ਓਡੀਸ਼ਾ ਰੇਲ ਹਾਦਸਾ: 'ਛੋਟਾ ਬੱਚਾ ਰੋ ਰਿਹਾ ਸੀ, ਉਸਦੇ ਮਾਂ-ਬਾਪ ਮਰ ਚੁੱਕੇ ਸਨ, ਰੋਂਦੇ-ਰੋਂਦੇ ਬੱਚੇ ਦੀ ਵੀ ਮੌਤ ਹੋ ਗਈ'

ਰੇਲ ਹਾਦਸਾ
ਤਸਵੀਰ ਕੈਪਸ਼ਨ, ਹਾਦਸੇ ਦੇ ਚਸ਼ਮਦੀਦ ਟੁਟੂ ਵਿਸ਼ਵਾਸ ਅਤੇ ਗਿਰੀਜਾ ਸ਼ੰਕਰ ਰੱਥ

‘‘ਸਾਨੂੰ ਜ਼ੋਰ ਦੀ ਆਵਾਜ਼ ਆਈ ਤੇ ਅਸੀਂ ਘਰ ਤੋਂ ਬਾਹਰ ਆਏ ਤਾਂ ਦੇਖਿਆ ਕਿ ਮਾਲਗੱਡੀ ਮੁਸਾਫ਼ਰ ਗੱਡੀ ਉੱਤੇ ਚੜ੍ਹ ਗਈ ਸੀ। ਬਹੁਤ ਸਾਰੇ ਲੋਕ ਜ਼ਖ਼ਮੀਂ ਸਨ। ਇੱਕ ਛੋਟਾ ਜਿਹਾ ਬੱਚਾ ਰੋ ਰਿਹਾ ਸੀ ਤੇ ਉਸ ਦੇ ਮਾਪੇ ਮਰ ਚੁੱਕੇ ਸਨ। ਰੋਂਦੇ-ਰੋਂਦੇ ਬੱਚੇ ਦੀ ਵੀ ਮੌਤ ਹੋ ਗਈ।’’

ਓਡੀਸ਼ਾ ਵਿੱਚ ਸ਼ੁੱਕਰਵਾਰ ਦੀ ਰਾਤ ਵਾਪਰੇ ਭਿਆਨਕ ਰੇਲ ਹਾਦਸੇ ਦਾ ਮੰਜ਼ਰ ਨਾਲ ਦੇ ਪਿੰਡ ਵਿੱਚ ਰਹਿਣ ਵਾਲੇ ਚਸ਼ਮਦੀਦ ਟੁਟੂ ਵਿਸ਼ਵਾਸ ਨਾਮ ਦੇ ਸ਼ਖ਼ਸ ਨੇ ਬਿਆਨ ਕੀਤਾ ਹੈ।

ਹਾਦਸੇ ਦੇ ਚਸ਼ਮਦੀਦਾਂ ਨੇ ਕੀ ਕੁਝ ਦੱਸਿਆ- ਵੀਡੀਓ

ਵੀਡੀਓ ਕੈਪਸ਼ਨ, 200 ਤੋਂ ਵੱਧ ਐਂਬੂਲੈਂਸ ਜ਼ਖ਼ਮੀਆਂ ਨੂੰ ਹਸਪਤਾਲ ਲਿਜਾਉਣ ਵਿੱਚ ਲੱਗੀਆਂ।

ਈਸਟ ਕੋਸਟ ਰੇਲਵੇ ਦੇ ਅਧਿਕਾਰੀ ਅਮਿਤਾਭ ਸ਼ਰਮਾ ਨੇ ਬੀਬੀਸੀ ਸਹਿਯੋਗੀ ਸੁਬਰੁਤ ਕੁਮਾਰ ਪਤੀ ਨੂੰ ਦੱਸਿਆ, "ਪਹਿਲਾਂ ਕੋਰੋਮੰਡਲ ਐਕਸਪ੍ਰੈੱਸ ਪਟੜੀ ਤੋਂ ਉਤਰੀ। ਇਹ ਗੱਡੀ ਦੂਜੇ ਪਾਸਿਓਂ ਆ ਰਹੀ ਯਸ਼ਵੰਤਪੁਰ ਹਾਵੜਾ ਐਕਸਪ੍ਰੈੱਸ ਨਾਲ ਟਕਰਾਈ।

ਇਸ ਤੋਂ ਬਾਅਦ ਕੋਰੋਮੰਡਲ ਐਕਸਪ੍ਰੈੱਸ ਦੇ ਕੁਝ ਡੱਬੇ ਪਟੜੀ ਤੋਂ ਉਤਰੇ। ਇਸ ਦੌਰਾਨ ਕੋਰੋਮੰਡਲ ਐਕਸਪ੍ਰੈੱਸ ਸਟੇਸ਼ਨ ਤੇ ਖੜੀ ਮਾਲਗੱਡੀ ਨਾਲ ਟਕਰਾਈ।"

ਇਸ ਹਾਦਸੇ ਵਿੱਚ 261 ਲੋਕਾਂ ਦੀ ਮੌਤ ਹੋਈ ਹੈ ਤੇ 900 ਦੇ ਕਰੀਬ ਜ਼ਖ਼ਮੀ ਹੋਏ ਹਨ।

ਰੇਲ ਹਾਦਸਾ

'ਅਸੀਂ ਘਰੋਂ ਬਾਹਰ ਨਿਕਲ ਕੇ ਦੇਖਿਆ, ਕਈ ਲੋਕਾਂ ਦੀ ਮੌਤ ਹੋ ਚੁੱਕੀ ਸੀ'

ਬੀਬੀਸੀ ਸਹਿਯੋਗੀ ਸੁਬਰਤ ਕੁਮਾਰ ਪਤੀ ਨੇ ਹਾਦਸੇ ਵਾਲੀ ਥਾਂ ਉੱਤੇ ਮੌਜੂਦ ਕਈ ਚਸ਼ਮਦੀਦਾਂ ਨਾਲ ਗੱਲ ਕੀਤੀ।

ਟੁਟੂ ਵਿਸ਼ਵਾਸ ਦੱਸਦੇ ਹਨ, ‘‘ਅਸੀਂ ਘਰੋਂ ਬਾਹਰ ਨਿਕਲ ਕੇ ਇੱਥੇ ਆਏ ਤਾਂ ਦੇਖਿਆ ਇਹ ਹਾਦਸਾ ਵਾਪਰ ਚੁੱਕਿਆ ਸੀ। ਕਈ ਲੋਕਾਂ ਦੀ ਮੌਤ ਹੋ ਚੁੱਕੀ ਸੀ। ਕਈ ਲੋਕ ਪਾਣੀ ਮੰਗ ਰਹੇ ਸਨ, ਜਿੰਨਾ ਹੋ ਸਕਿਆ ਮੈਂ ਲੋਕਾਂ ਨੂੰ ਪਾਣੀ ਦਿੱਤਾ।’’

‘‘ਸਾਡੇ ਪਿੰਡ ਤੋਂ ਲੋਕ ਇੱਥੇ ਆ ਕੇ ਮਦਦ ਕਰ ਰਹੇ ਹਨ। ਜ਼ਖ਼ਮੀਂ ਹੋਏ ਕਈ ਲੋਕ ਟ੍ਰੇਨ ਤੋਂ ਬਾਹਰ ਨਿਕਲ ਰਹੇ ਸਨ।’’

ਓਡੀਸ਼ਾ ਰੇਲ ਹਾਦਸਾ

ਇੱਕ ਹੋਰ ਚਸ਼ਮਦੀਦ ਗਿਰੀਜਾ ਸ਼ੰਕਰ ਰੱਥ ਤਾਂ ਪੁਲਿਸ ਅਤੇ ਐਂਬੂਲੈਂਸ ਦੇ ਪਹੁੰਚਣ ਤੋਂ ਪਹਿਲਾਂ ਹੀ ਹਾਦਸੇ ਵਾਲੀ ਥਾਂ ’ਤੇ ਪਹੁੰਚ ਗਏ ਸਨ।

ਉਹ ਦੱਸਦੇ ਹਨ, ‘‘ਕੋਰੋਮੰਡਲ ਐਕਸਪ੍ਰੈੱਸ ਪੱਟੜੀ ਤੋਂ ਉੱਤਰ ਕੇ ਮਾਲਗੱਡੀ ਨਾਲ ਟਕਰਾਈ। ਹਫ਼ੜਾ-ਦਫ਼ੜੀ ਮੱਚ ਗਈ ਅਤੇ ਪੂਰਾ ਇਲਾਕਾ ਧੂੰਏਂ ਨਾਲ ਕਾਲਾ ਹੋ ਗਿਆ। ਪਹਿਲਾਂ ਤਾਂ ਸਮਝ ਨਹੀਂ ਆਇਆ ਕਿ ਕੀ ਹੋਇਆ ਤੇ ਫ਼ਿਰ ਲੋਕਾਂ ਦੀਆਂ ਚੀਕਾਂ ਦੀ ਆਵਾਜ਼ ਆਈ। ਫ਼ਿਰ ਅਸੀਂ ਸਥਾਨਕ ਲੋਕਾਂ ਨੇ ਮੁਸਾਫ਼ਰਾਂ ਨੂੰ ਸਾਰੀ ਰਾਤ ਕੱਢਿਆ, ਕਈ ਲੋਕ ਮਾਰੇ ਗਏ।’’

‘‘ਪੁਲਿਸ ਤੇ ਪ੍ਰਸ਼ਾਸਨ ਦੇ ਆਉਣ ਤੋਂ ਬਾਅਦ ਥੋੜ੍ਹੀ ਰਾਹਤ ਮਿਲੀ, ਮੈਂ ਹਾਲੇ ਤੱਕ ਉਸ ਹਾਦਸੇ ਨੂੰ ਦੇਖ ਸੁੰਨ ਸਕਦਾ ਹਾਂ।’’

ਓਡੀਸ਼ਾ ਰੇਲ ਹਾਦਸਾ
ਬੀਬੀਸੀ

ਰੇਲ ਹਾਦਸੇ ਬਾਰੇ ਮੁੱਖ ਗੱਲਾਂ:-

  • ਹਾਦਸਾ ਕਦੋਂ ਹੋਇਆ - 2 ਜੂਨ, 2023 ਸਮਾਂ ਸ਼ਾਮ 7 ਵਜੇ ਦੇ ਕਰੀਬ
  • ਗੱਡੀਆਂ ਦਾ ਵੇਰਵਾ - ਗੱਡੀ ਨੰਬਰ 12841 (ਸ਼ਾਲੀਮਾਰ-ਚੇਨੰਈ ਕੋਰੋਮੰਡਲ ਸੁਪਰ ਫਾਸਟ ਐਕਸਪ੍ਰੈੱਸ), ਗੱਡੀ ਨੰਬਰ 12864 (ਸਰ ਐੱਮ ਵਿਸਵਸਵਰਿਆ ਟਰਮਿਨਲ-ਹਾਵੜਾ ਸੁਪਰ ਫਾਸਟ ਐਕਸਪ੍ਰੈੱਸ) ਅਤੇ ਬਹਾਨਗਾ ਬਜ਼ਾਰ ਸਟੇਸ਼ਨ ਉੱਤੇ ਖੜ੍ਹੀ ਮਾਲ ਗੱਡੀ
  • ਹੁਣ ਤੱਕ ਮੌਤਾਂ - 288
  • ਕੁੱਲ ਜ਼ਖ਼ਮੀਂ - ਲਗਭਗ 1000
  • ਹਾਦਸੇ ਵਾਲੀ ਥਾਂ ਉੱਤੇ 9 ਐੱਨਡੀਆਰਐੱਫ਼ ਟੀਮਾਂ, 4 ਓਡੀਆਰਏਐੱਫ਼ ਯੂਨਿਟਾਂ ਅਤੇ 24 ਫਾਇਰ ਅਤੇ ਐਮਰਜੈਂਸੀ ਯੂਨਿਟਾਂ ਬਚਾਅ ਕਾਰਜ ਵਿੱਚ ਲੱਗੀਆਂ ਹਨ।
  • 100 ਤੋਂ ਵੱਧ ਮੈਡੀਕਲ ਟੀਮਾਂ ਪੈਰਾਮੈਡੀਕਲ ਸਟਾਫ਼ ਨਾਲ ਹਾਦਸੇ ਵਾਲੀ ਥਾਂ ਉੱਤੇ ਮੌਜੂਦ।
  • 200 ਤੋਂ ਵੱਧ ਐਂਬੂਲੈਂਸ ਜ਼ਖ਼ਮੀਆਂ ਨੂੰ ਹਸਪਤਾਲ ਲਿਜਾਉਣ ਵਿੱਚ ਲੱਗੀਆਂ।
  • ਵੱਖ-ਵੱਖ ਸਟੇਸ਼ਨਾਂ ਉੱਤੇ ਫਸੇ ਹੋਏ ਮੁਸਾਫ਼ਰਾਂ ਲਈ ਖਾਣੇ ਅਤੇ ਪਾਣੀ ਦਾ ਇੰਤਜ਼ਾਮ।
  • ਫਸੇ ਹੋਏ ਮੁਸਾਫ਼ਰਾਂ ਦੀ ਆਵਾਜਾਈ ਲਈ 30 ਬੱਸਾਂ ਦਾ ਇੰਤਜ਼ਾਮ।
  • ਲਗਭਗ 900 ਜ਼ਖ਼ਮੀਆਂ ਨੂੰ ਸੋਰੋ, ਬਾਲਾਸੋਰ, ਭਦਰਕ ਅਤੇ ਕਟਕ ਦੇ ਹਸਪਤਾਲਾਂ ਵਿੱਚ ਸ਼ਿਫ਼ਟ ਕੀਤਾ ਗਿਆ।
  • ਜ਼ਖ਼ਮੀਆਂ ਨੂੰ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਮੁਫ਼ਤ ਇਲਾਜ ਦਿੱਤਾ ਜਾ ਰਿਹਾ ਹੈ।
ਬੀਬੀਸੀ
ਰੇਲ ਹਾਦਸਾ
ਤਸਵੀਰ ਕੈਪਸ਼ਨ, ਕੋਰੋਮੰਡਲ ਐਕਸਪ੍ਰੈੱਸ ਵਿੱਚ ਸਫ਼ਰ ਕਰਨ ਵਾਲੇ ਮੁਕੇਸ਼ ਪਾਂਡੇ ਅਤੇ ਸੰਦੀਪ ਕੁਮਾਰ ਹਸਪਤਾਲ ਵਿੱਚ ਜ਼ੇਰ-ਏ-ਇਲਾਜ ਹਨ

‘‘ਅਸੀਂ ਗੱਡੀ ਵਿੱਚੋਂ ਅੱਧੇ ਘੰਟੇ ਬਾਅਦ ਬਾਹਰ ਨਿਕਲੇ’’

ਕੋਰੋਮੰਡਲ ਐਕਸਪ੍ਰੈੱਸ ਵਿੱਚ ਸਫ਼ਰ ਕਰਨ ਵਾਲੇ ਮੁਕੇਸ਼ ਪਾਂਡੇ ਚੇਨੱਈ ਵੱਲ ਜਾ ਰਹੇ ਸਨ। ਹਾਦਸੇ ਦੌਰਾਨ ਉਨ੍ਹਾਂ ਨੂੰ ਸੱਟਾਂ ਲੱਗੀਆਂ ਹਨ ਅਤੇ ਉਹ ਇਸ ਵੇਲੇ ਨੇੜਲੇ ਹਸਪਤਾਲ ਵਿੱਚ ਜ਼ੇਰ-ਏ-ਇਲਾਜ ਹਨ।

ਮੌਕੇ ਉੱਤੇ ਮੌਜੂਦ ਬੀਬੀਸੀ ਸਹਿਯੋਗੀ ਸੁਬਰਤ ਕੁਮਾਰ ਆਪਤੀ ਨੂੰ ਪੀੜਤ ਮੁਕੇਸ਼ ਨੇ ਹਾਦਸੇ ਬਾਰੇ ਦੱਸਿਆ।

ਮੁਕੇਸ਼ ਕਹਿੰਦੇ ਹਨ, ‘‘ਝਟਕਾ ਲੱਗਿਆ ਤੇ ਦੇਖਿਆ ਕਿ ਗੱਡੀ ਦਾ ਪਹੀਆ ਹੇਠਾਂ ਉੱਤਰ ਗਿਆ ਸੀ। ਆਵਾਜ਼ਾਂ ਆਈਆਂ ਤੇ ਬੱਸ ਗੱਡੀ ਪਲਟੀ ਮਾਰ ਗਈ। ਅਸੀਂ ਗੱਡੀ ਵਿੱਚੋਂ ਅੱਧੇ-ਪੌਣੇ ਘੰਟੇ ਤੋਂ ਬਾਅਦ ਨਿਕਲੇ। ਪਹਿਲਾਂ ਜ਼ਿਆਦਾ ਗੰਭੀਰ ਜਾਂ ਬੇਹੋਸ਼ ਲੋਕਾਂ ਵੱਲ ਧਿਆਨ ਦਿੱਤਾ ਗਿਆ ਤੇ ਫ਼ਿਰ ਸਾਡੀ ਵਾਰੀ ਆਈ।’’

ਓਡੀਸ਼ਾ ਰੇਲ ਹਾਦਸਾ

‘‘ਅਸੀਂ ਆਪਣੇ ਘਰ ਵਾਲਿਆਂ ਨੂੰ ਹਾਦਸੇ ਬਾਰੇ ਦੱਸਿਆ, ਸਾਡੇ ਪਿੰਡ ਤੋਂ ਚਾਰ ਲੋਕ ਸਨ ਤੇ ਚਾਰੇ ਠੀਕ ਹਨ। ਸਾਡੇ ਡੱਬੇ ਵਿੱਚ ਸਫ਼ਰ ਕਰਨ ਵਾਲੇ ਕਾਫ਼ੀ ਲੋਕਾਂ ਦੀ ਮੌਤ ਹੋਈ ਹੈ।’’

ਬਿਹਾਰ ਦੇ ਰਹਿਣ ਵਾਲੇ ਸੰਦੀਪ ਕੁਮਾਰ ਵੀ ਕੋਰੋਮੰਡਲ ਐਕਸਪ੍ਰੈੱਸ ਵਿੱਚ ਸਫ਼ਰ ਕਰ ਰਹੇ ਸਨ।

ਉਹ ਦੱਸਦੇ ਹਨ, ‘‘ਮੈਂ ਇੰਜਣ ਦੇ ਮਗਰ ਦੂਜੇ ਡੱਬੇ ਵਿੱਚ ਸਫ਼ਰ ਕਰ ਰਿਹਾ ਸੀ। ਹਾਦਸੇ ਤੋਂ ਅੱਧੇ ਘੰਟੇ ਬਾਅਦ ਅਸੀਂ ਇੱਕ ਟੈਂਪੂ ਰਾਹੀਂ ਹਸਪਤਾਲ ਪਹੁੰਚੇ।’’

ਸੰਦੀਪ ਮੁਤਾਬਕ ਫ਼ਿਲਹਾਲ ਉਨ੍ਹਾਂ ਨੂੰ ਨਾ ਤਾਂ ਹਸਪਤਾਲ ਵਿੱਚ ਬੈੱਡ ਮਿਲਿਆ ਹੈ ਅਤੇ ਨਾ ਹੀ ਅਜੇ ਮੁਆਵਜ਼ੇ ਦਾ ਚੈੱਕ ਮਿਲਿਆ ਹੈ।

ਓਡੀਸ਼ਾ ਰੇਲ ਹਾਦਸਾ

ਤਸਵੀਰ ਸਰੋਤ, Getty Images

ਲਾਈਨ

ਇਹ ਵੀ ਪੜ੍ਹੋ:

ਲਾਈਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)