ਅਦਾਕਾਰ ਦੇ ਨਾਲ ਖੇਡ ਪੱਤਰਕਾਰ ਵੀ ਰਹੇ ਪਦਮ ਸ਼੍ਰੀ ਟੌਮ ਆਲਟਰ

ਮਸ਼ਹੂਰ ਫ਼ਿਲਮ, ਟੈਲੀਵਿਜ਼ਨ ਅਤੇ ਥੀਏਟਰ ਅਦਾਕਾਰ ਟੌਮ ਆਲਟਰ ਦੀ ਸ਼ੁੱਕਰਵਾਰ ਦੇਰ ਰਾਤ ਨੂੰ ਮੌਤ ਹੋ ਗਈ। ਉਹ 67 ਸਾਲਾਂ ਦੇ ਸਨ।

ਟੌਮ ਆਲਟਰ ਲੰਬੇ ਸਮੇਂ ਤੋਂ ਚਮੜੀ ਦੇ ਕੈਂਸਰ ਨਾਲ ਜੂਝ ਰਹੇ ਸਨ। ਹਿੰਦੀ ਫ਼ਿਲਮਾਂ 'ਚ ਸ਼ਾਨਦਾਰ ਯੋਗਦਾਨ ਲਈ ਉਨ੍ਹਾਂ ਨੂੰ ਸਾਲ 2008 'ਚ ਪਦਮ ਸ੍ਰੀ ਨਾਲ ਨਵਾਜ਼ਿਆ ਗਿਆ ।

ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ ਕੈਰਲ ਈਵਾਨ, ਮੁੰਡਾ ਜੈਮੀ ਅਤੇ ਧੀ ਅਫ਼ਸ਼ਾਨ ਹਨ।

ਫ਼ਿਲਮੀ ਸਫ਼ਰ

ਹਿੰਦੀ ਅਤੇ ਉਰਦੂ ਭਾਸ਼ਾ ਦਾ ਚੰਗਾ ਗਿਆਨ ਹੋਣ ਕਾਰਨ ਟੌਮ ਆਲਟਰ ਨੇ ਭਾਰਤੀ ਸਿਨੇਮਾ ਵਿੱਚ ਆਪਣੀ ਖ਼ਾਸ ਥਾਂ ਬਣਾਈ।

ਉਨ੍ਹਾਂ ਨੇ ਸਾਲ 1976 'ਚ ਫ਼ਿਲਮ 'ਚਰਸ' ਨਾਲ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਫ਼ਿਲਮ ਵਿੱਚ ਉਨ੍ਹਾਂ ਨੇ ਕਸਟਮ ਅਧਿਕਾਰੀ ਦੀ ਭੂਮਿਕਾ ਨਿਭਾਈ ਸੀ।

ਉਨ੍ਹਾਂ ਨੇ 'ਸ਼ਤਰੰਜ ਦੇ ਖਿਡਾਰੀ ਹੈ', 'ਹਮ ਕਿਸੀ ਸੇ ਕਮ ਨਹੀਂ', 'ਕ੍ਰਾਂਤੀ', 'ਕਰਮਾ', 'ਪਰਿੰਦਾ', ਵਰਗੀਆਂ ਕਈ ਫ਼ਿਲਮਾਂ 'ਚ ਸ਼ਾਨਦਾਰ ਅਦਾਕਾਰੀ ਨਾਲ ਹਿੰਦੀ ਫ਼ਿਲਮ ਜਗਤ ਵਿੱਚ ਵਿਸ਼ੇਸ਼ ਥਾਂ ਬਣਾਈ ਸੀ। ਟੌਮ ਨੇ 300 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ।

ਟੌਮ ਨੇ ਫ਼ਿਲਮਾਂ ਦੇ ਨਾਲ ਨਾਲ ਛੋਟੇ ਪਰਦੇ 'ਤੇ ਵੀ ਲੋਕਾਂ ਦਾ ਮਨੋਰੰਜਨ ਕੀਤਾ। ਉਨ੍ਹਾਂ ਨੇ ਪ੍ਰਸਿੱਧ ਸੀਰੀਅਲਾਂ ਜਿਵੇਂ ਕਿ ਜ਼ੁਬਾਨ ਸੰਭਾਲ ਕੇ, ਕੈਪਟਨ ਵਿਓਮ ਅਤੇ ਸ਼ਕਤੀਮਾਨ 'ਚ ਅਹਿਮ ਕਿਰਦਾਰ ਨਿਭਾਏ।

ਖੇਡ ਪੱਤਰਕਾਰ

ਫਿਲਮਾਂ ਵਿੱਚ ਕੰਮ ਕਰਨ ਤੋਂ ਇਲਾਵਾ ਟੌਮ ਨੇ 80 ਤੋਂ 90 ਦੇ ਦਹਾਕੇ 'ਚ ਇੱਕ ਖੇਡ ਪੱਤਰਕਾਰ ਵਜੋਂ ਆਪਣੀ ਪਛਾਣ ਬਣਾਈ। ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦਾ ਸਭ ਤੋਂ ਪਹਿਲਾ ਵੀਡੀਓ ਇੰਟਰਵਿਊ ਟੌਮ ਆਲਟਰ ਨੇ ਹੀ ਕੀਤਾ ਸੀ।

ਉਸ ਸਮੇਂ ਸਚਿਨ ਨੇ ਭਾਰਤੀ ਟੀਮ 'ਚ ਆਪਣੀ ਸ਼ੁਰੂਆਤ ਵੀ ਨਹੀਂ ਕੀਤੀ ਸੀ।

ਕ੍ਰਿਕਟ ਬਾਰੇ ਉਨ੍ਹਾਂ ਦੇ ਲੇਖ ਅਕਸਰ ਵੱਖ-ਵੱਖ ਖੇਡ ਮੈਗਜ਼ੀਨਾਂ ਵਿੱਚ ਪ੍ਰਕਾਸ਼ਿਤ ਹੁੰਦੇ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਤਿੰਨ ਕਿਤਾਬਾਂ ਵੀ ਲਿਖੀਆਂ, ਦ ਲਾਂਗੇਸਟ ਰੇਸ, ਰੀ-ਰਨ ਏਟ ਰੀਏਲਟੋ, ਅਤੇ ਦ ਬੈਸਟ ਇਨ ਵਰਲਡ।

ਨਿੱਜੀ ਜੀਵਨ

1950 ਵਿਚ ਮਸੂਰੀ 'ਚ ਪੈਦਾ ਹੋਏ ਟੌਮ ਆਲਟਰ ਦੇ ਮਾਤਾ-ਪਿਤਾ ਅਮਰੀਕੀ ਮੂਲ ਦੇ ਸਨ। ਉਨ੍ਹਾਂ ਦਾ ਅਸਲੀ ਨਾਂ ਥਾਮਸ ਬੀਟ ਆਲਟਰ ਹੈ। ਉਨ੍ਹਾਂ ਦੇ ਦਾਦਾ-ਦਾਦੀ 1916 'ਚ ਅਮਰੀਕਾ ਤੋਂ ਭਾਰਤ ਆਏ ਸਨ।

ਟੌਮ ਦਾ ਪਰਿਵਾਰ ਪਾਣੀ ਦੇ ਰਸਤਿਓਂ ਚੇਨਈ ਆਇਆ ਸੀ ਅਤੇ ਇੱਥੋਂ ਉਹ ਲਾਹੌਰ ਗਏ। ਉਨ੍ਹਾਂ ਦੇ ਪਿਤਾ ਦਾ ਜਨਮ ਸਿਆਲਕੋਟ (ਹੁਣ ਪਾਕਿਸਤਾਨ ਵਿੱਚ ਹੈ) 'ਚ ਹੋਇਆ ਸੀ।

ਵੰਡ ਦੌਰਾਨ ਉਨ੍ਹਾਂ ਦਾ ਪਰਿਵਾਰ ਵੰਡਿਆ ਗਿਆ ਸੀ। ਦਾਦਾ-ਦਾਦੀ ਪਾਕਿਸਤਾਨ ਵਿੱਚ ਰਹਿ ਗਏ ਅਤੇ ਮਾਤਾ ਪਿਤਾ ਭਾਰਤ ਆ ਗਏ।

ਫ਼ਿਲਮਾਂ ਵੱਲ ਟੌਮ ਦਾ ਧਿਆਨ ਫ਼ਿਲਮ ਅਰਾਧਨਾ ਕਰਕੇ ਹੋਇਆ। ਇਸ ਫ਼ਿਲਮ ਵਿੱਚ ਰਾਜੇਸ਼ ਖੰਨਾ ਅਤੇ ਸ਼ਰਮੀਲਾ ਟੈਗੋਰ ਦੀ ਅਦਾਕਾਰੀ ਤੋਂ ਟੌਮ ਬਹੁਤ ਪ੍ਰਭਾਵਿਤ ਹੋਏ।

ਟੌਮ ਨੇ 1972-74 'ਚ ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ਼ ਇੰਡੀਆ (ਐਫਟੀਆ ਆਈ) ਪੁਣੇ ਤੋਂ ਅਦਾਕਾਰੀ ਦੀ ਪੜ੍ਹਾਈ ਕੀਤੀ।

ਟੌਮ ਬੀਚ ਆਲਟਰ ਦਾ ਜਨਮ 22 ਜੂਨ 1950 ਨੂੰ ਉਤਰਾਖੰਡ ਦੇ ਮਸੂਰੀ 'ਚ ਹੋਇਆ ਸੀ।

ਉਨ੍ਹਾਂ ਦੇ ਮਾਤਾ ਪਿਤਾ ਅਮਰੀਕੀ ਮੂਲ ਦੇ ਸਨ ਅਤੇ ਉਹ ਭਾਰਤ 'ਚ ਆਪਣੀ ਤੀਜੀ ਪੀੜ੍ਹੀ ਦੇ ਅਮਰੀਕੀ ਸਨ।

ਉਨ੍ਹਾਂ ਦੀ ਮੁਢਲੀ ਸਿੱਖਿਆ ਵੁੱਡਸਟਾਕ ਸਕੂਲ ਮਸੂਰੀ ਵਿੱਚ ਹੋਈ

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)