You’re viewing a text-only version of this website that uses less data. View the main version of the website including all images and videos.
ਮੋਰਿੰਡਾ ਬੇਅਦਬੀ ਮਾਮਲਾ: ਵਿਵਾਦਾਂ ਤੋਂ ਬਾਅਦ ਮੁਲਜ਼ਮ ਜਸਵੀਰ ਸਿੰਘ ਦਾ ਪਟਿਆਲਾ ’ਚ ਹੋਇਆ ਸਸਕਾਰ
- ਲੇਖਕ, ਗਗਨਦੀਪ ਸਿੰਘ ਜੱਸੋਵਾਲ
- ਰੋਲ, ਬੀਬੀਸੀ ਪੱਤਰਕਾਰ
ਮੋਰਿੰਡਾ ਬੇਅਦਬੀ ਮਾਮਲੇ ਦੇ ਮੁਲਜ਼ਮ ਜਸਵੀਰ ਸਿੰਘ (35) ਦਾ ਆਖਿਰ ਬੁੱਧਵਾਰ ਨੂੰ ਪਟਿਆਲਾ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਮ੍ਰਿਤਕ ਦੇ ਭਰਾ ਨੂੰ ਬੁਲਾ ਕੇ ਲਾਸ਼ ਉਸ ਦੇ ਹਵਾਲੇ ਕਰ ਦਿੱਤੀ ਗਈ ਅਤੇ ਪਟਿਆਲਾ ਦੇ ਸ਼ਮਸ਼ਾਨ ਘਾਟ ਵਿੱਚ ਹੀ ਜਸਵੀਰ ਸਿੰਘ ਦਾ ਸਸਕਾਰ ਪੁਲਿਸ ਦੀ ਹਾਜ਼ਰੀ ਵਿੱਚ ਕਰ ਦਿੱਤਾ ਗਿਆ।
ਮਾਨਸਾ ਦੇ ਐੱਸਐੱਸਪੀ ਨਾਨਕ ਸਿੰਘ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਮ੍ਰਿਤਕ ਦੇ ਭਰਾ ਵੱਲੋਂ ਜਸਵੀਰ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਗਿਆ।
ਇਸ ਤੋਂ ਪਹਿਲਾਂ ਜਸਵੀਰ ਸਿੰਘ (35) ਦੀ ਲਾਸ਼ ਸਰਕਾਰੀ ਰਾਜਿੰਦਰਾ ਹਸਪਤਾਲ, ਪਟਿਆਲਾ ਵਿੱਚ ਰੱਖੀ ਹੋਈ ਸੀ ਪਰ ਉਸ ਦਾ ਕੋਈ ਵੀ ਪਰਵਾਰਿਕ ਮੈਂਬਰ ਜਾਂ ਰਿਸ਼ਤੇਦਾਰ ਲਾਸ਼ ਲੈਣ ਨਹੀਂ ਆਇਆ ਸੀ।
ਮੁਲਜ਼ਮ ਜਸਵੀਰ ਸਿੰਘ ਦੀ ਸੋਮਵਾਰ ਸ਼ਾਮ ਨੂੰ ਮਾਨਸਾ ਸਿਵਲ ਹਸਪਤਾਲ ਵਿਖੇ ਮੌਤ ਹੋ ਗਈ ਸੀ।
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜੱਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੰਗਤ ਨੂੰ ਅਪੀਲ ਕੀਤੀ ਸੀ ਕਿ ਕੋਈ ਵੀ ਸਿੱਖ ਉਸ ਮੁਲਜ਼ਮ ਦੇ ਸਸਕਾਰ ’ਚ ਸ਼ਾਮਲ ਨਹੀਂ ਹੋਵੇਗਾ ਅਤੇ ਨਾ ਹੀ ਕੋਈ ਪਾਠੀ ਉਸ ਦੀਆਂ ਅੰਤਿਮ ਰਸਮਾਂ ਕਰੇਗਾ।
ਹਾਲਾਂਕਿ, ਕੁਝ ਸਿੱਖ ਵਿਵਦਾਨ ਸੰਸਕਾਰ ਦਾ ਵਿਰੋਧ ਕਰਨ ਦੇ ਪੱਖ ਵਿੱਚ ਨਹੀਂ ਹਨ।
24 ਅਪ੍ਰੈਲ ਨੂੰ ਜ਼ਿਲ੍ਹਾ ਰੋਪੜ ਵਿੱਚ ਪੈਂਦੇ ਮੋਰਿੰਡਾ ਦੇ ਗੁਰਦੁਆਰਾ ਕੋਤਵਾਲੀ ਸਾਹਿਬ ਵਿਖੇ ਕਥਿਤ ਬੇਅਦਬੀ ਦੀ ਘਟਨਾ ਹੋਈ ਸੀ।
ਇਸ ਘਟਨਾ ਦੇ ਵਾਇਰਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਵਿਅਕਤੀ ਨੇ ਅੰਦਰ ਆਕੇ ਪਾਠ ਕਰ ਰਹੇ ਗ੍ਰੰਥੀ ਸਿੰਘਾਂ ਨਾਲ ਕੁੱਟਮਾਰ ਕੀਤੀ ਤੇ ਫਿਰ ਗੁਰੂ ਗ੍ਰੰਥ ਸਾਹਿਬ ਨੂੰ ਵੀ ਹੱਥ ਪਾਇਆ।
ਮੌਕੇ 'ਤੇ ਮੌਜੂਦ ਲੋਕਾਂ ਨੇ ਨੌਜਵਾਨ ਨੂੰ ਕਾਬੂ ਕਰਕੇ ਉਸ ਨਾਲ ਕੁੱਟਮਾਰ ਕੀਤੀ ਤੇ ਫਿਰ ਪੁਲਿਸ ਦੇ ਹਵਾਲੇ ਕਰ ਦਿੱਤਾ।
ਰੋਪੜ ਪੁਲਿਸ ਵਲੋਂ ਜਸਵੀਰ ਸਿੰਘ ਅਪ੍ਰੈਲ 29 ਨੂੰ ਮਾਨਸਾ ਜੇਲ੍ਹ ਵਿੱਚ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ।
ਜਾਣਕਾਰੀ ਮੁਤਾਬਕ ਜਦੋਂ ਉਸਨੇ ਆਪਣੀ ਛਾਤੀ ਵਿੱਚ ਦਰਦ ਅਤੇ ਸਾਹ ਲੈਣ ਵਿੱਚ ਤਕਲੀਫ ਹੋਣ ਦੀ ਗੱਲ ਆਖੀ ਤਾਂ ਜੇਲ੍ਹ ਦੇ ਡਾਕਟਰ ਵਲੋਂ ਉਸਨੂੰ ਮਾਨਸਾ ਸਿਵਲ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਸੀ।
ਮੋਰਿੰਡਾ ਬੇਅਦਬੀ ਮਾਮਲਾ ਕੀ ਹੈ?
- ਬੇਅਦਬੀ ਦੀ ਘਟਨਾ ਮੋਰਿੰਡਾ ਦੇ ਇਤਿਹਾਸਿਕ ਗੁਰਦੁਆਰਾ ਕੋਤਵਾਲੀ ਸਾਹਿਬ ਵਿਖੇ ਵਾਪਰੀ ਹੈ
- ਗੁਰੂਦੁਆਰਾ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਨਾਲ ਸਬੰਧਤ ਹੈ
- ਸ਼ੱਕੀ ਵਿਅਕਤੀ ਨੇ ਗੁਰਦੁਆਰਾ ਸਾਹਿਬ ਵਿੱਚ ਦਾਖ਼ਲ ਹੋ ਕੇ ਪਾਠ ਕਰ ਕੇ ਗ੍ਰੰਥੀ ਸਿੰਘਾਂ ਉੱਤੇ ਹਮਲਾ ਕਰ ਦਿੱਤਾ
- ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਮੁਲਜ਼ਮ ਖ਼ਿਲਾਫ਼ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ ਸੀ
- ਘਟਨਾ ਤੋਂ ਬਾਅਦ ਸਥਾਨਕ ਲੋਕ ਵੱਡੀ ਗਿਣਤੀ ਵਿੱਚ ਇਕੱਠੇ ਹੋ ਗਏ ਅਤੇ ਸਦਰ ਥਾਣੇ ਦਾ ਘਿਰਾਓ ਕੀਤਾ ਸੀ
ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਦੀ ਮੁਲਜ਼ਮ ਦੇ ਸਸਕਾਰ ਬਾਰੇ ਅਪੀਲ
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜੱਥੇਦਾਰ ਗਿਆਨੀ ਰਘਬੀਰ ਸਿੰਘ ਨੇ ਪਹਿਲਾਂ ਹੀ ਸੰਗਤ ਨੂੰ ਅਪੀਲ ਕੀਤੀ ਸੀ ਕਿ ਕੋਈ ਵੀ ਸਿੱਖ ਉਸ ਮੁਲਜ਼ਮ ਦੇ ਅੰਤਿਮ ਸੰਸਕਾਰ ’ਚ ਸ਼ਾਮਲ ਨਹੀਂ ਹੋਵੇਗਾ ਅਤੇ ਨਾ ਹੀ ਕੋਈ ਗ੍ਰੰਥੀ ਸਿੰਘ, ਪ੍ਰਚਾਰਕ ਜਾਂ ਪਾਠੀ ਉਸ ਦੀਆਂ ਅੰਤਿਮ ਰਸਮਾਂ ਕਰੇਗਾ।
ਉਹਨਾਂ ਅੱਗੇ ਕਿਹਾ ਕਿ ਸਾਰੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਬੇਨਤੀ ਹੈ ਕਿ ਕਿਸੇ ਵੀ ਗੁਰਦੁਆਰਾ ਸਾਹਿਬ ਵਿੱਚੋਂ ਗੁਰੂ ਗ੍ਰੰਥ ਸਾਹਿਬ ਉਸਦੇ ਅਖੰਡ ਪਾਠ ਜਾਂ ਸਹਿਜ ਪਾਠ ਲਈ ਨਾ ਦਿੱਤੇ ਜਾਣ।
ਰਘਬੀਰ ਸਿੰਘ ਨੇ ਬੀਬੀਸੀ ਨਾਲ ਗੱਲਬਾਤ ਕਰਦੇ ਕਿਹਾ ਕਿ ਜੋ ਮੁਲਜ਼ਮ ਆਪਣੀ ਜੁੱਤੀ ਸਮੇਤ ਗੁਰੂ ਸਾਹਿਬ ਦੀ ਹਾਜ਼ਰੀ ਵਿੱਚ ਬੈਠੇ ਪਾਠੀ ਸਿੰਘਾਂ ਦੇ ਥੱਪੜ ਮਾਰਦਾ ਹੈ ਅਤੇ ਗੁਰੂ ਦੇ ਸਰੂਪਾਂ ਨੂੰ ਉਲਟਾਉਂਦਾ ਹੈ, ਉਹ ਬੰਦਾ ਸਿੱਖ ਤਾਂ ਹੈ ਨਹੀਂ।
ਉਨ੍ਹਾਂ ਨੇ ਕਿਹਾ, "ਸਾਡੀ ਜੋ ਧਾਰਮਿਕ ਰੋਹਰੀਤੀ ਹੈ, ਉਸ ਅਨੁਸਾਰ ਉਸਦੀਆਂ ਜੋ ਵੀ ਅੰਤਿਮ ਰਸਮਾਂ ਨੇ ਉਹ ਸਿੱਖ ਧਰਮ ਅਨੁਸਾਰ ਨਹੀਂ ਹੋ ਸਕਦੀਆਂ।"
“ਮੁਲਜ਼ਮ ਨੇ ਸਿੱਖ ਕੌਮ ਦੇ ਹਿਰਦਿਆਂ ਨੂੰ ਠੇਸ ਪਹੁੰਚਾਈ ਹੈ ਅਤੇ ਉਹ ਸਿੱਖ ਨਹੀਂ ਹੋ ਸਕਦਾ। ਉਸ ਦੀਆਂ ਗੁਰਮਤਿ ਰੀਤਾਂ ਅਨੁਸਾਰ ਅੰਤਿਮ ਰਸਮਾਂ ਨਹੀਂ ਹੋਣੀਆਂ ਚਾਹੀਦੀਆਂ ਕਿਉਂਕਿ ਉਹ ਪੰਥ ਦੋਖੀ ਹੈ।”
ਸਿੱਖ ਬੁੱਧੀਜੀਵੀਆਂ ਦੀ ਕੀ ਹੈ ਦਲੀਲ?
ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਪ੍ਰੋਫੈਸਰ ਅਮਰਜੀਤ ਸਿੰਘ ਨੇ ਕਿਹਾ ਕਿ ਸਿੱਖ ਧਰਮ ਦੇ ਇਤਿਹਾਸ ਵਿੱਚ ਦੁਸ਼ਮਣ ਫੌਜਾਂ ਦੇ ਮਾਰੇ ਗਏ ਫੌਜੀਆਂ ਨੂੰ ਸਤਿਕਾਰ ਨਾਲ ਦਫਨਾਉਣ ਦਾ ਕੰਮ ਖੁਦ ਗੁਰੂ ਸਾਹਿਬ ਕਰਦੇ ਰਹੇ ਹਨ।
ਉਹਨਾਂ ਕਿਹਾ ਕਿ ਉਸ ਮੁਲਜ਼ਮ ਨੇ ਗ਼ਲਤੀ ਕੀਤੀ ਹੈ ਅਤੇ ਇਹ ਵੱਡੀ ਗਲਤੀ ਹੈ। ਰਸਮਾਂ ਰੀਤਾਂ ਨੂੰ ਹੋਣ ਦੇਣਾ ਚਾਹੀਦਾ ਹੈ। ਕਿਸੇ ਦੇ ਸੰਸਕਾਰ ਦਾ ਵਿਰੋਧ ਕਰਨ ਦੀ ਅਪੀਲ ਕਰਨਾ ਗ਼ਲਤ ਹੈ ਅਤੇ ਇਹ ਇੱਕ ਨਫਰਤ ਤੇ ਕੱਟੜਤਾ ਦੀ ਉਦਹਾਰਣ ਬਣ ਸਕਦਾ ਜਦਕਿ ਸਿੱਖ ਧਰਮ ਕੱਟੜਤਾ ਦੀ ਗੱਲ ਨਹੀਂ ਕਰਦਾ ਹੈ।
ਉਹਨਾਂ ਕਿਹਾ ਕਿ ਸਿੱਖ ਧਰਮ ਦੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਦੇ ਵਕ਼ਤ ਮਹਿਰਾਜ ਯੁੱਧ ਵਿੱਚ ਮੁਗ਼ਲ ਫੌਜਾਂ ਦੇ ਮ੍ਰਿਤਕ ਫੌਜੀਆਂ ਨੂੰ ਦਫ਼ਨਾਇਆ ਸੀ ਅਤੇ ਭਾਈ ਘਨਈਆ ਤਾਂ ਦੁਸ਼ਮਣ ਫੌਜਾਂ ਦੇ ਜਖਮੀਆਂ ਨੂੰ ਪਾਣੀ ਪਲਾਉਂਦੇ ਰਿਹਾ ਜੋ ਗੁਰੂ ’ਤੇ ਹਮਲਾ ਕਰਨ ਆਏ ਸਨ।
ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਸਰਬਜਿੰਦਰ ਸਿੰਘ ਨੇ ਕਿਹਾ ਕਿ ਸਿੱਖ ਕੌਮ ਨੇ ਤਖ਼ਤ ਦੇ ਜਥੇਦਾਰਾਂ ਨੂੰ ਆਪਣੇ ਭਲੇ ਵਾਸਤੇ ਫੈਸਲਾ ਲੈਣ ਦੇ ਅਧਿਕਾਰ ਦਿੱਤੇ ਹਨ। ਤਖ਼ਤ ਦੇ ਜਥੇਦਾਰ ਉਹ ਫੈਸਲਾ ਲੈਂਦੇ ਹਨ ਜੋ ਕੌਮ ਦੇ ਹਿੱਤ ਵਿੱਚ ਹੁੰਦਾ ਹੈ ਜਿਸ ਨੂੰ ਤਖ਼ਤ ਦਾ ਸਤਿਕਾਰ ਹੈ ਉਹ ਉਸ ਹੁਕਮ ਨੂੰ ਮੰਨਦਾ ਹੈ ਨਹੀਂ ਤਾਂ ਇਹ ਤਾਂ ਇਨਸਾਨ ਦੀ ਆਪਣੀ ਮਰਜ਼ੀ ਹੈ।
ਇਸ ਸਿਲਸਿਲੇ 'ਚ ਹੁਣ ਗੁਰਦੁਆਰਾ ਕੋਤਵਾਲੀ ਸਾਹਿਬ ਦੀ ਕਮੇਟੀ ਵੀ ਭੰਗ ਕਰ ਦਿੱਤੀ ਗਈ ਸੀ ਅਤੇ ਇੱਕ ਨਵੀਂ ਕਮੇਟੀ ਬਣਾਈ ਗਈ ਹੈ। ਸੰਗਤ ਦਾ ਇਲਜ਼ਾਮ ਸੀ ਕਿ ਕਮੇਟੀ ਨੇ ਗੁਰਦੁਆਰੇ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਠੀਕ ਢੰਗ ਨਾਲ ਪੂਰੀ ਨਹੀਂ ਕੀਤੀ, ਜਿਸ ਦੇ ਕਾਰਨ ਹੀ ਬੇਅਦਬੀ ਦੀ ਘਟਨਾ ਵਾਪਰੀ।
ਮਾਤਾ ਗੁਜਰੀ ਤੇ ਸਹਿਬਜ਼ਾਦਿਆਂ ਨਾਲ ਸਬੰਧਤ ਹੈ ਗੁਰਦੁਆਰਾ ਕੋਤਵਾਲੀ ਸਾਹਿਬ
ਜ਼ਿਲ੍ਹਾ ਰੋਪੜ ਦੇ ਮੋਰਿੰਡਾ ਵਿੱਚ ਇਤਾਹਿਸਕ ਗੁਰਦੁਆਰਾ ਕੋਤਵਾਲੀ ਸਾਹਿਬ ਮਾਤਾ ਗੁਜਰੀ ਜੀ, ਸਹਿਬਜ਼ਾਦਾ ਫਤਿਹ ਸਿੰਘ ਅਤੇ ਸਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਨਾਲ ਸਬੰਧਤ ਹੈ।
ਸਾਲ 1705 ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਆਪਣੇ ਪਰਿਵਾਰ ਤੋਂ ਵੱਖ ਹੋ ਗਏ ਸਨ ਤਾਂ ਮਾਤਾ ਗੁਜਰੀ ਅਤੇ ਦੋਵੇਂ ਸਹਿਬਜ਼ਾਦੇ ਆਪਣੇ ਲਾਂਗਰੀ ਗੰਗੂ ਨਾਲ ਸਨ।
ਇਤਿਹਾਸਕ ਹਵਾਲਿਆਂ ਮੁਤਾਬਕ ਗੰਗੂ ਨੇ ਮੁਗਲ ਹਕੂਮਤ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ ਸੀ ਅਤੇ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਹਕੂਮਤ ਨੇ ਗ੍ਰਿਫ਼ਤਾਰ ਕਰ ਲਿਆ ਸੀ।
ਗ੍ਰਿਫ਼ਤਾਰੀ ਤੋਂ ਬਾਅਦ ਮਾਤਾ ਗੁਜਰੀ ਜੀ ਅਤੇ ਸਹਿਬਜ਼ਾਦਿਆਂ ਨੂੰ ਜਾਨੀ ਖ਼ਾਨ ਅਤੇ ਮਨੀ ਖ਼ਾਨ ਇਸ ਥਾਂ ਉਪਰ ਲੈ ਕੇ ਆਏ ਸਨ।
ਇਹ ਕੋਤਵਾਲੀ ਥਾਣਾ ਸੀ, ਇੱਥੇ ਮਾਤਾ ਅਤੇ ਸਾਹਿਬਜ਼ਾਦਿਆਂ ਨੂੰ ਇੱਕ ਰਾਤ ਰੱਖਿਆ ਗਿਆ ਸੀ। ਉਨ੍ਹਾਂ ਨੂੰ ਰਾਤ ਭਰ ਏਥੇ ਜੇਲ੍ਹ ਵਿੱਚ ਰੱਖਿਆ ਗਿਆ ਸੀ ਅਤੇ ਫਿਰ ਕੇਸ ਚਲਾਉਣ ਲਈ ਸਰਹਿੰਦ ਲੈ ਗਏ ਸਨ।
27 ਅਪ੍ਰੈਲ ਨੂੰ ਰੂਪਨਗਰ ਦੀ ਅਦਾਲਤ ਵਿੱਚ ਮੋਰਿੰਡਾ ਗੁਰਦੁਆਰੇ ਦੀ ਬੇਅਦਬੀ ਦੇ ਮੁਲਜ਼ਮਾਂ ’ਤੇ ਇੱਕ ਵਕੀਲ ਸਾਹਿਬਜੀਤ ਸਿੰਘ ਖੁਰਲ ਵੱਲੋਂ ਕਥਿਤ ਤੌਰ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।
ਬੇਅਦਬੀ ਕਾਂਡ ਦੇ ਮੁਲਜ਼ਮ ਜਸਵੀਰ ਸਿੰਘ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਰੂਪਨਗਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਜਦੋਂ ਵਕੀਲ ਸਾਹਿਬਜੀਤ ਸਿੰਘ ਰਿਵਾਲਵਰ ਲੈ ਕੇ ਕੋਰਟ ਕੰਪਲੈਕਸ ਵਿੱਚ ਦਾਖਲ ਹੋਏ।
ਹਾਲਾਂਕਿ, ਖੁਰਲ ਨੂੰ ਟਰਿੱਗਰ ਖਿੱਚਣ ਤੋਂ ਪਹਿਲਾਂ ਮੌਕੇ 'ਤੇ ਮੌਜੂਦ ਪੁਲਿਸ ਕਰਮਚਾਰੀਆਂ ਅਤੇ ਰਾਹਗੀਰਾਂ ਵੱਲੋਂ ਤੁਰੰਤ ਕਾਬੂ ਕਰ ਲਿਆ ਗਿਆ ਸੀ।
(ਇਸ ਰਿਪੋਰਟ ਵਿੱਚ ਬੀਬੀਸੀ ਸਹਿਯੋਗੀ ਗੁਰਮਿੰਦਰ ਗਰੇਵਾਲ ਨੇ ਵੀ ਜਾਣਕਾਰੀ ਦਿੱਤੀ ਹੈ।)