ਅਮਰੀਕਾ ’ਚ ਗੋਲੀਬਾਰੀ: ਕੈਲੇਫ਼ੋਰਨੀਆਂ ’ਚ ਤਿੰਨ ਦਿਨਾਂ ਵਿੱਚ ਦੂਜੀ ਵਾਰਦਾਤ, '7 ਪਰਵਾਸੀ ਮਜ਼ਦੂਰਾਂ ਦੀ ਮੌਤ'

ਤਸਵੀਰ ਸਰੋਤ, CBS
- ਲੇਖਕ, ਮੈਕਸ ਮਤਜ਼ਾ
- ਰੋਲ, ਬੀਬੀਸੀ ਨਿਊਜ਼ ਸਿਆਟਲ
ਕੈਲੀਫੋਰਨੀਆ ਵਿੱਚ ਸੋਮਵਾਰ ਨੂੰ ਹੋਈ ਗੋਲੀਬਾਰੀ ਵਿੱਚ ਸੱਤ ਲੋਕਾਂ ਦੀ ਮੌਤ ਹੋ ਗਈ ਹੈ। ਗੋਲੀਬਾਰੀ ਫਰਾਂਸਿਸਕੋ ਤੋਂ ਕਰੀਬ 50 ਕਿਲੋਮੀਟਰ ਦੂਰ ਦੱਖਣ ਵਿੱਚ ਤੱਟਵਰਤੀ ਸ਼ਹਿਰ ਹਾਫ਼ ਮੂਨ ਬੇਅ ਵਿੱਚ ਦੋ ਵੱਖ-ਵੱਖ ਥਾਵਾਂ 'ਤੇ ਹੋਈ।
ਹਮਲਾਵਰ ਦੀ ਪਛਾਣ 67 ਸਾਲਾ ਜ਼ਓ ਸ਼ੁਨਲੀ ਵਜੋਂ ਹੋਈ ਹੈ। ਪੁਲਿਸ ਦਾ ਦਾਅਵਾ ਹੈ ਕਿ ਉਹ ਇੱਕ ਸਥਾਨਕ ਵਾਸੀ ਹੈ ਤੇ ਗ੍ਰਿਫਤਾਰ ਕਰ ਲਿਆ ਗਿਆ ਹੈ।
ਸੋਮਵਾਰ ਨੂੰ ਸ਼ੱਕੀ ਨੂੰ ਹਮਲੇ ਤੋਂ ਦੋ ਘੰਟੇ ਬਾਅਦ ਸੈਨ ਮਾਟੇਓ ਕਾਉਂਟੀ ਸ਼ੈਰਿਫ ਦੇ ਦਫ਼ਤਰ ਕੋਲ ਦੇਖਿਆ ਗਿਆ।
ਪਹਿਲੇ ਚਾਰ ਪੀੜਤ ਸਥਾਨਕ ਸਮੇਂ ਅਨੁਸਾਰ 14:22 ਦੇ ਨੇੜੇ ਇੱਕ ਮਸ਼ਰੂਮ ਫਾਰਮ ਵਿੱਚ ਲੱਭੇ। ਜਦੋਂ ਕਿ ਬਾਕੀ ਤਿੰਨ ਬਾਅਦ ਵਿੱਚ ਲੱਭੇ। ਉਹ ਉਸ ਥਾਂ ਤੋਂ ਮਿਲੇ ਸਨ ਜਿੱਥੇ ਟਰੱਕਾਂ ਦਾ ਕਾਰੋਬਾਰ ਹੁੰਦਾ ਸੀ।
ਹਮਲੇ ਦੇ ਕਾਰਨਾਂ ਬਾਰੇ ਜਾਣਕਾਰੀ ਨਹੀਂ

ਤਸਵੀਰ ਸਰੋਤ, POLICE HANDOUT/ CBS
ਜਾਂਚਕਰਤਾਵਾਂ ਨੇ ਅਜੇ ਤੱਕ ਇਸ ਹਮਲੇ ਪਿਛਲੇ ਕਾਰਨ ਬਾਰੇ ਕੁਝ ਨਹੀਂ ਦੱਸਿਆ ਹੈ।
ਸੈਨ ਮਾਟੇਓ ਕਾਉਂਟੀ ਸ਼ੈਰਿਫ ਕ੍ਰਿਸਟੀਨਾ ਕਾਰਪਸ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਸ਼ੱਕੀ ਨੂੰ ਸਥਾਨਕ ਸਮੇਂ ਮੁਤਾਬਕ ਕਰੀਬ 16:40 ਵਜੇ ਉਸ ਸਮੇਂ ਗ੍ਰਿਫ਼ਤਾਰ ਕੀਤਾ ਗਿਆ ਜਦੋਂ ਉਹ ਖ਼ੁਦਾ ਗੱਡੀ ਚਲਾਕੇ ਇੱਕ ਸਥਾਨਕ ਪੁਲਿਸ ਸਟੇਸ਼ਨ ਬਾਹਰ ਆ ਗਿਆ ਸੀ।
ਉਨ੍ਹਾਂ ਨੇ ਕਿਹਾ ਕਿ ਉਸ ਕੋਲ ਇੱਕ ਅਰਧ-ਆਟੋਮੈਟਿਕ ਪਿਸਤੌਲ ਮਿਲਿਆ ਸੀ। ਇਸੇ ਪਿਸਤੌਲ ਦੀ ਵਰਤੋਂ ਹਮਲੇ ਦੌਰਾਨ ਹੋਈ ਸੀ।
ਉਨ੍ਹਾਂ ਇਹ ਵੀ ਦੱਸਿਆ ਕਿ ਹੁਣ ਉਹ ਪੁਲਿਸ ਦਾ ਸਹਿਯੋਗ ਦੇ ਰਿਹਾ ਹੈ।
ਕਾਰਪਸ ਮੁਤਾਬਕ ਹਮਲੇ ਵਿੱਚ ਸੱਤ ਲੋਕਾਂ ਦੀ ਮੌਤ ਹੋ ਗਈ ਤੇ ਇੱਕ ਹੋ ਵਿਅਕਤੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ ਪਰ ਉਸ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ।
ਸ਼ੈਰਿਫ਼ ਨੇ ਕਿਹਾ,“ਇਸ ਤਰ੍ਹਾਂ ਦੀ ਗੋਲੀਬਾਰੀ ਖ਼ੌਫ਼ਨਾਕ ਹੈ। ਇਹ ਅਜਿਹੀ ਦੁੱਖ ਭਰੀ ਖ਼ਬਰ ਹੈ ਜਿਸ ਬਾਰੇ ਅਸੀਂ ਅਕਸਰ ਸੁਣਦੇ ਹਾਂ। ਅਫ਼ਸੋਸ ਕਿ ਇਹ ਇਸ ਵਾਰ ਸਾਡੇ ਆਪਣੇ ਘਰ ਸੈਨ ਮਾਟੇਓ ਕਾਉਂਟੀ ਵਿੱਚ ਵਾਪਰੀ।”

ਤਸਵੀਰ ਸਰੋਤ, Getty Images
ਚੀਨੀ ਖੇਤ ਮਜ਼ਦੂਰ ਮਾਰੇ ਗਏ
ਸ਼ੈਰਿਫ ਨੇ ਇਹ ਵੀ ਪੁਸ਼ਟੀ ਕੀਤੀ ਕਿ ਗਵਾਹਾਂ ਵਿੱਚ ਉਹ ਬੱਚੇ ਵੀ ਸ਼ਾਮਲ ਹਨ ਜਿਨ੍ਹਾਂ ਨੇ ਹਾਲ ਹੀ ਵਿੱਚ ਸਕੂਲ ਛੱਡਿਆ ਸੀ ਤੇ ਹੁਣ ਪੇਂਡੂ ਇਲਾਕਿਆਂ ਵਿੱਚ ਰਹਿੰਦੇ ਹਨ।
"ਬੱਚਿਆਂ ਦਾ ਇਹ ਸਭ ਦੇਖਣਾ ਚਿੰਤਾਂਜਨਕ ਹੈ, ਇਸ ਬਾਰੇ ਕੁਝ ਹੀ ਕਹਿਣਾ ਔਖਾ ਹੈ।"
ਕੈਲੀਫੋਰਨੀਆ ਦੇ ਗਵਰਨਰ ਗੇਵਿਨ ਨਿਊਜ਼ਮ ਨੇ ਟਵੀਟ ਵਿੱਚ ਲਿਖਿਆ,"ਜਦੋਂ ਮੈਂਨੂੰ ਇੱਕ ਗੋਲੀਬਾਰੀ ਦੀ ਜਾਣਕਾਰੀ ਮਿਲ ਰਹੀ ਸੀ ਉਸ ਨੂੰ ਵਿੱਚੋਂ ਛੱਡ ਕੇ ਇੱਕ ਹੋਰ ਗੋਲੀਬਾਰੀ ਦੇ ਪੀੜਤਾਂ ਨੂੰ ਹਸਪਤਾਲ ਜਾ ਕੇ ਮਿਲ ਰਿਹਾ ਹਾਂ।”
“ਇਸ ਵਾਰ ਹਾਫ਼ ਮੂਨ ਬੇ ਵਿੱਚ। ਇੱਕ ਦੁਖਾਂਤ ਤੋਂ ਬਾਅਦ ਇੱਕ ਹੋਰ ਦੁਖਾਂਤ।"
ਹਾਫ਼ ਮੂਨ ਬੇ ਕੌਂਸਲ ਦੇ ਮੈਂਬਰ ਡੇਬੀ ਰੋਡੌਕ ਨੇ ਐੱਨਬੀਸੀ ਨੂੰ ਦੱਸਿਆ ਕਿ ਪੀੜਤ ਚੀਨੀ ਖੇਤ ਮਜ਼ਦੂਰ ਸਨ।

ਤਸਵੀਰ ਸਰੋਤ, EPA
ਬੰਦੂਕੀ ਹਿੰਸਾ ਰੁਕਣੀ ਚਾਹੀਦੀ ਹੈ
ਸੈਨ ਮਾਟੇਓ ਕਾਉਂਟੀ ਬੋਰਡ ਆਫ਼ ਸੁਪਰਵਾਈਜ਼ਰਜ਼ ਦੇ ਪ੍ਰਧਾਨ ਡੇਵ ਪਾਈਨ ਨੇ ਖ਼ਬਰ ਏਜੰਸੀ ਐਸੋਸੀਏਟਿਡ ਪ੍ਰੈਸ ਨੂੰ ਦੱਸਿਆ ਕਿ ਇਹ ਹਮਲੇ ਇੱਕ "ਅਸੰਤੁਸ਼ਟ ਵਰਕਰ" ਵਲੋਂ ਕੀਤੇ ਗਏ।
ਪਾਈਨ ਨੇ ਇੱਕ ਬਿਆਨ ਜਾਰੀ ਕਰ ਕਿਹਾ, "ਅਸੀਂ ਹਾਫ਼ ਮੂਨ ਬੇ ਵਿੱਚ ਅੱਜ ਦੀ ਤ੍ਰਾਸਦੀ ਤੋਂ ਦਹਿਲ ਗਏ ਹਾਂ।"
ਉਨ੍ਹਾਂ ਕਿਹਾ,"ਬੰਦੂਕ ਦੀ ਹਿੰਸਾ ਨਾਲ ਪਸਰੀ ਉਦਾਸੀ ਨੇ ਸਾਡੇ ਘਰ ਨੂੰ ਪ੍ਰਭਾਵਿਤ ਕੀਤਾ ਹੈ। ਅਸੀਂ ਮੋਂਟੇਰੀ ਪਾਰਕ ਵਿੱਚ ਹੋਈ ਗੋਲੀਬਾਰੀ ਵਿੱਚ ਮਾਰੇ ਗਏ ਲੋਕਾਂ ਦਾ ਸੋਗ ਮਨਾਉਣ ਲਈ ਵੀ ਇਕੱਠੇ ਨਹੀਂ ਹੋ ਸਕਦੇ। ਇਹ ਬੰਦੂਕਾਂ ਦੀ ਹਿੰਸਾ ਬੰਦ ਹੋਣੀ ਚਾਹੀਦੀ ਹੈ।”












