#BBCInnovators: ਮਿਲੋ, ਸੋਕਾ ਦੂਰ ਕਰਨ ਵਾਲੀ 'ਵਾਟਰ ਮਦਰ' ਨੂੰ
- ਲੇਖਕ, ਆਮੀਰ ਰਫ਼ੀਕ ਪੀਰਜ਼ਾਦਾ
- ਰੋਲ, ਬੀਬੀਸੀ ਇਨੋਵੇਟਰਸ, ਰਾਜਸਥਾਨ
71 ਸਾਲਾ ਆਮਲਾ ਰੂਈਆ ਨੂੰ ''ਵਾਟਰ ਮਦਰ'' ਕਹਿਣਾ ਬਿਲਕੁਲ ਸਹੀ ਹੋਵੇਗਾ ਕਿਉਂਕਿ ਇਹ ਉਹ ਸ਼ਖ਼ਸੀਅਤ ਹੈ ਜਿਸਨੇ ਪਿਆਸੇ ਲੋਕਾਂ ਨੂੰ ਪਾਣੀ ਮੁਹੱਈਆ ਕਰਵਾਉਣ ਵਿੱਚ ਆਪਣਾ ਅਹਿਮ ਯੋਗਦਾਨ ਦਿੱਤਾ ਹੈ।
ਭਾਰਤ ਵਿੱਚ ਹਰ ਸਾਲ ਤੀਹ ਕਰੋੜ ਤੋਂ ਵੱਧ ਲੋਕ ਪਾਣੀ ਦੀ ਕਮੀ ਦਾ ਸ਼ਿਕਾਰ ਹੁੰਦੇ ਹਨ।
ਪਿਛਲੇ ਸਾਲਾਂ ਵਿੱਚ ਕਮਜ਼ੋਰ ਮਾਨਸੂਨ ਹੋਣ ਕਾਰਨ ਸਰਕਾਰ ਨੇ ਰੇਲ ਗੱਡੀਆਂ ਅਤੇ ਟੈਂਕਰਾਂ ਰਾਹੀਂ ਖੇਤਾਂ ਅਤੇ ਪਿੰਡਾਂ ਨੂੰ ਪਾਣੀ ਮੁਹੱਈਆ ਕਰਵਾਇਆ ਸੀ।
ਕਈ ਖੇਤਰਾ ਵਿੱਚ ਲੋਕਾਂ ਨੂੰ ਪਾਣੀ ਦੀ ਕਮੀ ਕਾਰਨ ਆਪਣੀ ਜਾਨ ਵੀ ਗੁਆਣੀ ਪੈਂਦੀ ਹੈ। ਉਨ੍ਹਾਂ ਨੂੰ ਸਭ ਤੋਂ ਨੇੜਲੇ ਖੂਹ ਤੋਂ ਪਾਣੀ ਭਰਨ ਲਈ ਵੀ ਲੰਬਾ ਸਫ਼ਰ ਤੈਅ ਕਰਨਾ ਪੈਂਦਾ ਹੈ।

ਤਸਵੀਰ ਸਰੋਤ, Alamy
ਭਾਰਤ ਦਾ ਸੂਬਾ ਰਾਜਸਥਾਨ ਸਭ ਤੋਂ ਸੁੱਕਾ ਇਲਾਕਾ ਹੈ। ਆਮਲਾ ਅਤੇ ਉਸਦੀ ਸੰਸਥਾ ਆਕਾਰ ਚੈਰੀਟੇਬਲ ਟਰੱਸਟ ਇਸ ਵਿੱਚ ਬਦਲਾਅ ਲਿਆਉਣ ਲਈ ਕੰਮ ਕਰ ਰਹੇ ਹਨ।
ਪਿਛਲੇ ਦਸ ਸਾਲਾਂ ਵਿੱਚ ਉਨ੍ਹਾਂ ਨੇ 200 ਤੋਂ ਵੱਧ ''ਚੈੱਕ ਡੈਮਸ'' ਬਣਾਏ ਹਨ। ਇਸ ਨਾਲ 115 ਪਿੰਡਾਂ ਨੂੰ ਪਾਣੀ ਦੀ ਸਹੂਲਤ ਮਿਲੀ ਹੈ ਅਤੇ 193 ਪਿੰਡਾਂ ਉੱਤੇ ਇਸਦਾ ਅਸਰ ਪਿਆ ਹੈ।
ਪੁਰਾਣਾ ਢਾਂਚਾ
ਟਰੱਸਟ ਲੋਕਾਂ ਦੀ ਮੱਦਦ ਨਾਲ ਜ਼ਮੀਨ ਦੀਆਂ ਉਨ੍ਹਾਂ ਥਾਂਵਾਂ ਨੂੰ ਲੱਭਦਾ ਹੈ ਜਿੱਥੇ ਝੀਲਾਂ ਵਾਂਗ ਪਾਣੀ ਇਕੱਠਾ ਕੀਤਾ ਜਾ ਸਕੇ।
ਉਹ ਢਲਾਣਾਂ ਅਤੇ ਕਿਨਾਰਿਆਂ ਰਾਹੀਂ ਪਾਣੀ ਨੂੰ ਜਮਾਂ ਕਰਕੇ ਅਰਧ-ਕੁਦਰਤੀ ਝੀਲਾਂ ਬਣਾਉਂਦੇ ਹਨ।

ਮਾਨਸੂਨ ਆਉਣ ਨਾਲ ''ਚੈੱਕ ਡੈਮ'' ਪਾਣੀ ਨਾਲ ਭਰ ਜਾਂਦੇ ਹਨ। ਇਸ ਨਾਲ ਪਿੰਡਾਂ ਨੇੜਲੇ ਸੁੱਕੇ ਖੂਹ ਪਾਣੀ ਨਾਲ ਭਰ ਜਾਂਦੇ ਹਨ।
ਇਨ੍ਹਾਂ ਦੀ ਲਾਗਤ ਘੱਟ ਹੁੰਦੀ ਹੈ। ਵੱਡੇ ਬੰਨ੍ਹਾਂ ਅਤੇ ਝੀਲਾਂ ਦੀ ਥਾਂ ''ਚੈੱਕ ਡੈਮ'' ਦੀ ਉਸਾਰੀ ਵੇਲੇ ਲੋਕਾਂ ਦਾ ਨੁਕਸਾਨ ਵੀ ਨਹੀਂ ਹੁੰਦਾ।
ਆਮਲਾ ਰੂਈਆ ਕਹਿੰਦੀ ਹੈ, "ਇਹ ਹੱਲ ਕੋਈ ਨਵਾਂ ਨਹੀਂ ਹੈ। ਸਾਡੇ ਪੁਰਖਾਂ ਨੇ ਇਨ੍ਹਾਂ ਦੀ ਵਰਤੋਂ ਕੀਤੀ ਹੈ।"
ਆਕਾਰ ਚੈਰੀਟੇਬਲ ਟਰੱਸਟ ਦੇ ਇੰਜੀਨੀਅਰ ਦਰਿੱਗਪਾਲ ਸਿੰਘ ਦੱਸਦੇ ਹਨ, "ਅੱਧ ਵਿੱਚ ਪੱਕੀ ਕੰਧ ਉਸਾਰ ਦਿੱਤੀ ਜਾਂਦੀ ਹੈ। ਜਦੋਂ ਪਾਣੀ ਦਾ ਪੱਧਰ ਵਧੱਦਾ ਹੈ ਤਾਂ ਅਸਾਨੀ ਨਾਲ ਇਸ ਦਿਸ਼ਾ ਵੱਲ ਵਹਿਣਾ ਸ਼ੁਰੂ ਕਰ ਦਿੰਦਾ ਹੈ।"
"ਦੂਜੀਆਂ ਕੰਧਾਂ ਆਮ ਮਿੱਟੀ ਦੀਆਂ ਬਣੀਆਂ ਹੁੰਦੀਆਂ ਹਨ। ਕੰਢੇ ਮਿੱਟੀ ਨਾਲ ਭਰੇ ਹੋਏ ਹਨ। ਜਿਵੇਂ ਤੁਸੀਂ ਦੇਖ ਸਕਦੇ ਹੋ ਇਹ ਸਭ ਮਿੱਟੀ ਹੈ।"

ਉਹ ਕਹਿੰਦੇ ਹਨ, "ਇੱਥੇ ਇਕੱਠਾ ਹੋਇਆ ਪਾਣੀ ਧਰਤੀ ਵਿੱਚ ਰਸ ਜਾਂਦਾ ਹੈ ਜਿਸਦੇ ਨਾਲ ਆਲੇ ਦੁਆਲੇ ਦੇ ਖੂਹਾਂ ਦੇ ਪਾਣੀ ਦਾ ਪੱਧਰ ਉੱਚਾ ਹੋ ਜਾਂਦਾ ਹੈ।"
ਯਕੀਨ ਅਤੇ ਬੇਯਕੀਨੀ
ਇੱਕ ''ਚੈੱਕ ਡੈਮ'' ਲਈ ਟਰੱਸਟ 60 ਫ਼ੀਸਦ ਸਾਧਨ ਜੁਟਾਉਂਦੀ ਹੈ ਅਤੇ ਬਾਕੀ 40 ਫ਼ੀਸਦ ਉੱਥੋਂ ਦੇ ਸਥਾਨਕ ਲੋਕ ਮੁਹੱਈਆ ਕਰਵਾਉਂਦੇ ਹਨ।
''ਚੈੱਕ ਡੈਮਸ'' ਦੀ ਸਾਂਭ ਸੰਭਾਲ ਜ਼ਰੂਰੀ ਹੈ। ਸਥਾਨਕ ਲੋਕਾਂ ਦੀ ਸ਼ਮੂਲੀਅਤ ਹੋਣ ਕਰਕੇ ਬੰਨ੍ਹ ਉਨ੍ਹਾਂ ਦੀ ਸਾਂਝੀ ਮਲਕੀਅਤ ਬਣ ਜਾਂਦੇ ਹਨ।
ਆਮਲਾ ਸ਼ੁਰੂਆਤੀ ਦਿਨਾਂ ਬਾਰੇ ਦੱਸਦੀ ਹੈ, "ਲੋਕ ਸਾਡੇ ਉੱਤੇ ਯਕੀਨ ਕਰਨ ਨੂੰ ਤਿਆਰ ਨਹੀਂ ਸੀ। ਉਨ੍ਹਾਂ ਨੂੰ ਲਗਦਾ ਸੀ ਕਿ ਸਾਨੂੰ ਇਸਦਾ ਜ਼ਿਆਦਾ ਫਾਇਦਾ ਹੈ।"
ਲੋਕ ਪਾਣੀ ਦੇ ਟੈਂਕਰਾਂ ਤੋਂ ਰੋਜ਼ਾਨਾ ਦੇ ਇਸਤੇਮਾਲ ਲਈ ਪਾਣੀ ਲੈਂਦੇ ਹਨ। ਕਿਸਾਨ ਤਿੰਨ ਫ਼ਸਲਾਂ ਉਗਾਉਂਦੇ ਹਨ ਅਤੇ ਪਸ਼ੂ ਪਾਲਣ ਕਰਦੇ ਹਨ।
ਹੁਣ ਬੱਚੇ ਸਕੂਲ ਜਾਂਦੇ ਹਨ। ਇਸ ਸਹੂਲਤ ਨੇ ਉਨ੍ਹਾਂ ਨੇ ਜ਼ਿੰਦਗੀ ਸੌਖੀ ਕਰ ਦਿੱਤਾ ਹੈ।
ਨਾਂ ਉਨ੍ਹਾਂ ਨੂੰ ਪਾਣੀ ਲੈਣ ਦੂਰ ਜਾਣਾ ਪੈਂਦਾ ਹੈ ਅਤੇ ਨਾਂ ਹੀ ਉਨ੍ਹਾਂ ਨੂੰ ਦੂਰ-ਦਰੇਡੇ ਪਾਣੀ ਲੈਣ ਗਈਆਂ ਮਾਵਾਂ ਦੀ ਉਡੀਕ ਕਰਦਿਆਂ ਘਰ ਰਹਿਣਾ ਪੈਂਦਾ ਹੈ।

ਅਕਾਰ ਚੈਰੀਟੇਬਲ ਸਥਾਨਕ ਲੋਕਾਂ ਦੀ ਮੱਦਦ ਨਾਲ ਹਰ ਸਾਲ ਔਸਤਨ ਤੀਹ ਡੈਮ ਬਣਾਉਂਦਾ ਹੈ। ਆਮਲਾ ਰੂਈਆ ਇਸ ਗਿਣਤੀ ਨੂੰ ਤਿੰਨ ਗੁਣਾ ਵਧਾਉਣਾ ਚਾਹੁੰਦੀ ਹੈ।
ਉਹ ''ਚੈੱਕ ਡੈਮਸ'' ਦੀ ਕਾਢ ਪੂਰੀ ਦੁਨੀਆਂ ਵਿੱਚ ਫੈਲਾਉਣਾ ਚਾਹੁੰਦੀ ਹੈ।
ਸਥਾਨਕ ਪਾਣੀ ਕਾਰਕੁੰਨ ਪਰਾਫੁੱਲ ਕਦਮ ਦੱਸਦੇ ਹਨ ਕਿ ਇਹ ਹੱਲ ਹਰ ਕਿਸੇ ਲਈ ਨਹੀਂ ਹੈ।
ਉਹ ਕਹਿੰਦੇ ਹਨ, ''ਚੈੱਕ ਡੈਮਸ'' ਸਥਾਨਕ ਲੋਕਾਂ ਲਈ ਬਹੁਤ ਫਾਇਦੇਮੰਦ ਹੋਣਗੇ। ਇਹ ਭਵਿੱਖ ਵਿੱਚ ਮੌਸਮੀ ਫ਼ਸਲਾਂ ਲਈ ਮਦਦਦਗਾਰ ਹੋਣਗੇ ਪਰ ਇਸਦੀਆਂ ਕੁਝ ਸੀਮਾਵਾਂ ਹਨ। ਭਾਰਤ ਦਾ ਭੂਗੋਲ ਹੈ ਇਸ ਲਈ ਇਹ ਖ਼ੋਜ ਹਰ ਥਾਂ ਲਾਗੂ ਨਹੀਂ ਹੋ ਸਕਦੀ।"
ਅਮਲਾ ਰੂਈਆ ਕਹਿੰਦੇ ਹਨ,"ਮੇਰਾ ਉਦੇਸ਼ ਇੱਕ ਸਾਲ 'ਚ ਬਣਨ ਵਾਲੇ ਡੈਮਾਂ ਦੀ ਗਿਣਤੀ ਤਿੰਨ ਗੁਣਾ ਵਧਾਉਣਾ ਹੈ ਅਤੇ ਮੈਂ 90 ਸਾਲ ਦੀ ਉਮਰ ਤੱਕ ਕੰਮ ਕਰਨਾ ਚਾਹੁੰਦੀ ਹਾਂ।













