ਨੂੰ ਮਿਲੀ ਸੀ।
ਇਸ ਤੋਂ ਜਲਦੀ ਹੀ ਮਗਰੋਂ ਮਿਤਸੁਤੋਕੀ ਸ਼ੀਗੇਟਾ ਥਾਈਲੈਂਡ ਛੱਡ ਗਿਆ ਪਰ ਬਾਅਦ ਵਿੱਚ ਸਮਾਜਿਕ ਵਿਕਾਸ ਤੇ ਮਨੁੱਖੀ ਸੁਰੱਖਿਆ ਮੰਤਰਾਲੇ ਉੱਪਰ ਬੱਚਿਆਂ ਦੀ ਕਸਟਡੀ ਲੈਣ ਲਈ ਮੁਕੱਦਮਾ ਕਰ ਦਿੱਤਾ।
ਪੁਲਿਸ ਨੂੰ ਵਿਅਕਤੀ ਉੱਪਰ ਮਨੁੱਖੀ ਤਸਕਰੀ ਵਿੱਚ ਸ਼ਾਮਲ ਹੋਣ ਦਾ ਸ਼ੱਕ ਸੀ ਪਰ ਉਸਦੇ ਵਕੀਲ ਦਾ ਕਹਿਣਾ ਸੀ ਕਿ ਉਹ ਸਿਰਫ਼ ਇੱਕ ਵੱਡੇ ਪਰਿਵਾਰ ਦਾ ਚਾਹਵਾਨ ਸੀ।
ਉਸਦਾ ਇਹ ਵੀ ਕਹਿਣਾ ਸੀ ਕਿ ਉਹ ਇਨ੍ਹਾਂ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਲਈ ਪੂਰੀ ਤਰ੍ਹਾਂ ਸਮੱਰਥ ਹੈ। ਅਦਾਲਤ ਨੇ ਵੀ ਇਹ ਦਲੀਲ ਮੰਨ ਲਈ ਹੈ।
ਅਧਿਕਾਰੀਆਂ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਕੰਬੋਡੀਆ ਤੇ ਜਾਪਾਨ ਵਿੱਚ ਜਾ ਕੇ ਦੇਖ ਲਿਆ ਹੈ ਕਿ ਉੱਥੇ ਬੱਚਿਆਂ ਦੇ ਪਾਲਣ ਪੋਸ਼ਣ ਲਈ ਜਰੂਰੀ ਸਹੂਲਤਾਂ ਉੱਪਲਭਦ ਹਨ।












