You’re viewing a text-only version of this website that uses less data. View the main version of the website including all images and videos.
ਰੂਸ ਦੇ ਰਾਸ਼ਟਰਪਤੀ ਪੁਤਿਨ ਖਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ
- ਲੇਖਕ, ਐਂਟੋਨੇਟ ਰੈਡਫੋਰਡ ਅਤੇ ਫਰੈਂਕ ਗਾਰਡਨਰ
- ਰੋਲ, ਬੀਬੀਸੀ ਪੱਤਰਕਾਰ
ਕੌਮਾਂਤਰੀ ਅਪਰਾਧਿਕ ਅਦਾਲਤ (ਆਈਸੀਸੀ) ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਖਿਲਾਫ਼ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ।
ਆਈਸੀਸੀ ਨੇ ਪੁਤਿਨ 'ਤੇ ਯੁੱਧ ਅਪਰਾਧ ਦਾ ਇਲਜ਼ਾਮ ਲਗਾਇਆ ਹੈ। ਇਨ੍ਹਾਂ ਅਪਰਾਧਾਂ ਵਿੱਚ ਗੈਰ-ਕਾਨੂੰਨੀ ਢੰਗ ਨਾਲ ਯੂਕਰੇਨ ਤੋਂ ਬੱਚਿਆਂ ਨੂੰ ਰੂਸ ਭੇਜਣਾ ਵੀ ਸ਼ਾਮਲ ਹੈ।
ਇਸ ਵਰੰਟ ਵਿੱਚ ਕਿਹਾ ਗਿਆ ਹੈ ਕਿ ਅਪਰਾਧ ਯੂਕਰੇਨ ਵਿੱਚ 24 ਫਰਵਰੀ 2022 ਤੋਂ ਕੀਤੇ ਗਏ ਸੀ ਜਦੋਂ ਰੂਸ ਨੇ ਵੱਡੇ ਪੱਧਰ ਉਪਰ ਹਮਲਾ ਕੀਤਾ ਸੀ।
ਹਾਲਾਂਕਿ ਰੂਸ ਨੇ ਹਮਲੇ ਦੌਰਾਨ ਜੰਗੀ ਅਪਰਾਧਾਂ ਦੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਸੀ।
ਰੂਸ ਨੇ ਕੀ ਕਿਹਾ?
ਗ੍ਰਿਫਤਾਰੀ ਵਾਰੰਟ 'ਤੇ ਪ੍ਰਤੀਕਿਰਿਆ ਦਿੰਦੇ ਹੋਏ, ਰੂਸੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਇਸਦਾ "ਕੋਈ ਮਹੱਤਵ" ਨਹੀਂ ਹੈ।
ਬੁਲਾਰੇ ਮਾਰੀਆ ਜ਼ਖਾਰੋਵਾ ਨੇ ਆਪਣੇ ਟੈਲੀਗ੍ਰਾਮ ਚੈਨਲ 'ਤੇ ਕਿਹਾ, "ਅੰਤਰਰਾਸ਼ਟਰੀ ਅਪਰਾਧਿਕ ਅਦਾਲਤ ਦੇ ਫੈਸਲਿਆਂ ਦਾ ਸਾਡੇ ਦੇਸ਼ ਲਈ ਕਾਨੂੰਨੀ ਪੱਖ ਤੋਂ ਕੋਈ ਅਰਥ ਨਹੀਂ ਹੈ।"
ਪੁਤਿਨ ’ਤੇ ਕੀ ਅਸਰ ਪਵੇਗਾ?
ਇਸ ਮਾਮਲੇ ਵਿੱਚ ਸੰਭਾਵਨਾ ਹੈ ਕਿ ਕੁਝ ਖਾਸ ਨਹੀਂ ਵਾਪਰੇਗਾ। ਆਈਸੀਸੀ ਕੋਲ ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਈ ਤਾਕਤ ਨਹੀਂ ਹੈ।
ਇਹ ਸਿਰਫ ਆਪਣੇ ਮੈਂਬਰ ਦੇਸ਼ਾਂ ਵਿੱਚ ਹੀ ਆਪਣੇ ਅਧਿਕਾਰ ਖੇਤਰ ਦੀ ਵਰਤੋਂ ਕਰ ਸਕਦੇ ਹਨ ਪਰ ਰੂਸ ਉਨ੍ਹਾਂ ਦੇਸ਼ਾਂ ਵਿੱਚੋਂ ਇੱਕ ਨਹੀਂ ਹੈ।
ਹਾਲਾਂਕਿ ਇਸ ਤੋਂ ਬਾਅਦ ਰਾਸ਼ਟਰਪਤੀ ਪੁਤਿਨ ਉਪਰ ਹੋਰ ਤਰੀਕਿਆਂ ਨਾਲ ਪ੍ਰਭਾਵ ਪੈ ਸਕਦਾ ਹੈ। ਉਹ ਅੰਤਰਰਾਸ਼ਟਰੀ ਦੌਰਿਆਂ ’ਤੇ ਜਾਣ ਤੋਂ ਅਸਮਰੱਥ ਹੋ ਸਕਦੇ ਹਨ।
ਆਈਸੀਸੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹਨਾਂ ਕੋਲ ਇਸ ਗੱਲ ਦਾ ਪੂਰਾ ਅਧਾਰ ਹੈ ਕਿ ਪੁਤਿਨ ਨੇ ਸਿੱਧੇ ਤੌਰ 'ਤੇ ਅਪਰਾਧਿਕ ਕਾਰਵਾਈਆਂ ਕੀਤੀਆਂ ਹਨ ਅਤੇ ਉਹ ਇਹ ਅਪਰਾਧ ਹੋਰਾਂ ਨਾਲ ਵੀ ਮਿਲ ਕੇ ਕਰਦੇ ਸਨ।
ਇਸ ਦੇ ਨਾਲ ਹੀ ਉਹਨਾਂ ’ਤੇ ਬੱਚਿਆਂ ਨੂੰ ਦੇਸ਼ ਨਿਕਾਲਾ ਦੇਣ ਤੋਂ ਰੋਕਣ ਲਈ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਨ ਵਿਚ ਅਸਫਲ ਰਹਿਣ ਦਾ ਇਲਜ਼ਾਮ ਵੀ ਲੱਗਿਆ ਹੈ।
ਅਮਰੀਕਾ ਦੇ ਰਾਸ਼ਟਰਪਤੀ ਨੇ ਕੀ ਕਿਹਾ?
ਆਈਸੀਸੀ ਦੇ ਇਸ ਕਦਮ ਬਾਰੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ, "ਮੈਨੂੰ ਲਗਦਾ ਹੈ ਕਿ ਇਹ ਜਾਇਜ਼ ਹੈ"।
ਉਹਨਾਂ ਕਿਹਾ ਕਿ ਅਮਰੀਕਾ ਆਈਸੀਸੀ ਵਿੱਚ ਸ਼ਾਮਿਲ ਨਹੀਂ "ਪਰ ਮੈਨੂੰ ਲਗਦਾ ਹੈ ਕਿ ਇਹ ਇੱਕ ਬਹੁਤ ਅਹਿਮ ਗੱਲ ਹੈ।"
ਜੋਅ ਬਾਇਡਨ ਨੇ ਕਿਹਾ, “ਸਾਫ ਹੈ ਕਿ ਉਹਨਾਂ ਨੇ ਅਪਰਾਧ ਕੀਤਾ ਹੈ।"
ਆਈਸੀਸੀ ਨੇ ਹੋਰ ਕੀ ਕਿਹਾ ?
ਬੱਚਿਆਂ ਦੇ ਮਾਮਲੇ ਵਿੱਚ ਅਪਰਾਧ ਲਈ ਰੂਸ ਦੀ ਬਾਲ ਅਧਿਕਾਰ ਕਮਿਸ਼ਨਰ ਮਾਰੀਆ ਲਵੋਵਾ-ਬੇਲੋਵਾ ਵੀ ਆਈਸੀਸੀ ਨੂੰ ਲੋੜੀਂਦੀ ਹੈ।
ਪਿਛਲੇ ਸਮੇਂ ਵਿੱਚ, ਉਹਨਾਂ ਨੇ ਰੂਸ ਲਿਜਾਏ ਗਏ ਯੂਕਰੇਨੀ ਬੱਚਿਆਂ ਨੂੰ ਉਕਸਾਉਣ ਦੀਆਂ ਕੋਸ਼ਿਸ਼ਾਂ ਬਾਰੇ ਖੁੱਲ੍ਹ ਕੇ ਗੱਲ ਕੀਤੀ ਸੀ।
ਸਤੰਬਰ ਵਿੱਚ ਲਵੋਵਾ-ਬੇਲੋਵਾ ਨੇ ਸ਼ਿਕਾਇਤ ਕੀਤੀ ਸੀ ਕਿ ਮਾਰੀਉਪੋਲ ਸ਼ਹਿਰ ਤੋਂ ਹਟਾਏ ਗਏ ਕੁਝ ਬੱਚਿਆਂ ਨੇ ਰੂਸੀ ਰਾਸ਼ਟਰਪਤੀ ਬਾਰੇ ਮਾੜਾ ਬੋਲਿਆ ਸੀ।
ਉਹਨਾਂ ਨੇ ਮਾਰੀਉਪੋਲ ਤੋਂ ਇੱਕ 15 ਸਾਲ ਦੇ ਮੁੰਡੇ ਨੂੰ ਗੋਦ ਲੈਣ ਦਾ ਵੀ ਦਾਅਵਾ ਕੀਤਾ ਹੈ।
ਆਈਸੀਸੀ ਨੇ ਕਿਹਾ ਕਿ ਉਹਨਾਂ ਨੇ ਸ਼ੁਰੂ ਵਿੱਚ ਗ੍ਰਿਫਤਾਰੀ ਵਾਰੰਟ ਨੂੰ ਗੁਪਤ ਰੱਖਣ ਬਾਰੇ ਸੋਚਿਆ ਸੀ, ਪਰ ਇਸ ਸਥਿਤੀ ਵਿੱਚ ਉਨ੍ਹਾਂ ਨੂੰ ਜਨਤਕ ਕਰਨ ਦਾ ਫੈਸਲਾ ਕੀਤਾ ਗਿਆ ਸੀ ਕਿ ਇਹ ਹੋਰ ਅਪਰਾਧਾਂ ਨੂੰ ਰੋਕਦਾ ਹੈ।
ਆਈਸੀਸੀ ਦੇ ਵਕੀਲ ਕਰੀਮ ਖਾਨ ਨੇ ਬੀਬੀਸੀ ਨੂੰ ਦੱਸਿਆ, "ਬੱਚਿਆਂ ਨੂੰ ਜੰਗ ਦੀ ਲੁੱਟ ਨਹੀਂ ਮੰਨਿਆ ਜਾ ਸਕਦਾ। ਉਨ੍ਹਾਂ ਨੂੰ ਦੇਸ਼ ਨਿਕਾਲਾ ਨਹੀਂ ਦਿੱਤਾ ਜਾ ਸਕਦਾ।"
ਉਹਨਾਂ ਕਿਹਾ, “ਇਸ ਤਰ੍ਹਾਂ ਦੇ ਅਪਰਾਧ ਲਈ ਕਿਸੇ ਨੂੰ ਵਕੀਲ ਬਣਨ ਦੀ ਜ਼ਰੂਰਤ ਨਹੀਂ ਹੁੰਦੀ। ਇਸ ਲਈ ਮਨੁੱਖ ਬਣਨ ਦੀ ਜ਼ਰੂਰਤ ਹੁੰਦੀ ਹੈ ਕਿ ਇਹ ਕਿੰਨਾ ਭਿਆਨਕ ਅਪਰਾਧ ਹੈ।”
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)