You’re viewing a text-only version of this website that uses less data. View the main version of the website including all images and videos.
'ਮੇਰੇ ਵਿਆਹ ਦੀ ਵਰ੍ਹੇਗੰਢ ਵਾਲੇ ਦਿਨ ਭੈਣ ਦੀ ਮੌਤ ਦੀ ਖ਼ਬਰ ਆ ਗਈ', ਲੁਧਿਆਣਾ ਗੈਸ ਲੀਕ 'ਚ ਮਰੇ ਲੋਕਾਂ ਦੇ ਪਰਿਵਾਰਾਂ ਦਾ ਦੁਖੜਾ
- ਲੇਖਕ, ਗੁਰਮਿੰਦਰ ਸਿੰਘ ਗਰੇਵਾਲ ਤੇ ਅਰਵਿੰਦ ਛਾਬੜਾ
- ਰੋਲ, ਬੀਬੀਸੀ ਸਹਿਯੋਗੀ
“ਮੇਰੇ ਮਾਮੇ ਦੇ ਮੁੰਡੇ ਦਾ ਸਾਰਾ ਪਰਿਵਾਰ ਮਾਰਿਆ ਗਿਆ। ਉਹ ਪੰਜ ਲੋਕ ਸਨ ਅਤੇ ਹੁਣ ਘਰ ਵਿੱਚ ਕੋਈ ਨਹੀਂ ਰਿਹਾ।”
ਇਹ ਕਹਿਣਾ ਹੈ ਲੁਧਿਆਣਾ ਦੀ ਸ਼ੇਰਪੁਰ ਫੌਜੀ ਕਲੋਨੀ ਦੇ ਰਹਿਣ ਵਾਲੇ ਕਪਿਲ ਕੁਮਾਰ ਦਾ।
ਕਪਿਲ ਕੁਮਾਰ ਦਾ ਪਿਛੋਕੜ ਬਿਹਾਰ ਦਾ ਹੈ ਅਤੇ ਉਸ ਦੇ ਮਾਮੇ ਦਾ ਮੁੰਡਾ ਬਿਲਾਸ ਕੁਮਾਰ ਪਿਛਲੇ ਕਰੀਬ 20 ਸਾਲਾਂ ਤੋਂ ਲੁਧਿਆਣਾ ਵਿੱਚ ਰਹਿ ਰਿਹਾ ਸੀ।
ਕਪਿਲ ਕੁਮਾਰ ਕਹਿੰਦੇ ਹਨ, “ਬਿਲਾਸ ਕੁਮਾਰ ਲੋਕਾਂ ਨੂੰ ਬੁਖਾਰ, ਖਾਂਸੀ ਆਦਿ ਦੀ ਦਵਾਈ ਵੇਚਣ ਦਾ ਕੰਮ ਕਰਦਾ ਸੀ। ਗੈਸ ਚੜਨ ਨਾਲ 40 ਸਾਲਾ ਬਿਲਾਸ ਕੁਮਾਰ, ਉਨ੍ਹਾਂ ਦੀ 35 ਸਾਲਾ ਪਤਨੀ ਵਰਸਾ ਦੇਵੀ, ਉਨ੍ਹਾਂ ਦੀ ਇੱਕ 22 ਸਾਲਾਂ ਧੀ, ਦੋ ਪੁੱਤਰ ਜਿੰਨਾਂ ਦੀ ਉਮਰ 15 ਸਾਲ ਅਤੇ 10 ਸਾਲ ਦੇ ਕਰੀਬ ਸੀ, ਸਭ ਦੀ ਮੌਤ ਹੋ ਗਈ।”
ਕਪਿਲ ਕੁਮਾਰ ਦੱਸਦੇ ਹਨ ਕਿ ਬਿਲਾਸ ਦੇ ਘਰ ਦੇ ਨੇੜੇ ਇੱਕ ਕਰਿਆਨਾ ਸਟੋਰ ਸੀ ਜਿਸ ਦੇ ਕੋਲ ਗੈਸ ਲੀਕ ਹੋਈ ਸੀ, ਇਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ।
ਲੁਧਿਆਣਾ ਦੇ 29 ਨੰਬਰ ਵਾਰਡ 'ਚ ਸੀਵਰੇਜ ਵਿੱਚੋਂ ਹਾਈਡਰੋਜਨ ਸਲਫਾਈਡ ਗੈਸ ਲੀਕ ਹੋਣ ਕਾਰਨ ਹੁਣ ਤੱਕ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ ਹੈ ਅਤੇ 4 ਪੀੜਤ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।
ਫਿਲਹਾਲ ਗਿਆਸਪੁਰਾ ਨਾਮ ਦੇ ਇਸ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਬਚਾਅ ਕਾਰਜ ਜਾਰੀ ਹਨ।
ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਕਿਹਾ ਹੈ ਕਿ ਇਹ ਮੌਤਾਂ ਸੀਵਰੇਜ ਦੀ ਗੈਸ ਚੜਨ ਨਾਲ ਹੋਈਆਂ ਹਨ।
ਪੰਜਾਬ ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ
‘ਪਹਿਲਾਂ ਭੈਣ ਨੇ ਵਿਆਹ ਦੀ ਵਰ੍ਹੇਗੰਢ ’ਤੇ ਵਧਾਈ ਦਿੱਤੀ, ਫਿਰ ਮੌਤ ਦਾ ਫੋਨ ਆ ਗਿਆ’
ਜਲੰਧਰ ਦੇ ਅਜੇ ਗੁਪਤਾ ਦੱਸਦੇ ਹਨ ਕਿ ਉਨ੍ਹਾਂ ਦੀ ਭੈਣ ਪ੍ਰੀਤੀ, ਜੀਜਾ ਸੌਰਭ ਗੋਇਲ ਅਤੇ ਜੀਜੇ ਦੀ ਮਾਂ ਦੀ ਮੌਤ ਹੋ ਗਈ ਹੈ।
ਰੋਂਦੇ ਹੋਏ ਅਜੇ ਗੁਪਤਾ ਨੇ ਕਿਹਾ, “ਮੁਆਵਜ਼ਾ ਤਾਂ ਸਾਡੇ ਲਈ ਕੋਈ ਮਾਇਨੇ ਨਹੀਂ ਰੱਖਦਾ। ਸਾਡਾ ਤਾਂ ਪੂਰਾ ਪਰਿਵਾਰ ਹੀ ਖਤਮ ਹੋ ਗਿਆ ਹੈ।”
ਅਜੇ ਗੁਪਤਾ ਦੱਸਦੇ ਹਨ, “ਮੇਰੇ ਜੀਜਾ ਜੀ ਦਾ ਦੁੱਧ ਅਤੇ ਕਰਿਆਨੇ ਦਾ ਕੰਮ ਸੀ। ਜਦੋਂ ਗੈਸ ਲੀਕ ਹੋਏ ਤਾਂ ਉਹ ਸਾਰੇ ਬਾਹਰ ਨੂੰ ਭੱਜੇ ਸਨ। ਸਾਨੂੰ ਇਹ ਸਾਫ ਕੀਤਾ ਜਾਵੇ ਕਿ ਫ਼ਰਿੱਜ ਦੀ ਗੈਸ ਹੈ ਜਾਂ ਫੈਕਟਰੀ ਦੀ ਗੈਸ।”
ਅਜੇ ਗੁਪਤਾ ਕਹਿੰਦੇ ਹਨ, “ਅੱਜ ਮੇਰੇ ਵਿਆਹ ਵੀ ਵਰ੍ਹੇਗੰਢ ਹੈ। ਸਵੇਰੇ ਸਵਾ ਕੁ ਛੇ ਵਜੇ ਮੇਰੀ ਭੈਣ ਨੇ ਫੋਨ ਕੀਤਾ ਸੀ। ਉਨ੍ਹਾਂ ਨੇ ਵਧਾਈਆਂ ਵੀ ਦਿੱਤੀਆਂ। ਪਰ ਸਾਢੇ ਕੁ ਸੱਤ ਵਜੇ ਉਹਨਾਂ ਦੀ ਮੌਤ ਬਾਰੇ ਫੋਨ ਆ ਗਿਆ।”
ਏਨਾ ਆਖ ਕੇ ਅਜੇ ਗੁਪਤਾ ਫਿਰ ਭਾਵੁਕ ਹੋ ਕੇ ਰੋਣ ਲੱਗ ਜਾਂਦੇ ਹਨ। ਉਹ ਇਸ ਤੋਂ ਅੱਗੇ ਗੱਲ ਨਹੀਂ ਕਰ ਪਾਉਂਦੇ।
ਲੁਧਿਆਣਾ ਗੈਸ ਹਾਦਸੇ ਦੇ ਮੁੱਖ ਬਿੰਦੂ
- ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਹੈ ਕਿ ਸੀਵਰੇਜ ਵਿੱਚੋਂ ਗੈਸ ਲੀਕ ਹੋਣ ਕਰਕੇ ਹਾਦਸਾ ਵਾਪਰਿਆ ਹੈ
- ਇਹ ਲੁਧਿਆਣਾ ਦਾ ਵਾਰਡ ਨੰਬਰ 29 ਹੈ, ਜਿੱਥੇ ਗੈਸ ਚੜ੍ਹਨ ਨਾਲ 11 ਲੋਕਾਂ ਦੀ ਮੌਤ ਹੋਈ ਹੈ।
- ਗਿਆਸਪੁਰਾ ਨਾਮ ਦਾ ਇਹ ਇਲਾਕਾ ਸੰਘਣੀ ਅਬਾਦੀ ਵਾਲਾ ਹੈ ਜਿੱਥੇ ਕਈ ਪਰਵਾਸੀ ਵੀ ਰਹਿੰਦੇ ਹਨ।
- ਐਨਡੀਆਰਐੱਫ ਦੀ ਟੀਮ ਮੌਕੇ ਉੱਪਰ ਹੈ ਤੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ।
- ਕਰੀਬ ਇੱਕ ਕਿਲੋਮੀਟਰ ਦੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ, ਇਲਾਕੇ ਵਿੱਚ ਦੁਕਾਨਾਂ ਨੂੰ ਬੰਦ ਕਰਵਾ ਦਿੱਤਾ ਗਿਆ ਹੈ।
- ਗਿਆਸਪੁਰਾ ਦੇ ਲੋਕਾਂ ਨੂੰ ਮਾਸਕ ਪਾ ਕੇ ਰੱਖਣ ਲਈ ਹਦਾਇਤਾਂ ਦਿੱਤੀਆਂ ਗਈਆਂ ਹਨ
- ਪੰਜਾਬ ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ
ਗੈਸ ਲੀਕ ਮਾਮਲੇ ਬਾਰੇ ਪ੍ਰਸ਼ਾਸਨ ਨੇ ਕੀ ਕਿਹਾ?
ਡੀਜੀਪੀ (ਲਾਅ ਐਂਡ ਆਰਡਰ) ਅਰਪਿਤ ਸ਼ੁਕਲਾ ਨੇ ਕਿਹਾ, “ਹੁਣ ਤੱਕ ਦੀ ਜਾਣਕਾਰੀ ਮੁਤਾਬਕ ਇਹ ਇੱਕ ਅਜਿਹੀ ਗੈਸ ਹੈ ਜੋ ਦੋ ਕੰਪਾਉਡ ਦੇ ਮਿਲਣ ਨਾਲ ਬਣੀ ਹੈ। ਸੀਵਰੇਜ ਨਾਲੇ ਵਿੱਚ ਅਜਿਹੀ ਚੀਜ਼ ਪਾਈ ਗਈ ਜਿਸ ਨਾਲ ਇਹ ਗੈਸ ਪੈਦਾ ਹੋਈ।”
ਉਨ੍ਹਾਂ ਕਿਹਾ, “ਜਿਸ ਥਾਂ ਤੇ ਇਹ ਘਟਨਾ ਘਟੀ ਉੱਥੇ ਨਾਲੇ ਵਿੱਚ ਸੁਰਾਖ ਸੀ, ਇਸ ਕਾਰਨ ਏਥੇ ਜਿਆਦਾ ਪ੍ਰਭਾਵ ਪਿਆ।”
“ਪੁਲਿਸ ਵੱਲੋਂ ਆਈਪੀਸੀ ਦੀ ਧਾਰਾ 304 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜਿਵੇਂ ਹੀ ਇਸ ਮਾਮਲੇ ਦੇ ਦੋਸ਼ੀਆਂ ਦਾ ਪਤਾ ਲੱਗਦਾ ਹੈ, ਉਹਨਾਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮਾਮਲੇ ਵਿੱਚ ਨਿਆਇਕ ਜਾਂਚ ਦੇ ਹੁਕਮ ਦਿੱਤੇ ਗਏ ਹਨ।”
ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਕਿਹਾ, “ਜੋ ਗੈਸ ਪਾਈ ਗਈ ਹੈ ਉਹ ਹਾਈਡਰੋਜਨ ਸਲਫਾਇਡ ਹੈ। ਜੋ ਸੀਵਰੇਜ ਵਿੱਚ ਮੀਥੇਨ ਗੈਸ ਹੁੰਦੀ ਹੈ, ਉਸ ਨਾਲ ਕੁਝ ਮਿਲ ਕੇ ਹਾਈਡਰੋਜਨ ਸਲਫਾਇਡ ਬਣੀ। ਇਹ ਇੱਕ ਭਿਆਨਕ ਗੈਸ ਹੁੰਦੀ ਹੈ।”
ਸੁਰਭੀ ਮਲਿਕ ਨੇ ਦੱਸਿਆ, “ਜੋ ਕੈਮੀਕਲ ਪਾਇਆ ਗਿਆ ਹੈ ਉਹ ਕੀ ਹੈ ਇਸ ਲਈ ਐਨਡੀਆਰਐੱਫ਼ ਨੇ ਸੈਂਪਲ ਲੈ ਕੇ ਪ੍ਰਦੂਸ਼ਨ ਕੰਟਰੋਲ ਬੋਰਡ ਨੂੰ ਦੇ ਦਿੱਤੇ ਗਏ ਹਨ ਤਾਂ ਜੋ ਉਹ ਸੈਂਪਲ ਦੀ ਚੈਕਿੰਗ ਕਰਵਾ ਸਕਣ। ਇਹ ਜਾਂਚ ਵਿੱਚ ਵੀ ਸਹਾਇਕ ਹੋਵੇਗਾ ਕਿ ਕਿੱਥੇ ਕੀ ਪਿਆ ਸੀ।”
‘ਮੈਂ ਦੇਖਿਆ ਮੇਰੇ ਭਰਾ ਅਤੇ ਭਾਬੀ ਸੜਕ ’ਤੇ ਪਏ ਸਨ’
ਅਸ਼ਵਨੀ ਕੁਮਾਰ ਦੇ ਭਰਾ ਅਤੇ ਭਰਜਾਈ ਦੀ ਵੀ ਗੈਸ ਚੜਨ ਨਾਲ ਮੌਤ ਹੋ ਗਈ ਹੈ, ਹੁਣ ਪਿੱਛੇ ਉਸ ਦੀ ਭਤੀਜੀ ਰਹਿ ਗਈ ਹੈ।
ਅਸ਼ਵਨੀ ਕੁਮਾਰ ਕਹਿੰਦੇ ਹਨ, “ਜਦੋਂ ਮੈਨੂੰ ਕਿਸੇ ਨੇ ਦੱਸਿਆ ਕਿ ਤੇਰੇ ਭਾਈ ਡਿੱਗੇ ਪਏ ਹਨ ਤਾਂ ਮੈਂ ਭੱਜ ਕੇ ਮੌਕੇ ’ਤੇ ਪਹੁੰਚਿਆ। ਮੇਰੇ ਭਰਾ ਤੇ ਭਾਬੀ ਸੜਕ ਉੱਤੇ ਪਏ ਹੋਏ ਸਨ। ਮੇਰੇ ਭਰਾ ਨਵਨੀਤ ਕੁਮਾਰ ਅਤੇ ਭਾਬੀ ਨੀਤੂ ਦੇਵੀ ਦੀ ਮੌਤ ਹੋ ਗਈ ਹੈ।”
ਕੁਮਾਰ ਦੱਸਦੇ ਹਨ, “ਮੇਰਾ ਭਰਾ ਅਕਾਂਊਟੈਂਟ ਦੀ ਨੌਕਰੀ ਕਰਦਾ ਸੀ। ਮੇਰੀ ਭਾਬੀ ਘਰੇਲੂ ਕੰਮਕਾਰ ਕਰਦੀ ਸੀ। ਦੋਵਾਂ ਦੀ ਮੌਤ ਹੋ ਗਈ ਪਰ ਉਹਨਾਂ ਦੀ 17 ਕੁ ਸਾਲ ਦੀ ਧੀ ਅਤੇ ਮੇਰੇ ਇੱਕ ਭਰਾ ਦਾ ਬਚਾਅ ਹੋ ਗਿਆ। ਭਰਾ ਮੇਰਾ ਹਸਪਤਾਲ ਵਿੱਚ ਦਾਖਿਲ ਹੈ।”
ਉਹ ਕਹਿੰਦੇ ਹਨ, “ਸਾਨੂੰ ਗੈਸ ਲੀਕ ਬਾਰੇ ਕੁਝ ਨਹੀਂ ਪਤਾ। ਹੁਣ ਤਾਂ ਉਮੀਦ ਹੈ ਕਿ ਸਰਕਾਰ ਹੀ ਇਸ ਬਾਰੇ ਜਾਂਚ ਕਰੇਗੀ। ਆਖਰ ਸਾਨੂੰ ਪਤਾ ਲੱਗੇ ਕਿ ਇਹ ਹਾਦਸਾ ਕਿਸ ਕਾਰਨ ਹੋਇਆ ਹੈ? ਦੋਸ਼ੀਆਂ ਖਿਲਾਫ਼ ਸਖਤ ਕਾਰਵਾਈ ਹੋਣੀ ਚਾਹੀਦੀ ਹੈ।”
“ਸਰਕਾਰ ਨੂੰ ਸਾਡੀ ਭਤੀਜੇ ਬਾਰੇ ਸੋਚਣਾ ਚਾਹੀਦਾ ਹੈ।”
ਚਸ਼ਮਦੀਦਾਂ ਨੇ ਕੀ ਦੇਖਿਆ?
ਸ਼ਿਵਮ ਸਿੰਘ ਘਟਨਾ ਵਾਲੀ ਥਾਂ ਨੇੜੇ ਹੀ ਰਹਿੰਦੇ ਹਨ। ਉਹ ਦੱਸਦੇ ਹਨ ਕਿ ਜਦੋਂ ਬਦਬੂ ਆਉਣ ਲੱਗੀ ਤਾਂ ਉਹਨਾਂ ਨੇ ਬਾਹਰ ਆ ਕੇ ਦੇਖਿਆ।
ਸ਼ਿਵਮ ਸਿੰਘ ਕਹਿੰਦੇ ਹਨ, “ਮੈਂ ਸੋਚਿਆਂ ਕਿ ਕੱਲ੍ਹ ਬਾਰਿਸ਼ ਹੋਈ ਸੀ, ਇਸ ਲਈ ਬਦਬੂ ਆ ਰਹੀ ਹੋਣੀ ਹੈ। ਪਰ ਫਿਰ ਬਦਬੂ ਵੱਧ ਗਈ ਤਾਂ ਮੈਂ ਦੂਰ ਹੋ ਕੇ ਦੇਖਿਆ, ਬੰਦੇ ਡਿੱਗੇ ਹੋਏ ਸਨ। ਗੈਸ ਦੀ ਸਮੈੱਲ ਬਹੁਤ ਤੇਜ਼ ਸੀ। ਇਸ ਦੌਰਾਨ ਇੱਕ ਬਿੱਲੀ ਵੀ ਮਰ ਗਈ।”
ਉਹ ਦੱਸਦੇ ਹਨ, “ਸੜਕ ਉੱਪਰ ਪਏ ਲੋਕਾਂ ਦੀ ਵਾਇਰਲ ਹੋਈ ਵੀਡੀਓ ਮੈਂ ਬਣਾਈ ਸੀ। ਇਹ ਕਰੀਬ ਸਵਾ ਸੱਤ ਵਜੇ ਦਾ ਸਮਾਂ ਸੀ। ਬੰਦੇ ਡਿੱਗੇ ਹੋਏ ਸਨ ਅਤੇ ਕੋਈ ਵੀ ਉਹਨਾਂ ਨੂੰ ਦੇਖ ਨਹੀਂ ਰਿਹਾ ਸੀ। ਅੱਜ ਐਤਵਾਰ ਕਰਕੇ ਭੀੜ ਘੱਟ ਸੀ ਪਰ ਉਂਝ ਫੈਕਟਰੀਆਂ ਵਾਲਾ ਇਲਾਕਾ ਹੋਣ ਕਰਕੇ ਇੱਥੇ ਰੋਜ਼ ਭੀੜ ਹੁੰਦੀ ਹੈ।”
ਇੱਕ ਹੋਰ ਨੌਜਵਾਨ ਅਰਵਿੰਦ ਚੌਬੇ ਨੇ ਦੱਸਿਆ, “ਮੈਂ ਸਵੇਰੇ-ਸਵੇਰੇ ਕ੍ਰਿਕਟ ਖੇਡਣ ਜਾ ਰਿਹਾ ਸੀ। ਸਾਨੂੰ ਲੱਗਾ ਕਿ ਇਹ ਗੈਸ ਲੀਕ ਦਾ ਮਾਮਲਾ ਹੈ ਤਾਂ ਮੈਂ ਆਪਣਾ ਮੂੰਹ ਢੱਕ ਲਿਆ ਅਤੇ ਉਸ ਥਾਂ ਤੋਂ ਦੂਰ ਚਲਾ ਗਿਆ।”
ਅਰਵਿੰਦ ਕਹਿੰਦੇ ਹਨ, “ਮੈਂ ਥੋੜ੍ਹਾ ਅੱਗੇ ਜਾ ਕੇ ਪੁਲਿਸ ਪਾਰਟੀ ਅਤੇ ਐਂਬੂਲੈਂਸ ਨੂੰ ਫੋਨ ਕੀਤਾ। ਕਰੀਬ 10 ਮਿੰਟ ਵਿੱਚ ਪੁਲਿਸ ਆ ਗਈ ਅਤੇ 15 ਕੁ ਮਿੰਟ ਬਾਅਦ ਐਂਬੂਲੈਂਸ ਆ ਗਈ ਸੀ। ਫਿਰ ਪੁਲਿਸ ਲੋਕਾਂ ਨੂੰ ਕਾਬੂ ਕਰਨ ਵਿੱਚ ਲੱਗ ਗਈ। ਦੇਖਣ ਵਾਲੇ ਲੋਕਾਂ ਵਿੱਚੋਂ ਵੀ ਕਈ ਗੈਸ ਦੇ ਪ੍ਰਭਾਵ ਵਿੱਚ ਆ ਗਏ।