ਇਸ ਹਸਪਤਾਲ ਵਿੱਚ ਮਰੀਜ਼ ਮਾਣ ਨਾਲ ਮਰਨ ਲਈ ਆਉਂਦੇ ਹਨ, ਕਿਉਂ ਇਹ ਹਸਪਤਾਲ ਖ਼ਾਸ ਹੈ

    • ਲੇਖਕ, ਮਰੀਨਾ ਰੋਸੀ ਅਤੇ ਵਿਟਰ ਸੇਰਾਨੋ
    • ਰੋਲ, ਬੀਬੀਸੀ ਨਿਊਜ਼

ਬ੍ਰਾਜ਼ੀਲ ਦੇ ਇੱਕ ਸ਼ਹਿਰ ਬਾਹੀਆ ਵਿੱਚ ਜੂਨ ਦੇ ਸ਼ੁਰੂ ਵਿੱਚ ਇੱਕ ਸੋਮਵਾਰ ਦਾ ਦਿਨ ਸੀ ਅਤੇ ਭਾਰੀ ਬਾਰਿਸ਼ ਤੋਂ ਬਾਅਦ ਸਾਫ਼ ਅਸਮਾਨ ਸੀ। 90 ਸਾਲਾ ਆਇਰਟਨ ਮੋਂਟ ਸੇਰਾਟ ਹਸਪਤਾਲ ਦੇ ਇੱਕ ਵਿਸ਼ਾਲ, ਰੌਸ਼ਨ ਕਮਰੇ ਵਿੱਚ ਤਿੰਨ ਬਿਸਤਰਿਆਂ ਵਿੱਚੋਂ ਇੱਕ ʼਤੇ ਸੀ।

ਸਿਡੇਡ ਬੈਕਸਾ (ਲੋਅਰ ਸਿਟੀ) ਵਿੱਚ ਮੋਂਟ ਸੇਰਾਟ ਦੀ ਸਹੂਲਤ ਬਾਰੇ ਗੱਲ ਕਰਦੇ ਹੋਏ ਉਹ ਕਹਿੰਦੇ ਹਨ, "ਜਦੋਂ ਉਨ੍ਹਾਂ ਨੇ ਮੈਨੂੰ ਦੱਸਿਆ ਕਿ ਮੈਂ ਇਸ ਹਸਪਤਾਲ ਵਿੱਚ ਆ ਰਿਹਾ ਹਾਂ, ਤਾਂ ਮੈਨੂੰ ਨਹੀਂ ਪਤਾ ਸੀ ਕਿ ਇਹ ਇੱਥੇ ਹੈ।"

ਗੱਲ ਕਰਦੇ-ਕਰਦੇ ਆਇਰਟਨ ਯਾਦਾਂ ਵਿੱਚ ਚਲੇ ਗਏ ਅਤੇ ਇੱਕ ਡੂੰਘਾ ਸਾਹ ਲੈਂਦੇ ਹੋਏ ਉਨ੍ਹਾਂ ਨੇ ਕੰਬਦੀ ਆਵਾਜ਼ ਵਿੱਚ ਆਪਣੇ ਰੇਸਰ ਵਜੋਂ ਸਾਲਾਂ ਦੇ ਕਰੀਅਰ, ਉਨ੍ਹਾਂ ਦੇ ਪਰਿਵਾਰ ਅਤੇ ਉਸ ਇਲਾਕੇ ਵਿੱਚ ਆਪਣੇ ਇੱਕ ਪੁੱਤਰ ਦੇ ਜਨਮ ਬਾਰੇ ਵਿਸਥਾਰ ਵਿੱਚ ਗੱਲ ਕੀਤੀ।

ਸੈਲਵਾਡੋਰ ਦੇ ਮੈਟਰੋਪੋਲੀਟਨ ਖੇਤਰ ਦੇ ਇੱਕ ਛੋਟੇ ਜਿਹੇ ਕਸਬੇ ਪੋਜੂਕਾ ਵਿੱਚ ਜੰਮੇ ਆਇਰਟਨ ਲਗਭਗ 8 ਸਾਲ ਦੀ ਉਮਰ ਵਿੱਚ ਆਪਣੇ ਪਰਿਵਾਰ ਨਾਲ ਸ਼ਹਿਰ ਵਿੱਚ ਆ ਗਏ ਸਨ ਅਤੇ ਹੁਣ ਤੱਕ ਉਨ੍ਹਾਂ ਦਾ ਸ਼ਹਿਰ ਨਾਲ ਮੋਹ ਹੈ।

ਉਹ ਆਖਦੇ ਹਨ, "ਇਹ ਬਹੁਤ ਸੁੰਦਰ ਹੈ।"

ਉਨ੍ਹਾਂ ਨੇ ਇੱਕ ਟ੍ਰੈਵਲ ਏਜੰਸੀ ਖੋਲ੍ਹੀ, ਵਿਆਹ ਕੀਤਾ ਅਤੇ ਖੇਡਾਂ, ਕੰਮ ਅਤੇ ਪਰਿਵਾਰ ਦੇ ਵਿਚਕਾਰ ਆਪਣੀ ਜ਼ਿੰਦਗੀ ਬਤੀਤ ਕੀਤੀ।

ਆਇਰਟਨ ਨੂੰ ਅੰਤ ਵਿੱਚ ਜਦੋਂ ਇਹ ਪਤਾ ਲੱਗਾ ਕਿ ਹਸਪਤਾਲ ਸ਼ਹਿਰ ਦੇ ਇੱਕ ਅਜਿਹੇ ਖੇਤਰ ਵਿੱਚ ਸਥਿਤ ਸੀ ਜਿੱਥੇ ਉਨ੍ਹਾਂ ਦੀਆਂ ਬਹੁਤ ਸਾਰੀਆਂ ਪਿਆਰੀਆਂ ਯਾਦਾਂ ਸਨ ਤਾਂ ਉਹ ਹੈਰਾਨ ਹੋ ਗਏ।

ਉਨ੍ਹਾਂ ਨੇ ਕਿਹਾ, "ਜਦੋਂ ਮੈਂ ਇੱਥੇ ਪਹੁੰਚਿਆ, ਤਾਂ ਮੈਨੂੰ ਆਪਣੇ ਅੰਦਰ ਨਵੀਂ ਤਾਕਤ ਮਹਿਸੂਸ ਹੋਈ।"

ਉਹ ਮੋਂਟ ਸੇਰਾਟ ਹਸਪਤਾਲ ਦੇ 70 ਬਿਸਤਰਿਆਂ ਵਿੱਚੋਂ ਇੱਕ ʼਤੇ ਸਨ, ਜੋ ਕਿ ਸੈਲਵਾਡੋਰ ਦੇ ਸਭ ਤੋਂ ਮਸ਼ਹੂਰ ਸਥਾਨਾਂ ਵਿੱਚੋਂ ਇੱਕ, ਸੇਨੋਰ ਡੂ ਬੋਨਫਿਮ ਚਰਚ ਦੇ ਨੇੜੇ 19ਵੀਂ ਸਦੀ ਦੇ ਇੱਕ ਮਹਿਲ ਵਿੱਚ ਚੱਲਦਾ ਹੈ।

ਪਹਿਲਾਂ, ਇਹ ਛੂਤ ਦੀਆਂ ਬਿਮਾਰੀਆਂ ਦਾ ਹਸਪਤਾਲ ਸੀ, ਪਰ ਜਨਵਰੀ ਦੇ ਅੰਤ ਤੋਂ, ਇਸ ਨੇ ਬ੍ਰਾਜ਼ੀਲੀਅਨ ਯੂਨੀਫਾਈਡ ਹੈਲਥ ਸਿਸਟਮ (ਐੱਸਯੂਐੱਸ) ਦਾ ਪਹਿਲਾ ਅਤੇ ਹੁਣ ਤੱਕ, ਇੱਕੋ ਇੱਕ ਜਨਰਲ ਪੈਲੀਏਟਿਵ ਕੇਅਰ ਹਸਪਤਾਲ ਰੱਖਿਆ ਹੈ।

ਇੱਕ ਪਿਛਲੀ ਪਹਿਲਕਦਮੀ ਵਿੱਚ, ਨੈਸ਼ਨਲ ਕੈਂਸਰ ਇੰਸਟੀਚਿਊਟ (ਆਈਐੱਨਸੀਏ) ਨੇ ਪੈਲੀਏਟਿਵ ਕੇਅਰ ਦੀ ਲੋੜ ਵਾਲੇ ਆਪਣੇ ਮਰੀਜ਼ਾਂ ਲਈ ਇੱਕ ਸਮਰਪਿਤ ਯੂਨਿਟ ਬਣਾਈ ਸੀ, ਉਹ ਵੀ ਐੱਸਯੂਐੱਸ ਦੇ ਸਮਰਥਨ ਨਾਲ।

ਪੈਲੀਏਟਿਵ ਕੇਅਰ ਗੰਭੀਰ ਜਾਂ ਲਾਇਲਾਜ ਬਿਮਾਰੀਆਂ ਵਾਲੇ ਮਰੀਜ਼ਾਂ ਦੇ ਜੀਵਨ ਦੀ ਗੁਣਵੱਤਾ ਅਤੇ ਲੱਛਣਾਂ ਨੂੰ ਬਿਹਤਰ ਬਣਾਉਣ 'ਤੇ ਕੇਂਦ੍ਰਤ ਕਰਦੀ ਹੈ। ਇਹ ਪਰਿਵਾਰਕ ਦੇਖਭਾਲ 'ਤੇ ਵੀ ਧਿਆਨ ਕੇਂਦ੍ਰਿਤ ਕਰਦਾ ਹੈ, ਮਰੀਜ਼ ਦੀ ਮੌਤ ਨੂੰ ਤੇਜ਼ ਨਹੀਂ ਕਰਦਾ ਅਤੇ ਨਾ ਹੀ ਘੱਟ ਕਰਦਾ ਹੈ, ਸਗੋਂ ਸਰੀਰਕ, ਮਨੋਵਿਗਿਆਨਕ ਅਤੇ ਅਧਿਆਤਮਿਕ ਦੁੱਖਾਂ ਨੂੰ ਘਟਾਉਣ ਦੀ ਕੋਸ਼ਿਸ਼ ਕਰਦਾ ਹੈ।

ਬਾਹੀਆ ਡਿਪਾਰਟਮੈਂਟ ਆਫ਼ ਹੈਲਥ ਦੇ ਪੈਲੀਏਟਿਵ ਕੇਅਰ ਸੈਂਟਰ ਦੀ ਕੋਆਰਡੀਨੇਟਰ ਡਾ. ਕੈਰੋਲੀਨ ਅਪੋਲੋਨੀਆ ਸਮਝਾਉਂਦੇ ਹਨ, "ਇੱਥੇ, ਅਸੀਂ ਮੌਤ 'ਤੇ ਧਿਆਨ ਨਹੀਂ ਦਿੰਦੇ। ਅਸੀਂ ਦੂਜਿਆਂ ਦੀ ਰਹਿੰਦੀ ਜ਼ਿੰਦਗੀ ਤੱਕ ਉਨ੍ਹਾਂ ਦੀ ਦੇਖਭਾਲ ਕਰਨ 'ਤੇ ਧਿਆਨ ਦਿੰਦੇ ਹਾਂ।"

ਆਇਰਟਨ ਦੀ ਧੀ ਆਇਰਟਨ ਜੂਨੀਅਰ ਨੇ ਕਿਹਾ, "ਉਨ੍ਹਾਂ ਨੇ ਪੁੱਛਿਆ ਕਿ ਕੀ ਮੇਰੇ ਪਿਤਾ ਜੀ ਸ਼ੇਵ ਕਰਨਾ ਚਾਹੁੰਦੇ ਹਨ, ਉਹ ਕਿਸ ਟੀਮ ਦਾ ਸਮਰਥਨ ਕਰਦੇ ਹਨ, ਉਹ ਕੀ ਖਾਣਾ ਪਸੰਦ ਕਰਦੇ ਹਨ, ਕੀ ਉਹ ਸੰਗੀਤ ਪਸੰਦ ਕਰਦੇ ਹਨ। ਇਸ ਲਈ ਸਾਨੂੰ ਇਹ ਜਾਣ ਕੇ ਤਸੱਲੀ ਹੋਈ ਕਿ ਉਨ੍ਹਾਂ ਦੀ ਦੇਖਭਾਲ ਚੰਗੀ ਤਰ੍ਹਾਂ ਕੀਤੀ ਜਾਂਦੀ ਹੈ।"

ਜੂਨੀਅਰ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਨੂੰ ਪ੍ਰੋਸਟੇਟ ਕੈਂਸਰ ਹੈ ਅਤੇ ਚਮੜੀ ਦੇ ਕੈਂਸਰ ਦੇ ਇਲਾਜ ਲਈ ਉਨ੍ਹਾਂ ਦੇ ਨੱਕ ਅਤੇ ਸਿਰ 'ਤੇ ਰੇਡੀਏਸ਼ਨ ਥੈਰੇਪੀ ਕਰਵਾਈ ਗਈ ਸੀ।

ਉਨ੍ਹਾਂ ਨੇ ਦੱਸਿਆ, "ਉਹ ਕਈ ਮੈਰਾਥਨ ਵਿੱਚ ਦੌੜੇ ਹਨ ਅਤੇ ਮੇਰੇ ਕੋਲ ਘਰ ਵਿੱਚ ਉਨ੍ਹਾਂ ਦੀਆਂ ਕਈ ਟਰਾਫੀਆਂ ਪਈਆਂ ਹਨ।"

ਪਰ ਹੁਣ ਤਰਜੀਹ ਵਰਤਮਾਨ ਹੈ।

ਉਹ ਕਹਿੰਦੀ ਹੈ, "ਅਸੀਂ ਇਹ ਸੋਚਦੇ ਹਾਂ ਕਿ ਮੌਜੂਦਾ ਸਮੇਂ ਵਿੱਚ ਸਾਡੇ ਪਿਤਾ ਲਈ ਕੀ ਮਹੱਤਵਪੂਰਨ ਹੈ। ਉਨ੍ਹਾਂ ਨੂੰ ਠੀਕ ਹੋਣ ਦੀ ਲੋੜ ਹੈ, ਇਹੀ ਅਸੀਂ ਸੋਚਦੇ ਹਾਂ, ਇਹੀ ਉਨ੍ਹਾਂ ਦਾ ਪਰਿਵਾਰ ਸੋਚਦਾ ਹੈ।"

ਆਈਸੀਯੂ ਤੋਂ ਬਿਨਾਂ ਇੱਕ ਹਸਪਤਾਲ

ਮੌਂਟ ਸੇਰਾਟ ਕੋਈ ਰਵਾਇਤੀ ਹਸਪਤਾਲ ਵਾਂਗ ਨਹੀਂ ਜਾਪਿਆ।

ਇੱਥੇ ਨਾ ਹੀ ਕੋਈ ਰਿਸਸਕਸ਼ਨ ਦੀ ਸਹੂਲਤ (ਭਾਵ ਐਮਰਜੈਂਸੀ ਵਾਰਡ) ਅਤੇ ਨਾ ਹੀ ਇੱਕ ਇੰਟੈਂਸਿਵ ਕੇਅਰ ਯੂਨਿਟ (ਆਈਸੀਯੂ) ਹੈ।

ਆਈਸੀਯੂ ਵਿੱਚ ਦਾਖ਼ਲ ਹੋਣ ਦੀ ਮੈਰਾਥਨ ਦੌੜਨ ਨਾਲ ਤੁਲਨਾ ਕਰਨ ਵਾਲੀ ਕੈਰੋਲੀਨ ਨੇ ਕਿਹਾ ਕਿ ਇਹ ਦਾਖ਼ਲ ਮਰੀਜ਼ਾਂ ਦੀ ਸਥਿਤੀ ਦੇ ਅਨੁਕੂਲ ਨਹੀਂ ਹੈ।

ਡਾਕਟਰ ਨੇ ਸਮਝਾਇਆ, "ਜੇਕਰ ਮੈਂ ਇਸ ਮਰੀਜ਼ ਨੂੰ ਮੈਰਾਥਨ ਦੌੜਨ ਲਈ ਮਜਬੂਰ ਕਰਦਾ ਹਾਂ, ਤਾਂ ਮੈਂ ਉਨ੍ਹਾਂ ਨੂੰ ਸਿਰਫ਼ ਦੁੱਖ ਹੀ ਦੇਵਾਂਗਾ।"

ਉਨ੍ਹਾਂ ਨੇ ਅੱਗੇ ਕਿਹਾ, "ਇਸ ਦੀ ਬਜਾਇ, ਅਸੀਂ ਸੁਝਾਅ ਦਿੰਦੇ ਹਾਂ ਕਿ ਤੁਸੀਂ ਇੱਥੇ ਬੈਠ ਕੇ ਸੂਰਜ ਡੁੱਬਦੇ ਹੋਏ ਦੇਖੋ। ਇਸ ਨੂੰ ਮਾਫ਼ ਕਰਨਾ, ਧੰਨਵਾਦ ਕਰਨਾ, ਮੈਂ ਤੁਹਾਨੂੰ ਪਿਆਰ ਕਰਦਾ ਹਾਂ ਅਤੇ ਅਲਵਿਦਾ ਕਹਿਣ ਦਾ ਮੌਕਾ ਸਮਝੋ।"

ਪੈਲੀਏਟਿਵ ਕੇਅਰ ਹਾਸਲ ਕਰਨ ਲਈ, ਇੱਕ ਮਰੀਜ਼ ਨੂੰ ਐਮਰਜੈਂਸੀ ਵਿਭਾਗ (ਈਡੀਡੀ) ਦੁਆਰਾ ਰੈਫਰ ਕੀਤਾ ਜਾਣਾ ਚਾਹੀਦਾ ਹੈ ਅਤੇ ਕੁਝ ਮਾਪਦੰਡਾਂ ਨੂੰ ਪੂਰਾ ਕਰਨਾ ਪੈਂਦਾ ਹੈ, ਜਿਵੇਂ ਕਿ ਇੱਕ ਗੰਭੀਰ ਬਿਮਾਰੀ ਦਾ ਨਿਦਾਨ ਅਤੇ ਛੇ ਮਹੀਨਿਆਂ ਦੀ ਅਨੁਮਾਨਤ ਜੀਵਨ ਸੰਭਾਵਨਾ।

ਕੈਰੋਲੀਨ ਮੁਤਾਬਕ, ਪਰਿਵਾਰ ਅਤੇ ਮਰੀਜ਼ ਨੂੰ "ਔਖੀ ਗੱਲਬਾਤ" ਦਾ ਵੀ ਸਾਹਮਣਾ ਕਰਨਾ ਪਿਆ ਹੋਵੇਗਾ, ਭਾਵ ਇੱਕ ਲਾਇਲਾਜ ਬਿਮਾਰੀ ਬਾਰੇ ਚਰਚਾ ਅਤੇ ਇਹ ਪਤਾ ਲੱਗਣਾ ਕਿ ਆਈਸੀਯੂ ਉਨ੍ਹਾਂ ਨੂੰ ਜ਼ਿੰਦਾ ਰੱਖਣ ਦੇ ਬਦਲਾਂ ਵਿੱਚੋਂ ਨਹੀਂ ਹੈ।

ਮੌਂਟ ਸੇਰਾਟ ਦੀ ਇੱਕ ਹੋਰ ਵਿਸ਼ੇਸ਼ਤਾ ਇਹ ਹੈ ਕਿ ਮੁਰਦਾਘਰ ਕੇਂਦਰ ਵਿੱਚ ਸਥਿਤ ਹੈ ਅਤੇ ਉਸੇ ਜਗ੍ਹਾ ਇੱਕ ਸਲਾਈਡਿੰਗ ਦਰਵਾਜ਼ੇ ਖੁੱਲ੍ਹਣ ਵਾਲੇ ਸੌਦਾਡੇ (ਭਾਵ ਪੁਰਾਣੀਆਂ ਯਾਦਾਂ ਜਾਂ ਤਾਂਘ ਵਾਲਾ ਕਮਰਾ) ਹੈ।

ਇੱਥੇ ਹੀ ਪਰਿਵਾਰ ਵਾਲੇ ਰਿਸ਼ਤੇਦਾਰ ਦੀ ਮੌਤ ʼਤੇ ਆਖ਼ਰੀ ਅਲਵਿਦਾ ਕਹਿੰਦੇ ਹਨ ਅਤੇ ਗਲੇ ਮਿਲਦੇ ਹਨ। ਇਸ ਦਾ ਮੁੱਖ ਟੀਚਾ ਪਰਿਵਾਰਕ ਮੈਂਬਰਾ ਦੀ ਵੀ ਦੇਖਭਾਲ ਕਰਨਾ ਹੈ।

ਕਮਰੇ ਵਿੱਚ ਸੋਫਾ, ਟੈਲੀਵਿਜ਼ਨ, ਪਾਣੀ, ਕੌਫੀ ਅਤੇ ਇੱਕ ਲੈਂਪ ਹੈ।

ਪਰਨਮਬੁਕੋ ਦੀ ਇੱਕ 44 ਸਾਲਾ ਡਾਕਟਰ ਕੈਰੋਲੀਨ ਮੁਤਾਬਕ, "ਇਹ ਹਸਪਤਾਲ ਅਸਲ ਵਿੱਚ ਕਈ ਸਾਲਾਂ ਦਾ ਇੱਕ ਸੁਪਨਾ ਸਾਕਾਰ ਹੋਣ ਵਰਗਾ ਹੈ।

ਕੈਰੋਲੀਨ 11 ਸਾਲਾਂ ਤੋਂ ਸੈਲਵਾਡੋਰ ਵਿੱਚ ਰਹਿ ਰਹੀ ਹੈ।

ਇਹ ਸੁਪਨਾ 2019 ਵਿੱਚ ਸ਼ੁਰੂ ਹੋਇਆ ਸੀ, ਜਦੋਂ ਬਾਹੀਆ ਸਿਹਤ ਸਕੱਤਰੇਤ ਦਾ ਪੈਲੀਏਟਿਵ ਕੇਅਰ ਸੈਂਟਰ ਬਣਾਇਆ ਗਿਆ ਸੀ, ਜੋ ਪੂਰੇ ਰਾਜ ਵਿੱਚ ਇਸ ਖੇਤਰ ਵਿੱਚ ਡਾਕਟਰੀ ਮਾਹਰਾਂ ਨੂੰ ਸਿਖਲਾਈ ਦਿੰਦਾ ਸੀ।

ਮਈ 2024 ਵਿੱਚ, ਸਿਹਤ ਮੰਤਰਾਲੇ ਨੇ ਰਾਸ਼ਟਰੀ ਪੈਲੀਏਟਿਵ ਕੇਅਰ ਨੀਤੀ ਸ਼ੁਰੂ ਕੀਤੀ ਸੀ। ਇਸੇ ਤਰ੍ਹਾਂ, 2023 ਤੋਂ ਦੇਸ਼ ਭਰ ਦੇ ਮੈਡੀਕਲ ਸਕੂਲਾਂ ਵਿੱਚ ਪੈਲੀਏਟਿਵ ਕੇਅਰ ਇੱਕ ਲਾਜ਼ਮੀ ਵਿਸ਼ਾ ਰਿਹਾ ਹੈ।

ਬਾਹੀਆ ਵਿੱਚ, ਇੱਕ ਨੈੱਟਵਰਕ ਵਿਸ਼ਲੇਸ਼ਣ ਤੋਂ ਬਾਅਦ ਪ੍ਰੋਜੈਕਟ ਅਮਲ ਵਿੱਚ ਆਇਆ।

ਕੈਰੋਲੀਨ ਨੇ ਕਿਹਾ, "ਸਾਨੂੰ ਅਹਿਸਾਸ ਹੋਇਆ ਕਿ ਬਾਹੀਆ ਵਿੱਚ ਪੂਰੇ ਜਨਤਕ ਸਿਹਤ ਨੈੱਟਵਰਕ ਦੇ 20 ਤੋਂ 30 ਫੀਸਦ ਦੇ ਵਿਚਕਾਰ ਮਰੀਜ਼ਾਂ ਨੂੰ ਇੱਕ ਵਿਸ਼ੇਸ਼ ਪੈਲੀਏਟਿਵ ਕੇਅਰ ਯੂਨਿਟ ਵਿੱਚ ਟ੍ਰਾਂਸਫਰ ਕਰਨ ਦੀ ਲੋੜ ਪੈਂਦੀ ਹੈ।"

ਹਸਪਤਾਲ ਦੇ ਮੈਡੀਕਲ ਡਾਇਰੈਕਟਰ ਯੈਨ ਅਮੋਰਿਮ ਨੇ ਸਮਝਾਇਆ, "ਅਸੀਂ ਨਹੀਂ ਚਾਹੁੰਦੇ ਸੀ ਕਿ ਮਰੀਜ਼ ਇੱਥੇ ਪਹੁੰਚਣ ਅਤੇ ਤੁਰੰਤ ਮਰ ਜਾਣ ਤੇ ਨਾ ਹੀ ਇਹ ਪੁਰਾਣੀਆਂ ਬਿਮਾਰੀਆਂ ਲਈ ਇੱਕ ਹਸਪਤਾਲ ਬਣੇ।"

ਇਸ ਲਈ, ਮੌਂਟ ਸੇਰਾਟ ਆਉਣ ਵਾਲੇ ਮਰੀਜ਼ਾਂ ਦੀ ਅਨੁਮਾਨਿਤ ਉਮਰ ਛੇ ਮਹੀਨੇ ਹੈ। ਕੁਝ ਜ਼ਿਆਦਾ ਸਮੇਂ ਤੱਕ ਜਿਉਂਦੇ ਹਨ ਅਤੇ ਉਨ੍ਹਾਂ ਨੂੰ ਦੇਖਭਾਲ ਲਈ ਉਨ੍ਹਾਂ ਦੇ ਪਰਿਵਾਰਾਂ ਕੋਲ ਵਾਪਸ ਭੇਜ ਦਿੱਤਾ ਜਾਂਦਾ ਹੈ।

ਕਈ ਬਹੁਤ ਘੱਟ ਜ਼ਿੰਦਗੀ ਜੀਉਂਦੇ ਹਨ। ਇਸ ਤਰ੍ਹਾਂ ਔਸਤਨ ਅੱਠ ਦਿਨ ਹਸਪਤਾਲ ਵਿੱਚ ਲੋਕ ਰਹਿੰਦੇ ਹਨ।

ਯੈਨ ਸਮਝਾਉਂਦੇ ਹਨ, "ਮਰੀਜ਼ ਨੂੰ ਇਹ ਜਾਣਦੇ ਹੋਏ ਅਤੇ ਸਮਝਦੇ ਹੋਏ ਛੁੱਟੀ ਦਿੱਤੀ ਜਾਂਦੀ ਹੈ ਕਿ ਉਹ ਅਜੇ ਵੀ ਆਪਣੀ ਬਿਮਾਰੀ ਨਾਲ ਜੁਝ ਰਿਹਾ ਹੈ।"

"ਪਰ ਉਹ ਇਸ ਸ਼ਰਤ 'ਤੇ ਘਰ ਵਾਪਸ ਜਾਂਦੇ ਹਨ ਕਿ ਉਹ ਉਸ ਚੀਜ਼ ਨਾਲ ਜੁੜੇ ਰਹਿਣਾ ਹੈ ਜੋ ਅਕਸਰ ਉਸ ਦੇ ਲਈ ਪਵਿੱਤਰ ਹੁੰਦੀ ਹੈ ਤੇ ਉਹ ਹੁੰਦਾ ਹੈ ਉਸਦਾ ਪਰਿਵਾਰ।"

ਛੁੱਟੀ ਮਿਲਣ ʼਤੇ ਮਰੀਜ਼ ਘਰ ਵਿੱਚ ਆਪਣਾ ਇਲਾਜ ਜਾਰੀ ਰੱਖ ਸਕਦੇ ਹਨ, ਕਦੇ-ਕਦੇ ਮੋਂਟ ਸੇਰਾਟ ਆਊਟਪੇਸ਼ੈਂਟ ਕਲੀਨਿਕ ਵਿੱਚ ਜਾਂਦੇ ਹਨ, ਜਾਂ ਫਿਰ ਉਹ ਪਰਿਵਾਰ ਅਤੇ ਦੋਸਤਾਂ ਵਿਚਕਾਰ ਵੀ ਮਰ ਸਕਦੇ ਹਨ।

ਬੀਬੀਸੀ ਨਿਊਜ਼ ਬ੍ਰਾਜ਼ੀਲ ਨੇ ਦੋ ਵਾਰ ਸੰਸਥਾ ਦਾ ਦੌਰਾ ਕੀਤਾ, ਇੱਕ ਵਾਰ ਅਪ੍ਰੈਲ ਦੇ ਸ਼ੁਰੂ ਵਿੱਚ ਅਤੇ ਫਿਰ ਉਸ ਦੇ ਠੀਕ ਦੋ ਮਹੀਨਿਆਂ ਬਾਅਦ। ਪਹਿਲੀ ਮੁਲਾਕਾਤ 'ਤੇ ਉੱਥੇ ਮੌਜੂਦ ਕੋਈ ਵੀ ਮਰੀਜ਼ ਦੂਜੀ ਮੁਲਾਕਾਤ ਮੌਕੇ ਉੱਥੇ ਨਹੀਂ ਸੀ।

ʻਮੇਰੇ ਪਤੀ ਮ੍ਰਿਤ ਹਾਲਾਤ ਵਿੱਚ ਪਹੁੰਚੇʼ

ਅਪ੍ਰੈਲ ਦੀ ਸ਼ੁਰੂਆਤ ਵਿੱਚ, 48 ਸਾਲਾ ਰਿਟਾਇਰ ਐਂਜੇਲਾ ਮਾਰੀਆ ਬਾਰਬੋਸਾ ਟੇਕਸੀਰਾ ਦੇ ਸਾਥੀ ਲਗਭਗ ਇੱਕ ਮਹੀਨੇ ਤੋਂ ਹਸਪਤਾਲ ਵਿੱਚ ਦਾਖ਼ਲ ਸੀ।

ਲੁੱਟੇ ਜਾਣ ਅਤੇ ਸਿਰ ਵਿੱਚ ਕਈ ਵਾਰ ਸੱਟਾਂ ਲੱਗਣ ਤੋਂ ਬਾਅਦ, 33 ਸਾਲਾ ਡੋਨੀਜ਼ੇਟ ਸੈਂਟਾਨਾ ਡੀ ਓਲੀਵੀਰਾ ਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਖੋਪੜੀ ਵਿੱਚ ਕੈਂਸਰ ਕਾਰਨ ਸੋਜ ਸੀ। ਐਂਜੇਲਾ ਨੇ ਕਹਾਣੀ ਇਸ ਲਈ ਦੱਸੀ ਕਿਉਂਕਿ ਉਨ੍ਹਾਂ ਦੇ ਪਤੀ ਹੁਣ ਬੋਲ ਜਾਂ ਹਿੱਲ ਨਹੀਂ ਸਕਦੇ ਸਨ।

ਸਰਜਰੀ ਅਤੇ ਕੀਮੋਥੈਰੇਪੀ ਦੇ ਬਾਵਜੂਦ, ਟਿਊਮਰ ਬਣਿਆ ਰਿਹਾ। ਉਨ੍ਹਾਂ ਨੇ ਦੱਸਿਆ, "ਸਾਰੀਆਂ ਕੋਸ਼ਿਸ਼ਾਂ ਤੋਂ ਬਾਅਦ, ਉਨ੍ਹਾਂ ਨੇ ਪੈਲੀਏਟਿਵ ਕੇਅਰ ਦੀ ਸਿਫ਼ਾਰਸ਼ ਕੀਤੀ। ਅਸੀਂ ਬੇਬਸ ਹੋ ਗਏ ਸੀ। ਇਸ ਤਰ੍ਹਾਂ ਦੀਆਂ ਖ਼ਬਰਾਂ ਨਾਲ ਕੌਣ ਖੁਸ਼ ਹੁੰਦਾ ਹੈ?"

ਉਸ ਸਮੇਂ, ਡੋਨੀਜ਼ੇਟ ਨੂੰ ਇੱਕ ਹੋਰ ਜਨਤਕ ਹਸਪਤਾਲ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।

ਉਨ੍ਹਾਂ ਨੇ ਅੱਗੇ ਦੱਸਿਆ, "ਉਨ੍ਹਾਂ ਨੂੰ ਉੱਥੇ ਬਹੁਤ ਪਰੇਸ਼ਾਨੀ ਹੋਈ, ਉਹ ਬਹੁਤ ਬੁਰੀ ਹਾਲਤ ਵਿੱਚ ਸਨ, ਉਹ ਚੀਕ ਰਹੇ ਸਨ।" ਇੱਕ ਸ਼ਬਦ ਵਿੱਚ, ਉਨ੍ਹਾਂ ਨੇ ਮੌਂਟ ਸੇਰਾਟ ਪਹੁੰਚਣ 'ਤੇ ਡੋਨੀਜ਼ੇਟ ਦੀ ਹਾਲਤ ਦਾ ਸਾਰ ਦਿੱਤਾ ਕਿਹਾ, "ਉਹ ਮਰ ਗਏ।"

ਉਨ੍ਹਾਂ ਨੇ ਦੱਸਿਆ, "ਪਰ ਜਦੋਂ ਅਸੀਂ ਇੱਥੇ ਪਹੁੰਚੇ, ਤਾਂ ਉਨ੍ਹਾਂ ਨੇ ਸਾਡੇ ਨਾਲ ਇੰਨਾ ਵਧੀਆ ਵਿਵਹਾਰ ਕੀਤਾ ਕਿ ਇਹ ਬਿਹਤਰ ਹੋਣ ਲੱਗੇ।”

"ਸਫਾਈ ਕਰਨ ਵਾਲੀਆਂ ਔਰਤਾਂ ਤੋਂ ਲੈ ਕੇ ਮਨੋਵਿਗਿਆਨੀਆਂ ਤੱਕ, ਸਾਰਿਆਂ ਨੇ ਸਾਡਾ ਖੁੱਲ੍ਹੇ ਦਿਲ ਨਾਲ ਸਵਾਗਤ ਕੀਤਾ। ਅਜਿਹਾ ਕਿਤੇ ਹੋਰ ਨਹੀਂ ਹੁੰਦਾ, ਇਸੇ ਲਈ ਮੈਂ ਕਹਿੰਦੀ ਹਾਂ ਕਿ ਇਹ ਇੱਕ ਛੋਟਾ ਜਿਹਾ ਸਵਰਗ ਹੈ।"

430 ਲੋਕਾਂ ਦੀ ਬਣੀ ਪੂਰੀ ਹਸਪਤਾਲ ਦੀ ਟੀਮ, ਇੱਕੋ-ਜਿਹੀ ਸਿਖਲਾਈ ਹਾਸਲ ਕਰਦੀ ਹੈ।

ਸੁਰੱਖਿਆ ਗਾਰਡ, ਸਫਾਈ ਕਰਮਚਾਰੀ, ਨਰਸਾਂ ਅਤੇ ਡਾਕਟਰ ਅਜਿਹੀਆਂ ਗਤੀਸ਼ੀਲਤਾਵਾਂ ਵਿੱਚ ਹਿੱਸਾ ਲੈਂਦੇ ਹਨ ਜੋ ਹਮਦਰਦੀ ਅਤੇ ਸਵਾਲਾਂ ਨੂੰ ਸੰਬੋਧਿਤ ਕਰਦੀਆਂ ਹਨ ਜਿਵੇਂ ਕਿ, ਜੇਕਰ ਤੁਸੀਂ ਇੱਥੇ ਆਉਂਦੇ ਹੋ ਤਾਂ ਤੁਸੀਂ ਕਿਵੇਂ ਇਲਾਜ ਕਰਵਾਉਣਾ ਚਾਹੋਗੇ? ਇਸ ਸਮੇਂ ਦੌਰਾਨ ਤੁਸੀਂ ਕੀ ਮੰਗੋਗੇ?

ਮਰੀਜ਼ਾਂ ਨਾਲ ਇਹ ਸਵਾਲ ਰੋਜ਼ਾਨਾ ਦੁਹਰਾਏ ਜਾਂਦੇ ਹਨ।

86 ਸਾਲਾ ਘਰੇਲੂ ਔਰਤ ਹੱਸਦੀ ਹੋਈ ਹੇਲਿਤਾ ਮਾਰੀਆ ਡਾ ਸਿਲਵਾ ਕਹਿੰਦੀ ਹੈ, "ਉਹ ਮੈਨੂੰ ਪੁੱਛਦੇ ਹਨ ਕਿ ਮੈਂ ਕੀ ਚਾਹੁੰਦੀ ਹਾਂ, ਮੈਨੂੰ ਸਭ ਤੋਂ ਵੱਧ ਕੀ ਪਸੰਦ ਹੈ, ਮੈਂ ਕੀ ਖਾਣਾ ਚਾਹੁੰਦੀ ਹਾਂ। ਮੈਂ ਇੱਥੇ ਇੱਕ ਅਮੀਰ ਔਰਤ ਵਾਂਗ ਮਹਿਸੂਸ ਕਰ ਰਹੀ ਹਾਂ। ਮੈਨੂੰ ਇਹ ਮਾਹੌਲ ਕਿੱਥੇ ਮਿਲਣਾ ਸੀ?"

ਮਾਰੀਆ ਨੂੰ ਵੀ ਬੀਬੀਸੀ ਦੀ ਟੀਮ ਆਇਰਟਨ ਵਾਂਗ, ਜੂਨ ਦੇ ਸ਼ੁਰੂ ਵਿੱਚ ਹਸਪਤਾਲ ਦੀ ਆਪਣੀ ਦੂਜੀ ਫੇਰੀ ਦੌਰਾਨ ਮਿਲੀ ਸੀ।

54 ਸਾਲਾ ਪ੍ਰੋਡਕਸ਼ਨ ਅਸਿਸਟੈਂਟ ਜੋਓਓ ਰਾਇਮੁੰਡੋ ਡਾ ਸਿਲਵਾ ਵਿਟੋਰੀਆ ਟੈਲੀਵਿਜ਼ਨ ਦੇਖਦੇ ਹੋਏ ਆਪਣੇ ਪੁੱਤਰ ਨਾਲ ਬਿਸਤਰੇ 'ਤੇ ਆਰਾਮ ਕਰ ਰਹੀ ਹੈ।

ਜੋਓਓ ਨੇ ਕਿਹਾ ਕਿ ਉਨ੍ਹਾਂ ਦੀ ਮਾਂ ਜਿਗਰ ਦੇ ਕੈਂਸਰ ਨਾਲ ਪੀੜਤ ਹਨ। ਉਨ੍ਹਾਂ ਦੀ ਵਧਦੀ ਉਮਰ ਕਾਰਨ ਉਨ੍ਹਾਂ ਦਾ ਆਪ੍ਰੇਸ਼ਨ ਨਾ ਕਰਨ ਦਾ ਫ਼ੈਸਲਾ ਲੈਣ ਮਗਰੋਂ, ਉਹ ਇੱਥੇ ਚੰਗਾ ਇਲਾਜ ਕਰਵਾ ਰਹੀ ਹੈ।

ਹੈਲੀਟਾ ਕਹਿੰਦੇ ਹਨ, "ਉਹ ਮੇਰੇ ਨਾਲ ਇੱਕ ਬੱਚੇ ਵਾਂਗ ਵਿਹਾਰ ਕਰਦੇ ਹਨ।" ਹੈਲੀਟਾ ਨੂੰ ਦੋ ਦਿਨ ਬਾਅਦ ਛੁੱਟੀ ਦੇ ਦਿੱਤੀ ਗਈ ਸੀ।

ਡੋਨੀਜ਼ੇਟ ਦੀ ਸਾਥੀ, ਐਂਜੇਲਾ ਨੇ ਵੀ ਦੇਖਭਾਲ ਲਈ ਧੰਨਵਾਦ ਪ੍ਰਗਟ ਕੀਤਾ।

ਉਨ੍ਹਾਂ ਨੇ ਕਿਹਾ, "ਮੈਂ ਖੁਸ਼ ਹਾਂ ਕਿਉਂਕਿ ਜਦੋਂ ਰੱਬ ਉਨ੍ਹਾਂ ਨੂੰ ਲੈ ਗਿਆ ਤਾਂ ਮੈਂ ਜਾਣਦੀ ਹਾਂ ਕਿ ਇਸ ਹਸਪਤਾਲ ਨੇ ਉਨ੍ਹਾਂ ਨੂੰ ਇੱਕ ਖੁਸ਼ਹਾਲ ਅੰਤ ਦਿੱਤਾ ਹੈ, ਇੱਕ ਦਰਦ ਤੋਂ ਬਿਨਾਂ, ਚੀਕਾਂ ਤੋਂ ਬਿਨਾਂ, ਬਿਨਾਂ ਰੋਣ ਤੋਂ।"

ਬੀਬੀਸੀ ਨਿਊਜ਼ ਬ੍ਰਾਜ਼ੀਲ ਦੇ ਹਸਪਤਾਲ ਵਿੱਚ ਪਹਿਲੀ ਫੇਰੀ ਤੋਂ 20 ਦਿਨ ਬਾਅਦ, ਡੋਨੀਜ਼ੇਟ ਦੀ ਮੋਂਟ ਸੇਰਾਟ ਵਿਖੇ ਦੇਖਭਾਲ ਹੇਠ ਦੋ ਮਹੀਨੇ ਬਿਤਾਉਣ ਤੋਂ ਬਾਅਦ 33 ਸਾਲ ਦੀ ਉਮਰ ਵਿੱਚ ਮੌਤ ਹੋ ਗਈ।

ਇੱਛਾ ਮੌਤ ਨਾਲ ਸੰਬੰਧਿਤ ਨਹੀਂ

ਡਾ. ਕੈਰੋਲੀਨ ਅਪੋਲੋਨੀਆ ਨੇ ਸਮਝਾਇਆ ਕਿ ਹਸਪਤਾਲ, ਜੋ ਕਿ ਪੂਰੀ ਤਰ੍ਹਾਂ ਪੈਲੀਏਟਿਵ ਕੇਅਰ ਲਈ ਸਮਰਪਿਤ ਇਕਲੌਤਾ ਐੱਯਸੂਐੱਸ ਕੇਂਦਰ ਬਣਿਆ ਹੋਇਆ ਹੈ, ਤਿੰਨ ਮਾਡਲ ਪ੍ਰਣਾਲੀਆਂ ਦੀ ਉਦਾਹਰਣ ਤੋਂ ਪ੍ਰੇਰਿਤ ਸੀ, ਅੰਗਰੇਜ਼ੀ, ਕੈਨੇਡੀਅਨ ਅਤੇ ਅਰਜਨਟੀਨਾ।

ਦੁਨੀਆ ਦਾ ਪਹਿਲੀ ਸਮਰਪਿਤ ਪੈਲੀਏਟਿਵ ਕੇਅਰ ਇੰਗਲੈਂਡ ਵਿੱਚ ਬਣਾਇਆ ਗਿਆ ਸੀ। ਲੰਡਨ ਵਿੱਚ ਸਥਿਤ, ਸੇਂਟ ਕ੍ਰਿਸਟੋਫਰ ਦੀ ਸਥਾਪਨਾ 1967 ਵਿੱਚ ਸਿਸਲੀ ਸੌਂਡਰਸ ਦੁਆਰਾ ਕੀਤੀ ਗਈ ਸੀ, ਜੋ ਕਿ ਮੋਹਰੀ ਸੀ।

ਕੈਰੋਲੀਨ ਜ਼ੋਰ ਦਿੰਦੀ ਹੈ ਕਿ ਪੈਲੀਏਟਿਵ ਕੇਅਰ ਇੱਛਾ ਮੌਤ ਨਾਲ ਸਬੰਧਤ ਨਹੀਂ ਹੈ, ਇੱਕ ਆਮ ਪਰ ਗ਼ਲਤ ਸੰਬੰਧ ਹੈ।

ਉਨ੍ਹਾਂ ਨੇ ਸਪੱਸ਼ਟ ਕੀਤਾ, "ਉਹ ਦੋ ਵੱਖ-ਵੱਖ ਧਾਰਨਾਵਾਂ ਹਨ।"

ਉਨ੍ਹਾਂ ਦੇ ਅਨੁਸਾਰ, ਪੈਲੀਏਟਿਵ ਕੇਅਰ ਆਰਥੋਥੇਨੇਸੀਆ ਦੀ ਵਕਾਲਤ ਕਰਦਾ ਹੈ ਯਾਨਿ ਜੀਵਨ ਦੇ ਅੰਤ ਦੀ ਕੁਦਰਤੀ ਪ੍ਰਕਿਰਿਆ ਲਈ ਲੱਛਣਾਂ ਨੂੰ ਕੰਟ੍ਰੋਲ ਕਰਨ ਵਾਲਾ ਇਲਾਜ।

ਦੂਜੇ ਪਾਸੇ, ਯੁਥੇਨੇਸੀਆ, ਕਿਸੇ ਬਿਮਾਰੀ ਤੋਂ ਪੀੜਤ ਵਿਅਕਤੀ ਨੂੰ ਦਰਦ ਰਹਿਤ ਟੀਕਾ ਲਗਾ ਕੇ ਦਿਲ ਨੂੰ ਰੋਕ ਕੇ ਮੌਤ ਦਾ ਕਾਰਨ ਬਣਨ ਦੀ ਪ੍ਰਕਿਰਿਆ ਹੈ।

ਹਾਲਾਂਕਿ ਯੁਥੇਨੇਸੀਆ ਅਤੇ ਸਹਾਇਤਾ ਪ੍ਰਾਪਤ ਮਰਨ (ਜਦੋਂ ਕੋਈ ਡਾਕਟਰ ਇੱਕ ਘਾਤਕ ਪਦਾਰਥ ਲਿਖਦਾ ਹੈ ਤਾਂ ਜੋ ਮਰੀਜ਼ ਖੁਦਕੁਸ਼ੀ ਕਰ ਸਕੇ) ਬਾਰੇ ਕੁਝ ਦੇਸ਼ਾਂ, ਜਿਵੇਂ ਕਿ ਕੈਨੇਡਾ ਅਤੇ ਕੁਝ ਅਮਰੀਕੀ ਰਾਜਾਂ ਵਿੱਚ ਬਹਿਸ ਵਧ ਰਹੀ ਹੈ।

ਹਾਲਾਂਕਿ, ਬ੍ਰਾਜ਼ੀਲ ਵਿੱਚ ਕਾਨੂੰਨ ਦੁਆਰਾ ਦੋਵੇਂ ਤਰੀਕੇ ਵਰਜਿਤ ਹਨ।

ਕੈਰੋਲੀਨ ਦੱਸਦੀ ਹੈ ਕਿ ਮਰਨ ਦੀ ਪ੍ਰਕਿਰਿਆ ਨੂੰ ਤੇਜ਼ ਕੀਤੇ ਬਿਨਾਂ ਮਰੀਜ਼ ਦੇ ਦੁੱਖ ਨੂੰ ਘਟਾਉਣ ਲਈ ਆਰਥੋਥੇਨੇਸੀਆ ਦੇ ਅੰਦਰ ਸਰੋਤ ਹੁੰਦੇ ਹਨ। ਡਾਕਟਰ ਦੇ ਅਨੁਸਾਰ, ਪੈਲੀਏਟਿਵ ਸੈਡੇਸ਼ਨ, ਇੱਕ ਸੈਡੇਟਿਵ ਐਨਾਲਜੈਸਿਕ ਹੈ ਜੋ ਚੇਤਨਾ ਨੂੰ ਘਟਾਉਣ ਦੇ ਸਮਰੱਥ ਹੈ।

ਉਹ ਕਹਿੰਦੀ ਹੈ, "ਇਸ ਤਰ੍ਹਾਂ, ਸਰੀਰ ਖ਼ੁਦ ਹੀ ਸੀਮਤ ਅਵਸਥਾ ਵਿੱਚ ਦਾਖ਼ਲ ਹੁੰਦਾ ਹੈ ਅਤੇ ਇਹ ਯੁਥੇਨੇਸੀਆ ਨਹੀਂ ਹੈ, ਜੋ ਉਦੋਂ ਹੁੰਦਾ ਹੈ ਜਦੋਂ ਇੱਕ ਸਿਹਤ ਪੇਸ਼ੇਵਰ, ਹਮਦਰਦੀ ਦੁਆਰਾ ਪ੍ਰੇਰਿਤ, ਇੱਕ ਅਜਿਹਾ ਕੰਮ ਕਰਦਾ ਹੈ ਜਿਸਦਾ ਅੰਤਮ ਟੀਚਾ ਵਿਅਕਤੀ ਦੀ ਮੌਤ ਦਾ ਕਾਰਨ ਬਣਨਾ ਹੁੰਦਾ ਹੈ।"

ਉਨ੍ਹਾਂ ਨੇ ਅੱਗੇ ਕਿਹਾ, "ਅਸੀਂ ਹਮੇਸ਼ਾ ਲੱਛਣਾਂ ਨੂੰ ਕੰਟ੍ਰੋਲ ਕਰਕੇ ਅਤੇ ਪੈਲੀਏਟਿਵ ਸੈਡੇਸ਼ਨ ਦੀ ਪੇਸ਼ਕਸ਼ ਕਰਕੇ ਦੁੱਖ ਨੂੰ ਘਟਾ ਸਕਦੇ ਹਾਂ, ਜੋ ਕਿ ਕਾਨੂੰਨੀ ਹੈ।"

"ਸਾਨੂੰ ਆਪਣੇ ਬਜ਼ੁਰਗਾਂ ਦੀ ਦੇਖਭਾਲ ਲਈ ਖ਼ੁਦ ਨੂੰ ਸੰਗਠਿਤ ਕਰਨਾ ਪਵੇਗਾ।"

ਦੂਰਸੰਚਾਰ ਟੈਕਨੀਸ਼ੀਅਨ 48 ਸਾਲਾ ਮਾਰਕੋਸ ਰੌਬਰਟੋ ਅਲੇਨਕਾਰ ਡਾ ਸਿਲਵਾ, ਜੂਨ ਦੇ ਸ਼ੁਰੂ ਵਿੱਚ ਆਪਣੀ ਮਾਂ, 79 ਸਾਲਾ ਮਰੀਨਾ ਅਲੇਨਕਾਰ ਜੋ ਕਿ ਅਲਜ਼ਾਈਮਰ ਦਾ ਪਤਾ ਲੱਗਣ ਤੋਂ ਬਾਅਦ ਡਿਮੈਂਸ਼ੀਆ ਤੋਂ ਪੀੜਤ ਸੀ, ਦਾ ਸਮਰਥਨ ਕਰਨ ਲਈ ਮੋਂਟ ਸੇਰਾਟ ਗਏ ਸਨ।

ਉਨ੍ਹਾਂ ਨੇ ਮਾਂ ਦੀ ਮੌਤ ਤੋਂ ਦੋ ਦਿਨ ਪਹਿਲਾਂ ਕਿਹਾ, "ਮੈਨੂੰ ਪਤਾ ਹੈ ਉਹ ਆਪਣੇ ਅਖ਼ੀਰਲੇ ਸਮੇਂ ਵਿੱਚ ਹਨ ਪਰ ਉਹ ਆਰਾਮ ਨਾਲ ਰਹਿ ਰਹੇ ਹਨ।

ਉਨ੍ਹਾਂ ਲਈ, ਮੌਂਟ ਸੇਰਾਟ ਇੱਕ ਅਜਿਹੀ ਜਗ੍ਹਾ ਹੈ ਜਿਸ ਨੇ ਉਨ੍ਹਾਂ ਨੂੰ ਉਹ ਅੰਤਿਮ ਦੇਖਭਾਲ ਪ੍ਰਦਾਨ ਕੀਤੀ ਜਿਸ ਦਾ ਖਰਚਾ ਉਹ ਅਤੇ ਉਨ੍ਹਾਂ ਦਾ ਪਰਿਵਾਰ ਇੱਕ ਨਿੱਜੀ ਸੰਸਥਾ ਵਿੱਚ ਨਹੀਂ ਚੁੱਕ ਸਕਦਾ ਸੀ।

ਉਨ੍ਹਾਂ ਨੇ ਕਿਹਾ, "ਮੈਂ ਸੋਚਿਆ, ਕੀ ਇੱਥੇ ਸਾਲਵਾਡੋਰ ਵਿੱਚ ਕਦੇ ਇੱਕ ਦਰਵਾਜ਼ਾ ਖੁੱਲ੍ਹੇਗਾ?' ਸਿਰਫ਼ ਮੇਰੀ ਮਾਂ ਲਈ ਹੀ ਨਹੀਂ, ਸਗੋਂ ਹੋਰ ਪਰਿਵਾਰਾਂ ਲਈ ਵੀ ਜਿਨ੍ਹਾਂ ਨੂੰ ਇਸ ਦੀ ਲੋੜ ਹੈ। ਅਤੇ ਫਿਰ ਉਹ ਦਰਵਾਜ਼ਾ ਖੁੱਲ੍ਹ ਗਿਆ।"

ਉਹੀ ਦਰਵਾਜ਼ਾ ਰਿਟਾਇਰਡ 60 ਸਾਲਾ ਐਂਟੋਨੀਆ ਕਾਰਵਾਲਹੋ ਡੀ ਰਿਬੇਰੋ ਲਈ ਖੁੱਲ੍ਹਿਆ, ਜੋ ਆਪਣੇ 74 ਸਾਲਾ ਪਤੀ ਐਵਰਾਲਡੋ ਫੇਰੇਰਾ ਨਾਲ ਸੀ, ਜੋ ਸਟ੍ਰੋਕ ਦੇ ਬਾਅਦ ਦੇ ਪ੍ਰਭਾਵਾਂ ਤੋਂ ਪੀੜਤ ਸੀ।

ਉਨ੍ਹਾਂ ਨੇ ਕਿਹਾ, "ਜਦੋਂ ਤੁਸੀਂ ਕਿਸੇ ਧਰਮਸ਼ਾਲਾ ਬਾਰੇ ਗੱਲ ਕਰਦੇ ਹੋ, ਤਾਂ ਤੁਸੀਂ ਥੋੜ੍ਹਾ ਡਰ ਜਾਂਦੇ ਹੋ।"

"ਪਰ ਜਦੋਂ ਤੁਸੀਂ ਇਸ ਤਰ੍ਹਾਂ ਦੀ ਕੋਈ ਚੀਜ਼ ਮਿਲਦੀ ਹੈ, ਜਿੱਥੇ ਹਰ ਕੋਈ ਤੁਹਾਡੇ ਨਾਲ ਪਿਆਰ, ਸਤਿਕਾਰ, ਚੰਗੇ ਦਿਨ ਨਾਲ ਪੇਸ਼ ਆਉਂਦਾ ਹੈ, ਤਾਂ ਇਹ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ।"

ਉਨ੍ਹਾਂ ਨੇ ਰੌਂਦਿਆਂ ਹੋਇਆ ਕਿਹਾ ਕਿ ਉਨ੍ਹਾਂ ਦੀ ਸਿਰਫ ਇੱਕ ਇੱਛਾ ਸੀ, "ਕਿ ਮੈਂ ਉਨ੍ਹਾਂ ਨੂੰ ਘਰ ਲੈ ਜਾ ਸਕਾਂ ਅਤੇ ਅਸੀਂ ਆਪਣੇ ਦਿਨ ਘਰ ਵਿੱਚ ਇਕੱਠੇ ਖ਼ਤਮ ਕਰ ਸਕੀਏ।"

ਬੀਬੀਸੀ ਨਿਊਜ਼ ਬ੍ਰਾਜ਼ੀਲ ਦੇ ਹਸਪਤਾਲ ਵਿੱਚ ਦੂਜੀ ਫੇਰੀ ਤੋਂ ਤਿੰਨ ਦਿਨ ਬਾਅਦ ਐਵਰਾਲਡੋ ਦੀ ਮੌਤ ਹੋ ਗਈ।

ਕੈਰੋਲੀਨ ਨੇ ਕਿਹਾ, "ਸਾਡੇ ਮੈਨੇਜਰ ਦੀਆਂ ਚਿੰਤਾਵਾਂ ਵਿੱਚੋਂ ਇੱਕ ਇਹ ਸੀ ਕਿ ਜੇਕਰ ਹਸਪਤਾਲ ਖੁੱਲ੍ਹਦਾ ਹੈ, ਤਾਂ ਸਾਡੇ ਕੋਲ ਭੀੜ ਬਹੁਤ ਹੋਵੇਗੀ ਅਤੇ ਅੱਜ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਹਰ ਰੋਜ਼ ਸਾਡ ਕੋਲ ਭੀੜ ਵਧ ਰਹੀ ਹੈ।

ਬ੍ਰਾਜ਼ੀਲੀਅਨ ਇੰਸਟੀਚਿਊਟ ਆਫ਼ ਜੀਓਗ੍ਰਾਫੀ ਐਂਡ ਸਟੈਟਿਸਟਿਕਸ (ਆਈਬੀਡੀਈ) ਦੇ ਅਨੁਸਾਰ, 2000 ਅਤੇ 2023 ਦੇ ਵਿਚਕਾਰ, ਬ੍ਰਾਜ਼ੀਲੀਅਨ ਆਬਾਦੀ ਵਿੱਚ ਬਜ਼ੁਰਗ ਬਾਲਗਾਂ (60 ਸਾਲ ਅਤੇ ਇਸ ਤੋਂ ਵੱਧ ਉਮਰ ਦੇ) ਦਾ ਅਨੁਪਾਤ ਲਗਭਗ ਦੁੱਗਣਾ ਹੋ ਗਿਆ, ਜੋ 8.7 ਤੋਂ ਵੱਧ ਕੇ 15.6 ਫੀਸਦ ਹੋ ਗਿਆ ਹੈ।

ਆਈਬੀਜੀਈ ਦੇ ਆਪਣੇ ਅਨੁਮਾਨ ਦਰਸਾਉਂਦੇ ਹਨ ਕਿ, 2070 ਤੱਕ, ਲਗਭਗ 40 ਫੀਸਦ ਬ੍ਰਾਜ਼ੀਲੀਅਨ ਬਜ਼ੁਰਗ ਹੋਣਗੇ। ਇਸ ਕਾਰਨ ਕਰਕੇ ਡਾਕਟਰਾਂ ਦੇ ਅਨੁਸਾਰ, ਮੌਂਟ ਸੇਰਾਟ ਵਰਗੇ ਨਵੇਂ ਕੇਂਦਰ ਖੋਲ੍ਹੇ ਜਾਣੇ ਚਾਹੀਦੇ ਹਨ।

ਉਨ੍ਹਾਂ ਨੇ ਚੇਤਾਵਨੀ ਦਿੱਤੀ ਹੈ, "ਜੇ ਅਸੀਂ ਆਪਣੇ ਆਪ ਨੂੰ ਮਹਾਨ ਪ੍ਰਣਾਲੀ ਦੇ ਰੂਪ ਵਿੱਚ ਸੰਗਠਿਤ ਨਹੀਂ ਕਰਦੇ, ਤਾਂ ਅਸੀਂ ਇਨ੍ਹਾਂ ਬਜ਼ੁਰਗ ਲੋਕਾਂ ਦੀ ਦੇਖਭਾਲ ਨਹੀਂ ਕਰ ਸਕਾਂਗੇ।"

ʻਸਮੁੰਦਰ ਸਾਡਾ ਸਭ ਤੋਂ ਵੱਡੀ ਵੇਦੀ ਹੈʼ

ਮੋਂਟ ਸੇਰਾਟ, ਇਸਦੇ 1853 ਮਹਿਲ ਅਤੇ ਚਾਰ ਹੋਰ ਹਾਲੀਆ ਹਾਲ ਦੇ ਨਾਲ, ਢਲਾਣ ਵਾਲੇ ਮੈਦਾਨਾਂ 'ਤੇ ਬੈਠਾ ਹੈ ਜੋ ਸਮੁੰਦਰ ਦੇ ਸਾਹਮਣੇ ਹੈ।

ਜਿਵੇਂ ਹੀ ਸ਼ਾਮ ਪੈਂਦੀ ਹੈ, ਤੁਸੀਂ ਹਮੇਸ਼ਾ ਉੱਥੇ ਸਟ੍ਰੈਚਰ ਦੀ ਗਤੀ ਸੁਣ ਸਕਦੇ ਹੋ, ਜਿੱਥੇ ਸੂਰਜ ਪਾਣੀ ਉੱਤੇ ਡੁੱਬਦਾ ਹੈ ਅਤੇ ਇਹ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਚਿੰਤਨ ਦਾ ਸਥਾਨ ਬਣ ਜਾਂਦਾ ਹੈ।

ਜਦੋਂ ਮਰੀਜ਼ ਆਇਰਟਨ ਪਿਨਹੀਰੋ ਰਿਪੋਰਟਰ ਨੂੰ ਮਿਲੇ ਤਾਂ ਉਨ੍ਹਾਂ ਨੇ ਇਸ ਜਗ੍ਹਾ ਦੀ ਹੋਂਦ ਦਾ ਜਸ਼ਨ ਮਨਾਇਆ।

ਉਨ੍ਹਾਂ ਨੇ ਇੱਕ ਡੂੰਘਾ ਸਾਹ ਲੈਂਦੇ ਹੋਏ ਕਿਹਾ, "ਬਾਅਦ ਵਿੱਚ, ਉਹ ਮੈਨੂੰ ਵ੍ਹੀਲਚੇਅਰ 'ਤੇ ਬਿਠਾ ਦੇਣਗੇ ਅਤੇ ਮੈਂ ਸੂਰਜ ਡੁੱਬਦਾ ਦੇਖਾਂਗੀ। ਇਹ ਬਹੁਤ ਵਧੀਆ ਲੱਗਦਾ ਹੈ।"

ਹੁਣ, ਆਇਰਟਨ ਇਹ ਨਜ਼ਾਰਾ ਨਹੀਂ ਦੇਖਦੇ ਕਿਉਂਕਿ ਉਹ ਆਪਣੇ ਪਰਿਵਾਰ ਨਾਲ ਇਲਾਜ ਜਾਰੀ ਰੱਖਣ ਲਈ ਘਰ ਵਾਪਸ ਆ ਗਏ।

ਡਾ. ਕੈਰੋਲੀਨ ਨੇ ਦੱਸਿਆ, "ਇੱਕ ਸਾਥੀ ਇੱਥੇ ਇੱਕ ਮਰੀਜ਼ ਦੇ ਨਾਲ ਆਇਆ ਸੀ ਜਿਸ ਨੇ ਆਪਣੀ ਜ਼ਿੰਦਗੀ ਵਿੱਚ ਕਦੇ ਸਮੁੰਦਰ ਨਹੀਂ ਦੇਖਿਆ ਸੀ।"

ਡਾਕਟਰ ਨੇ ਸਮਝਾਇਆ ਕਿ ਇਹ ਘਾਟ ਇੱਕ ਪੂਜਾ ਵਾਲੀ ਥਾਂ 'ਤੇ ਬਣਾਇਆ ਗਿਆ ਸੀ, ਕਿਉਂਕਿ ਇਹ ਹਸਪਤਾਲ ਵਰਤਮਾਨ ਵਿੱਚ ਓਬਰਾਸ ਸੋਸ਼ਲੇਸ ਇਰਮਾ ਡੁਲਸੇ (ਸਿਸਟਰ ਡੁਲਸੇ) ਸੰਭਾਲਦੀ ਹੈ, ਜੋ ਕਿ ਇੱਕ ਆਮ ਕੈਥੋਲਿਕ ਪਰਉਪਕਾਰੀ ਸੰਸਥਾ ਹੈ ਜੋ ਬਾਹੀਆ ਵਿੱਚ ਵਿਦਿਅਕ ਸੰਸਥਾਵਾਂ ਅਤੇ ਹਸਪਤਾਲਾਂ ਨੂੰ ਸਪਾਂਸਰ ਕਰਦੀ ਹੈ।

ਉਨ੍ਹਾਂ ਨੇ ਕਿਹਾ, "ਇਸਦਾ ਧਰਮ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।"

ਮਾਰੀਆ ਡੀ ਕਾਰਵਾਲਹੋ ਨੇ ਇਸ ਥਾਂ ʼਤੇ ਜਨਮਦਿਨ ਮਨਾਉਣ ਦੀ ਇੱਛਾ ਕੀਤੀ। ਕੋਈ ਕੇਕ ਜਾਂ ਸਨੈਕਸ ਨਾਲ ਨਹੀਂ। ਉਹ ਸਿਰਫ਼ ਪਾਣੀ ਚਾਹੁੰਦੀ ਸੀ।

ਉਨ੍ਹਾਂ ਦੀ 46 ਸਾਲਾਂ ਧੀ, ਮੈਨੀਕਿਊਰਿਸਟ ਬਾਰਬਰਾ ਡੌਸ ਸੈਂਟੋਸ ਮੋਟਾ ਨੇ ਨਮ ਅੱਖਾਂ ਨਾਲ ਦੱਸਿਆ, "ਅੱਜ ਉਹ 78 ਸਾਲ ਦੀ ਹੋ ਗਏ ਹਨ।" ਸਟ੍ਰੋਕ ਤੋਂ ਬਾਅਦ, ਮਾਰੀਆ ਨੇ ਆਪਣੀ ਨਜ਼ਰ ਗੁਆ ਦਿੱਤੀ ਅਤੇ ਖੱਬੇ ਪਾਸੇ ਅਧਰੰਗ ਹੋ ਗਿਆ।

ਉਨ੍ਹਾਂ ਦੀ ਧੀ ਨੇ ਕਿਹਾ, "ਮੇਰੀ ਇੱਛਾ ਹੈ ਕਿ ਇਸ ਜਨਮਦਿਨ 'ਤੇ, ਉਹ ਠੀਕ ਹੋ ਜਾਣ।"

ਵ੍ਹੀਲਚੇਅਰ 'ਤੇ ਬੈਠੀ ਅਤੇ ਗੱਲਬਾਤ ਕਰਨ ਵਿੱਚ ਮੁਸ਼ਕਲ ਦਾ ਸਾਹਮਣਾ ਕਰਨ ਰਹੀ ਔਰਤ, ਡਾਕਟਰਾਂ ਅਤੇ ਨਰਸਾਂ ਨਾਲ ਘਿਰੀ ਹੋਈ ਸੀ ਜਿਨ੍ਹਾਂ ਨੇ ਉਨ੍ਹਾਂ ਨੂੰ ਪਾਣੀ ਦਾ ਘੁੱਟ ਲੈਣ ਵਿੱਚ ਮਦਦ ਕੀਤੀ।

ਬਾਰਬਰਾ ਮੁਸਕਰਾਏ।

ਮੈਨੂੰ ਅੱਜ ਉਨ੍ਹਾਂ ਦੇ ਨਾਲ ਇੱਥੇ ਆ ਕੇ ਖੁਸ਼ੀ ਹੋ ਰਹੀ ਹੈ।

ਪੰਦਰਾਂ ਦਿਨਾਂ ਬਾਅਦ, ਬਾਰਬਰਾ ਨੇ ਆਪਣੀ ਮਾਂ ਨੂੰ ਅਲਵਿਦਾ ਕਿਹਾ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)