You’re viewing a text-only version of this website that uses less data. View the main version of the website including all images and videos.
#BudgetwithBBC: 4 ਸਾਲਾਂ ਬਾਅਦ ਸਰਕਾਰ ਨੂੰ ਕਿਸਾਨਾਂ-ਮਜ਼ਦੂਰਾਂ ਦੀ ਯਾਦ ਆਈ - ਕਾਂਗਰਸ
ਕੇਂਦਰੀ ਖਜ਼ਾਨਾ ਮੰਤਰੀ ਅਰੁਣ ਜੇਟਲੀ ਨੇ ਵੀਰਵਾਰ ਨੂੰ ਮੌਜੂਦਾ ਬੀਜੇਪੀ ਸਰਕਾਰ ਦਾ ਆਖਰੀ ਬਜਟ ਪੇਸ਼ ਕੀਤਾ। ਇਸ ਬਜਟ ਵਿੱਚ ਐਲਾਨੀਆਂ ਗਈਆਂ ਤਜਵੀਜ਼ਾਂ ਬਾਰੇ ਸਿਆਸੀ ਪ੍ਰਤੀਕਰਮ ਵੀ ਸਾਹਮਣੇ ਆਏ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਆਗੂ ਪ੍ਰਕਾਸ਼ ਸਿੰਘ ਬਾਦਲ ਨੇ ਕੇਂਦਰੀ ਬਜਟ ਦੀ ਤਾਰੀਫ਼ ਕੀਤੀ ਹੈ। ਉਨ੍ਹਾਂ ਨੇ ਐੱਮਐੱਸਪੀ ਵਿੱਚ ਬਦਲਾਅ ਦੀ ਸ਼ਲਾਘਾ ਕੀਤੀ ਹੈ ਤੇ ਕਿਹਾ ਹੈ ਅਜਿਹਾ ਫੈਸਲਾ ਕਿਸਾਨਾਂ ਦੀ ਆਮਦਨ ਵਧਾਇਗਾ।
ਕੇਂਦਰੀ ਫੂਡ ਸਪਲਾਈ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪੇਂਡੂ ਖੇਤਰਾਂ ਨੂੰ ਕੇਂਦਰੀ ਬਜਟ ਵਿੱਚ ਤਰਜੀਹ ਦੇਣ 'ਤੇ ਪੀਐੱਮ ਨਰਿੰਦਰ ਮੋਦੀ ਤੇ ਅਰੁਣ ਜੇਟਲੀ ਦਾ ਧੰਨਵਾਦ ਕੀਤਾ ਹੈ।
ਇਸਦੇ ਨਾਲ ਹੀ ਉਨ੍ਹਾਂ ਨੇ ਫੂ਼ਡ ਪ੍ਰੋਸੈਸਿੰਗ ਸਨਅਤ ਲਈ ਬਜਟ ਨੂੰ ਦੁਗਣਾ ਕੀਤੇ ਜਾਣ 'ਤੇ ਵੀ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ।
ਕਾਂਗਰਸੀ ਆਗੂ ਮਨੀਸ਼ ਤਿਵਾਰੀ ਨੇ ਬਜਟ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਪੂੰਜੀਵਾਦੀਆਂ, ਵੱਡੇ ਅਮੀਰ ਲੋਕਾਂ ਤੇ ਖਾਸ ਆਦਮੀਆਂ ਦੀ ਚਾਰ ਸਾਲ ਤੱਕ ਸੇਵਾ ਕਰਨ ਤੋਂ ਬਾਅਦ ਸਰਕਾਰ ਨੂੰ ਲੱਗਿਆ ਹੈ ਕਿ ਉਹ ਕਿਸਾਨਾਂ ਮਜ਼ਦੂਰਾਂ ਤੇ ਨੌਕਰੀਪੇਸ਼ਾ ਲੋਕਾਂ ਨੂੰ ਮੂਰਖ ਬਣਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਦੱਸਣਾ ਚਾਹੁੰਦੀ ਹੈ ਕਿ ਕਿਵੇਂ ਚੋਣਾਂ ਦੇ ਸਾਲ ਵਿੱਚ ਸਰਕਾਰ ਉਨ੍ਹਾਂ ਦਾ ਖਿਆਲ ਰੱਖ ਰਹੀ ਹੈ।
ਸਮਾਜਵਾਦੀ ਪਾਰਟੀ ਦੇ ਆਗੂ ਅਖਿਲੇਸ਼ ਯਾਦਵ ਨੇ ਬਜਟ ਨੂੰ ਗ਼ਰੀਬਾਂ, ਕਿਸਾਨਾਂ ਤੇ ਮਜ਼ਦੂਰਾਂ ਲਈ ਨਿਰਾਸ਼ਾ ਵਾਲਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਹ ਬਜਟ ਕਾਰੋਬਾਰੀਆਂ, ਔਰਤਾਂ, ਨੌਕਰੀਪੇਸ਼ਾ ਤੇ ਆਮ ਲੋਕਾਂ ਦੇ ਮੂੰਹ 'ਤੇ ਚਪੇੜ ਹੈ।
ਸੀਪੀਆਈਐੱਮ ਨੇ ਬਜਟ ਵਿੱਚ ਲਾਗਤ 'ਤੇ ਐੱਮਐੱਸਪੀ ਨੂੰ 1.5 ਗੁਣਾ ਕੀਤੇ ਦੇ ਦਾਅਵੇ ਨੂੰ ਝੂਠਾ ਕਰਾਰ ਦਿੱਤਾ ਹੈ।