ਕਾਂਗਰਸ ਦੀ ਹਾਰ ਤੇ ਬੀਜੇਪੀ ਦੀ ਜਿੱਤ ਦੇ ਅਸਲ ਕਾਰਨ

ਸਿਆਸੀ ਮਾਮਲਿਆਂ ਦੇ ਜਾਣਕਾਰ ਡਾ ਪ੍ਰਮੋਦ ਕੁਮਾਰ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇੰਨ੍ਹਾਂ ਚੋਣਾਂ ਤੋਂ ਵਿਰੋਧੀ ਧਿਰ ਨੂੰ ਤਿੰਨ ਗੱਲਾਂ ਸਿੱਖਨੀਆਂ ਚਾਹੀਦੀਆਂ ਹਨ।

ਪਹਿਲਾ ਫੈਕਟਰ- ਕਿਸੇ ਵੀ ਚੋਣ ਵਿੱਚ ਜੇ ਲੋਕਾਂ ਨਾਲ ਜੁੜੇ ਮੁੱਦੇ ਨਹੀਂ ਚੁੱਕੇ ਜਾਣਗੇ ਅਤੇ ਚੋਣ ਪ੍ਰਚਾਰ ਸ਼ਖ਼ਸੀਅਤ ਕੇਂਦਰਿਤ ਹੋਏਗਾ ਤਾਂ ਉਸ ਦਾ ਫਾਇਦਾ ਨਹੀਂ ਮਿਲੇਗਾ। ਨੋਟਬੰਦੀ, ਜੀਐੱਸਟੀ ਜਾਂ ਪੀਐੱਮ ਦੀ ਥਾਂ ਸਿੱਖਿਆ, ਸਿਹਤ ਵਰਗੇ ਖੇਤਰਾਂ 'ਤੇ ਫੋਕਸ ਕੀਤਾ ਜਾਣਾ ਚਾਹੀਦਾ ਸੀ। ਇਸ ਤਰ੍ਹਾਂ ਜਾਪਦਾ ਹੈ ਜਿਵੇਂ ਸੂਬੇ ਦੀ ਨਹੀਂ ਕੇਂਦਰ ਦੀ ਚੋਣ ਹੋਵੇ।

ਦੂਜਾ ਫੈਕਟਰ- ਜਾਤੀਵਾਦ ਨਾਲ ਚੋਣ ਨਹੀਂ ਜਿੱਤੀ ਜਾ ਸਕਦੀ। ਜਿਗਨੇਸ਼, ਅਲਪੇਸ਼, ਹਾਰਦਿਕ ਤਿੰਨੋ ਵੱਖ-ਵੱਖ ਜਾਤੀ ਦੀ ਨੁਮਾਇੰਦਗੀ ਕਰਦੇ ਹਨ, ਉਸ ਦਾ ਕਾਂਗਰਸ ਨੂੰ ਫਾਇਦਾ ਤਾਂ ਹੋਇਆ, ਪਰ ਉਸ ਨਾਲੋਂ ਜ਼ਿਆਦਾ ਨੁਕਸਾਨ ਹੋਇਆ। ਇੰਨ੍ਹਾਂ ਨੂੰ ਕਾਂਗਰਸ ਦੀ ਵਿਚਾਰਧਾਰਾ ਜਾਂ ਸੋਚ ਨਾਲ ਜੋੜਦੇ, ਨਾ ਕਿ ਉਨ੍ਹਾਂ ਦੀ ਸੋਚ ਨਾਲ ਖੁਦ ਜੁੜ ਜਾਂਦੇ।

ਤੀਜਾ ਫੈਕਟਰ- ਬਦਲਵੀਂ ਰਾਜਨੀਤੀ ਦਾ ਕੋਈ ਬਲੂਪ੍ਰਿੰਟ ਨਹੀਂ ਸੀ। ਗੁਜਰਾਤ ਮਾਡਲ ਦੇ ਜੋ ਨਾਕਾਰਾਤਮਕ ਨਤੀਜੇ ਸਨ ਉਸ 'ਤੇ ਫੋਕਸ ਕਰਕੇ ਵੱਖਰਾ ਵਿਕਾਸ ਮਾਡਲ ਦੇਣਾ ਚਾਹੀਦਾ ਸੀ।

ਬੀਜੇਪੀ ਨੂੰ ਕਿਸ ਦਾ ਫਾਇਦਾ ਹੋਇਆ

ਵਿਰੋਧੀ ਧਿਰਾਂ ਨੇ ਲੋਕਾਂ ਦੇ ਅਸੰਤੋਸ਼ ਨੂੰ ਇੱਕ ਬਦਲ ਦੇ ਕੇ ਸੰਤੁਸ਼ਟ ਨਹੀਂ ਕੀਤਾ। ਜੇ ਮੌਜੂਦਾ ਸਰਕਾਰ ਤੋਂ ਲੋਕ ਅਸੰਤੁਸ਼ਟ ਸਨ ਤਾਂ ਵਿਰੋਧੀ ਪਾਰਟੀਆਂ ਸਥਾਨਕ ਮੁੱਦਿਆਂ 'ਤੇ ਆਪਣੀ ਮੁਹਿੰਮ ਚਲਾਉਂਦੀਆਂ।

ਜਦੋਂ ਤੱਕ ਗਰੀਬ ਤਬਕੇ ਜਾਂ ਮਿਡਲ ਕਸਾਲ ਦੇ ਲੋਕਾਂ ਦੀ ਗੱਲ ਨਹੀਂ ਕੀਤਾ ਜਾਂਦੀ, ਜਿੰਨ੍ਹਾਂ ਲਈ ਨੌਕਰੀ, ਸਬਸਿਡੀ ਅਹਿਮ ਵਰਗੇ ਮੁੱਦੇ ਜ਼ਰੂਰੀ ਹਨ, ਉਦੋਂ ਤੱਕ ਵਿਰੋਧੀ ਧਿਰ ਲਈ ਜਿੱਤ ਅਸੰਭਵ ਹੈ।

ਪ੍ਰਧਾਨ ਮੰਤਰੀ ਦੀ ਇਮੇਜ ਦਾ ਚੋਣਾਂ 'ਤੇ ਅਸਰ

ਗੁਜਰਾਤ ਵਿੱਚ ਜੇ ਭਾਜਪਾ ਹਾਰ ਜਾਂਦੀ ਤਾਂ 2019 ਲਈ ਪਾਰਟੀ ਦਾ ਵੱਡਾ ਨੁਕਸਾਨ ਹੁੰਦਾ। ਮੋਦੀ ਜੀ ਦੇ ਇਕਬਾਲ 'ਤੇ ਸਵਾਲੀਆ ਨਿਸ਼ਾਨ ਲੱਗ ਜਾਂਦਾ। 2019 ਚੋਣਾਂ ਦੀ ਰੂਪ-ਰੇਖਾ ਹੁਣੇ ਹੀ ਬਣ ਜਾਂਦੀ।

ਚੋਣ ਦੌਰਾਨ ਵਰਤੀ ਭਾਸ਼ਾ ਦਾ ਅਸਰ

ਕੋਈ ਵੀ ਰਾਜਨੀਤੀ ਮੁੱਦਿਆਂ ਜਾਂ ਵਿਚਾਰਧਾਰਾ ਤੋਂ ਪਰੇ ਹੱਟਦੀ ਹੈ ਤੇ ਸ਼ਖ਼ਸੀਅਤ ਕੇਂਦਰਿਤ ਹੁੰਦੀ ਹੈ ਤਾਂ ਭਾਸ਼ਾ ਦੀ ਗਿਰਾਵਟ ਹੋ ਜਾਂਦੀ ਹੈ। ਵੱਡੇ ਮੁੱਦੇ ਪਰੇ ਹੱਟ ਜਾਂਦੇ ਹਨ।

ਜੇ ਮੁੱਦਿਆਂ 'ਤੇ ਚੰਗੀ ਪਰਫਾਰਮੈਂਸ ਨਹੀਂ ਹੈ ਤਾਂ ਇਸ ਦਾ ਅਸਰ ਹੁੰਦਾ ਹੈ, ਕਿਉਂਕਿ ਲੋਕਾਂ ਦਾ ਧਿਆਨ ਭਟਕਾਇਆ ਜਾ ਸਕਦਾ ਹੈ।

ਡਾ. ਮਨਮੋਹਨ ਸਿੰਘ 'ਤੇ ਟਿੱਪਣੀ ਦਾ ਅਸਰ

ਡਾ. ਮਨਹੋਮਨ ਸਿੰਘ ਦੀ ਇੱਜ਼ਤ ਨਾ ਕਰਨ ਦਾ ਮੁੱਦਾ ਕਾਂਗਰਸ ਵੱਲੋਂ ਚੁੱਕੇ ਜਾਣ ਦਾ ਆਮ ਲੋਕਾਂ ਤੇ ਜ਼ਿਆਦਾ ਅਸਰ ਨਹੀਂ ਹੋਇਆ ਕਿਉਂਕਿ ਇਹ ਲੋਕਾਂ ਲਈ ਮੁੱਦਾ ਨਹੀਂ। ਇਹ ਹਾਕਮ ਧਿਰ ਦਾ ਛਲਾਵਾ ਹੈ।

ਗਰੀਬ ਲਈ ਜਿਸ ਨੂੰ ਨੌਕਰੀ ਨਹੀਂ ਮਿਲਦੀ, ਰੋਟੀ ਨਹੀਂ ਮਿਲਦੀ ਉਸ ਲਈ ਇਹ ਵੱਡਾ ਮੁੱਦਾ ਨਹੀਂ ਹੈ।

ਸਿਹਤ, ਸਿੱਖਿਆ, ਨੌਕਰੀ ਆਮ ਲੋਕਾਂ ਦਾ ਮੁੱਦਾ ਹੈ। ਇਹ ਅਸਲ ਮੁੱਦਿਆਂ ਤੋਂ ਭਟਕਾਉਣ ਦੀ ਸਿਆਸਤ ਹੈ।

ਰਾਹੁਲ ਗਾਂਧੀ ਲਈ ਇੰਨ੍ਹਾਂ ਚੋਣਾਂ ਦਾ ਕਿੰਨਾ ਅਸਰ ਹੋਏਗਾ?

ਰਾਹੁਲ ਗਾਂਧੀ ਨੂੰ ਨਿਰੀਖਣ ਕਰਨ ਦੀ ਲੋੜ ਹੈ ਕਿ ਕੀ ਉਹ ਪਾਰਟੀ ਵਿਚਾਰਧਾਰਾ 'ਤੇ ਖਰੇ ਉਤਰੇ ਹਨ।

ਉਨ੍ਹਾਂ ਨੂੰ ਜਾਤੀਵਾਦ, ਧਰਮ ਤੋਂ ਪਰੇ ਹੱਟ ਕੇ ਸਿਆਸਤ ਕਰਨੀ ਚਾਹੀਦੀ ਹੈ। ਜੇ ਇੱਕ ਪਾਰਟੀ ਮੰਦਿਰ ਜਾਂਦੀ ਹੈ, ਤੁਹਾਨੂੰ ਨਹੀਂ ਜਾਣਾ ਚਾਹੀਦਾ।

ਚੋਣ ਹੁਣ ਵੀ ਹਾਰੇ ਪਰ ਵਿਚਾਰਧਾਰਾ ਤੋਂ ਹੱਟ ਕੇ ਚੋਣ ਹਾਰਨਾ ਵੱਡੀ ਹਾਰ ਹੈ।

ਨੋਟਬੰਦੀ ਮੁੱਦੇ ਦਾ ਕੋਈ ਫਾਇਦਾ ਨਹੀਂ ਹੋਇਆ ਕਿਉਂਕਿ ਬਹੁਤ ਲੋਕਾਂ ਕੋਲ ਪੈਸਾ ਹੀ ਨਹੀਂ, ਰੋਜ਼ੀ-ਰੋਟੀ ਅਹਿਮ ਮੁੱਦਾ ਹੈ। ਬੀਜੇਪੀ ਦੀ ਪਰਫਾਰਮੈਂਸ ਡਿੱਗੀ ਹੈ।

ਇਹ ਕੋਈ ਵੱਡਾ ਮੁੱਦਾ ਨਹੀਂ ਕਿਉਂਕਿ ਬੀਜੇਪੀ 6ਵੀਂ ਵਾਰ ਜਿੱਤ ਰਹੀ ਹੈ, ਕਾਂਗਰਸ 6ਵੀਂ ਵਾਰ ਹਾਰ ਰਹੀ ਹੈ। ਇਹ ਚੋਣਾਂ 2019 ਲਈ ਜ਼ਿਆਦਾ ਮਾਇਨੇ ਰੱਖਦੀਆਂ ਹਨ।

ਕਾਂਗਰਸ ਲਈ ਮੂਲ ਮੰਤਰ ਇਹ ਹੈ ਕਿ ਜੇ ਹਾਕਮ ਧਿਰ ਨੌਜਵਾਨਾਂ ਨੂੰ ਨੌਕਰੀਆਂ ਨਹੀਂ ਦੇ ਸਕੀ ਤਾਂ ਤੁਸੀਂ ਹਿੰਦੂਸਤਾਨ ਦੇ ਬੇਰੁਜ਼ਗਾਰ ਨੌਜਵਾਨਾਂ ਲਈ ਕਿੰਨੀਆਂ ਨੌਕਰੀਆਂ ਦਿੱਤੀਆਂ ਸਨ। ਸਿੱਖਿਆ ਤੇ ਸਿਹਤ ਲਈ ਤੁਹਾਡੀ ਕੀ ਰਣਨੀਤੀ ਹੈ?

ਸਿਰਫ਼ ਇਹ ਕਹਿਣਾ ਕਿ ਨੌਜਵਾਨਾਂ ਨੂੰ ਨੌਕਰੀਆਂ ਨਹੀਂ ਮਿਲੀਆਂ ਕਾਫ਼ੀ ਨਹੀਂ। ਵਿਕਾਸ ਮਾਡਲ ਪੇਸ਼ ਕਰਨਾ ਜ਼ਰੂਰੀ ਹੈ।

ਬਦਲ ਦੀ ਰਾਜਨੀਤੀ

ਤੁਹਾਨੂੰ ਦੂਜੀ ਸਿਆਸੀ ਪਾਰਟੀ ਤੋਂ ਵੱਖ ਦਿਖਣਾ ਪਏਗਾ-ਚਾਹੇ ਤੁਸੀਂ ਵੱਖ ਹੋ ਜਾਂ ਨਹੀਂ।

ਕਾਂਗਰਸ-ਭਾਜਪਾ ਕਈ ਮੁੱਦਿਆਂ 'ਤੇ ਇੱਕੋ ਜਿਹੇ ਹਨ-ਜੀਐੱਸਟੀ, ਐਫਡੀਆਈ 'ਤੇ ਇੱਕੋ ਨੀਤੀ ਹੈ। ਵਿਕਾਸ ਮਾਡਲ ਦੋਹਾਂ ਦੇ ਇੱਕੋ ਜਿਹੇ ਹੀ ਹਨ।

ਕਾਂਗਰਸ ਅਸਲ ਮੁੱਦਿਆਂ ਤੋਂ ਦੂਰ ਕਿਉਂ?

ਰਾਹੁਲ ਗਾਂਧੀ ਨੂੰ ਸਮਝਣਾ ਪਏਗਾ ਕਿ ਵਿਕਾਸ ਮਾਡਲ ਦਾ ਗਰੀਬ ਤੇ ਮੱਧ ਵਰਗੀ ਲੋਕਾਂ ਦੀ ਸਮਾਜਿਕ ਸੁਰੱਖਿਆ 'ਤੇ ਕਿੰਨਾ ਅਸਰ ਪਏਗਾ।

ਜੇ ਵਿਕਾਸ ਮਾਡਲ ਇੱਕੋ ਜਿਹਾ ਰਿਹਾ ਤਾਂ ਲੋਕਾਂ ਨੂੰ ਤੀਜਾ ਬਦਲ ਸੋਚਣਾ ਪਏਗਾ।

ਗੁਜਰਾਤ ਦੇ ਲੋਕ ਅਸੰਤੁਸ਼ਟ ਸਨ, ਫਿਰ ਵੀ ਹਾਕਮ ਧਿਰ ਨੂੰ ਫਾਇਦਾ ਕਿਉਂ

ਲੋਕ ਸਰਕਾਰ ਤੋਂ ਅਸੰਤੁਸ਼ਟ ਸਨ, ਪਰ ਦੂਜੀ ਪਾਰਟੀ ਤੋਂ ਸੰਤੁਸ਼ਟੀ ਦੀ ਉਮੀਦ ਨਹੀਂ ਸੀ। ਦੂਜਾ, ਪੀਐੱਮ ਦਾ ਗੁਜਰਾਤ ਨਾਲ ਸਬੰਧ ਹੋਣ ਦਾ ਫਾਇਦਾ ਮਿਲਿਆ।

ਹਾਰਦਿਕ ਪਟੇਲ ਦਾ ਕਿੰਨਾ ਅਸਰ

ਪਟੇਲ ਸਮਾਜ 'ਚ ਹਾਰਦਿਕ ਦਾ ਅਸਰ ਰਿਹਾ ਹੈ। ਚੋਣਾਂ 'ਚ ਹਾਰਦਿਕ ਪਟੇਲ ਦੀ ਪਹੁੰਚ ਨਜ਼ਰ ਆਉਂਦੀ ਹੈ।

ਜਿਗਨੇਸ਼ ਦਾ ਵੀ ਚੋਣਾਂ 'ਚ ਅਸਰ ਦੇਖਣ ਨੂੰ ਮਿਲਿਆ, ਪਰ ਤਿੰਨ ਉਧਾਰੇ ਫੈਕਟਰ ਲੈ ਕੇ ਕਾਂਗਰਸ ਚੋਣਾਂ ਨਹੀਂ ਜਿੱਤ ਸਕਦੀ।

ਉਨ੍ਹਾਂ ਨੂੰ ਆਪਣੀ ਪਾਰਟੀ ਦੀ ਵਿਚਾਰ ਧਾਰਾ ਨਾਲ ਕਿਵੇਂ ਜੋੜਨਾ ਹੈ, ਇਹ ਦੇਖਣਾ ਚਾਹੀਦਾ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)