ਅਨਿਲ ਵਿੱਜ ਦੇ ਪੰਜ ਵਿਵਾਦਤ ਟਵੀਟ

ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿੱਜ ਦਾ ਟਵਿੱਟਰ ਹੈਂਡਲ ਹੋਰ ਲੋਕਾਂ ਦੀ ਸਿਹਤ ਖਰਾਬ ਕਰ ਸਕਦਾ ਹੈ। ਅਨਿਲ ਆਪਣੇ ਵਿਵਾਦਤ ਟਵੀਟਸ ਲਈ ਮਸ਼ਹੂਰ ਹਨ।

ਤਾਜ ਮਹਿਲ 'ਤੇ ਚਲ ਰਹੇ ਵਿਵਾਦ 'ਤੇ ਟਵੀਟ ਕਰ ਉਹ ਫਿਰ ਤੋਂ ਸੁਰਖੀਆਂ ਵਿੱਚ ਆ ਗਏ ਹਨ। ਟਵੀਟ ਕੁਝ ਇੰਝ ਸੀ, 'ਤਾਜ ਮਹਿਲ ਇੱਕ ਖੂਬਸੂਰਤ ਕਬਰਿਸਤਾਨ ਹੈ। ਇਸ ਲਈ ਲੋਕ ਤਾਜ ਮਹਿਲ ਦਾ ਮਾਡਲ ਘਰ ਵਿੱਚ ਨਹੀਂ ਰੱਖਦੇ ਕਿਉਂਕਿ ਇਸਨੂੰ ਅਸ਼ੁੱਭ ਮੰਨਦੇ ਹਨ।'

ਇਹ ਪਹਿਲੀ ਵਾਰ ਨਹੀਂ ਹੈ ਕਿ ਅਨਿਲ ਵਿੱਜ ਦੇ ਟਵੀਟ 'ਤੇ ਰੌਲ਼ਾ ਪਿਆ ਹੋਵੇ। ਵੇਖਦੇ ਹਾਂ ਵਿੱਜ ਦੇ ਪੰਜ ਹੋਰ ਟਵੀਟ ਜਿਹਨਾਂ 'ਤੇ ਚਰਚਾ ਹੋਈ।

ਅਨਿਲ ਵਿੱਜ ਨੇ ਹਾਲ ਹੀ ਵਿੱਚ ਰੋਹਿੰਗਿਆ ਸੰਕਟ 'ਤੇ ਟਵੀਟ ਕੀਤਾ ਸੀ। ਉਹਨਾਂ ਲਿਖਿਆ, ਪਾਕਿਸਤਾਨ ਮੁਸਲਮਾਨਾਂ ਦਾ ਬੜਾ ਹਮਦਰਦ ਬਣਦਾ ਹੈ। ਦਰ ਦਰ ਭਟਕ ਰਹੇ ਰੋਹਿੰਗਿਆ ਮੁਸਲਮਾਨਾਂ ਨੂੰ ਆਪਣੇ ਦੇਸ਼ ਵਿੱਚ ਪਨਾਹ ਕਿਉਂ ਨਹੀਂ ਦੇ ਦਿੰਦਾ?

ਗਾਂ 'ਤੇ ਵੀ ਅਨਿਲ ਵਿੱਜ ਦਾ ਟਵੀਟ ਬੇਹਦ ਚਰਚਾ 'ਚ ਆਇਆ ਸੀ। ਉਹਨਾਂ ਲਿਖਿਆ ਸੀ ਕਿ ਗਾਂ ਨੂੰ ਰਾਸ਼ਟਰੀ ਜਾਨਵਰ ਐਲਾਨ ਕਰ ਦੇਣਾ ਚਾਹੀਦਾ ਹੈ।

ਨਾਲ ਹੀ ਉਹਨਾਂ ਨੇ ਇਹ ਵੀ ਟਵੀਟ ਕੀਤਾ ਸੀ ਕਿ ਜੋ ਲੋਕ ਗਾਂ ਦਾ ਮਾਸ ਖਾਂਦੇ ਹਨ ਉਹਨਾਂ ਨੂੰ ਹਰਿਆਣਾ ਨਹੀਂ ਆਉਣਾ ਚਾਹੀਦਾ।

ਉਵੇਂ ਹੀ ਜਿਵੇਂ ਭਾਰਤ ਦੇ ਲੋਕ ਉਹਨਾਂ ਦੇਸ਼ਾਂ ਵਿੱਚ ਨਹੀਂ ਜਾਂਦੇ ਜਿੱਥੇ ਸਿਰਫ਼ ਗਊ ਮਾਸ ਮਿਲਦਾ ਹੈ।

ਚਰਚਾ ਵਿੱਚ ਆਈ ਗੁਰਮਿਹਰ ਕੌਰ ਬਾਰੇ ਵੀ ਵਿੱਜ ਦਾ ਕਹਿਣਾ ਸੀ ਕਿ ਉਸਨੂੰ ਭਾਰਤ ਛੱਡ ਦੇਣਾ ਚਾਹੀਦਾ ਹੈ ਅਤੇ ਜੋ ਗੁਰਮਿਹਰ ਦਾ ਸਾਥ ਦੇ ਰਹੇ ਹਨ ਉਹ ਪਾਕਿਸਤਾਨ ਦੇ ਨਾਲ ਹਨ।

ਇਸ ਟਵੀਟ ਨੂੰ ਲੈਕੇ ਉਹਨਾਂ ਨੂੰ ਕਾਫੀ ਨਿੰਦਾ ਦਾ ਸਾਹਮਣਾ ਕਰਨਾ ਪਿਆ ਸੀ।

ਵਿੱਜ ਅਕਸਰ ਰਾਹੁਲ ਗਾਂਧੀ 'ਤੇ ਵੀ ਕੁਝ ਨਾ ਕੁਝ ਟਵੀਟ ਕਰਦੇ ਰਹਿੰਦੇ ਹਨ। ਹਾਲ ਹੀ ਵਿੱਚ ਉਹਨਾਂ ਨੇ ਲਿੱਖਿਆ, ਲੇਡੀਜ਼ ਟੌਏਲੇਟ 'ਚ ਘੁਸ ਗਏ ਰਾਹੁਲ ਗਾਂਧੀ। ਛੋਟਾ ਬੱਚਾ ਲੇਡੀਜ਼ ਜਾਂ ਜੈਂਟਸ ਟੌਏਲੇਟ ਕਿਤੇ ਵੀ ਜਾ ਸਕਦਾ ਹੈ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ; ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ; ਅਤੇ ਇੱਥੇ ਕਲਿਕ ਕਰਕੇ ਟਵਿੱਟਰ ਤੇ ਸਾਡੇ ਨਾਲ ਜੁੜੋ।)