ਕਿਹੜੇ ਅਪਰਾਧ ਕਾਰਨ ਕੋਰਟ ਨੇ ਸੁਣਾਈ 13, 275 ਸਾਲ ਕੈਦ ਦੀ ਸਜ਼ਾ?

ਤਸਵੀਰ ਸਰੋਤ, PAULA BRONSTEIN/GETTY IMAGES
ਥਾਈਲੈਂਡ ਦੀ ਇੱਕ ਅਦਾਲਤ ਨੇ ਧੋਖਾਧੜੀ ਦੇ ਮਾਮਲੇ ਵਿੱਚ ਇੱਖ ਸ਼ਖਸ ਨੂੰ 13,275 ਸਾਲ ਕੈਦ ਦੀ ਸਜ਼ਾ ਸੁਣਾਈ ਹੈ।
34 ਸਾਲ ਦੇ ਪੁਡਿਤ ਕਿਤਿਥਾਰਦਿਕਲੋਕ ਨੇ ਪੋਂਜ਼ੀ ਸਕੀਮ ਚਲਾਉਣ ਦੀ ਗੱਲ ਨੂੰ ਸਵੀਕਾਰ ਕਰ ਲਿਆ ਹੈ। ਇਸ ਸਕੀਮ ਰਾਹੀਂ ਉਸਨੇ ਮੋਟਾ ਮੁਨਾਫ਼ਾ ਦੇਣ ਦਾ ਵਾਅਦਾ ਕੀਤਾ ਸੀ।
ਝੂਠੇ ਵਾਅਦਿਆਂ ਦੇ ਦਮ 'ਤੇ ਉਹ 40 ਹਜ਼ਾਰ ਲੋਕਾਂ ਨੂੰ ਸਕੀਮ ਵਿੱਚ ਪੈਸਾ ਲਗਾਉਣ ਲਈ ਸਮਝਾਉਣ ਵਿੱਚ ਕਾਮਯਾਬ ਹੋ ਗਿਆ। ਇਸ ਤਰ੍ਹਾਂ ਉਸਨੇ ਆਪਣੀ ਕੰਪਨੀ ਲਈ 16 ਕਰੋੜ ਡਾਲਰ ਦੀ ਰਕਮ ਇਕੱਠੀ ਕਰ ਲਈ।
ਅਦਾਲਤ ਨੇ ਗ਼ੈਰ-ਕਨੂੰਨੀ ਤਰੀਕੇ ਨਾਲ ਕਰਜ਼ਾ ਦੇਣ ਵਿੱਚ ਸ਼ਮੂਲੀਅਤ ਅਤੇ ਹਜਾਰਾਂ ਲੋਕਾਂ ਨਾਲ ਧੋਖਾਧੜੀ ਦੇ ਮਾਮਲਿਆਂ ਵਿੱਚ ਉਸਨੂੰ ਦੋਸ਼ੀ ਕਰਾਰ ਦਿੱਤਾ।
ਹਾਲਾਂਕਿ ਉਸਨੇ ਆਪਣਾ ਗੁਨਾਹ ਕਬੂਲ ਕਰ ਲਿਆ ਅਤੇ ਉਸਦੀ ਸਜ਼ਾ ਅੱਧੀ ਰਹਿ ਗਈ। ਪਰ ਥਾਈਲੈਂਡ ਦੇ ਕਨੂੰਨ ਮੁਤਾਬਕ ਉਹ 20 ਸਾਲ ਤੋਂ ਜ਼ਿਆਦਾ ਜੇਲ੍ਹ ਵਿੱਛ ਨਹੀਂ ਰਹੇਗਾ।
ਜਿਨ੍ਹਾਂ ਦੋ ਮਾਮਲਿਆਂ ਵਿੱਚ ਕੋਰਟ ਨੇ ਉਸਨੂੰ ਦੋਸ਼ੀ ਠਹਿਰਾਇਆ ਹੈ ਉਸ ਵਿੱਚ 10-10 ਸਾਲ ਦੀ ਸਜ਼ਾ ਦੀ ਤਜਵੀਜ਼ ਹੈ।
ਇਲਜ਼ਾਮ ਸੀ ਕਿ ਪੁਡਿਤ ਨਿਵੇਸ਼ਕਾਂ ਦਾ ਭਰੋਸਾ ਜਿੱਤਣ ਲਈ ਸੈਮੀਨਾਰ ਪ੍ਰਬੰਧਤ ਕਰਵਾਉਂਦਾ ਸੀ। ਉਹ ਦਾਅਵਾ ਕਰਦਾ ਸੀ ਕਿ ਉਸਦਾ ਵਪਾਰ ਪ੍ਰਾਪਰਟੀ, ਬਿਊਟੀ, ਪੁਰਾਣੀਆਂ ਕਾਰਾਂ ਦੀ ਖ਼ਰੀਦੋ-ਫਰੋਖ਼ਤ ਅਤੇ ਹੋਰ ਚੀਜ਼ਾਂ ਨਾਲ ਜੁੜਿਆ ਹੈ।
ਬੈਂਕਾਕ ਪੋਸਟ ਮੁਤਾਬਕ ਨਿਵੇਸ਼ਕਾਂ ਨੂੰ ਵਪਾਰ ਵਿੱਚ ਹਿੱਸੇਦਾਰੀ ਦੇਣ ਦਾ ਵੀ ਵਾਅਦਾ ਕੀਤਾ ਗਿਆ ਸੀ।
ਅਗਸਤ ਵਿੱਚ ਗ੍ਰਿਫ਼ਤਾਰੀ ਤੋਂ ਬਾਅਦ ਪੁਡਿਤ ਪੁਲਿਸ ਰਿਮਾਂਡ 'ਤੇ ਸੀ। ਕੋਰਟ ਨੇ ਉਸਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ।
ਕੋਰਟ ਨੂੰ ਉਸਦੀਆਂ ਦੋ ਕੰਪਨੀਆਂ ਬਾਰੇ ਪਤਾ ਲੱਗਿਆ। ਪੁਡਿਤ ਅਤੇ ਉਸਦੀਆਂ ਕੰਪਨੀਆਂ ਨੂੰ ਕਰੀਬ 1.7 ਕਰੋੜ ਡਾਲਰ ਦਾ ਭੁਗਤਾਨ ਕਰਨ ਲਈ ਕਿਹਾ ਹੈ ਕਿ ਤਾਂ ਜੋ ਪਛਾਣ ਕੀਤੇ ਗਏ 2,653 ਪੀੜਤਾਂ ਦਾ ਪੈਸਾ ਵਾਪਸ ਕੀਤਾ ਜਾ ਸਕੇ।
ਇਹ ਪੈਸੇ 7.5 ਫੀਸਦ ਬਿਆਜ ਦੀ ਦਰ ਨਾਲ ਵਾਪਸ ਕਰਨ ਲਈ ਕਿਹਾ ਗਿਆ ਹੈ।












