ਪੀਜੀਆਈ ਚੰਡੀਗੜ੍ਹ ’ਚ ਕੀਨੀਆ ਦੇ ਦੋ ਸਾਲਾਂ ਮਾਸੂਮ ਬੱਚੇ ਨੇ ਕਿਵੇਂ ਚਾਰ ਮਰੀਜ਼ਾਂ ਦੀ ਜ਼ਿੰਦਗੀ ਰੌਸ਼ਨ ਕੀਤੀ

ਲੂੰਡਾ ਕਯੂੰਬਾ

ਤਸਵੀਰ ਸਰੋਤ, Jackline Diary

ਤਸਵੀਰ ਕੈਪਸ਼ਨ, ਲੂੰਡਾ ਕਯੂੰਬਾ ਦੇ ਦਾਨ ਕੀਤੇ ਅੰਗਾਂ ਨਾਲ 4 ਲੋਕਾਂ ਨੂੰ ਜੀਵਨਦਾਨ ਮਿਲਿਆ
    • ਲੇਖਕ, ਸਰਬਜੀਤ ਸਿੰਘ ਧਾਲੀਵਾਲ
    • ਰੋਲ, ਬੀਬੀਸੀ ਪੱਤਰਕਾਰ

“ਮੈਨੂੰ ਇਸ ਗੱਲ ਦਾ ਦੁੱਖ ਹੈ ਕਿ ਮੇਰਾ ਪੁੱਤਰ ਇਸ ਦੁਨੀਆਂ ਵਿੱਚ ਨਹੀਂ ਰਿਹਾ ਪਰ ਉਸ ਦੇ ਦਾਨ ਕੀਤੇ ਅੰਗਾਂ ਨੇ ਦੂਜਿਆਂ ਦੀ ਹਨੇਰੀ ਜ਼ਿੰਦਗੀ ਵਿੱਚ ਨਵੀਂ ਰੌਸ਼ਨੀ ਭਰ ਕੇ ਸਾਨੂੰ ਜਿਉਣ ਦਾ ਇੱਕ ਨਵਾਂ ਸਹਾਰਾ ਦੇ ਦਿੱਤਾ। ਮੈਨੂੰ ਇਸ ਉੱਤੇ ਮਾਣ ਵੀ ਹੈ।"

ਇਹ ਸ਼ਬਦ ਹਨ ਕੀਨੀਆ ਦੀ ਨਾਗਰਿਕ ਜੈਕਲੀਨ ਡਾਇਰੀ ਦੇ। ਜੈਕਲੀਨ ਚੰਡੀਗੜ੍ਹ ਨਜ਼ਦੀਕ ਖਰੜ ਵਿੱਚ ਰਹਿੰਦੇ ਹਨ ਅਤੇ ਉਨ੍ਹਾਂ ਦੇ ਦੋ ਸਾਲਾ ਪੁੱਤਰ ਲੂੰਡਾ ਕਯੂੰਬਾ ਦੀ ਮੌਤ ਕੁਝ ਦਿਨ ਪਹਿਲਾਂ ਹੋਈ ਹੈ।

ਲੂੰਡਾ ਕਯੂੰਬਾ ਦੀ ਮੌਤ ਤੋਂ ਬਾਅਦ ਉਸ ਦੇ ਦਾਨ ਕੀਤੇ ਗਏ ਅੰਗਾਂ ਨੇ ਚਾਰ ਲੋਕਾਂ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ ਅਤੇ ਉਸ ਦੀ ਉਪਰੋਕਤ ਟਿੱਪਣੀ ਇਸੇ ਸੰਦਰਭ ਵਿੱਚ ਸੀ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਲੂੰਡਾ ਕਯੂੰਬਾ ਨੂੰ ਪਿਆਰ ਨਾਲ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਪ੍ਰੋਸਪਰ ਆਖਦੇ ਸਨ ਅਤੇ ਚੰਡੀਗੜ੍ਹ ਦੇ ਪੀਜੀਆਈ ਵਿੱਚ ਪਹਿਲੀ ਵਾਰ ਕਿਸੇ ਵਿਦੇਸ਼ੀ ਨਾਗਰਿਕ ਦੀ ਮੌਤ ਤੋਂ ਬਾਅਦ ਉਸ ਦੇ ਅੰਗਾਂ ਦਾ ਟਰਾਂਸਪਲਾਂਟ ਕੀਤਾ ਗਿਆ।

ਬਰੇਨ ਡੈੱਡ ਦੋ ਸਾਲਾ ਪ੍ਰੋਸਪਰ ਦੇ ਅੰਗਾਂ ਨੇ ਦੂਜੇ ਮਰੀਜ਼ਾਂ ਵਿੱਚ ਟਰਾਂਸਪਲਾਂਟ ਰਾਹੀਂ ਉਨ੍ਹਾਂ ਦੀ ਜ਼ਿੰਦਗੀ ਵਿੱਚ ਨਵੀਂ ਜਾਨ ਪਾਈ ਹੈ।

ਇਨ੍ਹਾਂ ਵਿੱਚੋਂ, ਦੋ ਮਰੀਜ਼ਾਂ ਨੂੰ ਇੱਕੋ ਸਮੇਂ ਪੈਨਕ੍ਰੀਆਸ ਅਤੇ ਕਿਡਨੀ (SPAC) ਅਤੇ ਦੂਜੇ ਦਾ ਗੁਰਦਾ ਟਰਾਂਸਪਲਾਂਟ ਕੀਤਾ ਗਿਆ ਹੈ।

ਇਸ ਦੇ ਨਾਲ ਹੀ ਪ੍ਰੋਸਪਰ ਦੀਆਂ ਅੱਖਾਂ ਦਾ ਕੋਰਨੀਆ ਦਾਨ ਕਰਨ ਨਾਲ ਦੋ ਹੋਰ ਲੋਕਾਂ ਨੂੰ ਵੀ ਰੌਸ਼ਨੀ ਮਿਲੀ ਹੈ, ਜਿਸ ਨਾਲ ਚਾਰ ਲੋਕਾਂ ਦੀ ਜ਼ਿੰਦਗੀ 'ਚ ਖੁਸ਼ੀਆਂ ਆ ਗਈਆਂ ਹਨ।

ਇਸ ਦੇ ਨਾਲ ਹੀ ਪ੍ਰੋਸਪਰ ਭਾਰਤ ਦਾ ਸਭ ਤੋਂ ਛੋਟੀ ਉਮਰ ਦਾ ਪੈਨਕ੍ਰੀਆਸ ਡੋਨਰ ਬਣ ਗਿਆ ਹੈ।

ਜੈਕਲੀਨ ਡਾਇਰੀ
ਤਸਵੀਰ ਕੈਪਸ਼ਨ, ਜੈਕਲੀਨ ਡਾਇਰੀ 2019 ਵਿੱਚ ਕੀਨੀਆ ਤੋਂ ਭਾਰਤ ਆਏ ਸਨ

ਪੁੱਤਰ ਦੀ ਮੌਤ ਵੱਡਾ ਸਦਮਾ

ਜੈਕਲੀਨ ਡਾਇਰੀ 2019 ਵਿੱਚ ਭਾਰਤ ਆਏ ਸਨ ਅਤੇ ਇੱਥੇ ਹੀ ਆ ਕੇ ਉਹ ਮਾਂ ਬਣੇ ਸਨ।

ਬੀਬੀਸੀ ਨਾਲ ਗੱਲਬਾਤ ਕਰਦਿਆਂ ਜੈਕਲੀਨ ਨੇ ਦੱਸਿਆ ਕਿ ਉਹ ਪ੍ਰੋਸਪਰ ਦੇ ਜ਼ਿੰਦਗੀ ਵਿੱਚ ਆਉਣ ਤੋਂ ਬਾਅਦ ਬਹੁਤ ਖ਼ੁਸ਼ ਸੀ ਪਰ ਹੁਣ ਉਸ ਦੇ ਅਚਾਨਕ ਚਲੇ ਜਾਣ ਕਾਰਨ ਉਹ ਸਦਮੇ ਵਿੱਚ ਹਨ।

ਜੈਕਲੀਨ ਮੁਤਾਬਕ ਪ੍ਰੋਸਪਰ ਤਾਂ ਹੁਣ ਵਾਪਸ ਆ ਨਹੀਂ ਸਕਦਾ ਪਰ ਉਸ ਦੇ ਅੰਗ ਦੂਜਿਆਂ ਨੂੰ ਜੀਵਨ ਦਾਨ ਦੇ ਰਹੇ ਹਨ, ਇਸ ਕਾਰਨ ਉਨ੍ਹਾਂ ਨੂੰ ਥੋੜ੍ਹੀ ਤਸੱਲੀ ਮਿਲੀ ਹੈ।

ਜੈਕਲੀਨ ਡਾਇਰੀ ਦਾ ਕਹਿਣਾ ਹੈ, "ਜਦੋਂ ਕਿ ਸਾਡੇ ਦਿਲ ਦੇ ਲੱਖਾਂ ਟੁਕੜੇ ਹੋ ਜਾਂਦੇ ਹਨ, ਸਾਨੂੰ ਇਹ ਜਾਣ ਕੇ ਤਸੱਲੀ ਮਿਲਦੀ ਹੈ ਕਿ ਪ੍ਰੋਸਪਰ ਦੇ ਅੰਗ, ਦੁੱਖ ਝੱਲ ਰਹੇ ਦੂਜਿਆਂ ਨੂੰ ਹੁਣ ਜੀਵਨ ਪ੍ਰਦਾਨ ਕਰ ਰਹੇ ਹਨ।"

ਜੈਕਲੀਨ ਮੁਤਾਬਕ “ਦਿਆਲਤਾ ਦਾ ਇਹ ਕੰਮ ਸਾਡੇ ਲਈ ਉਸ ਦੀ ਜ਼ਿੰਦਗੀ ਨੂੰ ਜ਼ਿੰਦਾ ਰੱਖਣ ਦਾ ਇੱਕ ਤਰੀਕਾ ਹੈ। ਜੈਕਲੀਨ ਨੇ ਦੱਸਿਆ ਕਿ ਪ੍ਰੋਸਪਰ ਦੀਆਂ ਤਸਵੀਰਾਂ ਅਤੇ ਖਿਡੌਣੇ ਉਸ ਨੂੰ ਇਸ ਸਮੇਂ ਭਾਵੁਕ ਕਰ ਰਹੇ ਹਨ।"

ਲੂੰਡਾ ਕਯੂੰਬਾ

ਤਸਵੀਰ ਸਰੋਤ, Jackline Diary

ਤਸਵੀਰ ਕੈਪਸ਼ਨ, ਲੂੰਡਾ ਕਯੂੰਬਾ ਦੀ ਉੱਚਾਈ ਤੋਂ ਡਿੱਗਣ ਕਾਰਨ ਮੌਤ ਹੋ ਗਈ ਸੀ

ਉਚਾਈ ਤੋਂ ਡਿੱਗਣ ਕਾਰਨ ਹੋਈ ਸੀ ਮੌਤ

ਬੀਤੇ 17 ਅਕਤੂਬਰ ਨੂੰ ਪ੍ਰੋਸਪਰ ਉਸ ਸਮੇਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ ਜਦੋਂ ਉਹ ਘਰ ਦੀ ਤੀਜੀ ਮੰਜ਼ਿਲ ਦੀ ਬਾਲਕੋਨੀ ਤੋਂ ਹੇਠਾਂ ਡਿੱਗ ਗਿਆ ਸੀ।

ਗੰਭੀਰ ਰੂਪ ਵਿੱਚ ਪ੍ਰੋਸਪਰ ਨੂੰ ਪਹਿਲਾਂ ਖਰੜ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੋਂ ਉਸ ਨੂੰ ਪੀਜੀਆਈ ਵਿੱਚ ਰੈਫ਼ਰ ਕਰ ਦਿੱਤਾ ਗਿਆ।

ਉਹ ਪੀਜੀਆਈ ਵਿੱਚ ਕਰੀਬ-ਨੌਂ ਦਿਨ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਦਾ ਰਿਹਾ। ਡਾਕਟਰਾਂ ਦੀਆਂ ਪੂਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਸ ਨੂੰ 26 ਅਕਤੂਬਰ ਨੂੰ ਬਰੇਨ ਡੈੱਡ ਐਲਾਨ ਦਿੱਤਾ ਗਿਆ।

ਜੈਕਲੀਨ ਮੁਤਾਬਕ ਇਹ ਉਨ੍ਹਾਂ ਲਈ ਕਿਸੇ ਸਦਮੇ ਤੋਂ ਘੱਟ ਨਹੀਂ ਸੀ ਪਰ ਫਿਰ ਵੀ ਉਨ੍ਹਾਂ ਨੇ ਇਸ ਮੁਸ਼ਕਿਲ ਸਮੇਂ ਵਿੱਚ ਉਸ ਦੇ ਅੰਗ ਦਾਨ ਕਰਨ ਦਾ ਫ਼ੈਸਲਾ ਲਿਆ, ਜਿਸ ਨਾਲ ਪ੍ਰੌਸਪਰ ਦੇਸ਼ ਦਾ ਸਭ ਤੋਂ ਘੱਟ ਉਮਰ ਦਾ ਪੈਨਕ੍ਰੀਆਸ ਦਾਨੀ ਬਣ ਗਿਆ।

ਪ੍ਰੋ. ਅਸ਼ੀਸ਼ ਸ਼ਰਮਾ
ਤਸਵੀਰ ਕੈਪਸ਼ਨ, ਪ੍ਰੋ. ਅਸ਼ੀਸ਼ ਸ਼ਰਮਾ ਪੀਜੀਆਈ ਦੇ ਰੇਨਲ ਟਰਾਂਸਪਲਾਂਟ ਸਰਜਰੀ ਵਿਭਾਗ ਦੇ ਮੁਖੀ ਹਨ

ਛੋਟੇ ਬੱਚੇ ਦੇ ਅੰਗ ਟਰਾਂਸਪਲਾਂਟ ਕਰਨ ਦੀ ਚੁਣੌਤੀ

ਬੀਬੀਸੀ ਨਾਲ ਗੱਲਬਾਤ ਕਰਦਿਆਂ ਚੰਡੀਗੜ ਸਥਿਤੀ ਪੀਜੀਆਈ ਦੇ ਰੇਨਲ ਟਰਾਂਸਪਲਾਂਟ ਸਰਜਰੀ ਵਿਭਾਗ ਦੇ ਮੁਖੀ ਪ੍ਰੋ. ਅਸ਼ੀਸ਼ ਸ਼ਰਮਾ ਨੇ ਕਿਹਾ ਕਿ ਬੱਚਿਆਂ ਦੇ ਅੰਗ ਟਰਾਂਸਪਲਾਂਟੇਸ਼ਨ ਵਿੱਚ ਕਈ ਚੁਣੌਤੀਆਂ ਸਨ ਅਤੇ ਇਹ ਕੰਮ ਉਸ ਸਮੇਂ ਹੋਰ ਵੀ ਵੱਧ ਜਾਂਦਾ ਹੈ, ਜਦੋਂ ਬੱਚਾ ਵਿਦੇਸ਼ੀ ਹੋਵੇ।

ਡਾਕਟਰ ਅਸ਼ੀਸ਼ ਮੁਤਾਬਕ, "ਪਰਿਵਾਰ ਦੀ ਇੱਛਾ ਦਾ ਸਨਮਾਨ ਕਰਦੇ ਹੋਏ ਅਸੀਂ ਇਸ ਚੁਣੌਤੀ ਨੂੰ ਸਵੀਕਾਰ ਕੀਤਾ ਅਤੇ ਸਫ਼ਲਤਾ ਪੂਰਵਕ ਪ੍ਰੌਸਪਰ ਦੇ ਅੰਗ ਟਰਾਂਸਪਲਾਂਟ ਕਰ ਦਿੱਤੇ।"

ਉਨ੍ਹਾਂ ਦੱਸਿਆ ਕਿ ਇਸ ਕੰਮ ਵਿੱਚ ਮੈਡੀਕਲ ਦੇ ਨਾਲ-ਨਾਲ ਕਾਨੂੰਨੀ ਪਹਿਲੂਆਂ ਦਾ ਵੀ ਖ਼ਾਸ ਤੌਰ ਉੱਤੇ ਧਿਆਨ ਰੱਖਿਆ ਗਿਆ।

ਉਨ੍ਹਾਂ ਆਖਿਆ ਕਿ ਦਿੱਲੀ ਸਥਿਤੀ ਕੀਨੀਆ ਦੇ ਦੂਤਾਵਾਸ ਦੀ ਆਗਿਆ ਮਿਲਣ ਤੋਂ ਬਾਅਦ ਕਾਨੂੰਨੀ ਪ੍ਰਕਿਰਿਆ ਪੂਰੀ ਕੀਤੀ ਗਈ ਅਤੇ ਇਸ ਤੋਂ ਬਾਅਦ ਹੀ ਟਰਾਂਸਪਲਾਂਟ ਦਾ ਕੰਮ ਪੂਰਾ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਛੁੱਟੀ ਦੇ ਬਾਵਜੂਦ ਕੀਨੀਆ ਦੇ ਦੂਤਾਵਾਸ ਨੇ ਡਾਕਟਰਾਂ ਦੀ ਟੀਮ ਨੂੰ ਪੂਰਾ ਸਹਿਯੋਗ ਦਿੱਤਾ।

ਛੋਟੇ ਬੱਚੇ ਨੂੰ ਗੁਆਉਣਾ ਬੇਹੱਦ ਦੁਖਦਾਈ

ਪੀਜੀਆਈ ਦੇ ਡਾਇਰੈਕਟਰ ਪ੍ਰੋ. ਵਿਵੇਕ ਲਾਲ ਨੇ ਜਿੱਥੇ ਪ੍ਰੌਸਪਰ ਦੀ ਮੌਤ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਉੱਥੇ ਹੀ ਆਖਿਆ ਕਿ ਇਸ ਨਾਲ ਅੰਗ ਦਾਨ ਦੀ ਮਹੱਤਤਾ ਹੋਰ ਵਧੇਗੀ।

ਉਨ੍ਹਾਂ ਆਪਣੇ ਬਿਆਨ ਵਿੱਚ ਆਖਿਆ, "ਇੰਨੇ ਛੋਟੇ ਬੱਚੇ ਨੂੰ ਗਵਾਉਣਾ ਜੈਕਲੀਨ ਲਈ ਬੇਹੱਦ ਦੁਖਦਾਈ ਹੈ ਪਰ ਪਰਿਵਾਰ ਵੱਲੋਂ ਪ੍ਰੌਸਪਰ ਦੇ ਅੰਗ ਦਾਨ ਕਰਨ ਬਾਰੇ ਫ਼ੈਸਲੇ ਨੇ ਸਾਨੂੰ ਹਮਦਰਦੀ ਅਤੇ ਇਨਸਾਨੀਅਤ ਦੀ ਸ਼ਕਤੀ ਦਾ ਅਹਿਸਾਸ ਕਰਵਾ ਦਿੱਤਾ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)