You’re viewing a text-only version of this website that uses less data. View the main version of the website including all images and videos.
ਅਵਿਰੁਕ ਸੇਨ ਨੇ 'ਆਰੂਸ਼ੀ' ਨਾਂ ਦੀ ਕਿਤਾਬ 'ਚ ਚੁੱਕੇ ਸੀ ਸਵਾਲ
- ਲੇਖਕ, ਵਿਨੀਤ ਖਰੇ
- ਰੋਲ, ਪੱਤਰਕਾਰ, ਬੀਬੀਸੀ
2008 ਦੇ ਆਰੂਸ਼ੀ-ਹੇਮਰਾਜ ਕਤਲਕਾਂਡ ਵਿੱਚ ਹੇਠਲੀ ਅਦਾਲਤ ਨੇ ਬੱਚੀ ਦੇ ਮਾਪਿਆਂ, ਨੁਪੂਰ ਅਤੇ ਰਾਜੇਸ਼ ਤਲਵਾੜ ਨੂੰ ਦੋਸ਼ੀ ਕਰਾਰ ਦਿੱਤਾ ਸੀ ਅਤੇ ਅੱਜ ਇਲਾਹਾਬਾਦ ਕੋਰਟ ਇਸ 'ਤੇ ਆਪਣਾ ਫੈਸਲਾ ਸੁਣਾ ਸਕਦਾ ਹੈ।
16 ਮਈ 2008 ਨੂੰ ਦਿੱਲੀ ਨਾਲ ਜੁੜੇ ਹੋਏ ਨੋਇਡਾ ਦੇ ਇੱਕ ਘਰ ਵਿੱਚ 14 ਸਾਲ ਦੀ ਆਰੂਸ਼ੀ ਦੀ ਲਾਸ਼ ਮਿਲੀ ਸੀ। ਅਗਲੇ ਦਿਨ ਘਰ ਵਿੱਚ ਕੰਮ ਕਰਨ ਵਾਲੇ ਹੇਮਰਾਜ ਦੀ ਲਾਸ਼ ਘਰ ਦੀ ਛੱਤ 'ਤੇ ਮਿਲੀ ਸੀ।
ਸ਼ੁਰੂਆਤ ਵਿੱਚ ਉੱਤਰ ਪ੍ਰਦੇਸ਼ ਪੁਲਿਸ ਨੇ ਮਾਮਲਾ ਸੁਲਝਾਉਣ ਦਾ ਦਾਅਵਾ ਕੀਤਾ ਅਤੇ ਰਾਜੇਸ਼ ਤਲਵਾੜ ਦੇ ਨੌਕਰਾਂ ਨੂੰ ਸ਼ੱਕੀ ਮੰਨਿਆ।
ਇਸ ਤੋਂ ਬਾਅਦ ਪੁਲਿਸ ਨੇ ਕਿਹਾ ਕਿ ਰਾਜੇਸ਼ ਤਲਵਾੜ ਨੇ ਕਥਿਤ ਤੌਰ 'ਤੇ ਆਰੂਸ਼ੀ ਅਤੇ ਹੇਮਰਾਜ ਨੂੰ ਇਤਰਾਜ਼ਯੋਗ ਹਾਲਤ ਵਿੱਚ ਦੇਖਿਆ ਅਤੇ ਗੁੱਸੇ ਵਿੱਚ ਦੋਹਾਂ ਦਾ ਕਤਲ ਕਰ ਦਿੱਤਾ।
ਮਾਮਲਾ ਸੀਬੀਆਈ ਕੋਲ ਪਹੁੰਚਿਆ। 26 ਨਵੰਬਰ, 2013 ਨੂੰ ਸੀਬੀਆਈ ਦੀ ਅਦਾਲਤ ਨੇ ਤਲਵਾੜ ਜੋੜੇ ਨੂੰ ਦੋਸ਼ੀ ਕਰਾਰ ਦਿੱਤਾ। ਤਲਵਾੜ ਜੋੜੇ ਨੇ ਸਾਰੇ ਦੋਸ਼ਾਂ ਨੂੰ ਰੱਦ ਕਰ ਦਿੱਤਾ।
ਇਸ ਤੋਂ ਬਾਅਦ ਪੱਤਰਕਾਰ ਅਵਿਰੁਕ ਸੇਨ ਨੇ 'ਆਰੂਸ਼ੀ' ਨਾਂ ਦੀ ਇੱਕ ਕਿਤਾਬ ਲਿਖੀ। ਜਿਸ ਵਿੱਚ ਅਵਿਰੁਕ ਨੇ ਸੀਬੀਆਈ ਦੀ ਜਾਂਚ ਪ੍ਰਕਿਰਿਆ 'ਤੇ ਸਵਾਲ ਚੁੱਕੇ।
ਕਿਤਾਬ ਦਾ ਦਾਅਵਾ ਤਸਵੀਰਾਂ ਨਾਲ ਹੋਈ ਛੇੜਛਾੜ
1. ਕਿਤਾਬ ਮੁਤਾਬਕ ਸੀਬੀਆਈ ਨੇ ਘਟਨਾ ਵਾਲੀ ਥਾਂ ਤੋਂ ਜੋ ਨਮੂਨੇ ਇਕੱਠੇ ਕੀਤੇ ਅਤੇ ਲੈਬ ਵਿੱਚ ਭੇਜੇ, ਉਨ੍ਹਾਂ ਨਾਲ ਕਥਿਤ ਤੌਰ 'ਤੇ ਛੇੜਛਾੜ ਹੋਈ।
ਕਈ ਨਮੂਨਿਆਂ ਨੂੰ ਬਿਨਾ ਅਦਾਲਤ ਦੀ ਇਜਾਜ਼ਤ ਦੇ ਸੀਲ ਕਵਰ ਚੋਂ ਕੱਢਿਆ ਗਿਆ ਅਤੇ ਤਸਵੀਰਾਂ ਲਈਆਂ ਗਈਆਂ।
ਔਨਰ ਕਿਲਿਂਗ ਦੀ ਦਲੀਲ ਮਜ਼ਬੂਤ
2. ਅਵਿਰੁਕ ਮੁਤਾਬਕ ਜੇ ਰਿਪੋਰਟ ਨੂੰ ਧਿਆਨ ਨਾਲ ਪੜ੍ਹਿਆ ਗਿਆ ਹੁੰਦਾ ਤਾਂ ਤਲਵਾੜ ਜੋੜੇ ਦੇ ਉਸ ਬਿਆਨ ਨੂੰ ਮਜ਼ਬੂਤੀ ਮਿਲਦੀ ਕਿ ਘਰ ਵਿੱਚ ਕੋਈ ਬਾਹਰੀ ਸ਼ਖ਼ਸ ਦਾਖਿਲ ਹੋਇਆ।
ਗੋਲਫ਼ ਸਟਿਕ 'ਤੇ ਸਵਾਲ
ਕਿਤਾਬ ਮੁਤਾਬਕ ਸੀਬੀਆਈ ਦਾ ਕਹਿਣਾ ਸੀ ਕਿ ਆਰੂਸ਼ੀ ਦਾ ਕਤਲ ਰਾਜੇਸ਼ ਤਲਵਾੜ ਨੇ ਇੱਕ ਗੋਲਫ਼ ਸਟਿਕ ਨਾਲ ਕੀਤਾ, ਜਿਸ ਨੂੰ ਕਥਿਤ ਤੌਰ 'ਤੇ ਬਾਅਦ ਵਿੱਚ ਚੰਗੇ ਤਰੀਕੇ ਨਾਲ ਸਾਫ਼ ਕੀਤਾ ਗਿਆ, ਪਰ ਮੁਕੱਦਮੇ ਵਿੱਚ ਮੁਕੱਦਮ ਪੱਖ ਨੇ ਇੱਕ ਦੂਜੀ ਗੋਲਫ਼ ਸਟਿਕ ਨੂੰ ਪੇਸ਼ ਕੀਤਾ।
ਅਵਿਰੁਕ ਸਵਾਲ ਚੁੱਕਦੇ ਹਨ ਕਿ ਮੁਕੱਦਮੇ ਦੌਰਾਨ ਦੋ ਗੋਲਫ਼ ਸਟਿਕ ਕਿਵੇਂ ਪੇਸ਼ ਕੀਤੀਆਂ ਜਾ ਸਕਦੀਆਂ ਹਨ। ਸਰਕਾਰੀ ਵਕੀਲ ਵੱਲੋਂ ਦਲੀਲ ਦਿੱਤੀ ਗਈ ਕਿ ਆਰੂਸ਼ੀ ਦਾ ਗਲਾ ਸਕੈਲਪਲ ਜਾਂ ਡੈਂਟਿਸਟ ਵੱਲੋਂ ਇਸਤੇਮਾਲ ਕੀਤੀ ਜਾਣ ਵਾਲੇ ਚਾਕੂ ਨਾਲ ਕੱਟਿਆ ਗਿਆ।
ਸੀਬੀਆਈ ਨੇ ਕਦੇ ਵੀ ਤਲਵਾੜ ਜੋੜੇ ਘਰੋਂ ਅਜਿਹਾ ਸਕੈਲਪਲ ਬਰਾਮਦ ਨਹੀਂ ਕੀਤਾ।
ਸ਼ੁਰੂਆਤ ਤੋਂ ਹੀ ਜਾਂਚ ਸਵਾਲਾਂ ਦੇ ਘੇਰੇ ਵਿੱਚ
ਕਿਤਾਬ ਮੁਤਾਬਕ ਤਲਵਾੜ ਜੋੜੇ ਨਾਲ ਸੰਪਰਕ ਲਈ, ਉਨ੍ਹਾਂ ਨੂੰ ਦਫ਼ਤਰ ਬੁਲਾਉਣ ਲਈ ਸੀਬੀਆਈ ਵੱਲੋਂ [email protected] ਆਈਡੀ ਦਾ ਇਸਤੇਮਾਲ ਕਰਨਾ ਕੇਸ ਨੂੰ ਲੈ ਕੇ ਸ਼ੁਰੂਆਤ ਤੋਂ ਹੀ ਅਫ਼ਸਰਾਂ ਦੀ ਸੋਚ 'ਤੇ ਸਵਾਲ ਖੜ੍ਹੇ ਕਰਦਾ ਹੈ।
ਕੰਮਵਾਲੀ ਦੇ ਬਿਆਨ 'ਤੇ ਵੀ ਸਵਾਲ
5. ਕਿਤਾਬ ਮੁਤਾਬਕ ਘਰ ਵਿੱਚ ਕੰਮ ਕਰਨ ਵਾਲੀ ਭਾਰਤੀ ਮੰਡਲ ਦਾ ਬਿਆਨ ਵੀ ਕਈ ਸਵਾਲ ਖੜ੍ਹੇ ਕਰਦਾ ਹੈ। ਦਸਤਾਵੇਜਾਂ ਮੁਤਾਬਕ ਭਾਰਤੀ ਨੇ ਕਿਹਾ ਉਨ੍ਹਾਂ ਨੂੰ ਜੋ ਸਮਝਾਇਆ ਗਿਆ, ਉਹ ਉਹੀ ਬਿਆਨ ਦੇ ਰਹੀ ਹੈ।
ਕੀ ਬਾਹਰੋਂ ਕੋਈ ਆਇਆ ਸੀ
ਜੇ ਆਰੂਸ਼ੀ ਨੇ ਦਰਵਾਜ਼ਾ ਨਹੀਂ ਖੋਲ੍ਹਿਆ ਤਾਂ ਕੀ ਆਰੂਸ਼ੀ ਦੇ ਕਮਰੇ ਵਿੱਚ ਮੁੱਖ ਦਰਵਾਜ਼ੇ ਤੋਂ ਅਲਾਵਾ ਕਿਸੇ ਹੋਰ ਦਰਵਾਜ਼ੇ ਤੋਂ ਵੀ ਦਾਖਿਲ ਹੋਇਆ ਜਾ ਸਕਦਾ ਸੀ?
ਕਿਤਾਬ ਮੁਤਾਬਕ ਆਰੂਸ਼ੀ ਦੇ ਕਮਰੇ ਵਿੱਚ ਦਾਖਿਲ ਹੋਣ ਦਾ ਇੱਕ ਹੋਰ ਰਾਹ ਹੋ ਸਕਦਾ ਸੀ, ਜਿਸ 'ਤੇ ਜਾਂਚ ਅਧਿਕਾਰੀਆਂ ਨੂੰ ਧਿਆਨ ਦੇਣਾ ਚਾਹੀਦਾ ਸੀ।
ਆਰੂਸ਼ੀ ਦੇ ਕਮਰੇ ਤੋਂ ਪਹਿਲਾਂ ਇੱਕ ਗੈਸਟ ਟਾਇਲੇਟ ਪੈਂਦਾ ਹੈ, ਜੋ ਕਿ ਆਰੂਸ਼ੀ ਦੇ ਟਾਇਲੇਟ ਵੱਲ ਖੁੱਲਦਾ ਹੈ।
ਦੋਹਾਂ ਵਿਚਾਲੇ ਇੱਕ ਦਰਵਾਜ਼ਾ ਸੀ, ਜਿਸ ਨੂੰ ਗੈਸਟ ਟਾਇਲੇਟ ਵੱਲੋਂ ਖੋਲਿਆ ਜਾ ਸਕਦਾ ਸੀ।
ਡਾਕਟਰ ਚੌਧਰੀ ਦੀ ਗਵਾਹੀ ਅਹਿਮ ਕਿਉਂ?
7. ਕਿਤਾਬ ਮੁਤਾਬਕ ਉਨ੍ਹਾਂ ਗਵਾਹਾਂ ਨੂੰ ਪੇਸ਼ ਨਹੀਂ ਕੀਤਾ ਗਿਆ, ਜਿੰਨ੍ਹਾਂ ਦੀ ਗਵਾਹੀ ਤਲਵਾੜ ਜੋੜੇ ਦੇ ਪੱਖ ਨੂੰ ਮਜ਼ਬੂਤ ਕਰ ਸਕਦੀ ਸੀ।
ਸੇਨ ਮੁਤਾਬਕ, ਸੀਬੀਆਈ ਨੇ 141 ਗਵਾਹਾਂ ਦੀ ਸੂਚੀ ਬਣਾਈ, ਪਰ ਸਿਰਫ਼ 39 ਗਵਾਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਆਰੂਸ਼ੀ ਮਾਮਲੇ ਵਿੱਚ ਗਵਾਹ ਇੱਕ ਸਾਬਕਾ ਪੁਲਿਸ ਮੁਲਾਜ਼ਮ ਕੇਕੇ ਗੌਤਮ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਤਲਵਾੜ ਪਰਿਵਾਰ ਦੇ ਕਰੀਬੀ ਡਾਕਟਰ ਸੁਸ਼ੀਲ ਚੌਧਰੀ ਨੇ ਫੋਨ ਕਰਕੇ ਕਿਹਾ ਸੀ ਕਿ
ਕੀ ਉਹ ਆਰੂਸ਼ੀ ਦੀ ਪੋਸਟਮਾਰਟਮ ਰਿਪੋਰਟ ਦੇ ਕੰਮ ਵਿੱਚ ਤੇਜ਼ੀ ਲਿਆਉਣ ਵਿੱਚ ਮਦਦ ਕਰ ਸਕਦੇ ਹਨ।
ਕੇਕੇ ਗੌਤਮ ਦਾ ਦਾਅਵਾ ਸੀ ਕਿ ਡਾਕਟਰ ਚੌਧਰੀ ਨੇ ਉਨ੍ਹਾਂ ਨੂੰ ਇਹ ਵੀ ਕਿਹਾ ਕਿ ਉਹ ਆਪਣੇ ਪ੍ਰਭਾਵ ਦਾ ਇਸਤੇਮਾਲ ਕਰਕੇ ਪੋਸਟਮਾਰਟਮ ਰਿਪੋਰਟ ਚੋਂ ਬਲਾਤਕਾਰ ਸ਼ਬਦ ਹਟਵਾ ਦੇਣ। ਡਾਕਟਰ ਚੌਧਰੀ ਇਸ ਤੋਂ ਇਨਕਾਰ ਕਰਦੇ ਹਨ।
ਸੁਪਰੀਮ ਕੋਰਟ ਨੇ ਡਾਕਟਰ ਚੌਧਰੀ ਦੀ ਗਵਾਹੀ ਲਈ ਸੀਬੀਆਈ ਨੂੰ ਇੱਕ ਮਹੀਨੇ ਦਾ ਸਮਾਂ ਦਿੱਤਾ, ਪਰ ਸੀਬੀਆਈ ਨੇ ਗਵਾਹੀ ਲਈ ਨਹੀਂ ਬੁਲਾਇਆ।
'ਹਰ ਨੁਕਤੇ 'ਤੇ ਬਹਿਸ ਹੋਈ'
ਸੀਬੀਆਈ 'ਤੇ ਲਾਏ ਗਏ ਇਲਜ਼ਾਮਾਂ 'ਤੇ ਬੀਬੀਸੀ ਨਾਲ ਗੱਲਬਾਤ ਦੌਰਾਨ ਸੀਬੀਆਈ ਦੇ ਵਕੀਲ ਆਰ ਕੇ ਸੈਨੀ ਨੇ ਕਿਹਾ, "ਇਸ ਕਿਤਾਬ ਵਿੱਚ ਕੁਝ ਵੀ ਨਵਾਂ ਨਹੀਂ ਹੈ।
ਇਹ (ਅਵਿਰੁਕ ਸੇਨ) ਤਲਵਾੜ ਜੋੜੇ ਦੇ ਮੀਡੀਆ ਮੈਨੇਜਰ ਹਨ। ਉਹ ਨਿਰਪੱਖ ਲੇਖਕ ਨਹੀਂ ਹਨ। ਸੀਬੀਆਈ ਨੇ ਜਿਸ ਤਰੀਕੇ ਨਾਲ ਕੇਸ ਸੰਭਾਲਿਆ, ਉਹ ਦੇਖਣ ਲਈ ਅਦਾਲਤਾਂ ਹਨ।"