‘ਮੇਰਾ ਭਾਰਤ ਪ੍ਰਗਤੀਸ਼ੀਲ ਅਤੇ ਸੰਵੇਦਨਸ਼ੀਲ ਬਣੇ’

ਪੂਰੀ ਦੁਨੀਆਂ ਵਿੱਚ ਆਪਣੇ ਸੰਗੀਤ ਦੇ ਲਈ ਮਸ਼ਹੂਰ ਏ.ਆਰ ਰਹਿਮਾਨ ਨੇ ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ 'ਤੇ ਕਿਹਾ ਕਿ ਜੋ ਕੁੱਝ ਹੋ ਰਿਹਾ ਹੈ, ਉਹ ਉਨ੍ਹਾਂ ਦਾ ਭਾਰਤ ਨਹੀਂ ਹੈ।

ਮੁੰਬਈ ਵਿੱਚ 'ਵਨ ਹਾਰਟ' ਫਿਲਮ ਦੇ ਪ੍ਰੀਮੀਅਰ ਦੇ ਮੌਕੇ ਰਹਿਮਾਨ ਤੋਂ ਗੌਰੀ ਲੰਕੇਸ਼ ਦੀ ਹੱਤਿਆ ਬਾਰੇ ਸਵਾਲ ਕੀਤਾ ਗਿਆ।

ਰਹਿਮਾਨ ਨੇ ਕਿਹਾ, "ਮੈਂ ਇਸਨੂੰ ਲੈ ਕੇ ਕਾਫੀ ਦੁਖੀ ਹਾਂ। ਅਜਿਹੀਆਂ ਘੱਟਨਾਵਾਂ ਭਾਰਤ ਵਿੱਚ ਨਹੀਂ ਹੋਣੀਆਂ ਚਾਹੀਦੀਆਂ।"

ਉਨ੍ਹਾਂ ਅੱਗੇ ਕਿਹਾ, "ਜੇਕਰ ਅਜਿਹਾ ਕੁੱਝ ਭਾਰਤ ਵਿੱਚ ਹੁੰਦਾ ਹੈ, ਤਾਂ ਇਹ ਮੇਰਾ ਭਾਰਤ ਨਹੀਂ ਹੈ। ਮੇਰਾ ਭਾਰਤ ਪ੍ਰਗਤੀਸ਼ੀਲ ਅਤੇ ਸੰਵੇਦਨਸ਼ੀਲ ਬਣੇ।"

ਸੂਫੀ ਦਰਸ਼ਨ ਵਿੱਚ ਹੈ ਰਹਿਮਾਨ ਦੀ ਮਾਨਤਾ

ਇਸ ਤੋਂ ਪਹਿਲਾਂ ਇੱਕ ਹੋਰ ਮੌਕੇ 'ਤੇ ਰਹਿਮਾਨ ਨੇ ਸਮਾਚਾਰ ਏਜੇਂਸੀ ਰਾਇਟਰਸ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਸੀ, "ਇਸਲਾਮ ਇੱਕ ਮਹਾਂਸਾਗਰ ਹੈ। ਇਸ ਵਿੱਚ 70 ਤੋਂ ਜ਼ਿਆਦਾ ਫਿਰਕੇ ਹਨ। ਮੈਂ ਸੂਫੀ ਦਰਸ਼ਨ ਦਾ ਪਾਲਣ ਕਰਦਾ ਹਾਂ, ਜੋ ਪ੍ਰੇਮ ਦੇ ਬਾਰੇ ਵਿੱਚ ਹੈ।"

'ਕਾਫੀ ਚੀਜ਼ਾਂ ਸਿਆਸਤ ਨਾਲ ਪ੍ਰੇਰਿਤ'

ਏ.ਆਰ ਰਹਿਮਾਨ ਨੇ ਕਿਹਾ, "ਜੋ ਵੀ ਮੈਂ ਹਾਂ, ਉਹ ਉਸ ਦਰਸ਼ਨ ਕਰਕੇ ਹਾਂ ਜਿਸਦਾ ਮੈਂ ਤੇ ਮੇਰਾ ਪਰਿਵਾਰ ਪਾਲਣ ਕਰਦਾ ਹੈ। ਜ਼ਾਹਿਰ ਹੈ ਕਈ ਚੀਜ਼ਾਂ ਹੋ ਰਹੀਆਂ ਹਨ ਅਤੇ ਮੈਂ ਮਹਿਸੂਸ ਕਰਦਾ ਹਾਂ ਇਹ ਜ਼ਿਆਦਾਤਰ ਸਿਆਸੀ ਹਨ।"

ਰਹਿਮਾਨ ਨੇ ਕਿਹਾ ਉਨ੍ਹਾਂ ਨੂੰ ਉਮੀਦ ਹੈ ਕਿ ਸੰਗੀਤ ਲੋਕਾਂ ਨੂੰ ਨਾਲ ਲਿਆਉਣ ਵਿੱਚ ਮਦਦ ਕਰੇਗਾ।