You’re viewing a text-only version of this website that uses less data. View the main version of the website including all images and videos.
ਪੰਜਾਬ 'ਚ ਨਹਿਰੂ ਦੇ ਜ਼ਮਾਨੇ ਦਾ ਮਾਡਰਨ ਪਿੰਡ ਕਿਵੇਂ ਬਣਿਆ ਖੰਡਰ?
- ਲੇਖਕ, ਆਰ ਜੇ ਐੱਸ
- ਰੋਲ, ਬੀਬੀਸੀ ਪੰਜਾਬੀ ਦੇ ਲਈ
ਕਰੋੜਾਂ ਦੇ ਸਰਕਾਰੀ ਪ੍ਰਾਜੈਕਟ ਬਣ ਕੇ ਕਿਵੇਂ ਉਜੜਦੇ ਹਨ, ਪਿੰਡਾਂ ਨੂੰ ਸਹੂਲਤਾਂ ਮਿਲਣ ਦੇ ਬਾਵਜੂਦ ਉਹ ਸ਼ਹਿਰਾਂ ਵਰਗੇ ਕਿਉਂ ਨਹੀਂ ਬਣਦੇ। ਪੰਜਾਬ ਦੇ ਫਤਿਹਗੜ੍ਹ ਸਾਹਿਬ ਦਾ ਪਿੰਡ ਰਾਏਪੁਰ ਮਾਜਰੀ ਇਸਦੀ ਸਟੀਕ ਮਿਸਾਲ ਹੈ।
1963 ਵਿੱਚ ਇਸ ਪਿੰਡ ਵਿੱਚ ਸਥਾਨਕ ਲੋਕਾਂ ਦੀ ਸਹਾਇਤਾ ਲਈ ਉਸਾਰੀਆਂ ਸਹੂਲਤਾਂ ਦੇਖਣ ਲਈ ਤਤਕਾਲੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਖ਼ੁਦ ਪਹੁੰਚੇ ਸਨ।
ਉਹ ਸੱਠਵਿਆਂ ਦੌਰਾਨ ਪੰਜਾਬ ਦੇ ਇਸ ਮਾਡਰਨ ਪਿੰਡ ਨੂੰ ਦੇਖਣ ਆਏ ਅਤੇ ਖ਼ੁਦ ਵੀ ਆਪਣੀ ਨਿਸ਼ਾਨੀ ਗੇਟ ਦੀ ਉਸਾਰੀ ਕਰਵਾ ਕੇ ਤੇ ਨੀਂਹ ਪੱਥਰ ਰੱਖ ਕੇ ਛੱਡ ਗਏ।
ਪਿੰਡ ਵਾਸੀਆਂ ਮੁਤਾਬਕ ਉਸ ਵੇਲੇ ਇਸ ਪਿੰਡ ਵਿੱਚ ਇਸੇ ਪਿੰਡ ਦੇ ਇੱਕ ਅਗਾਂਹਵਧੂ ਸੋਚ ਵਾਲੇ ਸਾਬਕਾ ਸੂਬੇਦਾਰ ਨਗਿੰਦਰ ਸਿੰਘ ਦੇ ਯਤਨਾ ਸਦਕਾ ਪਿੰਡ ਵਿੱਚ ਸਰਕਾਰੀ ਕੰਨਿਆ ਸਕੂਲ ਤੇ ਪਸ਼ੂਆਂ ਦੇ ਹਸਪਤਾਲ ਦਾ ਨਿਰਮਾਣ ਕੀਤਾ ਗਿਆ।
ਉਦੋਂ ਲੱਗਦਾ ਸੀ ਕਿ ਇਹ ਪਿੰਡ ਛੇਤੀ ਹੀ ਸ਼ਹਿਰ ਦੀ ਸ਼ਕਲ ਅਖ਼ਤਿਆਰ ਕਰ ਲਵੇਗਾ ਪਰ ਹੁਣ ਜਦੋਂ ਬੀਬੀਸੀ ਪ੍ਰਤੀਨਿਧ ਨੇ ਇਸ ਪਿੰਡ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਇਹ ਸਹੂਲਤਾਂ ਖੰਡਰ ਬਣ ਗਈਆਂ ਹਨ ਅਤੇ ਨਹਿਰੂ ਦੇ ਨੀਂਹ ਪੱਥਰ ਦੀ ਸਿਆਹੀ ਵੀ ਮਿਟ ਗਈ ਹੈ।
ਸਮੇਂ ਦੀਆਂ ਸਰਕਾਰਾਂ ਦੀ ਅਣਦੇਖੀ ਕਾਰਨ ਇਸ ਪਿੰਡ ਦਾ ਵਿਕਾਸ ਅੱਗੇ ਨਾ ਵਧ ਸਕਿਆ ਬਲਕਿ ਮਿਲੀਆਂ ਸਹੂਲਤਾਂ ਵੀ ਹੌਲੀ-ਹੌਲੀ ਖ਼ਤਮ ਹੋਣ ਲੱਗੀਆਂ।
ਪਿੰਡ ਦੀਆਂ ਸਹੂਲਤਾਂ ਨੇ ਲਿਆ ਖੰਡਰ ਦਾ ਰੂਪ
ਪਿੰਡ ਰਾਏਪੁਰ ਮਾਜਰੀ ਦੇ ਮਰਹੂਮ ਸੂਬੇਦਾਰ ਨਗਿੰਦਰ ਸਿੰਘ ਨੇ ਪਿੰਡ ਦੇ ਵਿਕਾਸ ਲਈ ਹਰ ਸੰਭਵ ਕੋਸ਼ਿਸ਼ ਕੀਤੀ ਸੀ।
ਪਿੰਡ ਦੇ ਵਿਕਾਸ ਲਈ ਉਨ੍ਹਾਂ ਨੇ ਅਜਿਹੇ ਯਤਨ ਕੀਤੇ ਸੀ ਜਿਸ ਨਾਲ ਪਿੰਡ ਰਾਏਪੁਰ ਮਾਜਰੀ ਦੀ ਸਾਂਝੀ ਥਾਂ 'ਤੇ ਗੁਰੂ ਨਾਨਕਸਰ ਕਾਲੋਨੀ ਬਣਾਈ ਗਈ ਸੀ ਜਿਸ 'ਚ ਆਮ ਲੋਕਾਂ ਦੀ ਸਹੂਲਤ ਲਈ ਡਿਸਪੈਂਸਰੀ, ਰੈਸਟ ਹਾਊਸ, ਪਸ਼ੂਆਂ ਦਾ ਹਸਪਤਾਲ, ਸਰਕਾਰੀ ਕੰਨਿਆ ਸਕੂਲ, ਯੂਕੋ ਬੈਂਕ, ਫੋਕਲ ਪੁਆਇੰਟ, ਸਹਿਕਾਰੀ ਸਭਾ ਦਾ ਨਿਰਮਾਣ ਕੀਤਾ ਗਿਆ।
ਰਾਏਪੁਰ ਮਾਜਰੀ ਦੀ ਤਰੱਕੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਆਜ਼ਾਦੀ ਤੋਂ ਪੰਜ ਸਾਲ ਬਾਅਦ ਹੀ ਇੱਥੇ ਕੰਨਿਆ ਪ੍ਰਾਇਮਰੀ ਸਕੂਲ ਬਣ ਗਿਆ ਸੀ ਜਿਸ ਤੋਂ ਬਾਅਦ 17 ਮਾਰਚ 1959 'ਚ ਤੱਤਕਾਲੀ ਗਵਰਨਰ ਐੱਨਵੀ ਗਾਡਗਿਲ ਨੇ ਰੈੱਡ ਕਰਾਸ ਡਿਸਪੈਂਸਰੀ ਦਾ ਉਦਘਾਟਨ ਕੀਤਾ।
ਇਸ ਦੌਰਾਨ 8 ਜੁਲਾਈ 1963 'ਚ ਦੇਸ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਇਸ ਨੂੰ ਮਿਡਲ ਸਕੂਲ ਦਾ ਦਰਜਾ ਦਿੱਤਾ।
ਇਸ ਤੋਂ ਇਲਾਵਾ 8 ਅਕਤੂਬਰ 1960 ਨੂੰ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੇ ਰੈਸਟ ਹਾਊਸ ਅਤੇ ਲਾਇਬਰੇਰੀ ਦਾ ਉਦਘਾਟਨ ਕੀਤਾ।
ਇਸ ਤੋਂ ਬਾਅਦ ਸਹਿਕਾਰੀ ਸਭਾ ਦਾ ਉਦਘਾਟਨ ਲੁਧਿਆਣਾ ਦੇ ਡਿਪਟੀ ਕਮਿਸ਼ਨ ਸੂਬੇ ਸਿੰਘ ਆਈਏਐੱਸ ਨੇ 17 ਅਕਤੂਬਰ 1961 ਨੂੰ ਕੀਤਾ।
ਸਮੇਂ ਨਾਲ ਬਦਲਦੀਆਂ ਸਰਕਾਰਾਂ ਨੇ ਇਸ ਪਿੰਡ ਵੱਲ ਧਿਆਨ ਨਹੀਂ ਦਿੱਤਾ ਤੇ ਹੌਲੀ ਹੌਲੀ ਮਿਲੀਆਂ ਸਹੂਲਤਾਂ ਵੀ ਖੁੱਸਣ ਲੱਗੀਆਂ।
ਪੰਡਿਤ ਜਵਾਹਰ ਲਾਲ ਨਹਿਰੂ ਦੇ ਦੌਰੇ ਦੀ ਯਾਦ ਨੂੰ ਦਰਸਾਉਣ ਲਈ ਬਣਾਏ ਗਏ ਗੇਟ ਦੀ ਹਾਲਤ ਵੀ ਤਰਸਯੋਗ ਬਣੀ ਹੋਈ ਹੈ। ਇਸ ਗੇਟ ਦੇ ਦੋ ਥਮਲੇ ਹੀ ਬਾਕੀ ਬਚੇ ਹਨ।
ਇਸ ਤੋਂ ਇਲਾਵਾ ਰੈਸਟ ਹਾਊਸ ਅਤੇ ਲਾਇਬਰੇਰੀ ਨੂੰ ਬੰਦ ਹੋਏ 30 ਸਾਲ ਤੋਂ ਵੱਧ ਦਾ ਸਮਾਂ ਗਿਆ ਹੈ ਅਤੇ ਲੋਕਾਂ ਦੇ ਇਲਾਜ ਲਈ ਬਣਾਈ ਗਈ ਰੈੱਡ ਕਰਾਸ ਡਿਸਪੈਂਸਰੀ ਨੇ ਵੀ ਖੰਡਰ ਦਾ ਰੂਪ ਲੈ ਲਿਆ ਹੈ।
ਪਿੰਡ ਦੇ ਬਜ਼ੁਰਗ ਗੁਰਚਰਨ ਸਿੰਘ, ਮਹਿੰਦਰ ਸਿੰਘ ਅਤੇ ਸੂਬੇਦਾਰ ਨਗਿੰਦਰ ਸਿੰਘ ਦੇ ਪੋਤੇ ਕੁਲਦੀਪ ਸਿੰਘ ਮੁਤਾਬਕ ਪਿੰਡ 'ਚ ਬਣੇ ਰੈਸਟ ਹਾਊਸ 'ਚ ਕਿਸੇ ਸਮੇਂ ਉਸ ਸਮੇਂ ਦੇ ਮੁੱਖ ਮੰਤਰੀ ਕਚਿਹਰੀ ਲਗਾ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣਿਆ ਕਰਦੇ ਸੀ।
ਅੱਜ-ਕੱਲ ਰੈਸਟ ਹਾਊਸ ਵਾਲੀ ਥਾਂ 'ਤੇ ਸਿਹਤ ਵਿਭਾਗ ਦਾ ਹੈਲਥ ਸੈਂਟਰ ਚੱਲ ਰਿਹਾ ਹੈ ਜਦਕਿ ਲਾਇਬਰੇਰੀ ਬੰਦ ਪਈ ਹੈ।
ਉਨ੍ਹਾਂ ਦੱਸਿਆ ਕਿ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਪਿੰਡ ਰਾਏਪੁਰ ਮਾਜਰੀ 'ਚ ਇਸ ਤਰ੍ਹਾਂ ਆ ਜਾਂਦੇ ਸਨ ਜਿਵੇਂ ਇਹ ਉਨ੍ਹਾਂ ਦਾ ਨਾਨਕਾ ਪਿੰਡ ਹੋਵੇ।
ਪਿੰਡ ਅਤੇ ਇਲਾਕੇ ਦੇ ਲੋਕਾਂ ਦਾ ਰੋਸ ਹੈ ਕਿ ਸਮੇਂ ਦੀਆਂ ਸਰਕਾਰਾਂ ਨੇ ਸੂਬੇਦਾਰ ਨਗਿੰਦਰ ਸਿੰਘ ਵੱਲੋਂ ਮੁਹੱਈਆ ਕਰਵਾਈਆਂ ਸਹੂਲਤਾਂ ਅਤੇ ਇਸ ਇਤਿਹਾਸਕ ਮਹੱਤਤਾ ਰੱਖਣ ਵਾਲੀ ਥਾਂ ਦੀ ਸਾਰ ਨਹੀਂ ਲਈ ਜਿਸ ਕਰਕੇ ਇਹ ਯਾਦਗਾਰ ਵਿਸਰਦੀ ਜਾ ਰਹੀ ਹੈ।