ਸੋਸ਼ਲ: ਹਨੀਮੂਨ 'ਤੇ ਪਾਕਿਸਤਾਨ ਪਹੁੰਚੇ ਵਿਰਾਟ ਤੇ ਅਨੁਸ਼ਕਾ !

ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੇ ਵਿਆਹ ਦੀਆਂ ਸੋਹਣੀਆਂ-ਸੋਹਣੀਆਂ ਤਸਵੀਰਾਂ ਦੇ ਬਾਅਦ ਉਨ੍ਹਾਂ ਦੇ ਹਨੀਮੂਨ ਦੀ ਤਾਜ਼ਾ ਤਸਵੀਰ ਸਾਹਮਣੇ ਆਈ ਹੈ।

ਤਸਵੀਰ ਦੇਖ ਕੇ ਇੰਝ ਲੱਗਦਾ ਹੈ ਜਿਵੇਂ ਦੋਵੇਂ ਕਿਸੇ ਬਹੁਤੀ ਠੰਡ ਵਾਲੀ ਥਾਂ 'ਤੇ ਹਨ। ਤਸਵੀਰ ਦੇ ਪਿੱਛੇ ਚਿੱਟੀ ਬਰਫ਼ ਵੀ ਨਜ਼ਰੀ ਪੈਂਦੀ ਹੈ। ਦੋਵਾਂ ਨੇ ਗਰਮ ਕੱਪੜਿਆਂ ਦੇ ਨਾਲ-ਨਾਲ ਟੋਪੀ ਵੀ ਪਾਈ ਹੈ।

ਅਨੁਸ਼ਕਾ ਦੇ ਹੱਥ ਕੋਹਲੀ ਦੇ ਮੋਢੇ 'ਤੇ ਹਨ। ਉਨ੍ਹਾਂ ਦੀ ਉਂਗਲ 'ਚ ਚਮਕਦੀ ਮੁੰਦਰੀ ਤੇ ਮਹਿੰਦੀ ਦਾ ਤਾਜ਼ਾ ਲਾਲ ਰੰਗ ਸਾਫ਼ ਨਜ਼ਰ ਆਉਂਦਾ ਹੈ।

ਅਨੁਸ਼ਕਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਇਹ ਤਸਵੀਰ ਪੋਸਟ ਕੀਤੀ ਤੇ ਲਿਖਿਆ, 'ਜੰਨਤ ਵਿੱਚ ਹਾਂ, ਸੱਚੀ।'

ਇੰਨ੍ਹਾਂ ਦੀ ਇਹ ਸੇਲਫ਼ੀ ਆਉਂਦੇ ਹੀ ਇੰਟਰਨੈੱਟ 'ਤੇ ਛਾ ਗਈ ਪਰ ਨਾਲ ਹੀ ਲੋਕਾਂ ਦੇ ਮਨ 'ਚ ਇਹ ਤਸਵੀਰ ਸਵਾਲ ਪੈਦਾ ਕਰ ਗਈ ਕਿ ਆਖਰ ਦੋਵੇਂ ਹਨੀਮੂਨ 'ਤੇ ਕਿੱਥੇ ਗਏ ਸਨ?

ਸਵਾਲ ਦਾ ਜਵਾਬ ਨਾ ਮਿਲਿਆ ਤਾਂ ਲੋਕਾਂ ਨੇ ਆਪਣੇ ਹੀ ਤਰੀਕਿਆਂ ਨਾਲ ਜਵਾਬ ਲੱਭ ਲਏ ਅਤੇ ਇਸ 'ਚ ਉਨ੍ਹਾਂ ਦੀ ਸਹਾਇਤਾ ਕੀਤੀ ਫੋਟੋਸ਼ਾਪ ਨੇ।

ਲੋਕਾਂ ਨੇ ਫੋਟੋਸ਼ਾਪ ਕਰਕੇ ਸੇਲਫ਼ੀ ਦੀ ਬੈਕਗ੍ਰਾਉਂਡ ਨੂੰ ਹੀ ਬਦਲ ਦਿੱਤਾ।

ਕਿਸੇ ਨੇ ਉਨ੍ਹਾਂ ਨੂੰ ਭੋਪਾਲ ਜੰਕਸ਼ਨ 'ਤੇ ਖੜਾ ਕਰ ਦਿੱਤਾ ਤਾਂ ਕਿਸੇ ਨੇ ਰਾਮੂ ਦੀ ਚਾਹ ਵਾਲੀ ਦੁਕਾਨ 'ਤੇ।

ਭਾਰਤ 'ਚ ਕਿਸੇ ਨੇ ਉਨ੍ਹਾਂ ਨੂੰ ਮੱਧ ਪ੍ਰਦੇਸ਼ ਭੇਜ ਦਿੱਤਾ ਤਾਂ ਦੂਜੇ ਪਾਸੇ ਉਨ੍ਹਾਂ ਦੇ ਪਾਕਿਸਤਾਨੀ ਪ੍ਰਸ਼ੰਸਕਾਂ ਨੇ ਦੋਹਾਂ ਨੂੰ ਪਾਕਿਸਤਾਨ ਪਹੁੰਚਾ ਕੇ ਆਪਣਾ ਦਿਲ ਪਰਚਾ ਲਿਆ।

ਅਜਿਹੀਆਂ ਹੀ ਕੁਝ ਮਜ਼ੇਦਾਰ ਤਸਵੀਰਾਂ ਅਤੇ ਮੀਮਜ਼ ਅਸੀਂ ਤੁਹਾਡੇ ਲਈ ਚੁਣ ਕੇ ਲਿਆਏ ਹਾਂ -

ਨੀਮ ਕਾ ਪੇੜ ਚੰਦਨ ਸੇ ਕਮ ਨਹੀਂ, ਹਮਾਰਾ ਭੋਪਾਲ ਲੰਦਨ ਸੇ ਕਮ ਨਹੀਂ।

ਕਿਉਂਕਿ ਮੱਧ ਪ੍ਰਦੇਸ਼ ਦੀਆਂ ਸੜਕਾਂ ਵਾਸ਼ਿੰਗਟਨ ਤੋਂ ਬਿਹਤਰ ਹਨ ! (ਸ਼ਿਵਰਾਜ ਸਿੰਘ ਦੀ ਗੱਲ ਤਾਂ ਨਹੀ ਭੁੱਲ ਗਏ?)

ਕਈ ਅਟਕਲਾਂ ਦੇ ਬਾਅਦ ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਮਕਬੂਲ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਇਟਲੀ 'ਚ ਵਿਆਹ ਕਰ ਲਿਆ ਸੀ।

ਦੋਵੇਂ ਪਿਛਲੇ ਕੁਝ ਸਾਲਾਂ ਤੋਂ ਰਿਸ਼ਤੇ 'ਚ ਸਨ ਅਤੇ ਜਨਤਕ ਤੌਰ 'ਤੇ ਆਪਣੇ ਪਿਆਰ ਨੂੰ ਕਬੂਲ ਵੀ ਕੀਤਾ ਸੀ।

ਫ਼ਿਲਹਾਲ ਇਹ ਨਵਾਂ ਵਿਆਹਿਆ ਜੋੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਿਆਹ ਦੀ ਰਿਸੈਪਸ਼ਨ ਲਈ ਦਿੱਤੇ ਸੱਦੇ ਕਰਕੇ ਚਰਚਾ 'ਚ ਹੈ।

ਵੀਰਵਾਰ ਰਾਤ ਦਿੱਲੀ ਵਿੱਚ ਉਨ੍ਹਾਂ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)