ਛਾਗਲਾਗਾਮ: ਇਨ੍ਹਾਂ ਲੋਕਾਂ ਲਈ ਭਾਰਤ-ਚੀਨ ਸਰਹੱਦ ਪਾਰ ਕਰਨਾ ਸੌਖਾ

ਛਾਗਲਾਗਾਮ
    • ਲੇਖਕ, ਨਿਤਿਨ ਸ੍ਰੀਵਾਸਤਵ
    • ਰੋਲ, ਬੀਬੀਸੀ ਪੱਤਰਕਾਰ

ਭਾਰਤ ਅਤੇ ਚੀਨ ਨਾ ਸਿਰਫ਼ ਦੁਨੀਆਂ ਦੇ ਸ਼ਕਤੀਸ਼ਾਲੀ ਦੇਸ ਹਨ ਬਲਕਿ ਇੱਕ ਦੂਜੇ ਦੇ ਗੁਆਂਢੀ ਵੀ ਹਨ। ਦੋਹਾਂ ਦੇਸਾਂ ਵਿਚਾਲੇ ਸਰਹੱਦ ਵਿਵਾਦ ਵੀ ਬਣਿਆ ਰਿਹਾ ਹੈ। ਡੋਕਲਾਮ ਇਸਦੀ ਤਾਜ਼ਾ ਮਿਸਾਲ ਹੈ।

ਪਰ ਸਰਹੱਦ 'ਤੇ ਇੱਕ ਅਜਿਹੀ ਥਾਂ ਵੀ ਹੈ ਜਿਸਨੂੰ ਪਾਰ ਕਰ ਭਾਰਤੀ ਵੀ ਚੀਨ ਵਿੱਚ ਜਾਂਦੇ ਹਨ ਅਤੇ ਚੀਨੀ ਫੌਜੀ ਵੀ ਭਾਰਤ ਵਿੱਚ ਦਿੱਖ ਜਾਂਦੇ ਹਨ।

ਇਸਦੀ ਪੜਤਾਲ ਕਰਨ ਲਈ ਮੈਂ ਅਰੁਣਾਚਲ ਪ੍ਰਦੇਸ਼ ਪਹੁੰਚਿਆ।

ਨਾ ਹੋਟਲ ਨਾ ਧਰਮਸ਼ਾਲਾ

ਅਸਮ ਦੀ ਰਾਜਧਾਨੀ ਗੁਵਾਹਾਟੀ ਤੋਂ ਪੂਰੀ ਰਾਤ ਟਰੇਨ ਦਾ ਸਫ਼ਰ ਤੈਅ ਕਰਕੇ ਅਸੀਂ ਡਿਬਰੂਗੜ੍ਹ ਹੁੰਦੇ ਹੋਏ ਤਿਨਸੁਕਿਆ ਪਹੁੰਚੇ।

ਅਰੁਣਾਚਲ ਦੀ ਸਰਹੱਦ ਇੱਥੋਂ 2 ਹੀ ਘੰਟੇ ਦੂਰ ਹੈ ਅਤੇ ਪਹਾੜੀਆਂ ਨਜ਼ਰ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਬਿਨਾਂ ਪਰਮਿਟ ਦੇ ਤੁਹਾਨੂੰ ਅਰੁਣਾਚਲ ਵਿੱਚ ਕਿਤੇ ਵੀ ਜਾਣ ਦੀ ਇਜਾਜ਼ਤ ਨਹੀਂ ਹੈ।

ਵੀਡੀਓ ਕੈਪਸ਼ਨ, ਛਾਗਲਾਗਾਮ ਵਾਸੀਆਂ ਨੂੰ ਭਾਰਤ-ਚੀਨ ਦੇ ਰਿਸ਼ਤਿਆਂ ਨਾਲ ਫ਼ਰਕ ਨਹੀਂ ਪੈਂਦਾ

ਉੱਚਾਈ 'ਤੇ ਵਸੇ ਹਾਇਓਲਾਂਗ ਸ਼ਹਿਰ ਪਹੁੰਚਣ ਲਈ ਸਾਨੂੰ ਪੂਰੇ 10 ਘੰਟੇ ਲੱਗੇ। ਬੇਨਤੀਆਂ ਕਰਕੇ ਸਰਕਿਟ ਹਾਊਸ ਵਿੱਚ ਥਾਂ ਮਿਲੀ ਕਿਉਂਕਿ ਇੱਥੇ ਨਾ ਕੋਈ ਹੋਟਲ ਹੈ ਅਤੇ ਨਾ ਹੀ ਕੋਈ ਧਰਮਸ਼ਾਲਾ।

ਖ਼ਤਰਨਾਕ ਚੜ੍ਹਾਈ

ਕੇਅਰਟੇਕਰ ਨੇ ਸਵਾਲ ਜ਼ਰੂਰ ਕੀਤਾ, "ਕਿਤੇ ਪਹਾੜੀਆਂ ਚੜ੍ਹ ਕੇ ਚੀਨ ਦੀ ਸਰਹੱਦ 'ਤੇ ਤਾਂ ਨਹੀਂ ਜਾ ਰਹੇ? ਹਰ ਪਾਸੇ ਢਿੱਗਾਂ ਡਿੱਗ ਰਹੀਆਂ ਹਨ।''

ਮਨ ਵਿੱਚ ਕਈ ਤਰੀਕੇ ਦੇ ਖਦਸ਼ੇ ਲੈ ਕੇ ਅਗਲੀ ਸਵੇਰ ਅਸੀਂ ਕੱਚੀ ਸੜ੍ਹਕਾਂ 'ਤੇ ਚੜ੍ਹਾਈ ਸ਼ੁਰੂ ਕਰ ਚੁੱਕੇ ਸੀ।

ਪਹਾੜ ਡਰਾਉਣੇ ਹੁੰਦੇ ਜਾ ਰਹੇ ਸੀ ਅਤੇ ਖੱਡਾਂ ਡੂੰਘੀਆਂ।

ਅਲਿਲਮ ਟੇਗਾ

ਘੰਟਿਆਂ ਦਾ ਸਫ਼ਰ ਕਰਨ 'ਤੇ ਕਿਤੇ ਇੱਕ-ਅੱਧਾ ਇਨਸਾਨ ਵਿਖਾਈ ਦੇ ਰਿਹਾ ਸੀ, ਹੈਰਾਨੀ ਨਾਲ ਸਾਨੂੰ ਘੂਰਦੇ ਹੋਏ।

ਸੌਖਾ ਹੈ ਚੀਨ ਜਾਨਾ

ਚੀਨ ਦੀ ਸਰਹੱਦ ਨਾਲ ਸਟੇ ਇਸ ਆਖਰੀ ਭਾਰਤੀ ਪਿੰਡ ਤੱਕ ਪਹੁੰਚਣਾ ਵੱਡੀ ਗੱਲ ਸੀ।

ਛਾਗਲਾਗਾਮ ਵਿੱਚ ਰਹਿਣ ਵਾਲੇ 50 ਪਰਿਵਾਰਾਂ ਵਿੱਚੋਂ ਇੱਕ ਪਰਿਵਾਰ ਅਲਿਲਮ ਟੇਗਾ ਦਾ ਵੀ ਸੀ।

ਕਮਾਈ ਦਾ ਜ਼ਰੀਆ ਇਲਾਇਚੀ ਦੀ ਖੇਤੀ ਸੀ ਪਰ ਦੇਸ ਨਾਲ ਰਾਬਤਾ ਕਾਇਮ ਰੱਖਣਾ ਵੱਡੀ ਚੁਣੌਤੀ ਸੀ।

ਛਾਗਲਾਗਾਮ

ਰਾਸ਼ਨ ਖਰੀਦਣ ਦੇ ਲਈ ਵੀ ਸਭ ਤੋਂ ਨਜ਼ਦੀਕ ਥਾਂ ਵੀ ਪੂਰੇ ਪੰਜ ਘੰਟੇ ਦੂਰ ਸੀ।

ਇਨ੍ਹਾਂ ਦੇ ਰਿਸ਼ਤੇਦਾਰ ਚੀਨ ਵਿੱਚ ਵੀ ਹਨ। ਜਿੱਥੇ ਜਾਣਾ ਜ਼ਿਆਦਾ ਸੌਖਾ ਹੈ।

ਅਲਿਲਮ ਟੇਗਾ ਨੇ ਦੱਸਿਆ, "ਅਸੀਂ ਲੋਕ ਮਿਸ਼ਮੀ ਜਨਜਾਤੀ ਦੇ ਹਾਂ ਅਤੇ ਸਾਡੇ ਪਰਿਵਾਰ ਦੇ ਕਾਫੀ ਲੋਕ ਸਰਹੱਦ ਪਾਰ ਚੀਨ ਵਿੱਚ ਰਹਿੰਦੇ ਹਨ।"

"ਜਦੋਂ ਸਾਡੇ ਪਿੰਡ ਵਾਲੇ ਦਵਾਈ ਬਣਾਉਣ ਵਾਲੀਆਂ ਪੱਤੀਆਂ ਲੱਭਣ ਜੰਗਲ ਜਾਂਦੇ ਹਨ ਤਾਂ ਉਸ ਵੇਲੇ ਉੱਥੋਂ ਦੀ ਬਸਤੀ ਵਾਲੇ ਵੀ ਮਿਲ ਜਾਂਦੇ ਹਨ। ਇੱਕ-ਦੋ ਘੰਟਾ ਗੱਲਾਂ ਹੁੰਦੀਆਂ ਹਨ, ਉਸੇ ਵਕਤ ਖ਼ਬਰ ਮਿਲਦੀ ਹੈ ਕਿ ਕੌਣ ਮਰ ਗਿਆ ਤੇ ਕੌਣ ਜ਼ਿੰਦਾ ਹੈ।"

ਛਾਗਲਾਗਾਮ

ਪਿੰਡ ਵਿੱਚ ਭਾਰਤੀ ਫੌਜ ਦਾ ਇੱਕ ਕੈਂਪ ਹੈ, ਸਾਨੂੰ ਜਵਾਨ ਇਸਦੇ ਬਾਹਰ ਸਿਗਰੇਟ ਪੀਂਦੇ ਮਿਲੇ।

ਜੰਮੂ ਦੇ ਰਹਿਣ ਵਾਲੇ ਇੱਕ ਫੌਜੀ ਨੇ ਕਿਹਾ, "ਚੰਗਾ ਲੱਗ ਰਿਹਾ ਹੈ ਤੁਹਾਨੂੰ ਲੋਕਾਂ ਨੂੰ ਵੇਖ ਕੇ। ਵਰਨਾ ਮੋਬਾਈਲ-ਟੀਵੀ ਕੁਝ ਵੀ ਇੱਥੇ ਨਹੀਂ ਚੱਲਦਾ।

ਪਹਾੜਾਂ 'ਤੇ ਚੜ੍ਹ ਕੇ ਗਸ਼ਤ ਕਰਨੀ ਪੈਂਦੀ ਹੈ ਅਤੇ ਮੌਸਮ ਖੁਦ ਵੀ ਵੇਖ ਲਓ।

ਛਾਗਲਾਗਾਮ ਅਤੇ ਆਲੇ-ਦੁਆਲੇ ਦੇ ਕਈ ਲੋਕ ਫ਼ੌਜ ਦੇ ਲਈ ਗਾਈਡ ਜਾਂ ਟ੍ਰਾਂਸਲੇਟਰ ਦਾ ਕੰਮ ਕਰਦੇ ਹਨ।

24 ਸਾਲਾ ਆਇਨਡਇਓਂ ਸੋਮਬੇਪੋ ਪੇਸ਼ੇ ਤੋਂ ਗਾਈਡ ਹਨ ਅਤੇ ਇਨ੍ਹਾਂ ਦਿਨੀ ਰੁਜ਼ਗਾਰ ਦੀ ਤਲਾਸ਼ ਵਿੱਚ ਹਨ।

ਚੀਨੀ ਫ਼ੌਜੀਆਂ ਨਾਲ ਆਹਮੋ-ਸਾਹਮਣਾ

ਸਰਹੱਦ ਪਾਰ ਕਰਨ ਦੇ ਦਾਅਵੇ ਤੋਂ ਅਲਾਵਾ ਇਹ ਕਈ ਵਾਰ ਚੀਨੀ ਫ਼ੌਜੀਆਂ ਨਾਲ ਰੂਬਰੂ ਹੋ ਚੁੱਕੇ ਹਨ।

ਆਇਨਡਿਇਓਂ ਸੋਮਬੇਪੋ
ਤਸਵੀਰ ਕੈਪਸ਼ਨ, ਆਇਨਡਿਇਓਂ ਸੋਮਬੇਪੋ

ਉਨ੍ਹਾਂ ਦੱਸਿਆ, "ਉਸ ਦੁਪਹਿਰ ਅਸੀਂ ਸਰਹੱਦ ਦੇ ਬੇਹੱਦ ਕਰੀਬ ਟਹਿਲ ਰਹੇ ਸੀ ਅਤੇ ਉਹ ਲੋਕ ਸਰਹੱਦ ਦੇ ਸੌ ਮੀਟਰ ਅੰਦਰ ਮੈਨੂੰ ਮਿਲੇ। ਮੈਨੂੰ ਬਿਠਾ ਲਿਆ ਅਤੇ ਪੁੱਛਿਆ ਆਲੇ-ਦੁਆਲੇ ਕਿੰਨੇ ਭਾਰਤੀ ਫ਼ੌਜੀ ਹਨ। ਮੈਂ ਕਿਹਾ ਕਿ ਸਾਡੀ ਫ਼ੌਜ ਦੇ 300 ਜਵਾਨ ਹਨ, ਉਹ ਇੱਥੇ ਥੋੜ੍ਹੀ ਦੇਰ ਰਹੇ ਅਤੇ ਫਿਰ ਵਾਪਸ ਚਲੇ ਗਏ।''

ਲੋਕਾਂ ਦਾ ਦਾਅਵਾ ਹੈ ਕਿ ਛਾਗਲਾਗਾਮ ਵਿੱਚ ਰਹਿਣ ਵਾਲੇ ਜ਼ਿਆਦਾਤਰ ਲੋਕ ਚੀਨ ਦੀ ਸਰਹੱਦ ਪਾਰ ਕਰ ਚੁੱਕੇ ਹਨ ਅਤੇ ਮਾਪਿਕਮ ਟੇਗਾ ਦੇ ਮੁਤਾਬਕ ਉੱਧਰ ਵਿਕਾਸ ਬਹੁਤ ਨਜ਼ਰ ਆਉਂਦਾ ਹੈ।

ਤਿੰਨ ਮੰਜ਼ਿਲਾ ਇਮਾਰਤਾਂ ਹਨ ਅਤੇ ਵਧੀਆ ਸੜ੍ਹਕਾਂ। ਭਾਰਤ ਦੇ ਪਾਸੇ ਅਜੇ ਉਸਦਾ ਇੱਕ-ਤਿਹਾਈ ਵੀ ਵਿਕਾਸ ਨਹੀਂ ਹੋ ਸਕਿਆ ਹੈ।

ਛਾਗਲਾਗਾਮ

ਭਾਰਤ ਅਤੇ ਚੀਨ ਦੇ ਵਿਚਾਲੇ ਇੱਕ ਲੰਬੇ ਵਕਤ ਤੋਂ ਵਿਵਾਦ ਵੀ ਰਿਹਾ ਹੈ ਅਤੇ ਦੋਵੇਂ ਦੇਸ 1962 ਦੀ ਜੰਗ ਵੀ ਝੇਲ ਚੁੱਕੇ ਹਨ।

ਦੋਹਾਂ ਦੇਸਾਂ ਦੇ ਵਿਚਾਲੇ ਡੋਕਲਾਮ 'ਤੇ ਮਹੀਨਿਆਂ ਚੱਲੀ ਖਿੱਚੋਤਾਣ ਖ਼ਾਸੀ ਜੱਦੋਜਹਦ ਤੋਂ ਬਾਅਦ ਖ਼ਤਮ ਹੋਈ।

ਦਰਅਸਲ ਭਾਰਤ ਦੇ ਪੰਜ ਸੂਬਿਆਂ ਦੇ ਪਿੰਡਾਂ ਦੀ ਸਰਹੱਦ ਚੀਨ ਦੇ ਨਾਲ ਜੁੜੀ ਹੋਈ ਹੈ।

ਤੈਅ ਸਰਹੱਦ ਨਹੀਂ

ਸਿੱਕਿਮ ਦੇ ਅਲਾਵਾ ਦੂਜੇ ਸੂਬਿਆਂ ਵਿੱਚ ਕੋਈ ਤੈਅ ਸਰਹੱਦ ਵੀ ਨਹੀਂ ਹੈ।

ਭਾਰਤੀ ਫ਼ੌਜ ਦੇ ਸਾਬਕਾ ਮੁਖੀ ਜਨਰਲ ਵੀ.ਪੀ. ਮਲਿਕ ਨੂੰ ਲੱਗਦਾ ਹੈ ਕਿ ਵਿਵਾਦ ਦਰਅਸਲ ਇੱਕ ਸਕਾਰਤਮਕ ਸੋਚ ਨਾਲ ਹੀ ਸੁਲਝਾਇਆ ਜਾ ਸਕਦਾ ਹੈ।

ਉਨ੍ਹਾਂ ਦੱਸਿਆ, "ਲਾਈਨ ਆਫ ਐੱਕਚੁਅਲ ਕੰਟਰੋਲ ਜਿਸ ਵਿੱਚ ਉਹ ਯਕੀਨ ਰੱਖੇ ਹਨ, ਉਸਨੂੰ ਘੱਟੋਂ-ਘੱਟ ਨਕਸ਼ੇ 'ਤੇ ਮਾਰਕ ਕੀਤਾ ਜਾਏ। ਕਿਉਂਕਿ ਤੁਸੀਂ ਨਕਸ਼ੇ 'ਤੇ ਮਾਰਕ ਕਰ ਦਿਓਗੇ ਤਾਂ ਅੱਜਕਲ ਜੀਪੀਐੱਸ ਨਾਲ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਤੁਸੀਂ ਆਪਣੇ ਇਲਾਕੇ ਵਿੱਚ ਹੋ ਜਾਂ ਦੂਜੇ ਪਾਸੇ। ਮੁਸ਼ਕਿਲ ਇਹ ਹੈ ਕਿ ਚੀਨ ਨੇ ਅਜੇ ਤੱਕ ਉਸਨੂੰ ਮਾਰਕ ਨਹੀਂ ਕਰਨ ਦਿੱਤਾ ਹੈ। ਇਸਲਈ ਚੀਨ ਫੌਜੀ ਵੀ ਕਦੇ-ਕਦੇ ਭਾਰਤ ਵਿੱਚ ਵੇਖੇ ਗਏ ਹਨ।''

ਜਨਰਲ ਵੀਪੀ ਮਲਿਕ
ਤਸਵੀਰ ਕੈਪਸ਼ਨ, ਜਨਰਲ ਵੀਪੀ ਮਲਿਕ

ਦੋਵੇਂ ਤਾਕਤਵਰ ਗੁਆਂਢੀਆਂ ਦੇ ਵਿੱਚ ਗਹਿਮਾ-ਗਹਿਮੀ ਵਿਚਾਲੇ ਉਛਾਲੇ ਮਾਰਦੀ ਹੈ ਤੇ ਫਿਰ ਥੋੜ੍ਹਾ ਠਹਿਰ ਜਾਂਦੀ ਹੈ।

ਪਰ ਭਾਰਤੀ ਸਰਹੱਦ ਤੇ ਰਹਿਣ ਵਾਲੇ ਸੈਂਕੜੇ ਲੋਕਾਂ ਦੇ ਲਈ ਇਸਦਾ ਮਹੱਤਵ ਨਾ ਦੇ ਬਰਾਬਰ ਹੀ ਨਜ਼ਰ ਆਉਂਦਾ ਹੈ।

ਛਾਗਲਾਗਾਮ ਵਿੱਚ ਆਪਣੇ ਘਰ ਦੇ ਬਾਹਰ ਬੈਠੇ ਅਲਿਲਮ ਟੇਗਾ ਡੁੱਬਦੇ ਸੂਰਜ ਨੂੰ ਨਿਹਾਰ ਰਹੇ ਸੀ।

ਉਨ੍ਹਾਂ ਬੱਸ ਇੰਨਾਂ ਹੀ ਕਿਹਾ, ਭਾਰਤ ਵਿੱਚ ਜ਼ਰੂਰ ਹਾਂ ਪਰ ਸਾਡੀ ਫ਼ਿਕਰ ਕਿਸ ਨੂੰ ਹੈ, ਇਹ ਅਜੇ ਤੱਕ ਨਹੀਂ ਪਤਾ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)