ਪ੍ਰੈਸ ਰੀਵਿਊ: ਕਿਉਂ ਹੈ ਪੰਜਾਬ 'ਆਪ' ਆਗੂਆਂ ਵਿੱਚ ਨਾਰਾਜ਼ਗੀ?

ਪੰਜਾਬੀ ਟ੍ਰਿਬਿਊਨ 'ਚ ਲੱਗੀ ਖ਼ਬਰ ਦੇ ਅਨੁਸਾਰ ਆਮ ਆਦਮੀ ਪਾਰਟੀ ਵੱਲੋਂ ਇੱਕ ਵਿਵਾਦਿਤ ਕਾਰੋਬਾਰੀ ਨੂੰ ਰਾਜ ਸਭਾ ਲਈ ਨਾਮਜ਼ਦ ਕਰਨ 'ਤੇ ਪੰਜਾਬ ਦੇ ਪਾਰਟੀ ਆਗੂ ਨਾਰਾਜ਼ ਹਨ।

ਇਸ ਸਬੰਧੀ ਖਰੜ ਤੋਂ ਵਿਧਾਇਕ ਕੰਵਰ ਸੰਧੂ ਨੇ ਪੰਜਾਬ ਮਾਮਲਿਆਂ ਦੇ ਇੰਚਾਰਜ਼ ਮਨੀਸ਼ ਸਿਸੋਦੀਆ ਨੂੰ 'ਗੁਪਤ ਪੱਤਰ' ਭੇਜਿਆ ਹੈ।

ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਰਾਜ ਸਭਾ ਦੀਆਂ ਵਿਵਾਦਿਤ ਨਾਮਜ਼ਦਗੀਆਂ ਕਾਰਨ ਅਸੀਂ ਸਿਆਸੀ ਸੂਝ ਪੱਖੋਂ ਪੱਛੜਦੇ ਨਜ਼ਰ ਆ ਰਹੇ ਹਾਂ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੰਗ ਕੀਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਵੀ ਦੀਆਂ ਘਟਨਾਵਾਂ ਦੀ ਜਾਂਚ ਸੁਪਰੀਮ ਕੋਰਟ ਦੇ ਮੌਜੂਦਾ ਜੱਜ ਕੋਲ ਹੋਣੀ ਚਾਹੀਦੀ ਹੈ।

ਉਨ੍ਹਾਂ ਨੇ ਇਸ ਸਬੰਧੀ ਸਰਕਾਰ ਨੂੰ ਕਿਹਾ ਹੈ ਕਿ ਇਹ ਜਾਂਚ ਅਕਾਲੀ-ਭਾਜਪਾ ਅਤੇ ਕਾਂਗਰਸ ਦੋਵਾਂ ਦੇ ਕਾਰਜਕਾਲ ਦੌਰਾਨ ਵਾਪਰੀਆਂ ਘਟਨਾਵਾਂ ਦੀ ਹੋਵੇ ਅਤੇ ਉਹ ਜਾਂਚ ਵਿੱਚ ਪੂਰਾ ਸਹਿਯੋਗ ਕਰਨਗੇ।

ਅਜੀਤ ਅਖ਼ਬਾਰ 'ਚ ਛਪੀ ਖ਼ਬਰ ਮੁਤਾਬਕ ਵਿਜੀਲੈਂਸ ਬਿਓਰੋ ਦੀ ਟੀਮ ਨੇ ਪੀਟੀਯੂ ਦੇ ਸਾਬਕਾ ਉੱਪ ਕੁਲਪਤੀ ਰਜਨੀਸ਼ ਅਰੋੜਾ ਨੂੰ ਗ੍ਰਿਫ਼ਤਾਰ ਕੀਤਾ ਹੈ।

ਉਨ੍ਹਾਂ 'ਤੇ ਕਾਰਜਕਾਲ ਦੌਰਾਨ ਕਰੋੜਾਂ ਦੀਆਂ ਬੇਨਿਯਮੀਆਂ ਦੇ ਦੋਸ਼ ਲੱਗੇ ਹਨ।

ਜਾਂਚ ਤੋਂ ਬਾਅਦ ਸਾਬਕਾ ਉੱਪ ਕੁਲਪਤੀ ਅਤੇ 7 ਹੋਰ ਅਧਿਕਾਰੀਆਂ ਦੇ ਨਾਲ-ਨਾਲ 2 ਨਿੱਜੀ ਫਰਮ ਦੇ ਮਾਲਕਾਂ 'ਤੇ ਵੀ ਕੇਸ ਦਰਜ ਕੀਤੇ ਗਏ ਹਨ।

ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਸਰਕਾਰ ਨੇ ਸੁਪਰੀਮ ਕੋਰਟ ਨੂੰ ਸਿਨੇਮਾ ਘਰਾਂ 'ਚ ਲਾਜ਼ਮੀ ਤੌਰ 'ਤੇ ਕੌਮੀ ਤਰਾਨਾ ਵਜਾਉਣ ਦੇ ਫ਼ੈਸਲੇ 'ਤੇ ਮੁੜ ਵਿਚਾਰਨ ਲਈ ਅਪੀਲ ਕੀਤੀ ਹੈ।

ਇਸ ਸਬੰਧੀ ਕੇਂਦਰ ਸਰਕਾਰ ਵੱਲੋਂ ਇੱਕ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ, ਜੋ 6 ਮਹੀਨਿਆਂ 'ਚ ਆਪਣੀ ਰਿਪੋਰਟ ਦਰਜ ਕਰਵਾਏਗੀ।

ਜਿਸ ਤੋਂ ਬਾਅਦ ਸਰਕਾਰ ਕੋਈ ਫ਼ੈਸਲਾ ਲਵੇਗੀ ਕਿ ਕੋਈ ਨੋਟਿਫਿਕੇਸ਼ ਜਾਰੀ ਕਰਨਾ ਹੈ ਜਾਂ ਨਹੀਂ।

ਦਰਅਸਲ 30 ਨਵੰਬਰ 2016 ਤੋਂ ਦੇਸ ਭਰ ਦੇ ਸਿਨੇਮਾ ਘਰਾਂ 'ਚ ਰਾਸ਼ਟਰੀ ਗਾਣ ਲਾਜ਼ਮੀ ਕੀਤਾ ਗਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)