ਬਲਾਗ: ਕਿਵੇਂ ਹੋਈ ਸੀ 'ਪੀਰ' ਬੁਸ਼ਰਾ ਅਤੇ 'ਮੁਰੀਦ' ਇਮਰਾਨ ਦੀ ਮੁਲਾਕਾਤ

ਤਸਵੀਰ ਸਰੋਤ, PTI/Twitter
- ਲੇਖਕ, ਵੁਸਤੁੱਲਾਹ ਖ਼ਾਨ
- ਰੋਲ, ਪਾਕਿਸਤਾਨ ਤੋਂ, ਬੀਬੀਸੀ ਲਈ
ਇਮਰਾਨ ਖ਼ਾਨ ਦੇ ਤੀਜੇ ਵਿਆਹ ਦੀ ਵਧਾਈ ਇਸ ਲਈ ਬਣਦੀ ਹੈ ਕਿਉਂਕਿ ਨਿਕਾਹ ਵਿੱਚ ਬੇਗਮ ਦੇ ਘਰਵਾਲੇ ਤਾਂ ਸ਼ਰੀਕ ਹੋਏ ਪਰ ਲਾੜੇ ਵੱਲੋਂ ਪੂਰੇ ਟੱਬਰ ਦੀ ਬਜਾਏ ਸਿਰਫ਼ ਇੱਕਾ-ਦੁੱਕਾ ਦੋਸਤ ਜਾਂ ਸਿਆਸਤਾਨ ਹੀ ਹਾਜ਼ਰ ਸਨ।
ਸਾਡੀ ਦੁਆ ਹੈ ਕਿ ਇਸ ਵਾਰੀ ਇਹ ਵਿਆਹ ਲੰਬੇ ਸਮੇਂ ਤੱਕ ਟਿਕ ਜਾਵੇ ਕਿਉਂਕਿ ਖ਼ਾਨ ਸਾਹਿਬ ਦੀ ਨਿੱਜੀ ਜ਼ਿੰਦਗੀ ਸ਼ਾਂਤ ਹੋਵੇਗੀ ਤਾਂ ਹੀ ਉਨ੍ਹਾਂ ਦੀ ਪਾਰਟੀ ਅਤੇ ਦੇਸ ਦੀ ਸਿਆਸਤ ਵਿੱਚ ਥੋੜਾ ਬਹੁਤ ਸਕੂਨ ਮਹਿਸੂਸ ਹੋਵੇਗਾ।
ਜੇ ਖ਼ਾਨ ਸਾਹਿਬ ਦਾ ਮਨ ਬਾਹਰ ਤੋਂ ਵੱਧ ਘਰ ਵਿੱਚ ਟਿਕ ਗਿਆ ਤਾਂ ਇਸ ਦਾ ਤੁਰੰਤ ਫਾਇਦਾ ਇਹ ਹੋਵੇਗਾ ਕਿ ਹਰ ਛੋਟੇ-ਵੱਡੇ ਮੁੱਦੇ 'ਤੇ ਤਿਊੜੀ ਪਹਿਲਾਂ ਨਾਲੋਂ ਘੱਟ ਚੜ੍ਹੇਗੀ ।ਭਾਸ਼ਣ, ਰੋਜ਼-ਰੋਜ਼ ਦੀਆਂ ਪ੍ਰੈੱਸ ਕਾਨਫਰੰਸਾਂ, ਜਲਸੇ, ਟਵਿਟਰ 'ਤੇ ਇਲਜ਼ਾਮ ਤਰਾਸ਼ੀ ਤੋਂ ਇਲਾਵਾ ਹੁਣ ਆਪਣੀ ਸਫ਼ਾਈ ਵਿੱਚ ਵੀ ਉੱਤਰ ਆਉਣਗੇ।
ਮੋਬਾਈਲ ਸੌਕਣ ਤੋਂ ਘੱਟ ਨਹੀਂ
ਉਂਜ ਵੀ ਨਵੀਂ ਪਤਨੀ ਲਈ ਮੋਬਾਈਲ ਫੋਨ ਕਿਸੇ ਸੌਕਣ ਤੋਂ ਘੱਟ ਨਹੀਂ ਹੁੰਦਾ ਕਿਉਂਕਿ ਨਵੀਂ ਭਾਬੀ ਜੋਤਿਸ਼ ਅਤੇ ਤਵੀਤਾਂ ਦੀ ਵੀ ਜਾਣਕਾਰ ਹੈ। ਇਮਰਾਨ ਖ਼ਾਨ ਦੀ ਉਨ੍ਹਾਂ ਨਾਲ ਪਹਿਲੀ ਮੁਲਾਕਾਤ ਵੀ ਤਿੰਨ ਸਾਲ ਪਹਿਲਾਂ ਤਵੀਤ ਅਤੇ ਦੁਆ ਲੈਣ ਸਮੇਂ ਹੀ ਹੋਈ ਸੀ।

ਤਸਵੀਰ ਸਰੋਤ, Twitter
ਇਸ ਲਈ ਖ਼ਾਨ ਸਾਹਿਬ ਨੇ ਭਾਬੀ ਦੇ ਨਾਲ ਰਸੋਈ ਵਿੱਚ ਹੱਥ ਵਟਾਉਣਾ ਸ਼ੁਰੂ ਕਰ ਦਿੱਤਾ ਜਾਂ ਤਿੱਖਾ ਸਲੂਣਾ ਪਕਾਉਣ ਅਤੇ ਸਿਲਾਈ-ਕਢਾਈ 'ਤੇ ਸਮਾਂ ਲਗਾਉਣਾ ਸ਼ੁਰੂ ਕਰ ਦਿੱਤਾ ਤਾਂ ਕੋਈ ਇਹ ਵੀ ਨਹੀਂ ਕਹਿ ਸਕੇਗਾ ਕਿ ਖ਼ਾਨ ਸਾਹਿਬ ਜਨ-ਮੁਰੀਦ ਹੋ ਗਏ ਹਨ ਕਿਉਂਕਿ ਉਹ ਤਾਂ ਆਪਣੀ ਬੇਗਮ ਨੂੰ ਪਹਿਲਾਂ ਤੋਂ ਹੀ ਸੰਤ ਪੀਰ ਮੰਨਦੇ ਹਨ।
ਇਮਰਾਨ ਖ਼ਾਨ ਧਾਰਮਿਕ ਰੁਚੀ ਵਾਲੀ ਬੁਸ਼ਰਾ ਬੀਬੀ ਤੋਂ 2015 ਵਿੱਚ ਉਸ ਵੇਲੇ ਪ੍ਰਭਾਵਿਤ ਹੋਏ ਸਨ, ਜਦੋਂ ਬੁਸ਼ਰਾ ਨੇ ਇਮਰਾਨ ਖ਼ਾਨ ਦੇ ਅਮਿਤ ਸ਼ਾਹ ਯਾਨਿ ਕਿ ਜਹਾਂਗੀਰ ਤਰੀਨ ਦੀ ਲੋਧਰਾ ਤੋਂ ਜ਼ਿਮਨੀ ਚੋਣ ਵਿੱਚ ਜਿੱਤ ਦਾ ਐਲਾਨ ਕੀਤਾ ਸੀ।

ਤਸਵੀਰ ਸਰੋਤ, Getty Images
ਪਰ ਦੋ ਸਾਲ ਬਾਅਦ ਹੀ ਹਾਈ ਕੋਰਟ ਨੇ ਇਸੇ ਜਹਾਂਗੀਰ ਤਰੀਨ ਨੂੰ ਝੂਠਾ ਅਤੇ ਬੇਈਮਾਨ ਕਰਾਰ ਦੇ ਕੇ ਸੀਟ ਵਾਪਸ ਲੈ ਲਈ ਅਤੇ ਪੰਜ ਸਾਲ ਲਈ ਨੇਤਾਗਿਰੀ ਕਰਨ 'ਤੇ ਰੋਕ ਲਾ ਦਿੱਤੀ।
'ਮੁਰੀਦ' ਅਤੇ 'ਪੀਰਨੀ' ਖੂਬਸੂਰਤ ਬੰਧਨ
ਇੰਝ ਲੱਗਦਾ ਹੈ ਕਿ ਇਸ ਤੋਂ ਬਾਅਦ ਇਮਰਾਨ ਖ਼ਾਨ ਪੀਰ ਬਣ ਗਏ ਤਾਂ ਹੀ ਤਾਂ ਉਨ੍ਹਾਂ ਨੇ ਜਹਾਂਗੀਰ ਤਰੀਨ ਦੇ ਪੁੱਤਰ ਅਲੀ ਤਰੀਨ ਨੂੰ ਪਿਤਾ ਦੀ ਖਾਲੀ ਸੀਟ 'ਤੇ ਟਿਕਟ ਦੇ ਦਿੱਤੀ ਅਤੇ ਅਲੀ ਇਸ ਸੀਟ ਨੂੰ ਨਵਾਜ਼ ਸ਼ਰੀਫ਼ ਦੀ ਮੁਸਲਿਮ ਲੀਗ ਨੂੰ ਖੋ ਬੈਠੇ।

ਤਸਵੀਰ ਸਰੋਤ, Twitter
ਇਮਰਾਨ ਖ਼ਾਨ ਨੇ ਤੀਜਾ ਵਿਆਹ ਕਾਫ਼ੀ ਉਮੀਦਾਂ ਨਾਲ ਕੀਤਾ ਹੈ। ਦੇਖਣਾ ਇਹ ਹੈ ਕਿ ਮੁਰੀਦ ਅਤੇ ਪੀਰਨੀ ਦਾ ਇਹ ਖੂਬਸੂਰਤ ਬੰਧਨ ਚਾਰ-ਪੰਜ ਮਹੀਨਿਆਂ ਬਾਅਦ ਹੋਣ ਵਾਲੀਆਂ ਆਮ ਚੋਣਾਂ ਵਿੱਚ ਇਮਰਾਨ ਖ਼ਾਨ ਦੀ ਪੀਟੀਆਈ ਲਈ ਅਸਮਾਨੋਂ ਚੰਗੀ ਖ਼ਬਰ ਲਿਆਉਂਦਾ ਹੈ ਜਾਂ ਫਿਰ ਖ਼ਾਨ ਸਾਹਿਬ ਦੇ ਘਰੋਂ ਇਹ ਆਵਾਜ਼ ਆਉਂਦੀ ਹੈ ਕਿ 'ਜ਼ੋਰ ਕਾ ਝਟਕਾ ਹਾਏ ਜ਼ੋਰੋਂ ਸੇ ਲਗਾ, ਸ਼ਾਦੀ ਬਣ ਗਈ ਉਮਰ ਕੈਦ ਕੀ ਸਜ਼ਾ।'
ਉਦੋਂ ਤੱਕ ਅਤੇ ਉਸ ਤੋਂ ਬਾਅਦ ਦੇ ਲਈ ਵੀ ਖ਼ਾਨ ਸਾਹਿਬ ਅਤੇ ਬੁਸ਼ਰਾ ਬੀਬੀ ਨੂੰ ਸਾਡੇ ਵੱਲੋਂ ਹਾਰਦਿਕ ਵਧਾਈ ਅਤੇ ਢੇਰ ਸਾਰੀਆਂ ਸ਼ੁਭਕਾਮਨਾਵਾਂ।












