ਰਾਹੁਲ ਗਾਂਧੀ ਦੇ ਮੁੱਦੇ ਵਿਚਾਲੇ ਭਗਤ ਸਿੰਘ ਦੇ ਟੀਚਰ ਰਹੇ ਅਮਰਨਾਥ ਵਿਦਿਆਲੰਕਰ ਚਰਚਾ 'ਚ ਕਿਉਂ

ਭਗਤ ਸਿੰਘ

ਤਸਵੀਰ ਸਰੋਤ, bbc/AIR

ਤਸਵੀਰ ਕੈਪਸ਼ਨ, ਲਾਹੌਰ ਨੈਸ਼ਨਲ ਕਾਲਜ ਵਿੱਚ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਵਿਦਿਆਲੰਕਰ ਇਤਿਹਾਸ ਪੜ੍ਹਾਉਂਦੇ ਸਨ

ਭਾਰਤੀ ਮੂਲ ਦੇ ਅਮਰੀਕੀ ਸੰਸਦ ਮੈਂਬਰ ਰੋਅ ਖੰਨਾ ਨੇ 24 ਮਾਰਚ ਨੂੰ ਇੱਕ ਟਵੀਟ ਕਰਕੇ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਕਰਨ ਬਾਰੇ ਚਿੰਤਾ ਜ਼ਾਹਿਰ ਕੀਤੀ ਸੀ।

ਇਸ ਟਵੀਟ ਤੋਂ ਬਾਅਦ ਰੋਅ ਨੂੰ ਸੋਸ਼ਲ ਮੀਡੀਆ ਉੱਤੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਜ਼ਿਕਰਯੋਗ ਹੈ ਕਿ ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ 23 ਮਾਰਚ ਨੂੰ ‘ਮੋਦੀ ਸਰਨੇਮ’ ਮਾਮਲੇ ਵਿੱਚ ਦੋ ਸਾਲ ਦੀ ਸਜ਼ਾ ਸੁਣਾਈ ਗਈ ਸੀ।

ਇਸ ਤੋਂ ਬਾਅਦ 24 ਮਾਰਚ ਨੂੰ ਹੀ ਲੋਕ ਸਭਾ ਸਕੱਤਰੇਤ ਨੇ ਉਨ੍ਹਾਂ ਦੀ ਮੈਂਬਰਸ਼ਿਪ ਤੋਂ ਅਯੋਗ ਕਰਾਰ ਦਿੰਦਿਆ ਨੋਟੀਫ਼ਿਕੇਸ਼ਨ ਜਾਰੀ ਕੀਤਾ ਸੀ।

ਰਾਹੁਲ ਗਾਂਧੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤੀ ਮੂਲ ਦੇ ਅਮਰੀਕੀ ਸੰਸਦ ਮੈਂਬਰ ਨੂੰ ਅਲੋਚਣਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ

ਹਾਲਾਂਕਿ ਸਜ਼ਾ ਸੁਣਾਏ ਜਾਣ ਤੋਂ ਬਾਅਦ ਰਾਹੁਲ ਗਾਂਧੀ ਨੂੰ ਫ਼ੌਰੀ ਜ਼ਮਾਨਤ ਮਿਲ ਗਈ ਸੀ ਤੇ ਉਨ੍ਹਾਂ ਨੂੰ ਉੱਚ ਅਦਾਲਤ ਵਿੱਚ ਅਪੀਲ ਕਰਨ ਲਈ ਇੱਕ ਮਹੀਨੇ ਦਾ ਸਮਾਂ ਵੀ ਦਿੱਤਾ ਗਿਆ ਸੀ।

ਰੋਅ ਖੰਨਾ ਖ਼ੁਦ ਅਮਰੀਕੀ ਸੰਸਦ ਮੈਂਬਰ ਹਨ ਤੇ ਉਨ੍ਹਾਂ ਦੇ ਦਾਦਾ ਅਮਰਨਾਥ ਵਿਦਿਆਲੰਕਰ ਕਾਂਗਰਸੀ ਆਗੂ ਸਨ।

ਉਹ ਇੰਦਰਾ ਗਾਂਧੀ ਦੀ ਅਗਵਾਈ ਵਾਲੀ ਸਰਕਾਰ ਵਿੱਚ ਮੰਤਰੀ ਵੀ ਰਹੇ ਹਨ।

ਇਸੇ ਗੱਲ ਨੂੰ ਕੇਂਦਰ ਬਣਾਕੇ ਰੋਅ ਖੰਨਾ ਨੂੰ ਸੋਸ਼ਲ ਮੀਡੀਆ ਉੱਤੇ ਟਰੋਲ ਕੀਤਾ ਗਿਆ।

ਰਾਹੁਲ ਗਾਂਧੀ

ਤਸਵੀਰ ਸਰੋਤ, Getty Images

ਰੋਅ ਖੰਨਾ ਦਾ ਰਾਹੁਲ ਦੀ ਮੈਂਬਰਸ਼ਿਪ ਰੱਦ ਕੀਤੇ ਜਾਣ ਬਾਰੇ ਟਵੀਟ

ਰਾਹੁਲ ਗਾਂਧੀ ਨੂੰ ਇੱਕ ਅਪਰਾਧਿਕ ਮਾਮਲੇ ਵਿੱਚ ਦੋ ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ, 24 ਮਾਰਚ ਨੂੰ ਉਨ੍ਹਾਂ ਦੀ ਸੰਸਦੀ ਮੈਂਬਰਸ਼ਿਪ ਰੱਦ ਕੀਤੇ ਜਾਣ ਬਾਰੇ ਨੋਟੀਫ਼ੀਕੇਸ਼ਨ ਜਾਰੀ ਕੀਤਾ ਗਿਆ ਸੀ।

ਇਸ ’ਤੇ ਚਿੰਤਾ ਪ੍ਰਗਟਾਉਂਦਿਆਂ ਰੋਅ ਖੰਨਾ ਨੇ ਇੱਕ ਟਵੀਟ ਕੀਤਾ ਸੀ। ਉਨ੍ਹਾਂ ਲਿਖਿਆ,“ਰਾਹੁਲ ਗਾਂਧੀ ਨੂੰ ਸੰਸਦ ਤੋਂ ਬਾਹਰ ਕਰਨਾ, ਗਾਂਧੀਵਾਦੀ ਫ਼ਲਸਫੇ ਅਤੇ ਭਾਰਤ ਦੀਆਂ ਡੂੰਘੀਆਂ ਕਦਰਾਂ-ਕੀਮਤਾਂ ਨਾਲ ਡੂੰਘਾ ਵਿਸ਼ਵਾਸਘਾਤ ਹੈ।”

“ਇਹ ਉਹ ਨਹੀਂ ਹੈ ਜਿਸ ਲਈ ਮੇਰੇ ਦਾਦਾ ਜੀ ਨੇ ਕਈ ਸਾਲ ਜੇਲ੍ਹ ’ਚ ਬਿਤਾ ਕੁਰਬਾਨੀ ਦਿੱਤੀ ਸੀ।”

ਇਸ ਟਵੀਟ ਵਿੱਚ ਉਨ੍ਹਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਟੈਗ ਕਰਕੇ ਲਿਖਿਆ,֧ “ਤੁਹਾਡੇ ਕੋਲ ਭਾਰਤੀ ਲੋਕਤੰਤਰ ਦੀ ਖ਼ਾਤਰ ਇਸ ਫ਼ੈਸਲੇ ਨੂੰ ਉਲਟਾਉਣ ਦੀ ਤਾਕਤ ਹੈ।''

ਇਸ ਟਵੀਟ ਤੋਂ ਬਾਅਦ ਉਨ੍ਹਾਂ ਨੂੰ ਸੋਸ਼ਲ ਮੀਡੀਆ ’ਤੇ ਅਲੋਚਣਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਰਾਹੁਲ ਗਾਂਧੀ

ਤਸਵੀਰ ਸਰੋਤ, Ro Khanna/Twitter

ਸੋਸ਼ਲ ਮੀਡੀਆ ’ਤੇ ਪ੍ਰਤੀਕਰਮ

ਰਾਹੁਲ ਗਾਂਧੀ ਦੀ ਹਮਾਇਤ ਵਿੱਚ ਟਵੀਟ ਕਰਨ ਤੋਂ ਬਾਅਦ ਰੋਅ ਖੰਨਾ ਨੂੰ ਉਨ੍ਹਾਂ ਦੇ ਦਾਦਾ ਦੇ ਨਾਮ ਉੱਤੇ ਟਰੋਲ ਕੀਤਾ ਗਿਆ।

ਫ਼ਿਲਮ ਅਦਾਕਾਰ ਵਿਵੇਕ ਰੰਜਨ ਅਗਨੀਹੋਤਰੀ ਨੇ ਵੀ ਇਸ ਮਾਮਲੇ ਵਿੱਚ ਟਵੀਟ ਕੀਤਾ ਹੈ।

ਉਨ੍ਹਾਂ ਲਿਖਿਆ, "ਕੀ ਇਹ ਤੁਹਾਡੇ ਦਾਦਾ ਜੀ ਨਹੀਂ ਸਨ ਜਿਨ੍ਹਾਂ ਨੇ ਐਮਰਜੈਂਸੀ 'ਤੇ ਇੰਦਰਾ ਗਾਂਧੀ ਦਾ ਸਮਰਥਨ ਕੀਤਾ ਸੀ? ਹਮੇਸ਼ਾ ਫ਼ਾਸੀਵਾਦੀ ਫ਼ੈਸਲਿਆਂ ਦਾ ਸਮਰਥਨ ਕੀਤਾ ਹੈ?”

ਇਹ ਨਹੀਂ ਕਿ ਸਿਰਫ਼ ਰੋਅ ਖੰਨਾ ਨੂੰ ਹੀ ਵਿਰੋਧ ਤੇ ਅਲੋਚਣਾ ਦਾ ਸਾਹਮਣਾ ਕਰਨਾ ਪਿਆ ਬਲਕਿ ਵਿਵੇਕ ਰੰਜਨ ਅਗਨੀਹੋਤਰੀ ਨੂੰ ਵੀ ਟਰੋਲ ਕੀਤਾ ਜਾ ਰਿਹਾ ਹੈ।

ਰਾਹੁਲ ਗਾਂਧੀ

ਤਸਵੀਰ ਸਰੋਤ, Vivek Ranjan Agnihotri/Twitter

ਇੱਕ ਹੋਰ ਟਵਿੱਟਰ ਯੂਜ਼ਰ ਕਰਨਲ ਰੋਹਿਤ ਦੇਵ ਨੇ ਰੋਅ ਖੰਨਾ ਨੂੰ ਟੈਗ ਕਰਕੇ ਲਿਖਿਆ,“ਰਾਹੁਲ ਗਾਂਧੀ ਨੂੰ ਸਜ਼ਾ ਅਦਾਲਤ ਨੇ ਸੁਣਾਈ ਹੈ ਨਾ ਕਿ ਸਰਕਾਰ ਨੇ। ਤੁਸੀਂ ਚਾਹੁੰਦੇ ਹੋ ਮਾਣਯੋਗ ਪ੍ਰਧਾਨ ਮੰਤਰੀ ਇਸ ਵਿੱਚ ਦਖ਼ਲ ਅੰਦਾਜੀ ਕਰਨ? ਉਹ ਅਸੰਵਿਧਾਨਿਕ ਹੋਵੇਗਾ।”

ਰਾਹੁਲ ਗਾਂਧੀ

ਤਸਵੀਰ ਸਰੋਤ, Colonel Rohit Dev/Twitter

ਟਵਿੱਟਰ ਯੂਜ਼ਰ ਵਿਵੇਕ ਕੁਮਾਰ ਸਿੰਘ ਨੇ ਰੋਅ ਦੇ ਟਵੀਟ 'ਤੇ ਪ੍ਰਤੀਕ੍ਰਿਆ ਦਿੰਦਿਆ ਅਮਰੀਕਾ ਵਿੱਚ ਟੰਰਪ ਖ਼ਿਲਾਫ਼ ਚੱਲ ਰਹੀ ਕਾਰਵਾਈ ਦਾ ਜ਼ਿਕਰ ਕੀਤਾ ਹੈ।

ਉਨ੍ਹਾਂ ਲਿਖਿਆ, “ਜੋ ਅਮਰੀਕਾ ਵਿੱਚ ਟਰੰਪ ਸਮਰਥਕਾਂ ਨਾਲ ਹੋ ਰਿਹਾ ਹੈ ਉਹ ਨਿੰਦਣਯੋਗ ਹੈ। ਅਮਰੀਕਾ ਵਿੱਚ ਲੋਕਤੰਤਰ ਦਾ ਖੁੱਲ੍ਹੇਆਮ ਘਾਣ ਹੋ ਰਿਹਾ ਹੈ।”

“ਇਹ ਉਹ ਦੇਸ਼ ਨਹੀਂ ਹੈ ਜਿਸਦਾ ਸੁਪਨਾ ਜਾਰਜ ਵਾਸ਼ਿੰਗਟਨ ਅਤੇ ਅਬਰਾਹਿਮ ਲਿੰਕਨ ਵਰਗੇ ਆਗੂਆਂ ਨੇ ਦੇਖਿਆ ਸੀ। ਮੈਂ ਜੋਅ ਬਾਇਡਨ ਨੂੰ ਅਪੀਲ ਕਰਦਾ ਹਾਂ ਕਿ ਉਹ ਅਮਰੀਕਾ ਵਿੱਚ ਲੋਕਤੰਤਰ ਦੀ ਬਹਾਲੀ ਲਈ ਕੰਮ ਕਰਨ।”

ਰਾਹੁਲ ਗਾਂਧੀ

ਤਸਵੀਰ ਸਰੋਤ, Vivek Kumar Singh/Twitter

‘ਅਜ਼ਾਦੀ ਘੁਲਾਟੀਆਂ ਦੀ ਬੇਇੱਜਤੀ ਨਾ ਕਰੋ’

ਰਾਹੁਲ ਗਾਂਧੀ ਬਾਰੇ ਕੀਤੇ ਟਵੀਟ ’ਤੇ ਮਿਲਣ ਵਾਲੇ ਵਿਰੋਧ ਬਾਰੇ ਰੋਅ ਖੰਨਾ ਨੇ ਇੱਕ ਹੋਰ ਟਵੀਟ ਕੀਤਾ।

ਉਨ੍ਹਾਂ ਲਿਖਿਆ, “ਲੋਕਾਂ ਦਾ ਮੇਰੇ ਦਾਦਾ ਜੀ ਨੂੰ ਬਦਨਾਮ ਕਰਦੇ ਦੇਖਣਾ ਦੁੱਖਦਾਇਕ ਹੈ। ਜਿਨ੍ਹਾਂ ਨੇ ਲਾਲਾ ਲਾਜਪਤ ਰਾਏ ਲਈ ਕੰਮ ਕੀਤਾ ਸੀ। ਮੇਰੇ ਦਾਦਾ ਜੀ ਨੂੰ 1931-1932 ਅਤੇ 1941-1945 ਵਿੱਚ ਜੇਲ ਕੱਟਣੀ ਪਈ”

“ਐਮਰਜੈਂਸੀ ਦਾ ਵਿਰੋਧ ਕਰਦਿਆਂ ਉਨ੍ਹਾਂ ਨੇ ਇੰਦਰਾ ਗਾਂਧੀ ਨੂੰ ਦੋ ਚਿੱਠੀਆਂ ਲਿਖੀਆਂ ਸਨ, ਤੇ ਉਸ ਤੋਂ ਇੱਕਦਮ ਬਾਅਦ ਉਨ੍ਹਾਂ ਨੇ ਇੱਕਦਮ ਸੰਸਦ ਛੱਡ ਦਿੱਤੀ ਸੀ। ਮੇਰੇ 'ਤੇ ਹਮਲਾ ਕਰੋ। ਭਾਰਤ ਦੇ ਆਜ਼ਾਦੀ ਘੁਲਾਟੀਆਂ 'ਤੇ ਹਮਲਾ ਨਾ ਕਰੋ। ਅਤੇ ਤੱਥ ਮਾਇਨੇ ਰੱਖਦੇ ਹਨ।''

ਰਾਹੁਲ ਗਾਂਧੀ

ਤਸਵੀਰ ਸਰੋਤ, Getty Images

ਕੌਣ ਹਨ ਰੋਅ ਖੰਨਾ?

46 ਸਾਲਾ ਰੋਅ ਖੰਨਾ ਭਾਰਤੀ ਮੂਲ ਦੇ ਅਮਰੀਕੀ ਸਿਆਸਤਦਾਨ ਹਨ।

ਰੋਅ ਖੰਨਾ ਡੈਮੋਕ੍ਰੇਟਿਕ ਪਾਰਟੀ ਨਾਲ ਸਬੰਧਿਤ ਹਨ।

ਰੋਅ ਖੰਨਾ ਦਾ ਅਸਲ ਨਾਮ ਰੋਹਿਤ ਖੰਨਾ ਹੈ ਅਤੇ ਉਹ ਅਮਰੀਕੀ ਕਾਂਗਰਸ ਦੇ ਹੇਠਲੇ ਸਦਨ ਆਫ਼ ਰੀਪ੍ਰੀਜੈਂਟੇਟਿਵ ਦੇ ਮੈਂਬਰ ਹਨ।

ਖੰਨਾ ਨੇ ਸ਼ਿਕਾਗੋ ਯੂਨੀਵਰਸਿਚੀ ਤੋਂ ਅਰਥਸ਼ਾਸਤਰ ਵਿੱਚ ਬੀਏ ਕੀਤੀ ਹੈ।

ਉਨ੍ਹਾਂ ਨੇ ਯੇਲ ਯੂਨੀਵਰਸਿਟੀ ਤੋਂ ਕਾਨੂੰਨ ਦੀ ਡਿਗਰੀ ਵੀ ਹਾਸਲ ਕੀਤੀ ਹੈ।

ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੇ ਅਧਿਆਪਕ ਰਹੇ ਅਮਰਨਾਥ ਵਿਦਿਆਲੰਕਰ?

ਅਮਰਨਾਥ ਵਿਦਿਆਲੰਕਰ

ਤਸਵੀਰ ਸਰੋਤ, AIR OFFICIAL/YT

ਰੋਅ ਖੰਨਾ ਦੇ ਦਾਦਾ ਅਮਰਨਾਥ ਵਿਦਿਆਲੰਕਰ ਇੱਕ ਸਮਾਜ ਸੇਵਕ ਅਤੇ ਆਜ਼ਾਦੀ ਘੁਲਾਟੀਏ ਸਨ।

ਉਨ੍ਹਾਂ ਦਾ ਜਨਮ ਵੰਡ ਤੋਂ ਪਹਿਲਾਂ ਸਾਂਝੇ ਪੰਜਾਬ ਵਿੱਚ 1901 ਵਿੱਚ ਹੋਇਆ ਸੀ।

ਆਲ ਇੰਡੀਆ ਰੇਡੀਓ ਵਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਵਿਦਿਆਲੰਕਰ ਨੇ ਇੱਕ ਆਰੀਆ ਸਮਾਜ ਵਿੱਦਿਅਕ ਸੰਸਥਾ ਵਿੱਚ ਸਿੱਖਿਆ ਪ੍ਰਾਪਤ ਕੀਤੀ ਸੀ।

ਵਿਦਿਆਲੰਕਰ ਨੇ ਆਪਣੀ ਸਿੱਖਿਆ ਪੂਰੀ ਕਰਨ ਤੋਂ ਬਾਅਦ ਅਸਹਿਯੋਗ ਅੰਦੋਲਨ ਵਿੱਚ ਹਿੱਸਾ ਲਿਆ।

ਅਸਹਿਯੋਗ ਅੰਦੋਲਨ ਦਾ ਹਿੱਸਾ ਰਹੇ ਵਿਦਿਆਲੰਕਰ ਦੀ ਪੜ੍ਹਾਈ ਆਰੀਆ ਸਮਾਜ ਸਿਖਿਆ ਸੰਸਥਾ ਦੀ ਸੀ।

ਉਹ ਲਾਲਾ ਲਾਜਪਤ ਰਾਏ ਵਲੋਂ ਸਥਾਪਿਤ ਕੀਤੀ ਸਰਵੈਂਟਸ ਆਫ਼ ਪੀਪਲ ਸੋਸਾਇਟੀ ਦੇ ਮੁੱਢਲੇ ਮੈਂਬਰਾਂ ਵਿੱਚੋਂ ਇੱਕ ਸਨ।

ਲਾਲਾ ਲਾਜਪਤ ਰਾਏ ਨੇ ਵਿਦਿਆਲੰਕਰ ਨੂੰ ਲਾਹੌਰ ਨੈਸ਼ਨਲ ਕਾਲਜ ਵਿੱਚ ਇਤਿਹਾਸ ਪੜ੍ਹਾਉਣ ਦੀ ਨੌਕਰੀ ਦਿੱਤੀ, ਜਿੱਥੇ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਵਿਦਿਆਲੰਕਰ ਦੇ ਵਿਦਿਆਰਥੀ ਸਨ।

ਨੈਸ਼ਨਲ ਕਾਲਜ ਬੰਦ ਹੋਣ ਤੋਂ ਬਾਅਦ, ਲਾਲਾ ਲਾਜਪਤ ਰਾਏ ਨੇ ਉਨ੍ਹਾਂ ਨੂੰ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਅਕਾਲ ਪੀੜਤਾਂ ਦੀ ਸਹਾਇਤਾ ਲਈ ਹਿਸਾਰ ਭੇਜਿਆ।

ਹਰਿਆਣਾ ਵਿੱਚ ਉਨ੍ਹਾਂ ਨੇ ਮਜ਼ਦੂਰ ਅੰਦੋਲਨ ਵਿੱਚ ਕੰਮ ਕੀਤਾ ਸੀ।

ਉਨ੍ਹਾਂ ਨੂੰ 1931 ਵਿੱਚ ਗੋਲਮੇਜ਼ ਕਾਨਫਰੰਸ ਦੀ ਅਸਫ਼ਲਤਾ ਉੱਤੇ ਸੰਪਾਦਕੀ ਲਈ ਦੋ ਸਾਲ ਦੀ ਸਜ਼ਾ ਹੋਈ।

ਭਾਰਤ ਛੱਡੋ ਅੰਦੋਲਨ ਦੌਰਾਨ ਵੀ ਉਨ੍ਹਾਂ ਨੂੰ 2 ਸਾਲ ਦੀ ਕੈਦ ਹੋਈ ਸੀ।

1947 ਵਿੱਚ ਫ਼ਿਰਕੂ ਝੜਪਾਂ ਦੌਰਾਨ, ਉਨ੍ਹਾਂ ਨੇ ਲੋਕਾਂ ਲਈ ਬਚਾਅ ਦਸਤੇ ਬਣਾਏ ਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)