ਅਨੰਦ ਮੈਰਿਜ ਐਕਟ ਨਹੀਂ ਦੱਸੇਗਾ ਸਿੱਖ ਕੌਣ ਹੈ: ਐੱਚ.ਐੱਸ ਫੂਲਕਾ

ਤਸਵੀਰ ਸਰੋਤ, Getty Images
ਅਨੰਦ ਮੈਰਿਜ ਐਕਟ ਹਮੇਸ਼ਾ ਚਰਚਾ ਦਾ ਵਿਸ਼ਾ ਰਹਿੰਦਾ ਹੈ। ਪਰ ਅਨੰਦ ਮੈਰਿਜ ਐਕਟ ਹੈ ਕੀ?
ਅਨੰਦ ਮੈਰਿਜ ਐਕਟ ਬਾਰੇ ਸੀਨੀਅਰ ਵਕੀਲ ਐੱਚ.ਐੱਸ ਫੂਲਕਾ ਨੇ ਬੀਬੀਸੀ ਨਾਲ ਗੱਲਬਾਤ ਕੀਤੀ।
ਸਵਾਲ : ਅਨੰਦ ਮੈਰਿਜ ਐਕਟ ਬਾਰੇ ਤੁਹਾਡੀ ਰਾਏ ਕੀ ਹੈ?
ਐੱਚ.ਐੱਸ.ਫੂਲਕਾ : ਅਨੰਦ ਮੈਰਿਜ ਐਕਟ ਕਈ ਸਾਲ ਪਹਿਲਾਂ ਕੇਂਦਰ ਸਰਕਾਰ ਵੱਲੋਂ ਪਾਸ ਕੀਤਾ ਗਿਆ ਸੀ। ਉਸ ਵਕਤ ਕੇਂਦਰ ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਸੂਬੇ ਆਪਣੇ ਨਿਯਮ ਬਣਾ ਕੇ ਇਸ ਕਾਨੂੰਨ ਨੂੰ ਲਾਗੂ ਕਰ ਸਕਦੇ ਹਨ।
ਕਈ ਸੂਬਿਆਂ ਵੱਲੋਂ ਇਸ ਬਾਰੇ ਨਿਯਮ ਬਣਾਏ ਜਾ ਚੁੱਕੇ ਹਨ ਪਰ ਕੁਝ ਸੂਬਿਆਂ ਵੱਲੋਂ ਨਹੀਂ ਬਣਾਏ ਗਏ ਸਨ। ਦਿੱਲੀ ਵਿੱਚ ਨਿਯਮ ਹੁਣ ਬਣੇ ਹਨ ਤੇ ਦਿੱਲੀ ਵਿੱਚ ਹੁਣ ਇਹ ਐਕਟ ਲਾਗੂ ਹੋਵੇਗਾ।
ਸਵਾਲ : ਦਿੱਲੀ ਵਿੱਚ ਅਨੰਦ ਮੈਰਿਜ ਐਕਟ ਪੂਰੇ ਤਰੀਕੇ ਨਾਲ ਕਦੋਂ ਤੱਕ ਲਾਗੂ ਹੋਵੇਗਾ?
ਐੱਚ.ਐੱਸ.ਫੂਲਕਾ : ਦਿੱਲੀ ਵਿੱਚ ਇਸ ਐਕਟ ਨੂੰ ਲਾਗੂ ਕਰਨ ਲਈ ਨੋਟੀਫਿਕੇਸ਼ਨ ਹੀ ਜਾਰੀ ਹੋਣਾ ਹੈ ਬਾਕੀ ਤਿਆਰੀ ਪੂਰੀ ਕਰ ਲਈ ਗਈ ਹੈ।

ਤਸਵੀਰ ਸਰੋਤ, H s phoolka/ facebook
ਸਵਾਲ : ਸਿੱਖਾਂ ਲਈ ਇਸ ਐਕਟ ਦਾ ਪਾਸ ਹੋਣਾ ਕਿੰਨਾ ਅਹਿਮ ਹੈ?
ਐੱਚ.ਐੱਸ.ਫੂਲਕਾ : ਸਿੱਖਾਂ ਦੇ ਵਿਆਹ ਹੁਣ ਤੱਕ ਹਿੰਦੂ ਮੈਰਿਜ ਐਕਟ ਦੇ ਤਹਿਤ ਰਜਿਸਟਰ ਹੁੰਦੇ ਸੀ ਪਰ ਹੁਣ ਸਿੱਖਾਂ ਦੇ ਵਿਆਹ ਅਨੰਦ ਮੈਰਿਜ ਐਕਟ ਦੇ ਤਹਿਤ ਰਜਿਸਟਰ ਹੋਣਗੇ।
ਪਹਿਲਾਂ ਜਦੋਂ ਐਨਆਰਆਈ ਮੈਰਿਜ ਸਰਟੀਫਿਕੇਟ ਲੈ ਕੇ ਬਾਹਰ ਜਾਂਦੇ ਸੀ ਤਾਂ ਉਨ੍ਹਾਂ ਨੂੰ ਕਾਫ਼ੀ ਦਿੱਕਤ ਹੁੰਦੀ ਸੀ। ਜੇ ਅਸੀਂ ਮੰਨਦੇ ਹਾਂ ਕਿ ਸਿੱਖ ਧਰਮ ਇੱਕ ਵੱਖ ਧਰਮ ਹੈ ਤਾਂ ਹਿੰਦੂ ਮੈਰਿਜ ਐਕਟ ਤਹਿਤ ਵਿਆਹ ਰਜਿਸਟਰ ਕਰਵਾਉਣ ਨਾਲ ਮੁਸ਼ਕਿਲਾਂ ਆਉਂਦੀਆਂ ਸਨ ਪਰ ਹੁਣ ਇਹ ਦਿੱਕਤਾਂ ਦੂਰ ਹੋਣਗੀਆਂ।
ਸਵਾਲ : ਅਨੰਦ ਮੈਰਿਜ ਐਕਟ ਵਿੱਚ ਗੈਰ ਸਿੱਖ ਜਾਂ ਸਹਿਜਧਾਰੀ ਸਿੱਖ ਆਪਣਾ ਵਿਆਹ ਰਜਿਸਟਰ ਕਰਵਾ ਸਕਣਗੇ?
ਐੱਚ.ਐੱਸ.ਫੂਲਕਾ : ਜਿਸ ਦਾ ਵਿਆਹ ਅਨੰਦ ਕਾਰਜ ਦੀ ਰਸਮ ਨਾਲ ਹੋਇਆ ਹੈ ਉਸ ਦਾ ਵਿਆਹ ਅਨੰਦ ਮੈਰਿਜ ਐਕਟ ਤਹਿਤ ਰਜਿਸਟਰ ਕੀਤਾ ਜਾ ਸਕਦਾ ਹੈ।

ਤਸਵੀਰ ਸਰੋਤ, Getty Images
ਸਵਾਲ : ਇਹ ਕਿਵੇਂ ਯਕੀਨੀ ਬਣਾਇਆ ਜਾਵੇਗਾ ਕਿ ਕਿਸੇ ਜੋੜੇ ਦਾ ਅਨੰਦ ਕਾਰਜ ਹੋਇਆ ਹੈ?
ਐੱਚ.ਐੱਸ.ਫੂਲਕਾ : ਜਿੱਥੇ ਅਨੰਦ ਕਾਰਜ ਹੋਇਆ ਹੈ ਉਸੇ ਗੁਰਦੁਆਰਾ ਸਾਹਿਬ ਵੱਲੋਂ ਮਿਲੇ ਸਰਟੀਫਿਕੇਟ ਨਾਲ ਹੀ ਇਹ ਯਕੀਨੀ ਬਣਾਇਆ ਜਾਵੇਗਾ ਕਿ ਜੋੜੇ ਦਾ ਵਿਆਹ ਆਨੰਦ ਕਾਰਜ ਦੀ ਰਸਮ ਨਾਲ ਹੋਇਆ ਹੈ।
ਸਵਾਲ : ਕੀ ਇਹ ਐਕਟ ਸਿੱਖ ਦੀ ਪਰਿਭਾਸ਼ਾ ਦੇਵੇਗਾ?
ਐੱਚ.ਐੱਸ.ਫੂਲਕਾ : ਨਹੀਂ, ਅਨੰਦ ਮੈਰਿਜ ਐਕਟ ਇਹ ਨਹੀਂ ਦੱਸੇਗਾ ਕਿ ਸਿੱਖ ਕੌਣ ਹੈ। ਇਸ ਐਕਟ ਵਿੱਚ ਸਿਰਫ਼ ਅਨੰਦ ਕਾਰਜ ਦੀ ਰਸਮ ਤਹਿਤ ਹੋਏ ਵਿਆਹ ਹੀ ਰਜਿਸਟਰ ਕਰਵਾਏ ਜਾ ਸਕਣਗੇ।












