You’re viewing a text-only version of this website that uses less data. View the main version of the website including all images and videos.
ਜੰਮੂ ਕਸ਼ਮੀਰ 'ਚ ਪੁਲਿਸ ਨੇ ਕੀਤਾ ਫੌਜ ਖ਼ਿਲਾਫ਼ ਮਾਮਲਾ ਦਰਜ
- ਲੇਖਕ, ਮਾਜਿਦ ਜਹਾਂਗੀਰ
- ਰੋਲ, ਬੀਬੀਸੀ ਹਿੰਦੀ ਲਈ, ਸ੍ਰੀਨਗਰ
ਭਾਰਤ ਪ੍ਰਸ਼ਾਸਿਤ ਕਸ਼ਮੀਰ ਵਿੱਚ ਸ਼ਨੀਵਾਰ ਨੂੰ ਫੌਜ ਦੀ ਗੋਲੀਬਾਰੀ 'ਚ ਮਾਰੇ ਗਏ ਦੋ ਨੌਜ਼ਵਾਨਾਂ ਦੇ ਮਾਮਲੇ ਵਿੱਚ ਪੁਲਿਸ ਨੇ ਫੌਜ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਦੇ ਗੋਆਂਪੋਰਾ ਵਿੱਚ ਫੌਜ ਦੀ ਗੋਲੀਬਾਰੀ 'ਚ 20 ਸਾਲ ਦੇ ਜਾਵੇਦ ਅਹਿਮਦ ਬਟ ਅਤੇ 24 ਸਾਲਾਂ ਸੁਹੇਲ ਜਾਵੇਦ ਦੀ ਮੌਤ ਹੋ ਗਈ ਸੀ।
ਪੁਲਿਸ ਨੇ ਸ਼ੋਪੀਆਂ ਦੇ ਸਦਰ ਥਾਣੇ ਵਿੱਚ ਫੌਜ ਦੀ ਇੱਕ ਯੂਨਿਟ ਦੇ ਖ਼ਿਲਾਫ਼ ਕਤਲ (ਧਾਰਾ 302), ਕਤਲ ਦੀ ਕੋਸ਼ਿਸ਼ (ਧਾਰਾ 306) ਅਤੇ ਜ਼ਿੰਦਗੀ ਨੂੰ ਖਤਰੇ (ਧਾਰਾ 336) ਦੀਆਂ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਦਰਜ ਕੀਤੀ ਗਈ ਐੱਫਆਈਆਰ ਵਿੱਚ ਫੌਜ ਦੇ ਮੇਜਰ ਆਦਿਤਿਆ ਦਾ ਨਾਂ ਵੀ ਸ਼ਾਮਿਲ ਹੈ ਅਤੇ ਦੱਸਿਆ ਗਿਆ ਹੈ ਕਿ ਜਿਸ ਵੇਲੇ ਫੌਜ ਨੇ ਗੋਲੀ ਚਲਾਈ ਮੇਜਰ ਆਦਿਤਿਆ 10 ਗੜ੍ਹਵਾਲ ਯੂਨਿਟ ਦੀ ਅਗਵਾਈ ਕਰ ਰਹੇ ਸਨ।
ਫੌਜ ਦਾ ਨਹੀਂ ਆਇਆ ਕੋਈ ਜਵਾਬ
ਪੁਸਿਲ ਮੁਖੀ ਸ਼ੇਛ ਪਾਲ ਵੈਦ ਨੇ ਬੀਬੀਸੀ ਨੂੰ ਦੱਸਿਆ ਕਿ ਇਸ ਮਾਮਲੇ 'ਚ ਫੌਜ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਸੀ ਕਿ ਇਸ ਮਾਮਲੇ ਵਿੱਚ ਦੇਖਿਆ ਜਾਵੇਗਾ ਕਿ ਇਹ ਘਟਨਾ ਕਿਸ ਹਾਲਾਤ ਵਿੱਚ ਪੇਸ਼ ਆਈ।
ਫੌਜ ਦੇ ਬੁਲਾਰੇ ਕੋਲੋਂ ਉਨ੍ਹਾਂ ਦੀ ਪ੍ਰਤਿਕ੍ਰਿਆ ਲੈਣ ਦੀ ਕੋਸ਼ਿਸ਼ ਕੀਤੀ ਤਾਂ ਫੌਜ ਨੇ ਕਿਸੇ ਵੀ ਫੋਨ ਦਾ ਜਵਾਬ ਨਹੀਂ ਦਿੱਤਾ।
ਫੌਜ ਨੇ ਸ਼ਨੀਵਾਰ ਨੂੰ ਘਟਨਾ ਤੋਂ ਬਾਅਦ ਦੱਸਿਆ ਸੀ ਕਿ ਉਨ੍ਹਾਂ ਨੇ ਮਜ਼ਬੂਰ ਹੋ ਕੇ ਆਤਮ ਰੱਖਿਆ ਵਿੱਚ ਗੋਲੀ ਚਲਾਈ ਸੀ।
ਸਰਕਾਰ ਵੱਲੋਂ ਵੀ ਸ਼ਨੀਵਾਰ ਨੂੰ ਇਸ ਮਾਮਲੇ ਵਿੱਚ ਮੈਜਿਸਟ੍ਰੈਟ ਜਾਂਚ ਦੇ ਆਦੇਸ਼ ਦਿੱਤੇ ਗਏ ਹਨ ਅਤੇ 20 ਦਿਨਾਂ ਤੱਕ ਰਿਪੋਰਟ ਦਰਜ ਕਰਨ ਲਈ ਕਿਹਾ ਹੈ।
ਵੱਖਵਾਦੀਆਂ ਨੇ ਐਤਵਰ ਨੂੰ ਸ਼ੋਪੀਆਂ 'ਚ ਮਾਰੇ ਗਏ ਦੋ ਨੌਜਵਾਨਾਂ ਦੀ ਮੌਤ ਦੇ ਖ਼ਿਲਾਫ਼ ਬੰਦ ਦਾ ਸੱਦਾ ਦਿੱਤਾ ਸੀ।
ਵੱਖਵਾਦੀਆਂ ਵੱਲੋਂ ਬੰਦ ਬਲੁਾਉਣ 'ਤੇ ਕਸ਼ਮੀਰ ਘਾਟੀ ਵਿੱਚ ਸਾਰੀਆਂ ਦੁਕਾਨਾਂ ਬੰਦ ਰਹੀਆਂ ਅਤੇ ਸੜਕਾਂ ਤੋਂ ਟ੍ਰੈਫਿਕ ਗਾਇਬ ਰਿਹਾ ਸੀ।
ਮੁਫ਼ਤੀ ਨੇ ਕੀਤੀ ਰੱਖਿਆ ਮੰਤਰੀ ਨਾਲ ਗੱਲ
ਸ਼ੋਪੀਆਂ ਵਿੱਚ ਦੋ ਨੌਜਵਾਨਾਂ ਦੀ ਮੌਤ ਤੋਂ ਬਾਅਦ ਕਸ਼ਮੀਰ ਵਿੱਚ ਤਣਾਅ ਵਰਗੇ ਹਾਲਾਤ ਹਨ ਕਸ਼ਮੀਰ 'ਚ ਬੰਦ ਦੇ ਮੱਦੇਨਜ਼ਰ ਰੇਲ ਸੇਵਾ ਨੂੰ ਵੀ ਐਤਵਾਰ ਬੰਦ ਕਰ ਦਿੱਤਾ ਗਿਆ ਸੀ।
ਸ਼ਨੀਵਾਰ ਰਾਤ ਤੋਂ ਹੀ ਦੱਖਣੀ ਕਸ਼ਮੀਰ 'ਚ ਇੰਟਰਨੈੱਟ ਸੇਵਾ ਵੀ ਬੰਦ ਹੈ।
ਸੂਬੇ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਸ਼ੋਪੀਆਂ 'ਚ ਮਾਰੇ ਗਏ ਨੌਜਵਾਨਾਂ 'ਤੇ ਦੁੱਖ ਜ਼ਾਹਿਰ ਕੀਤਾ।
ਉਨ੍ਹਾਂ ਨੇ ਇਸ ਘਟਨਾ ਤੋਂ ਬਾਅਦ ਕੇਂਦਰੀ ਰੱਖਿਆ ਮੰਤਰੀ ਨਾਲ ਫੋਨ 'ਤੇ ਗੱਲ ਕੀਤੀ ਸੀ ਅਤੇ ਉਨ੍ਹਾਂ ਨੂੰ ਕਿਹਾ ਸੀ ਕਿ ਸ਼ੋਪੀਆਂ ਵਰਗੀਆਂ ਘਟਨਾਵਾਂ ਨਾਲ ਜੰਮੂ-ਕਸ਼ਮੀਰ ਵਿੱਚ ਸ਼ੁਰੂ ਕੀਤੀ ਗਈ ਸ਼ਾਂਤੀ ਵਾਰਤਾ 'ਤੇ ਬੁਰਾ ਪ੍ਰਭਾਵ ਪੈਂਦਾ ਹੈ।