You’re viewing a text-only version of this website that uses less data. View the main version of the website including all images and videos.
#BBCInnovators: ਟਾਇਲਟ ਹੀ ਦੂਰ ਕਰੇਗਾ ਟਾਇਲਟ ਦੀ ਸਮੱਸਿਆ?
- ਲੇਖਕ, ਆਮੀਰ ਰਫ਼ੀਕ ਪੀਰਜ਼ਾਦਾ
- ਰੋਲ, ਇਨੋਵੇਟਰਸ, ਬਿਹਾਰ
ਭਾਰਤ ਵਿੱਚ ਪਖਾਨੇ ਬਣਾਉਣ ਦੀ ਯੋਜਨਾ ਇਸ ਵੇਲੇ ਵੱਡੇ ਪੱਧਰ 'ਤੇ ਜਾਰੀ ਹੈ। ਸਰਕਾਰ ਨੇ ਖੁੱਲ੍ਹੇ ਵਿੱਚ ਪਖਾਨੇ ਲਈ ਜਾਣ ਦੀ ਸਮੱਸਿਆ ਨੂੰ ਦੂਰ ਕਰਨ ਲਈ ਦੋ ਹਜ਼ਾਰ ਕਰੋੜ ਡਾਲਰ ਦਾ ਬਜਟ ਰੱਖਿਆ ਹੈ।
ਸਰਕਾਰ 2019 ਤੱਕ ਆਪਣੇ ਇਸ ਟੀਚੇ ਨੂੰ ਪੂਰਾ ਕਰਨਾ ਚਾਹੁੰਦੀ ਹੈ ਤਾਂ ਜੋ ਕੋਈ ਵੀ ਖੁੱਲ੍ਹੇ ਵਿੱਚ ਟਾਇਲਟ ਨਾ ਜਾਵੇ।
ਇੱਕ ਸਮਾਜਕ ਸੰਸਥਾ ਨੇ ਭਾਰਤ ਦੇ ਸਭ ਤੋਂ ਗਰੀਬ ਖੇਤਰਾਂ ਵਿੱਚ ਜਨਤਕ ਪਖਾਨੇ ਬਣਾਉਣ ਦੀ ਮੁਹਿੰਮ ਚਲਾਈ ਹੈ।
ਪਖਾਨਿਆਂ ਨੂੰ ਚੱਲਦੇ ਰੱਖਣ ਲਈ ਟਾਇਲਟ ਦੀ ਗੰਦਗੀ ਦੀ ਵਰਤੋਂ ਕੀਤੀ ਜਾ ਰਹੀ ਹੈ।
50 ਕਰੋੜ ਤੋਂ ਵੱਧ ਲੋਕ ਭਾਰਤ ਵਿੱਚ ਪਖਾਨੇ ਦੀ ਸਹੂਲਤ ਤੋਂ ਸੱਖਣੇ ਹਨ ਜਿਸ ਨਾਲ ਉਹ ਬੀਮਾਰੀਆਂ ਦੇ ਸ਼ਿਕਾਰ ਹੁੰਦੇ ਹਨ ਅਤੇ ਉਨ੍ਹਾਂ ਨੂੰ ਸਮਾਜਿਕ ਮੁਸ਼ਕਿਲਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ।
ਜਿਵੇਂ ਬੱਚਿਆਂ ਦਾ ਦੇਰੀ ਨਾਲ ਸਕੂਲ ਪਹੁੰਚਣਾ ਜਾਂ ਫਿਰ ਖੁੱਲ੍ਹੇ ਵਿੱਚ ਟਾਇਲਟ ਲਈ ਜਾਂਦੀਆਂ ਔਰਤਾਂ ਦੀ ਸੁਰੱਖਿਆਂ ਦੀ ਚਿੰਤਾ।
ਪ੍ਰਸਾਸ਼ਨ ਦੇ ਨਾਲ-ਨਾਲ ਸਮਾਜਿਕ ਸੰਸਥਾਵਾਂ ਜਿਵੇਂ ਸ਼੍ਰੀ ਦੀ ਟੀਮ ਨਵੇਂ ਅਤੇ ਉਸਾਰੂ ਵਿਚਾਰਾਂ ਨਾਲ ਅੱਗੇ ਵੱਧ ਰਹੀ ਹੈ।
ਟਾਇਲਟ ਦੀ ਗੰਦਗੀ,ਬਿਜਲੀ ਅਤੇ ਸਾਫ਼ ਪਾਣੀ
ਸ਼੍ਰੀ ਦੇ ਸੰਸਥਾਪਕਾ ਵਿੱਚੋਂ ਇੱਕ ਪਰਬੀਨ ਕੁਮਾਰ ਹਨ। ਕਿਸੇ ਸਮੇਂ ਉਹ ਦੇਰੀ ਨਾਲ ਸਕੂਲ ਪਹੁੰਚਦੇ ਸਨ ਕਿਉਂਕਿ ਉਨ੍ਹਾਂ ਨੂੰ ਟਾਇਲਟ ਜਾਣ ਲਈ ਇੱਕ ਕਿੱਲੋਮੀਟਰ ਦੂਰ ਤੁਰ ਕੇ ਦਰਿਆ ਕੰਢੇ ਜਾਣਾ ਪੈਂਦਾ ਸੀ।
ਅੱਜ ਉਨ੍ਹਾਂ ਦਾ ਨਾਮ ਸਮਾਜ ਦੇ ਤਿੰਨ ਵੱਡੇ ਉੱਦਮੀਆਂ ਵਿੱਚ ਆਉਂਦਾ ਹੈ। ਜਿਹੜੇ ਭਾਰਤ ਦੇ ਉੱਤਰ-ਦੱਖਣੀ ਸੂਬੇ ਬਿਹਾਰ ਵਿੱਚ ਪਖਾਨੇ ਬਣਾ ਰਹੇ ਹਨ। ਇਨ੍ਹਾਂ ਪਖਾਨਿਆਂ ਦੀ ਲੋਕ ਮੁਫ਼ਤ ਵਿੱਚ ਵਰਤੋਂ ਕਰ ਸਕਦੇ ਹਨ।
ਸਰਕਾਰੀ ਪਖਾਨਿਆਂ ਵਿੱਚ ਗੰਦਗੀ ਦੀ ਸਫ਼ਾਈ ਕਰਨਾ ਅਤੇ ਪਖਾਨੇ ਦੀ ਸਾਂਭ-ਸੰਭਾਲ ਲਈ ਪੈਸੇ ਦੀ ਦਿੱਕਤ ਆਉਣਾ ਆਮ ਗੱਲ ਹੈ।
ਸ਼੍ਰੀ ਪਖਾਨੇ ਦੀ ਗੰਦਗੀ ਨੂੰ ਸਾਫ਼ ਕਰਨ ਦੀ ਬਜਾਏ ਉਸਨੂੰ ਬਾਇਓਡਾਇਜੈਸਟਰ ਵਿੱਚ ਪਾ ਦਿੰਦੇ ਹਨ।
ਬਾਇਓਡਾਇਜੈਸਟਰ ਤੋਂ ਪੈਦਾ ਹੋਈ ਬਿਜਲੀ ਨਾਲ ਗ੍ਰਾਊਂਡ ਵਾਟਰ ਕੱਢਿਆ ਜਾਂਦਾ ਹੈ। ਇਸ ਪਾਣੀ ਨੂੰ ਫਿਲਟਰ ਕਰਕੇ ਸਾਫ ਕੀਤਾ ਜਾਂਦਾ ਹੈ ਅਤੇ ਬੋਤਲਾਂ ਵਿੱਚ ਭਰ ਕੇ ਵੇਚਿਆ ਜਾਂਦਾ ਹੈ।
ਪਾਣੀ ਨੂੰ 50 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਨਾਲ ਵੇਚਿਆ ਜਾ ਰਿਹਾ ਹੈ।
ਪਾਣੀ ਤੋਂ ਹੋਣ ਵਾਲੀ ਕਮਾਈ ਨੂੰ ਪਖਾਨਿਆਂ ਦੀ ਸਾਂਭ-ਸੰਭਾਲ ਲਈ ਵਰਤਿਆ ਜਾਂਦਾ ਹੈ।
ਸ਼੍ਰੀ ਟੀਮ ਵੱਲੋਂ ਇੱਕ ਦਿਨ ਵਿੱਚ ਤਿੰਨ ਹਜ਼ਾਰ ਲੀਟਰ ਸਾਫ਼ ਪਾਣੀ ਕੱਢਿਆ ਜਾਂਦਾ ਹੈ।
ਬਿਹਾਰ ਵਿੱਚ ਪਖਾਨਿਆਂ ਦੀ ਉਸਾਰੀ
ਪਰਬੀਨ ਕੁਮਾਰ ਅਤੇ ਉਨ੍ਹਾਂ ਦੇ ਸਾਥੀ ਚੰਦਨ ਕੁਮਾਰ 2010 ਵਿੱਚ ਕੈਨੇਡਾ ਦੇ ਇੰਜੀਨੀਅਰ ਅਨੂਪ ਜੈਨ ਨੂੰ ਮਿਲੇ। ਇਸ ਮੁਹਿੰਮ ਬਾਰੇ ਉਨ੍ਹਾਂ ਨੇ ਅਨੂਪ ਜੈਨ ਨਾਲ ਮਿਲ ਕੇ ਵਿਚਾਰ ਕੀਤਾ।
ਚਾਰ ਸਾਲ ਬਾਅਦ ਉਨ੍ਹਾਂ ਨੇ ਬਿਹਾਰ ਸੂਬੇ ਦੇ ਸੁਪੌਲ ਜ਼ਿਲ੍ਹੇ ਦੇ ਪਿੰਡ ਨਿਮੁਆ ਵਿੱਚ ਪਹਿਲਾ ਜਨਤਕ ਪਖਾਨਾ ਬਣਾਇਆ। ਇਸ ਵਿੱਚ ਅੱਠ ਪਖਾਨੇ ਮਰਦਾਂ ਲਈ ਅਤੇ ਅੱਠ ਔਰਤਾਂ ਲਈ ਹਨ।
ਇਹ ਟਾਇਲਟ ਸਵੇਰੇ ਚਾਰ ਵਜੇ ਤੋਂ ਰਾਤ ਦਸ ਵਜੇ ਤੱਕ ਖੁੱਲ੍ਹੇ ਰਹਿੰਦੇ ਹਨ।
ਟੀਮ ਨੇ ਹੁਣ ਤੱਕ ਪੰਜ ਪਿੰਡਾਂ ਵਿੱਚ ਪਖਾਨੇ ਬਣਾਏ ਹਨ। ਹਰ ਰੋਜ਼ ਲਗਭਗ 800 ਲੋਕ ਪਖਾਨੇ ਦੀ ਵਰਤੋਂ ਕਰਦੇ ਹਨ।
ਉਨ੍ਹਾਂ ਦਾ ਅੰਦਾਜ਼ਾ ਹੈ ਕਿ ਇੱਕ ਇਮਾਰਤ ਨੂੰ ਬਣਾਉਣ ਵਿੱਚ ਲਗਭਗ 30 ਹਜ਼ਾਰ ਡਾਲਰ ਦਾ ਖਰਚ ਆਉਂਦਾ ਹੈ।
ਸਾਫ਼ ਪਾਣੀ ਦੀਆਂ ਬੋਤਲਾਂ ਦੀ ਵਿਕਰੀ ਨਾਲ ਸਹੂਲਤ ਹੋਰ ਵੀ ਪੱਕੀ ਹੋਈ ਜਾਪਦੀ ਹੈ।
ਚੰਦਨ ਕੁਮਾਰ ਦੱਸਦੇ ਹਨ," ਅਸੀਂ ਉਨ੍ਹਾਂ ਪਿੰਡਾਂ ਵਿੱਚ ਟਾਇਲਟ ਬਣਾਉਂਦੇ ਹਾਂ ਜਿੱਥੇ ਕੋਈ ਸਰਕਾਰੀ ਸਹੂਲਤ ਨਹੀਂ ਹੈ।"
ਪਖਾਨੇ ਦੀ ਉਸਾਰੀ ਤੋਂ ਪਹਿਲਾਂ ਉਹ ਪਿੰਡ ਵਿੱਚ ਚੇਤਨਾ ਮੁਹਿੰਮ ਚਲਾਉਂਦੇ ਹਨ। ਲੋਕਾਂ ਦੀ ਸਫ਼ਾਈ ਪ੍ਰਤੀ ਆਦਤਾਂ ਨੂੰ ਬਦਲਣ ਵਿੱਚ ਇਹ ਮੁਹਿੰਮ ਭੂਮਿਕਾ ਨਿਭਾਉਂਦੀ ਹੈ। ਕਿਉਂਕਿ ਸਿਰਫ਼ ਪਖਾਨਿਆਂ ਦਾ ਹੀ ਨਾ ਹੋਣਾ ਸਮੱਸਿਆ ਨਹੀਂ ਹੈ।
ਅਪਣੇ ਉੱਦਮੀ ਕੰਮਾਂ ਰਾਹੀ ਲੋਕਾਂ ਨੂੰ ਸਹੂਲਤਾਂ ਦੀ ਸਾਂਭ-ਸੰਭਾਲ ਵਿੱਚ ਹਿੱਸਾ ਪਾਉਣ ਲਈ ਤਿਆਰ ਕਰਨ ਵਾਲੇ ਚੌਧਰੀ ਸਾਹਿਬ ਮੰਨਦੇ ਹਨ ਕਿ ਇਸ ਢਾਂਚੇ ਰਾਹੀਂ ਲੋਕਾਈ ਨੂੰ ਰਹਿੰਦੀ ਦੁਨੀਆਂ ਤੱਕ ਸਾਫ਼ ਪਾਣੀ ਮੁਹੱਈਆ ਕਰਵਾਇਆ ਜਾ ਸਕਦਾ ਹੈ।
ਉੱਦਮੀ ਸੁਪਨੇ
ਭਾਰਤ ਵਿੱਚ ਯੂਨੀਸੈਫ ਦੇ ਨਿਕੋਲਸ ਉਸਬਰਟ ਕਹਿੰਦੇ ਹਨ, "ਅਸੀਂ ਉੱਦਮੀਆਂ ਉੱਤੇ ਨਵੀਆਂ ਖ਼ੋਜਾਂ ਲਈ ਯਕੀਨ ਰੱਖਦੇ ਹਾਂ।"
"ਉਨ੍ਹਾਂ ਕੋਲ ਵਪਾਰ ਦੇ ਨਵੇਂ ਤਰੀਕੇ ਲੱਭਣ ਦੀ ਸੋਚ ਹੈ। ਉਨ੍ਹਾਂ ਕੋਲ ਸਿਹਤ-ਸਫ਼ਾਈ ਦੇ ਮੁੱਦੇ ਨਾਲ ਤਕਨੀਕੀ ਅਤੇ ਇਸ਼ਤਿਹਾਰਬਾਜ਼ੀ ਦੋਵੇਂ ਪਾਸਿਆਂ ਤੋਂ ਮੁਖ਼ਾਤਬ ਹੋਣ ਲਈ ਨਵੇਂ ਢੰਗ-ਤਰੀਕੇ ਹਨ।''
ਉਸਬਰਟ ਨੂੰ ਬਾਇਓਡਾਇਜੈਸਟਰ ਦਾ ਵਿਚਾਰ ਦਿਲਚਸਪ ਲੱਗਦਾ ਹੈ ।
ਜੈਨ ਕਹਿੰਦੇ ਹਨ, "ਅਸੀਂ ਕੰਮ ਨੂੰ ਵੱਡੇ ਪੱਧਰ ਉੱਤੇ ਲਿਜਾਣ ਲਈ ਸਰਕਾਰ ਨਾਲ ਜੁੜ ਕੇ ਕੰਮ ਕਰਾਂਗੇ।"
" ਹੋਰ ਸਹੂਲਤ ਕੇਂਦਰ ਉਸਾਰਨ ਲਈ ਸਾਨੂੰ ਸਰਕਾਰ ਦੀ ਪੈਸੇ ਪੱਖੋਂ ਲੋੜ ਹੈ। ਸਾਡੇ ਸਹੂਲਤ ਕੇਂਦਰਾਂ ਨੂੰ ਸਾਂਭ ਕਰਨ ਅਤੇ ਉਨ੍ਹਾਂ ਨੂੰ ਚਲਾਉਣ ਦਾ ਕੰਮ ਲੋਕਾਂ ਦੇ ਹੱਥ ਵਿੱਚ ਹੋਵੇਗਾ।''
ਚੰਦਨ ਕੁਮਾਰ ਕਹਿੰਦੇ ਹਨ,"ਅਸੀਂ ਚਾਹੁੰਦੇ ਹਾਂ ਕਿ ਖੁੱਲ੍ਹੇ ਵਿੱਚ ਟਾਇਲਟ ਕਰਨ ਦੇ ਰਿਵਾਜ ਨੂੰ ਬਿਲਕੁਲ ਖ਼ਤਮ ਕਰਨ ਵਿੱਚ ਸਾਡੀ ਪਹਿਲ ਸਮਾਜ ਦੇ ਕੰਮ ਆ ਸਕੇ"