ਮੁਹੰਮਦ ਰਫ਼ੀ ਨੇ ਸੰਗੀਤ ਦੀਆਂ ਸਿਖ਼ਰਾਂ 'ਤੇ ਪਹੁੰਚ ਕੇ ਵੀ ਕਿਉਂ ਕਿਹਾ, 'ਮੇਰੇ ਗਲ਼ੇ ਵਿੱਚ ਮਿਠਾਸ ਭਰ ਦਿਓ'

ਮੁਹੰਮਦ ਰਫ਼ੀ

ਤਸਵੀਰ ਸਰੋਤ, OM BOOKS

ਤਸਵੀਰ ਕੈਪਸ਼ਨ, ਰਫ਼ੀ ਦਾ ਜਨਮ 24 ਦਸੰਬਰ 1924 ਨੂੰ ਅੰਮ੍ਰਿਤਸਰ ਨੇੜੇ ਕੋਟਲਾ ਸੁਲਤਾਨ ਸਿੰਘ ਵਿੱਚ ਹੋਇਆ ਸੀ
    • ਲੇਖਕ, ਵੰਦਨਾ
    • ਰੋਲ, ਸੀਨੀਅਰ ਨਿਊਜ਼ ਐਡੀਟਰ

ਬਰਫੀਲੀਆਂ ਪਹਾੜੀਆਂ 'ਤੇ ਖੁੱਲ੍ਹ ਕੇ ਆਪਣੇ ਪਿਆਰ ਦਾ ਇਜ਼ਹਾਰ ਕਰਨ ਵਾਲੇ ਸ਼ੰਮੀ ਕਪੂਰ ਨੂੰ ਜਦੋਂ 'ਯਾਹੂ... ਚਾਹੇ ਕੋਈ ਮੁਝੇ ਜੰਗਲੀ ਕਹੇ...' ਗਾਉਣ ਲਈ ਆਵਾਜ਼ ਦੀ ਲੋੜ ਪਈ ਤਾਂ ਉਹ ਅੱਲ੍ਹੜ ਬੇਪਰਵਾਹੀ ਰਫ਼ੀ ਦੀ ਆਵਾਜ਼ ਵਿੱਚ ਮਿਲਿਆ।

ਜਦੋਂ ਇਸ਼ਕ ਦੇ ਰੂਹਾਨੀ ਰੂਪ ਦੀ ਗੱਲ ਆਉਂਦੀ ਹੈ ਤਾਂ ਰਫ਼ੀ ਇੱਕ ਕੱਵਾਲੀ ਨੂੰ ਆਵਾਜ਼ ਦਿੰਦਾ ਹਨ- ਯੇ ਇਸ਼ਕ ਇਸ਼ਕ ਹੈ, ਇਸ਼ਕ ਇਸ਼ਕ… ਇਸ਼ਕ ਆਜ਼ਾਦ ਹੈ, ਇਸ਼ਕ ਆਜ਼ਾਦ ਹੈ, ਹਿੰਦੂ ਨਾ ਮੁਸਲਮਾਨ ਹੈ ਇਸ਼ਕ।

ਇਹ ਉਹੀ ਰਫ਼ੀ ਹਨ ਜਿਨ੍ਹਾਂ ਦਾ ਗਾਇਆ 'ਮਨ ਤੜਪਤ ਹਰਿ ਦਰਸ਼ਨ ਕੋ ਆਜ...' ਅੱਜ ਵੀ ਭਗਤੀ ਰਸ ਲਈ ਯਾਦ ਕੀਤਾ ਜਾਂਦਾ ਹੈ। ਇੰਨਾ ਹੀ ਨਹੀਂ, ਪਰਦੇ ʼਤੇ ਗੁਰੂ ਦੱਤ ਜਦੋਂ ਭਾਰਤ ਦੀ ਹਕੀਕਤ ਅਤੇ ਹਕੂਮਤ ਦੋਵਾਂ ਤੋਂ ਬੇਜ਼ਾਰ ਹੋ ਜਾਂਦੇ ਹਨ, ਤਾਂ ਇਹ ਰਫ਼ੀ ਹੀ ਹਨ ਜੋ ਗਾਉੰਦੇ ਹਨ, ʻਜਿਨ੍ਹੇ ਨਾਜ਼ ਹੈ ਹਿੰਦ ਪਰ, ਵੋ ਕਹਾਂ ਹੈ...ʼ

ਇਹ ਸਭ ਮਸ਼ਹੂਰ ਗਾਇਕ ਮੁਹੰਮਦ ਰਫੀ ਦੀ ਗਾਇਕੀ ਦੇ ਕੁਝ ਰੰਗ ਹਨ। ਇਹ ਸਾਲ ਮੁਹੰਮਦ ਰਫੀ ਦੀ ਜਨਮ ਸ਼ਤਾਬਦੀ ਹੈ।

ਇਹ ਮਸ਼ਹੂਰ ਗਾਇਕ ਮੁਹੰਮਦ ਰਫ਼ੀ ਦੀ ਗਾਇਕੀ ਦੇ ਮਹਿਜ਼ ਚੰਦ ਰੰਗ ਹਨ ਇਹ ਸਾਲ ਮੁਹੰਮਦ ਰਫ਼ੀ ਦੀ ਵਰ੍ਹੇਗੰਢ ਦਾ ਹੈ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਮੁਹੰਮਦ ਰਫੀ ਅਤੇ ਸ਼ੰਮੀ ਕਪੂਰ ਦਾ ਸਾਥ

ਇੱਕ ਸਮਾਂ ਸੀ ਜਦੋਂ ਫਿਲਮਾਂ ਵਿੱਚ ਹਿੱਟ ਗੀਤਾਂ ਦਾ ਮਤਲਬ ਮੁਹੰਮਦ ਰਫ਼ੀ ਹੁੰਦਾ ਸੀ। ਉਨ੍ਹਾ ਦੇ ਨਾ ਰਹਿਣ ਦੇ ਸਾਲਾਂ ਬਾਅਦ ਵੀ ਲੋਕ ਉਨ੍ਹਾਂ ਦੀ ਆਵਾਜ਼ ਅਤੇ ਦਿਲ ਜਿੱਤਣ ਵਾਲੇ ਅੰਦਾਜ਼ ਦੀਆਂ ਕਹਾਣੀਆਂ ਸੁਣਾਉਂਦੇ ਨਹੀਂ ਥੱਕਦੇ।

ਇਸ ਦੀ ਇੱਕ ਮਿਸਾਲ ਸ਼ੰਮੀ ਕਪੂਰ ਦੇ ਕਿੱਸਿਆਂ ਵਿੱਚ ਮਿਲਦੀ ਹੈ। ਕਿਹਾ ਜਾਂਦਾ ਹੈ ਕਿ ਜਿਸ ਤਰ੍ਹਾਂ ਮੁਕੇਸ਼ ਰਾਜ ਕਪੂਰ ਦੀ ਆਵਾਜ਼ ਸਨ, ਉਸੇ ਤਰ੍ਹਾਂ ਮੁਹੰਮਦ ਰਫ਼ੀ ਸ਼ੰਮੀ ਕਪੂਰ ਦੀ ਆਵਾਜ਼ ਸਨ।

ਸੁਜਾਤਾ ਦੇਵ ਦੀ ਕਿਤਾਬ 'ਮੁਹੰਮਦ ਰਫ਼ੀ- ਏ ਗੋਲਡਨ ਵਾਇਸ' ਵਿੱਚ ਸ਼ੰਮੀ ਕਪੂਰ ਯਾਦ ਕਰਦੇ ਹੋਏ ਕਹਿੰਦੇ ਹਨ, "ਸਾਨੂੰ 'ਤਾਰੀਫ਼ ਕਰੋਂ ਕਿਆ ਉਸਕੀ...' ਗੀਤ ਰਿਕਾਰਡ ਕਰਨਾ ਸੀ। ਮੈਂ ਸਾਰੀ ਰਾਤ ਸੌਂ ਨਹੀਂ ਸਕਿਆ।"

"ਮੈਂ ਚਾਹੁੰਦਾ ਸੀ ਕਿ ਇਹ ਵਾਕ ਵਾਰ-ਵਾਰ ਦੁਹਰਾਇਆ ਜਾਵੇ ਅਤੇ ਫਿਰ ਗੀਤ ਖ਼ਤਮ ਹੋ ਜਾਵੇ। ਪਰ ਸੰਗੀਤਕਾਰ ਓਪੀ ਨਈਅਰ ਨੂੰ ਮੇਰੀ ਸਲਾਹ ਪਸੰਦ ਨਹੀਂ ਆਈ।"

"ਮੇਰੀ ਨਿਰਾਸ਼ਾ ਦੇਖ ਕੇ ਰਫ਼ੀ ਨੇ ਓਪੀ ਨਈਅਰ ਨੂੰ ਕਿਹਾ, ਪਾਪਾ ਜੀ, ਤੁਸੀਂ ਇੱਕ ਸੰਗੀਤਕਾਰ ਹੋ। ਮੈਂ ਇੱਕ ਗਾਇਕ ਹਾਂ ਪਰ ਪਰਦੇ 'ਤੇ ਤਾਂ ਸਿਰਫ਼ ਸ਼ੰਮੀ ਕਪੂਰ ਨੇ ਹੀ ਕੰਮ ਕਰਨਾ ਹੈ, ਉਨ੍ਹਾਂ ਨੂੰ ਕਰਨ ਦਿਓ।"

"ਜੇਕਰ ਤੁਹਾਨੂੰ ਇਹ ਪਸੰਦ ਨਹੀਂ ਆਵੇਗਾ ਤਾਂ ਅਸੀਂ ਇਸ ਨੂੰ ਦੁਬਾਰਾ ਕਰਾ ਲਵਾਂਗੇ। ਰਫ਼ੀ ਸਾਹਬ ਨੇ ਉਸੇ ਤਰ੍ਹਾਂ ਗਾਇਆ ਜਿਸ ਦੀ ਮੈਂ ਕਲਪਨਾ ਕੀਤੀ ਸੀ।"

ਸ਼ੰਮੀ ਕਪੂਰ ਨੇ ਕਿਹਾ, "ਜਦੋਂ ਓਪੀ ਨਈਅਰ ਨੇ ਇਹ ਗੀਤ ਦੇਖਿਆ ਤਾਂ ਉਨ੍ਹਾਂ ਨੇ ਮੈਨੂੰ ਜੱਫੀ ਪਾਈ ਅਤੇ ਦੁਆਵਾਂ ਦਿੱਤੀਆਂ। ਰਫ਼ੀ ਸਾਹਬ ਨੇ ਆਪਣੀ ਸ਼ਰਾਰਤੀ ਪਰ ਨਰਮ ਆਵਾਜ਼ ਵਿੱਚ ਕਿਹਾ - ਹੁਣ ਗੱਲ ਬਣੀ ਨਾ? ਰਫੀ ਸਾਹਬ ਪਲ਼ਾਂ ਵਿੱਚ ਹੀ ਦਿਲ ਜਿੱਤ ਲੈਂਦੇ ਸਨ। ਮੈਂ ਮੁਹੰਮਦ ਰਫੀ ਤੋਂ ਬਿਨਾਂ ਅਧੂਰਾ ਹਾਂ।"

ਓਪੀ ਨਈਅਰ ਨਾਲ ਰਫ਼ੀ

ਤਸਵੀਰ ਸਰੋਤ, OM BOOKS

ਤਸਵੀਰ ਕੈਪਸ਼ਨ, ਓਪੀ ਨਈਅਰ ਨਾਲ ਰਫ਼ੀ

ʻਰਫ਼ੀ ਮੀਆਂ, ਤੁਸੀਂ ਕਿੰਨਾ ਸੋਹਣਾ ਗਾਇਆʼ

ਮੈਨੂੰ ਮਸ਼ਹੂਰ ਗਾਇਕ ਮੰਨਾ ਡੇ ਦਾ ਬਹੁਤ ਪੁਰਾਣਾ ਇੰਟਰਵਿਊ ਹਮੇਸ਼ਾ ਯਾਦ ਆਉਂਦਾ ਹੈ। ਇਸ 'ਚ ਤਤਕਾਲੀ ਪੱਤਰਕਾਰ ਰਾਜੀਵ ਸ਼ੁਕਲਾ ਦੇ ਸਵਾਲ 'ਤੇ ਉਨ੍ਹਾਂ ਨੇ ਕਿਹਾ ਸੀ, "ਰਫ਼ੀ ਸਾਹਬ ਪਹਿਲੇ ਨੰਬਰ 'ਤੇ ਸਨ। ਮੇਰੇ ਨਾਲੋਂ ਬਿਹਤਰ।"

"ਮੈਂ ਆਪਣੀ ਤੁਲਨਾ ਰਫ਼ੀ ਨਾਲ ਹੀ ਕਰਦਾ ਹਾਂ। ਜਿਸ ਤਰ੍ਹਾਂ ਉਹ ਗਾਉਂਦੇ ਸਨ, ਸ਼ਾਇਦ ਹੀ ਕੋਈ ਗਾ ਸਕੇ। ਜੇਕਰ ਰਫ਼ੀ ਨਾ ਹੁੰਦਾ ਤਾਂ ਮੈਂ ਉਨ੍ਹਾਂ ਦੀ ਜਗ੍ਹਾ ਲੈ ਸਕਦਾ ਸੀ। ਅਸੀਂ ਦੋ ਅਜਿਹੇ ਗਾਇਕ ਸੀ ਜੋ ਹਰ ਤਰ੍ਹਾਂ ਦੇ ਗੀਤ ਗਾ ਸਕਦੇ ਸਨ।"

ਮੁਹੰਮਦ ਰਫ਼ੀ ਨੇ ਉਸ ਦੌਰ ਵਿੱਚ ਗੀਤ ਗਾਏ ਜਦੋਂ ਬਤੌਰ ਗਾਇਕ ਮੁਕੇਸ਼ ਅਤੇ ਕਿਸ਼ੋਰ ਕੁਮਾਰ ਵੀ ਫਿਲਮਾਂ ਵਿੱਚ ਛਾਏ ਹੋਏ ਸਨ। ਹਾਲਾਂਕਿ, ਇਨ੍ਹਾਂ ਸਾਰਿਆਂ ਦੇ ਆਪਸੀ ਰਿਸ਼ਤੇ ਨਾਯਾਬ ਸਨ।

ਮੁਕੇਸ਼ ਦੇ ਬੇਟੇ ਨਿਤਿਨ ਮੁਕੇਸ਼ ਨੇ ਬੀਬੀਸੀ ਹਿੰਦੀ ਨਾਲ ਗੱਲਬਾਤ ਵਿੱਚ ਦੱਸਿਆ, "ਉਨ੍ਹਾਂ ਦਾ ਰਿਸ਼ਤਾ ਬਹੁਤ ਖੂਬਸੂਰਤ ਸੀ। ਮੈਨੂੰ ਹੈਰਾਨੀ ਹੁੰਦੀ ਸੀ ਜਦੋਂ ਮੁਕੇਸ਼ ਜੀ ਫ਼ੋਨ ਚੁੱਕਦੇ ਅਤੇ ਰਫ਼ੀ ਸਾਹਬ ਨੂੰ ਕਹਿੰਦੇ, 'ਰਫ਼ੀ ਮੀਆਂ, ਤੁਸੀਂ ਇਹ ਗੀਤ ਬਹੁਤ ਸੋਹਣਾ ਗਾਇਆ ਹੈ। ਕਾਸ਼ ਮੈਂ ਵੀ ਤੁਹਾਡੇ ਵਾਂਗ ਗਾ ਸਕਦਾ।' ਕਦੇ-ਕਦੇ ਰਫ਼ੀ ਸਾਹਬ ਕਹਿੰਦੇ ਕਿ ਮੁਕੇਸ਼ ਤੁਸੀਂ ਕਿੰਨਾ ਸੋਹਣਾ ਗਾਇਆ ਹੈ।"

 ਰਫ਼ੀ

ਤਸਵੀਰ ਸਰੋਤ, TRANQUE BAR

ਤਸਵੀਰ ਕੈਪਸ਼ਨ, ਰਫ਼ੀ ਦੇ ਪਿਤਾ ਗਾਇਕੀ ਦੇ ਖ਼ਿਲਾਫ਼ ਸਨ

ਜਦੋਂ ਰਫ਼ੀ ਨੇ ਕਿਹਾ, ਮੇਰਾ ਗਲਾ ਮਿਠਾਸ ਨਾਲ ਭਰ ਦਿਓ

ਇੰਨਾ ਮਕਬੂਲ ਹੋਣ ਦੇ ਬਾਵਜੂਦ, ਰਿਆਜ਼ ਅਤੇ ਖ਼ੁਦ ਨੂੰ ਬਿਹਤਰ ਕਰਨ ਦੀ ਮੁਹੰਮਦ ਰਫ਼ੀ ਦੀ ਤਲਬ ਕਿਹੋ-ਜਿਹੀ ਸੀ, ਇਸ ਦਾ ਕਿੱਸਾ ਸੰਗੀਤਕਾਰ ਖ਼ਿਆਮ ਵੱਖ-ਵੱਖ ਥਾਵਾਂ ʼਤੇ ਕਈ ਵਾਰ ਦੱਸ ਚੁੱਕੇ ਹਨ।

ਖ਼ਿਆਮ ਨੇ ਦੱਸਿਆ ਸੀ, "ਰਫ਼ੀ ਵਾਰ-ਵਾਰ ਮੈਨੂੰ ਦਾਵਤ ʼਤੇ ਬੁਲਾਉਂਦੇ। ਮੈਨੂੰ ਲੱਗਾ ਕਿ ਕੀ ਮਾਜਰਾ ਹੈ। ਫਿਰ ਰਫ਼ੀ ਸਾਹਬ ਵੱਲੋਂ ਮੇਰੇ ਲਈ ਗੁਜ਼ਾਰਿਸ਼ ਆਈ, ਤੁਸੀਂ ਮੇਰੀ ਆਵਾਜ਼ ਵਿੱਚ ਮਿਠਾਸ ਭਰ ਦਿਓ।"

"ਇਹ ਉਦੋਂ ਦੀ ਗੱਲ ਹੈ ਜਦੋਂ ਰਫ਼ੀ ਆਪਣੀ ਪ੍ਰਸਿੱਧੀ ਦੇ ਸਿਖ਼ਰ ʼਤੇ ਸਨ। ਮੈਨੂੰ ਯਕੀਨ ਨਹੀਂ ਹੋਇਆ। ਦਰਅਸਲ, ਉਨ੍ਹਾਂ ਦਿਨਾਂ ਰਫ਼ੀ ਹਾਈ ਪਿਚ ਵਾਲੇ ਗਾਣੇ ਗਾਉਂਦੇ ਹੁੰਦੇ ਸਨ।"

ਖ਼ਿਆਮ ਕਹਿੰਦੇ ਹਨ, "ਮੈਂ ਉਨ੍ਹਾਂ ਦੇ ਸਾਹਮਣੇ ਕੁਝ ਸ਼ਰਤਾਂ ਰੱਖੀਆਂ। ਜਿਵੇਂ, ਇਹ ਭੁੱਲ ਜਾਵੇ ਕਿ ਉਹ ਮਹਾਨ ਗਾਇਕ ਹਨ। ਰਿਹਰਸਲ ਦੌਰਾਨ ਉਨ੍ਹਾਂ ਦੇ ਨੇੜਲੇ ਕੋਈ ਨਹੀਂ ਹੋਵੇਗਾ। ਇਸ ਦੌਰਾਨ ਇਹ ਫੋਨ ʼਤੇ ਵੀ ਕਿਸੇ ਨਾਲ ਗੱਲ ਨਹੀਂ ਕਰਨਗੇ।"

"ਰਫ਼ੀ ਸਾਹਬ ਨੇ ਪੂਰੇ ਤਨ-ਮਨ ਨਾਲ ਮੇਰੇ ਕੋਲੋਂ ਟ੍ਰੇਨਿੰਗ ਲਈ। ਇਸ ਦਾ ਨਤੀਜਾ ਹੋਇਆ ਜਦੋਂ ਉਨ੍ਹਾਂ ਨੇ ਗਜ਼ਰ ਗਾਈ, ʻਗਜ਼ਬ ਕੀਆ ਤੇਰੇ ਵਾਦੇ ʼਤੇ ਇਤਬਾਰ ਕੀਆ...ʼ ਉਹ ਮਿਠਾਸ ਜੋ ਰਫ਼ੀ ਨੂੰ ਚਾਹੀਦੀ ਸੀ, ਉਹ ਉਨ੍ਹਾਂ ਨੂੰ ਮਿਲੀ।"

ਰਫ਼ੀ

ਤਸਵੀਰ ਸਰੋਤ, OM BOOKS

ਤਸਵੀਰ ਕੈਪਸ਼ਨ, ਰਫ਼ੀ ਆਪਣੇ ਨਿਮਰ ਸੁਭਾਅ ਕਰ ਕੇ ਵੀ ਜਾਣੇ ਜਾਂਦੇ ਸਨ

'ਰਫ਼ੀ ਮੀਆਂ, ਮੈਂ ਕੋਈ ਸੰਗੀਤ ਸਕੂਲ ਖੋਲ੍ਹਿਆ ਹੈ...'

ਆਪਣੀ ਗਾਇਕੀ ਤੋਂ ਇਲਾਵਾ, ਜਿਸ ਚੀਜ਼ ਲਈ ਲੋਕ ਅਕਸਰ ਮੁਹੰਮਦ ਰਫ਼ੀ ਦੀ ਤਾਰੀਫ਼ ਕਰਦੇ ਹਨ, ਉਹ ਸੀ ਉਨ੍ਹਾਂ ਦਾ ਸ਼ਾਂਤ ਅਤੇ ਨਿਮਰ ਅੰਦਾਜ਼।

ਸੰਗੀਤਕਾਰ ਅਮਰ ਹਲਦੀਪੁਰ ਸੁਜਾਤਾ ਦੇਵ ਦੀ ਕਿਤਾਬ ਵਿੱਚ ਦੱਸਦੇ ਹਨ, "1967-68 ਵਿੱਚ, ਸੀ. ਰਾਮਚੰਦਰ ਰਫ਼ੀ ਸਾਹਬ ਨਾਲ ਇੱਕ ਗੀਤ ਰਿਕਾਰਡ ਕਰ ਰਹੇ ਸਨ। ਪਰ ਰਫ਼ੀ ਜੀ ਵਾਰ-ਵਾਰ ਗਲਤੀਆਂ ਕਰ ਰਹੇ ਸਨ।"

"ਕਈ ਵਾਰ ਰਿਕਾਰਡਿੰਗ ਕਰਨੀ ਪਈ। ਸੀ. ਰਾਮਚੰਦਰ ਗੁੱਸਾ ਹੋ ਗਏ ਅਤੇ ਉਨ੍ਹਾਂ ਨੇ ਕਿਹਾ- ਰਫ਼ੀ ਮੀਆਂ, ਕੀ ਹੋ ਰਿਹਾ ਹੈ? ਮੈਂ ਕੀ ਸੰਗੀਤ ਸਕੂਲ ਖੋਲ੍ਹਿਆ ਹੈ। ਜੋ ਗਾਣਾ ਦਿੱਤਾ ਹੈ, ਯਾਦ ਕਰੋ ਅਤੇ ਗਾਓ।"

ਉਹ ਦੱਸਦੇ ਹਨ, "ਰਫ਼ੀ ਜੀ ਨੇ ਮੁਆਫੀ ਭਰੇ ਅੰਦਾਜ਼ ਵਿੱਚ ਕਿਹਾ, ਮੁਆਫ਼ ਕਰਨਾ, ਇਹ ਗੀਤ ਮੇਰੇ ਦਿਮਾਗ਼ 'ਚ ਠੀਕ ਨਹੀਂ ਬੈਠ ਰਿਹਾ ਹੈ। ਮੈਂ ਹੁਣੇ ਕਰਦਾ ਹਾਂ।"

"ਉਨ੍ਹਾਂ ਨੇ ਉਦੋਂ ਤੱਕ ਗਾਇਆ ਜਦੋਂ ਤੱਕ ਸੰਗੀਤ ਨਿਰਦੇਸ਼ਕ ਸੰਤੁਸ਼ਟ ਨਹੀਂ ਹੋ ਗਏ। ਬਾਅਦ ਵਿੱਚ ਉਹ ਸਾਜ਼ ਬਣਾਉਣ ਵਾਲੇ ਸਾਰੇ ਕਲਾਕਾਰਾਂ ਕੋਲ ਗਏ। ਸਭ ਤੋਂ ਮੁਆਫ਼ੀ ਮੰਗੀ। ਇਸੇ ਨਿਮਰਤਾ ਦੀ ਕਾਰਨ ਉਹ ਸਾਰਿਆਂ ਦੇ ਪਸੰਦੀਦਾ ਸਨ।"

ਜਦੋਂ ਚੀਨ ਨੇ ਵਜਾਏ ਰਫ਼ੀ ਦੇ ਗਾਣੇ

ਰਫ਼ੀ

ਤਸਵੀਰ ਸਰੋਤ, YASMIN K RAFI

ਤਸਵੀਰ ਕੈਪਸ਼ਨ, ਰਫ਼ੀ ਨੇ ਆਪਣੀ ਗਾਇਕੀ ਦੀ ਸ਼ੈਲੀ ਵੀ ਬਦਲੀ ਸੀ

ਮੁਹੰਮਦ ਰਫ਼ੀ ਦੇ ਗਾਣਿਆਂ ਦੀ ਮਸ਼ਹੂਰੀ ਦਾ ਅੰਦਾਜ਼ਾ ਇਸ ਸਾਬਕਾ ਸੈਨਿਕ ਦੇ ਕਿੱਸੇ ਨਾਲ ਵੀ ਮਿਲਦਾ ਹੈ ਜੋ ਉਨ੍ਹਾਂ ਨੇ ਸਾਲ 2020 ਵਿੱਚ ਅੰਗਰੇਜ਼ੀ ਅਖ਼ਬਾਰ ʻਇੰਡੀਅਨ ਐਕਸਪ੍ਰੈੱਸʼ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਸੁਣਾਇਆ ਸੀ।

ਸਾਲ 1962 ਦੀ ਜੰਗ ਲੜ ਚੁੱਕੇ ਭਾਰਤੀ ਸੈਨਿਕ ਫੁਨਚੋਕ ਤਾਸ਼ੀ ਨੇ ਦੱਸਿਆ ਸੀ, "ਗਲਵਾਨ ਇਲਾਕੇ ਵਿੱਚ ਭਾਰਤ ਅਤੇ ਚੀਨ ਵਿਚਾਲੇ ਤਲਖ਼ੀ ਚੱਲ ਰਹੀ ਸੀ। ਚੀਨ ਦੇ ਸੈਨਿਕਾਂ ਨੇ ਇੱਥੇ ਵੱਡੇ-ਵੱਡੇ ਲਾਊਡਸਪੀਕਰ ਲਗਾ ਦਿੱਤੇ ਅਤੇ ਹਿੰਦੀ ਵਿੱਚ ਐਲਾਨ ਕਰਦੇ ਸਨ, ਇਹ ਥਾਂ ਤੁਹਾਡੀ ਨਹੀਂ ਸਾਡੀ ਹੈ।"

"ਤੁਸੀਂ ਵੀ ਵਾਪਸ ਚਲੇ ਜਾਓ, ਅਸੀਂ ਵਾਪਸ ਜਾ ਰਹੇ ਹਾਂ। ਉਸ ਤੋਂ ਬਾਅਦ ਉਹ ਰਫ਼ੀ ਦਾ ਗਾਣਾ ʻਤੁਮਸਾ ਨਹੀਂ ਦੇਖਾ...ʼਜ਼ੋਰ-ਜ਼ੋਰ ਨਾਲ ਵਜਾਉਂਦੇ। ਇਸ ਦੇ ਨਾਲ ਹੀ ਲਤਾ ਮੰਗੇਸ਼ਕਰ ਦਾ ਗਾਇਆ ʻਤਨ ਡੋਲੇ...ʼ ਇਹ ਕਈ ਦਿਨਾਂ ਤੱਕ ਚੱਲਿਆ।"

"ਇਹ ਅਜਿਹਾ ਇਸ ਲਈ ਕਰਦੇ ਕਿ ਭਾਰਤ ਸੈਨਿਕ ਚਲੇ ਜਾਣ। ਹਾਲਾਂਕਿ, ਅਸੀਂ ਥਾਂ ਨਹੀਂ ਛੱਡੀ।"

ਰਫ਼ੀ ਅਤੇ ਲਤਾ ਮੰਗੇਸ਼ਕਰ

ਤਸਵੀਰ ਸਰੋਤ, TRANQUE BAR

ਤਸਵੀਰ ਕੈਪਸ਼ਨ, ਰਫ਼ੀ ਅਤੇ ਲਤਾ ਮੰਗੇਸ਼ਕਰ

ਲਾਹੌਰ ਨਾਲ ਰਿਸ਼ਤਾ ਅਤੇ ਵਾਲ ਕੱਟਣ ਦਾ ਕੰਮ

ਹੁਣ ਰਫ਼ੀ ਦੇ ਬਚਪਨ ਬਾਰੇ ਥੋੜ੍ਹੀ ਜਿਹੀ ਗੱਲ ਕਰਦੇ ਹਾਂ। ਮੁਹੰਮਦ ਰਫ਼ੀ ਦਾ ਜਨਮ 24 ਦਸੰਬਰ 1924 ਨੂੰ ਅੰਮ੍ਰਿਤਸਰ ਨੇੜੇ ਕੋਟਲਾ ਸੁਲਤਾਨ ਸਿੰਘ ਵਿੱਚ ਅੱਲ੍ਹਾ ਰਾਖੀ ਅਤੇ ਹਾਜੀ ਅਲੀ ਮੁਹੰਮਦ ਦੇ ਘਰ ਹੋਇਆ ਸੀ। ਉਨ੍ਹਾਂ ਨੂੰ ਪਿਆਰ ਨਾਲ ਫਿਕੋ ਕਿਹਾ ਜਾਂਦਾ ਸੀ।

ਹਾਜੀ ਅਲੀ ਮੁਹੰਮਦ ਇੱਕ ਬਿਹਤਰੀਨ ਖ਼ਾਨਸਾਮਾ ਸਨ। ਉਹ 1926 ਵਿੱਚ ਲਾਹੌਰ ਚਲੇ ਗਏ। ਫੀਕੋ ਕੋਟਲਾ ਸੁਲਤਾਨ ਸਿੰਘ ਦੇ ਸਕੂਲ ਵਿੱਚ ਪੜ੍ਹਦੇ ਰਹੇ।

ਬਾਰਾਂ ਸਾਲ ਦੀ ਉਮਰ ਵਿੱਚ, ਰਫ਼ੀ ਵੀ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਲਾਹੌਰ ਚਲੇ ਗਏ। ਇਸ ਤੋਂ ਬਾਅਦ ਰਫ਼ੀ ਕਦੇ ਸਕੂਲ ਨਹੀਂ ਗਏ। ਉਨ੍ਹਾਂ ਨੇ ਆਪਣੇ ਵੱਡੇ ਭਰਾ ਨਾਲ ਵਾਲ ਕੱਟਣ ਦਾ ਕੰਮ ਸ਼ੁਰੂ ਕੀਤਾ।

ਰਫ਼ੀ ਸੰਗੀਤ ਦੇ ਦੀਵਾਨੇ ਸਨ। ਪਿਤਾ ਸੰਗੀਤ ਦੇ ਸਖ਼ਤ ਖ਼ਿਲਾਫ਼ ਸਨ। ਇਸ ਕਰਕੇ ਉਹ ਲੁਕ-ਛਿਪ ਕੇ ਗਾਉਂਦੇ ਸਨ।

ਇਹ ਕਿੱਸਾ ਬਹੁਤ ਮਸ਼ਹੂਰ ਹੈ ਕਿ ਲਾਹੌਰ ਵਿੱਚ ਇੱਕਤਾਰਾ ਵਜਾਉਣ ਵਾਲਾ ਇੱਕ ਫ਼ਕੀਰ ਆਉਂਦਾ ਹੁੰਦਾ ਸੀ।

ਰਫ਼ੀ ਉਸ ਦੇ ਗੀਤ ਸੁਣਦੇ ਹੋਏ ਉਸ ਦੇ ਪਿੱਛੇ-ਪਿੱਛੇ ਚਲੇ ਜਾਂਦੇ। ਉਹ ਅਕਸਰ ਹਜ਼ਰਤ ਦਾਤਾ ਗੰਜ ਬਖਸ਼ ਦੀ ਦਰਗਾਹ 'ਤੇ ਵੀ ਜਾਂਦੇ ਸਨ।

ਰਫ਼ੀ

ਤਸਵੀਰ ਸਰੋਤ, YASMIN K RAFI

ਤਸਵੀਰ ਕੈਪਸ਼ਨ, ਰਫ਼ੀ ਦੇ ਪਿਤਾ ਇੱਕ ਬਿਹਤਰੀਨ ਖ਼ਾਨਸਾਮਾ ਸਨ

ਇੱਕ ਵਾਰ ਲਾਹੌਰ ਵਿੱਚ ਆਲ ਇੰਡੀਆ ਰੇਡੀਓ ਦੇ ਅਧਿਕਾਰੀ ਜੀਵਨ ਲਾਲ ਮੱਟੋ ਨੂਰ ਮੁਹੱਲੇ ਵਿੱਚੋਂ ਲੰਘ ਰਹੇ ਸਨ। ਉਦੋਂ ਉਨ੍ਹਾਂ ਦੇ ਕੰਨਾਂ ਵਿੱਚ ਇੱਕ ਬੇਹੱਦ ਸੁਰੀਲੀ ਆਵਾਜ਼ ਪਈ।

ਆਵਾਜ਼ ਵਿਲੱਖਣ ਸੀ। ਆਵਾਜ਼ ਦਾ ਪਿੱਛਾ ਕਰਦੇ ਹੋਏ ਉਹ ਦੁਕਾਨ ਵਿੱਚ ਆ ਗਏ, ਜਿੱਥੇ ਰਫ਼ੀ ਕਿਸੇ ਦੇ ਵਾਲ ਕੱਟ ਰਿਹਾ ਸੀ। ਉਨ੍ਹਾਂ ਦੀ ਗਾਇਕੀ ਤੋਂ ਪ੍ਰਭਾਵਿਤ ਹੋ ਕੇ ਇਸ ਅਧਿਕਾਰੀ ਨੇ ਉਨ੍ਹਾਂ ਨੂੰ ਰੇਡੀਓ ਵਿੱਚ ਕੰਮ ਕਰਨ ਦਾ ਮੌਕਾ ਦਵਾਇਆ।

ਇੱਕ ਵਾਰ ਲਾਹੌਰ ਵਿੱਚ ਉਸ ਸਮੇਂ ਦੇ ਮਸ਼ਹੂਰ ਗਾਇਕ ਕੇ ਐੱਲ ਸਹਿਗਲ ਦੇ ਪ੍ਰੋਗਰਾਮ ਦੌਰਾਨ ਬੱਤੀ ਗੁਲ ਹੋ ਗਈ ਸੀ।

ਨੌਜਵਾਨ ਰਫ਼ੀ ਟਾਈਮ ਪਾਸ ਕਰਨ ਅਤੇ ਭੀੜ ਨੂੰ ਰੁਝਾਉਣ ਲਈ ਸਟੇਜ 'ਤੇ ਆਏ। ਮਹਿਫ਼ਲ ਵਿੱਚ ਮੌਜੂਦ ਸੰਗੀਤ ਨਿਰਦੇਸ਼ਕ ਸ਼ਿਆਮ ਸੁੰਦਰ ਉਸ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਰਫ਼ੀ ਨੂੰ ਬੰਬਈ (ਅੱਜ ਦਾ ਮੁੰਬਈ) ਆਉਣ ਦੀ ਸਲਾਹ ਦੇ ਕੇ ਚਲੇ ਗਏ।

ਰਫ਼ੀ

ਤਸਵੀਰ ਸਰੋਤ, OM BOOKS

ਤਸਵੀਰ ਕੈਪਸ਼ਨ, ਰਫ਼ੀ ਦਾ ਗਾਇਕੀ ਤੋਂ ਪ੍ਰਭਾਵਿਤ ਹੋ ਕੇ ਇੱਕ ਅਧਿਕਾਰੀ ਨੇ ਉਨ੍ਹਾਂ ਨੂੰ ਰੇਡੀਓ ਵਿੱਚ ਕੰਮ ਕਰਨ ਦਾ ਮੌਕਾ ਦਿਵਾਇਆ

ਰਫ਼ੀ ਗਾਉਂਦੇ ਰਹੇ, ਪੈਰਾਂ 'ਚੋਂ ਖੂਨ ਨਿਕਲਦਾ ਰਿਹਾ

ਉਨ੍ਹਾਂ ਦੇ ਪਿਤਾ ਨੂੰ ਛੱਡ ਕੇ, ਰਫ਼ੀ ਦੇ ਪਰਿਵਾਰ ਦੇ ਬਾਕੀ ਮੈਂਬਰ ਉਨ੍ਹਾਂ ਦੇ ਹੁਨਰ ਨੂੰ ਸਮਝਦੇ ਸਨ।

ਉਨ੍ਹਾਂ ਨੂੰ ਲੱਗਾ ਕਿ ਰਫ਼ੀ ਦਾ ਭਵਿੱਖ ਬੰਬਈ ਵਿੱਚ ਹੈ। ਰਫ਼ੀ ਬੰਬਈ ਚਲੇ ਗਏ। ਇਸ ਤੋਂ ਬਾਅਦ ਸੰਘਰਸ਼ ਸ਼ੁਰੂ ਹੋਇਆ। ਇਸੇ ਸੰਗੀਤਕਾਰ ਸ਼ਿਆਮ ਸੁੰਦਰ ਨੇ ਪੰਜਾਬੀ ਫ਼ਿਲਮ 'ਗੁਲਬਲੋਚ' ਵਿੱਚ ਰਫ਼ੀ ਕੋਲੋਂ ਗੀਤ ਗਵਾਇਆ।

ਰਫ਼ੀ ਨੂੰ ਸ਼ੁਰੂ ਵਿੱਚ 1944 ਦੀ ਫਿਲਮ 'ਪਹਿਲੇ ਆਪ' ਅਤੇ ਫਿਰ 'ਗਾਓਂ ਕੀ ਗੋਰੀ' ਵਿੱਚ ਗਾਉਣ ਦਾ ਮੌਕਾ ਮਿਲਿਆ। 'ਪਹਿਲੇ ਆਪ' ਵਿੱਚ ਕੋਰਸ ਵਿੱਚ ਗਾਉਣਾ ਪਿਆ ਸੀ। ਗੀਤ ਕੁਝ ਅਜਿਹਾ ਸੀ ਕਿ ਸਿਪਾਹੀਆਂ ਦੀ ਕਦਮਤਾਲ ਦੀ ਆਵਾਜ਼ ਵਾਂਗ ਗਾਇਕਾਂ ਨੂੰ ਵੀ ਕਦਮਤਾਲ ਕਰਨੀ ਸੀ।

ਰਿਕਾਰਡਿੰਗ ਤੋਂ ਬਾਅਦ ਨੌਸ਼ਾਦ ਨੇ ਦੇਖਿਆ ਕਿ ਰਫ਼ੀ ਦੇ ਪੈਰਾਂ 'ਚੋਂ ਖ਼ੂਨ ਨਿਕਲ ਰਿਹਾ ਸੀ। ਪੁੱਛਣ 'ਤੇ ਮੁਹੰਮਦ ਰਫ਼ੀ ਨੇ ਦੱਸਿਆ ਕਿ ਉਨ੍ਹਾਂ ਦੀ ਜੁੱਤੀ ਕੁਝ ਜ਼ਿਆਦਾ ਹੀ ਤੰਗ ਸੀ। ਕਿਉਂਕਿ ਗੀਤ ਚੱਲ ਰਿਹਾ ਸੀ ਇਸ ਲਈ ਉਨ੍ਹਾਂ ਨੇ ਕੁਝ ਨਹੀਂ ਕਿਹਾ।

ਮੁਹੰਮਦ ਰਫ਼ੀ ਦੀ ਪ੍ਰਸਿੱਧੀ ਅਤੇ ਸਫ਼ਲਤਾ ਦੀ ਗੱਲ ਸੰਗੀਤਕਾਰ ਨੌਸ਼ਾਦ ਦੇ ਜ਼ਿਕਰ ਤੋਂ ਬਿਨਾਂ ਅਧੂਰੀ ਹੈ।

ਦੋਹਾਂ ਨੇ 'ਬੈਜੂ ਬਾਵਰਾ', 'ਕੋਹਿਨੂਰ', 'ਮਦਰ ਇੰਡੀਆ', 'ਮੁਗ਼ਲ-ਏ-ਆਜ਼ਮ', 'ਆਨ', 'ਗੰਗਾ ਜਮੁਨਾ', 'ਮੇਰੇ ਮਹਿਬੂਬ', 'ਰਾਮ ਔਰ ਸ਼ਿਆਮ', 'ਪਾਕੀਜ਼ਾ' ਵਰਗੀਆਂ ਕਈ ਫਿਲਮਾਂ 'ਚ ਕੰਮ ਇਕੱਠੇ ਕੰਮ ਕੀਤਾ।

ਨੌਸ਼ਾਦ ਦੇ ਬੇਟੇ ਰਾਜੂ ਨੌਸ਼ਾਦ ਅਨੁਸਾਰ, "ਨੌਸ਼ਾਦ ਰਫ਼ੀ ਜੀ ਨੂੰ ਘੰਟਿਆਂ ਬੱਧੀ ਰਿਆਜ਼ ਕਰਵਾਉਂਦੇ ਸਨ ਅਤੇ ਰਫ਼ੀ ਜੀ ਬੈਠ ਕੇ ਅਭਿਆਸ ਕਰਦੇ ਸਨ। ਫਿਰ ਨੌਸ਼ਾਦ ਉਸ ਨੂੰ ਹੱਸਦੇ ਹੋਏ ਕਹਿੰਦੇ ਕਿ ਹੁਣ ਜਾਓ ਅਤੇ ਦੂਜੇ ਗਾਣਿਆਂ ਦੀ ਪ੍ਰੈਕਟਿਸ ਕਰੋ, ਨਹੀਂ ਤਾਂ ਅਮੀਰ ਨਹੀਂ ਬਣ ਸਕੋਗੇ।"

ਇਹ ਰਿਸ਼ਤਾ ਸਿਰਫ਼ ਸੰਗੀਤ ਦਾ ਨਹੀਂ ਸੀ। ਰਫ਼ੀ ਸਾਹਬ ਦੀਆਂ ਬੇਟੀਆਂ ਦਾ ਨਿਕਾਹ ਵੀ ਨੌਸ਼ਾਦ ਨੇ ਕਰਵਾਇਆ ਸੀ।

ਰਫ਼ੀ

ਤਸਵੀਰ ਸਰੋਤ, OM BOOKS

ਤਸਵੀਰ ਕੈਪਸ਼ਨ, ਰਫ਼ੀ ਘੰਟਿਆਬੱਧੀ ਰਿਆਜ਼ ਕਰਦੇ ਸਨ

ਜਦੋਂ ਰਫੀ ਨੂੰ ਰੀਟੇਕ ਲਈ ਕਿਹਾ ਗਿਆ...

ਅਜਿਹਾ ਨਹੀਂ ਸੀ ਕਿ ਨਿਮਰ ਮੁਹੰਮਦ ਰਫ਼ੀ ਨੂੰ ਕਦੇ ਨਰਾਜ਼ ਨਹੀਂ ਹੁੰਦੇ ਸਨ ਪਰ ਉਸ ਦਾ ਵੀ ਉਨ੍ਹਾਂ ਦਾ ਕੁਝ ਅਲਗ ਅੰਦਾਜ਼ ਸੀ।

'ਮੁਹੰਮਦ ਰਫ਼ੀ-ਏ ਗੋਲਡਨ ਵਾਇਸ' ਕਿਤਾਬ ਵਿੱਚ ਸੀਨੀਅਰ ਸੰਗੀਤਕਾਰ ਓਮੀ ਨੇ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ ਹਨ।

ਉਹ ਕਹਿੰਦੇ ਹਨ, "ਇਕ ਵਾਰ ਰਫ਼ੀ ਮੇਰੇ ਨਾਲ ਗੁੱਸੇ ਹੋ ਗਏ, ਜੋ ਬਹੁਤ ਘੱਟ ਹੁੰਦੇ ਸਨ। ਸਾਲ 1973 'ਚ ਫਿਲਮ 'ਧਰਮਾ' ਦੀ ਕੱਵਾਲੀ 'ਰਾਜ਼ ਕੀ ਬਾਤ ਕਹਿ ਦੂੰ ਤੋ...' ਦੀ ਰਿਕਾਰਡਿੰਗ ਹੋਈ ਸੀ।"

"ਮੈਂ ਰੀਟੇਕ ਕਰਨਾ ਚਾਹੁੰਦਾ ਸੀ। ਰਫ਼ੀ ਸਾਹਬ ਥੋੜ੍ਹਾ ਜਿਹਾ ਨਾਰਾਜ਼ ਹੋ ਗਿਆ ਅਤੇ ਬੋਲੇ, ਕੀ ਕਹਿ ਰਹੇ ਹੋ? ਰਫ਼ੀ ਸਾਹਬ ਤੋਂ ਅਜਿਹੀ ਗੱਲ ਸੁਣਨਾ ਅਸਾਧਾਰਨ ਸੀ। ਮੈਂ ਵੀ ਥੋੜ੍ਹਾ ਸਖ਼ਤੀ ਨਾਲ ਕਿਹਾ, ਠੀਕ ਹੈ। ਪੈਕ ਅੱਪ. ਰਫ਼ੀ ਸਾਹਬ ਬਿਨਾਂ ਇੱਕ ਸ਼ਬਦ ਕਹੇ ਚਲੇ ਗਏ।"

ਓਮੀ ਦੇ ਅਨੁਸਾਰ, "ਅਗਲੀ ਸਵੇਰ ਛੇ ਵਜੇ ਘਰ ਦੀ ਘੰਟੀ ਵੱਜੀ। ਰਫ਼ੀ ਸਾਹਬ ਸਾਹਮਣੇ ਸਨ। ਉਨ੍ਹਾਂ ਨੇ ਪੰਜਾਬੀ ਵਿੱਚ ਕਿਹਾ, ਕੀ ਮੈਂ ਤੁਹਾਨੂੰ ਨਰਾਜ਼ਾ ਕਰ ਦਿੱਤਾ? ਚਲੋ ਕੱਲ੍ਹ ਵਾਲੀ ਕੱਵਾਲੀ ਸੁਣਦੇ ਹਾਂ।"

"ਮੈਂ ਅਮਰੀਕਾ ਤੋਂ ਸਪੀਕਰ ਲਿਆਂਦਾ ਸੀ। ਇਸੇ ʼਤੇ ਸੁਣਦੇ ਹਾਂ। ਸੁਣਨ ਤੋਂ ਬਾਅਦ ਰਫ਼ੀ ਜੀ ਨੇ ਨਿਮਰਤਾ ਨਾਲ ਪੁੱਛਿਆ ਕਿ ਕੀ ਦੁਬਾਰਾ ਰਿਕਾਰਡ ਕਰਨਾ ਹੈ?"

"ਮੈਂ ਉਨ੍ਹਾਂ ਨੂੰ ਜੱਫੀ ਪਾਈ ਅਤੇ ਕਿਹਾ ਖ਼ਾਨ ਆਪਣਾ ਸਪੀਕਰ ਲੈ ਕੇ ਜਾਓ। ਮੈਂ ਉਨ੍ਹਾਂ ਨੂੰ ਖ਼ਾਨ ਬੁਲਾਉਂਦਾ ਸੀ। ਉਦੋਂ ਉਹ ਬੋਲੇ, ਇਹ ਸਪੀਕਰ ਤੁਹਾਡੇ ਲਈ ਹੈ। ਰਫ਼ੀ ਜੀ ਦੀ ਫੀਸ ਤਿੰਨ ਹਜ਼ਾਰ ਰੁਪਏ ਅਤੇ ਸਪੀਕਰ ਦੀ ਕੀਮਤ 20 ਹਜ਼ਾਰ ਰੁਪਏ ਸੀ। ਇਹ ਸਨ ਰਫ਼ੀ ਸਾਹਬ।"

ਰਫ਼ੀ

ਤਸਵੀਰ ਸਰੋਤ, YASMIN K RAFI

ਤਸਵੀਰ ਕੈਪਸ਼ਨ, ਹਜ ਕਰ ਕੇ ਵਾਪਸ ਆਉਣ ਮਗਰੋਂ ਰਫ਼ੀ ਨੇ ਕੁਝ ਸਮਾਂ ਗਾਇਕੀ ਛੱਡ ਦਿੱਤੀ ਸੀ

ਰਫ਼ੀ ਦੇ ਕਰੀਅਰ ਵਿੱਚ ਗਿਰਾਵਟ ਆਈ

ਅਜਿਹਾ ਨਹੀਂ ਹੈ ਕਿ ਕਾਮਯਾਬ ਹੋਣ ਦੇ ਬਾਵਜੂਦ ਉਨ੍ਹਾਂ ਲਈ ਕੋਈ ਚੁਣੌਤੀਆਂ ਨਹੀਂ ਸਨ। ਰਫ਼ੀ ਸਾਹਬ 'ਤੇ 'ਦਾਸਤਾਨ-ਏ-ਰਫ਼ੀ' ਨਾਂ ਦੀ ਡਾਕੂਮੈਂਟਰੀ ਬਣੀ ਹੈ।

ਡਾਕੂਮੈਂਟਰੀ ਵਿੱਚ, ਸੰਗੀਤਕਾਰ ਮਦਨ ਮੋਹਨ ਦੇ ਪੁੱਤਰ ਸੰਜੀਵ ਕੋਹਲੀ ਨੇ ਕਿਹਾ, "ਕਈ ਵਾਰ ਗਾਇਕੀ ਦੀ ਵਿਭਿੰਨਤਾ ਵੀ ਰੁਕਾਵਟ ਬਣ ਜਾਂਦੀ ਹੈ। ਜਿਵੇਂ, ਰਫ਼ੀ ਸਾਹਬ ਨੇ 60 ਦੇ ਦਹਾਕੇ ਵਿੱਚ 'ਜੰਗਲੀ' ਗਾਇਆ ਸੀ।"

"ਉਹ ਬਾਰ ਬਾਰ ਦੇਖੋ… ਵਰਗੇ ਗੀਤ ਗਾਉਂਦੇ ਸਨ। ਉਹ ਆਪਣੀ ਸ਼ੈਲੀ ਬਣਾ ਰਹੇ ਸਨ। ਪਰ ਇੱਕ ਵਾਰ ਮਦਨ ਮੋਹਨ ਜੀ ਨੇ ਰਫ਼ੀ ਸਾਹਬ ਨੂੰ ਕਿਹਾ ਕਿ ਜੇਕਰ ਤੁਸੀਂ ਹੁਣੇ 'ਯਾਹੂ' ਵਰਗਾ ਗੀਤ ਗਾਇਆ ਹੈ ਤਾਂ ਮੈਂ ਹੁਣੇ ਆਪਣੀ ਰਿਕਾਰਡਿੰਗ ਰੱਦ ਕਰ ਰਿਹਾ ਹਾਂ। ਤੁਸੀਂ ਪਹਿਲਾਂ ਉਸ ਮੂਡ ਤੋਂ ਬਾਹਰ ਆ ਜਾਓ। ਮੇਰਾ ਗੀਤ ਗੰਭੀਰ ਹੈ। ਮੈਨੂੰ ਉਸ ਵਿੱਚ ਅਦਾਇਗੀ ਘੱਟ ਚਾਹੀਦੀ ਹੈ।"

ਜਿੱਥੇ ਮੁਹੰਮਦ ਰਫ਼ੀ ਨੇ ਆਪਣੇ ਕਰੀਅਰ ਦੀਆਂ ਉਚਾਈਆਂ ਨੂੰ ਦੇਖਿਆ ਤਾਂ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਢਲਾਣ ਨਜ਼ਰ ਆਉਣ ਲੱਗੀ। ਇਹ ਘਟਨਾ ਸੱਤਰਵਿਆਂ ਦੇ ਸ਼ੁਰੂ ਵਿੱਚ ਵਾਪਰੀ।

ਉਸ ਦੌਰਾਨ ਰਫ਼ੀ ਹੱਜ ਕਰ ਕੇ ਆਏ ਸਨ। ਉੱਥੇ ਕਿਸੇ ਨੇ ਉਨ੍ਹਾਂ ਨੂੰ ਕਹਿ ਦਿੱਤਾ ਸੀ ਕਿ ਮੌਸਿਕੀ (ਸੰਗੀਤ) ਦੀ ਉਨ੍ਹਾਂ ਦੇ ਧਰਮ ਵਿੱਚ ਕੋਈ ਥਾਂ ਨਹੀਂ ਹੈ। ਇਸ ਤੋਂ ਬਾਅਦ ਰਫ਼ੀ ਨੇ ਕੁਝ ਸਮੇਂ ਲਈ ਗਾਇਕੀ ਛੱਡ ਦਿੱਤੀ।

ਦਿਲੀਪ ਕੁਮਾਰ, ਸ਼ੰਮੀ ਕਪੂਰ ਵਰਗੇ ਦਿੱਗਜ ਕਲਾਕਾਰ, ਜਿਨ੍ਹਾਂ ਲਈ ਰਫ਼ੀ ਗਾਉਂਦੇ ਸਨ, ਹੌਲੀ-ਹੌਲੀ ਸੁੰਗੜਦੇ ਜਾ ਰਹੇ ਸਨ।

ਇਹ ਰਾਜੇਸ਼ ਖੰਨਾ ਅਤੇ ਅਮਿਤਾਭ ਬੱਚਨ ਦਾ ਦੌਰ ਸੀ। ਰਫ਼ੀ ਲਈ ਗੀਤਾਂ ਦੀ ਰਚਨਾ ਕਰਨ ਵਾਲੇ ਬਹੁਤ ਸਾਰੇ ਸੰਗੀਤਕਾਰਾਂ ਅਤੇ ਗੀਤਕਾਰਾਂ ਦਾ ਦੇਹਾਂਤ ਹੋ ਗਿਆ ਸੀ। ਜਾਂ ਐੱਸਡੀ ਬਰਮਨ ਦੀ ਥਾਂ ਆਰਡੀ ਬਰਮਨ ਵਰਗੇ ਨਵੀਂ ਪੀੜ੍ਹੀ ਦੇ ਸੰਗੀਤਕਾਰ ਲੈ ਰਹੇ ਸਨ।

ਇਹ ਨਵੀਂ ਤਰ੍ਹਾਂ ਦੇ ਸੰਗੀਤ ਅਤੇ ਕਿਸ਼ੋਰ ਕੁਮਾਰ ਵਰਗੇ ਗਾਇਕਾਂ ਨਾਲ ਕੰਮ ਕਰਨ ਲੱਗੇ ਸਨ।

ਉਦੋਂ ਕਈ ਲੋਕਾਂ ਨੇ ਕਿਹਾ ਕਿ ਰਫ਼ੀ ਦਾ ਯੁੱਗ ਹੁਣ ਚਲਾ ਗਿਆ।

ਰਫ਼ੀ

ਤਸਵੀਰ ਸਰੋਤ, YASMIN K RAFI

ਤਸਵੀਰ ਕੈਪਸ਼ਨ, ਐੱਸਡੀ ਬਰਮਨ ਦੇ ਨਾਲ ਰਫ਼ੀ

ਪਰ ਰਫ਼ੀ ਨੇ ਇਸ ਦੌਰ ਨੂੰ ਖ਼ੁਦ ʼਤੇ ਹਾਵੀ ਨਹੀਂ ਹੋਣ ਦਿੱਤਾ। ਕਈ ਸੰਗੀਤਕਾਰਾਂ ਨੇ ਵੀ ਉਨ੍ਹਾਂ ਦਾ ਸਾਥ ਦਿੱਤਾ।

ਜਦੋਂ ਫਿਲਮ 'ਲੈਲਾ-ਮਜਨੂੰ' ਦਾ ਸੰਗੀਤ ਤਿਆਰ ਹੋ ਰਿਹਾ ਸੀ ਤਾਂ ਮਦਨ ਮੋਹਨ ਇਸ ਗੱਲ 'ਤੇ ਅੜੇ ਸਨ ਕਿ ਨੌਜਵਾਨ ਅਦਾਕਾਰ ਰਿਸ਼ੀ ਕਪੂਰ ਲਈ ਸਿਰਫ਼ ਰਫ਼ੀ ਹੀ ਗਾਉਣਗੇ, ਨਹੀਂ ਤਾਂ ਉਹ ਫਿਲਮ ਨਹੀਂ ਕਰਨਗੇ।

ਜਦੋਂ ਸਾਲ 1976 ਵਿੱਚ ਰਿਲੀਜ਼ ਹੋਈ ਤਾਂ ਉਨ੍ਹਾਂ ਵੱਲੋਂ ਗਾਏ ਗਾਣੇ ਜ਼ਬਰਦਸਤ ਹਿੱਟ ਹੋਏ। ਹਾਲਾਂਕਿ, ਇਸ ਤੋਂ ਪਹਿਲਾਂ ਹੀ ਮਦਨ ਮੋਹਨ ਗੁਜ਼ਰ ਗਏ ਸਨ।

ਸਾਲ 1977 ਵਿੱਚ ਰਫ਼ੀ ਦਾ ਗਾਣਾ ʻਕਯਾ ਹੂਆ ਤੇਰਾ ਵਾਅਦਾ...ʼ ਆਇਆ। ਇਸ ਲਈ ਉਨ੍ਹਾਂ ਨੂੰ ਕੌਮੀ ਪੁਰਸਕਾਰ ਵੀ ਮਿਲਿਆ।

ਸਾਲ 1977 ਵਿੱਚ ਨੌਜਵਾਨ ਰਿਸ਼ੀ ਕਪੂਰ ਲਈ ਰਫ਼ੀ ਨੇ ਮਨਮੋਹਨ ਦੇਸਾਈ ਦੀ ʻਅਮਰ ਅਕਬਰ ਐਂਥਨੀʼ ਲਈ ਇੱਕ ਕੱਵਾਲੀ ਗਾਈ, ʻਪਰਦਾ ਹੈ ਪਰਦਾ...ਇਹ ਵੀ ਕਾਫੀ ਮਸ਼ਹੂਰ ਹੋਈ।

ਕਈ ਲੋਕ ਹੈਰਾਨ ਸਨ ਕਿ ਜਿਨ੍ਹਾਂ ਦੇ ਪਿਤਾ ਰਾਜ ਕਪੂਰ ਲਈ ਰਫ਼ੀ ਗਾ ਚੁੱਕੇ ਹਨ, ਉਸ ਨਵੇਂ ਅਦਾਕਾਰ ਲਈ ਲਕਸ਼ਮੀਕਾਂਤ ਪਿਆਰੇਲਾਲ ਨੇ ਰਫ਼ੀ ਨੂੰ ਕਿਉਂ ਚੁਣਿਆ।

ਪਰ ਇਨ੍ਹਾਂ ਗਾਣਿਆਂ ਨਾਲ ਰਫ਼ੀ ਨੇ ਜ਼ਬਰਦਸਤ ਵਾਪਸੀ ਕੀਤੀ।

ਲਕਸ਼ਮੀਕਾਂਤ ਪਿਆਰੇਲਾਲ ਨੇ ਆਪਣੀ ਪਹਿਲੀ ਫਿਲਮ ʻਪਾਰਸਮਣੀʼ ਵੀ ਰਫ਼ੀ ਦੇ ਨਾਲ ਹੀ ਕੀਤੀ ਸੀ।

ਇੱਤੇਫ਼ਾਕਨ ਲਕਸ਼ਮੀਕਾਂਤ ਪਿਆਰੇਲਾਲ ਦੀ ਫਿਲਮ ʻਆਸਪਾਸʼ (1980) ਵਿੱਚ ਮੁਹੰਮਦ ਰਫ਼ੀ ਨੇ ਆਪਣਾ ਆਖ਼ਿਰੀ ਗਾਣਿਆ ਗਾਇਆ, ʻਤੇਰੇ ਆਨੇ ਕੀ ਆਸ ਹੈ ਦੋਸਤ, ਸ਼ਾਮ ਕਯੂੰ ਫਿਰ ਉਦਾਸ ਹੈ ਦੋਸਤ।ʼ

ਰਫ਼ੀ

ਤਸਵੀਰ ਸਰੋਤ, YASMIN K RAFI

ਤਸਵੀਰ ਕੈਪਸ਼ਨ, ਰਫ਼ੀ ਆਪਣੀ ਪਤਨੀ ਬਿਲਕਿਸ ਰਫ਼ੀ ਨਾਲ

ਜਦੋਂ ਮੈਂ ਟੌਪ ʼਤੇ ਰਹਾਂ ਤਾਂ ਅੱਲ੍ਹਾ ਮੈਨੂੰ ਚੁੱਕ ਲੈ...

ਹਰ ਦੌਰ ਦੇ ਗਾਇਕਾਂ ʼਤੇ ਮੁਹੰਮਦ ਰਫ਼ੀ ਦਾ ਅਸਰ ਰਿਹਾ ਹੈ। ਇਸ ਵਿੱਚ ਸੋਨੂੰ ਨਿਗਮ ਵੀ ਸ਼ਾਮਿਲ ਹਨ।

ਬੀਬੀਸੀ ਹਿੰਦੀ ਨਾਲ ਗੱਲ ਕਰਦੇ ਹੋਏ ਸੋਨੂੰ ਨਿਗਮ ਨੇ ਕਿਹਾ ਸੀ, "ਜਦੋਂ ਮੈਂ ਗਾਇਕ ਬਣਨ ਲਈ ਮੁੰਬਈ ਆਇਆ ਸੀ ਤਾਂ ਮੇਰੀ ਕੋਸ਼ਿਸ਼ ਹੁੰਦੀ ਸੀ ਕਿ ਰਫ਼ੀ ਸਾਹਬ ਦੀ ਆਵਾਜ਼ ਲੈ ਕੇ ਆਵਾਂ ਅਤੇ ਉਨ੍ਹਾਂ ਵਰਗਾ ਗਾਵਾਂ।"

"ਮੁਹੰਮਦ ਰਫ਼ੀ ਸਾਹਬ ਮੇਰੇ ਲਈ ਰੱਬ ਹਨ। ਭਾਵੇਂ ਮੈਂ ਉਨ੍ਹਾਂ ਨੂੰ ਕਦੇ ਦੇਖਿਆ ਨਹੀਂ ਪਰ ਮੈਂ ਉਨ੍ਹਾਂ ਤੋਂ ਪ੍ਰੇਰਨਾ ਲੈ ਕੇ ਅਤੇ ਉਨ੍ਹਾਂ ਨੂੰ ਸੁਣ ਕੇ ਗਾਉਂਦਾ ਰਿਹਾ ਹਾਂ। ਬਾਅਦ ਵਿੱਚ ਮੈਂ ਆਪਣੀ ਸ਼ੈਲੀ ਬਣਾਈ।"

ਮੁਹੰਮਦ ਰਫ਼ੀ ਦੀ ਬੇਟੀ ਨਸਰੀਨ ਦੇ ਮੁਤਾਬਕ, ਰਫ਼ੀ ਸਾਹਬ ਕਹਿੰਦੇ ਹੁੰਦੇ ਸਨ ਕਿ ਮੈਂ ਅੱਲ੍ਹਾ ਤੋਂ ਇਹੀ ਦੁਆ ਕਰਦਾ ਹਾਂ ਕਿ ਜਦੋਂ ਮੈਂ ਸਿਖ਼ਰ 'ਤੇ ਹੋਵਾਂ ਤਾਂ ਉਹ ਮੈਨੂੰ ਚੁੱਕ ਲਵੇ ਅਤੇ ਉਨ੍ਹਾਂ ਦੀ ਦੁਆ ਕਬੂਲ ਹੋ ਗਈ। ਜਦੋਂ 1980 ਵਿੱਚ ਉਨ੍ਹਾਂ ਦੀ ਮੌਤ ਹੋਈ ਤਾਂ ਉਹ ਟੌਪ ʼਤੇ ਸਨ।

ਮੰਨਾ ਡੇ ਅਤੇ ਮੁਹੰਮਦ ਰਫ਼ੀ ਇੱਕ ਵਾਰ ਇਕੱਠੇ ਇੱਕ ਸਟੇਜ ਸ਼ੋਅ ਵਿੱਚ ਇਕੱਠੇ ਪ੍ਰਦਰਸ਼ਨ ਕਰ ਰਹੇ ਸਨ। ਉਦੋਂ ਮੰਨਾ ਡੇ ਨੇ ਸਟੇਜ 'ਤੇ ਕਿਹਾ ਸੀ, "ਦੋਸਤੋ, ਇਸ ਜ਼ਮਾਨੇ 'ਚ ਹਜ਼ਾਰਾਂ ਮੰਨਾ ਡੇ ਆਉਣਗੇ ਪਰ ਕੋਈ ਹੋਰ ਮੁਹੰਮਦ ਰਫ਼ੀ ਨਹੀਂ ਹੋਵੇਗਾ।"

ਰਫ਼ੀ

ਤਸਵੀਰ ਸਰੋਤ, OM BOOKS

ਤਸਵੀਰ ਕੈਪਸ਼ਨ, ਰਫ਼ੀ ਨੇ ਕਈ ਪੁਰਸਕਾਰ ਵੀ ਜਿੱਤੇ ਹਨ

ਸਰਵੋਤਮ ਗਾਇਕ ਦਾ ਪੁਰਸਕਾਰ

  • ਚੌਧਵੀਂ ਕਾ ਚੰਦ- ਫਿਲਮਫੇਅਰ, 1960
  • ਤੇਰੀ ਪਿਆਰੀ-ਪਿਆਰੀ ਸੂਰਤ ਨੂੰ - ਫਿਲਮਫੇਅਰ, 1961
  • ਚਾਹੁੰਗਾ ਮੈਂ ਤੁਝੇ - ਫਿਲਮਫੇਅਰ, 1964
  • ਬਹਾਰੋਂ ਫੂਲ ਬਰਸਾਓ- ਫਿਲਮਫੇਅਰ, 1966
  • ਦਿਲ ਕੇ ਝਰੋਖੇ ਮੈਂ- ਫਿਲਮਫੇਅਰ, 1968
  • ਕੀ ਹੂਆ ਤੇਰਾ ਵਾਦਾ -ਫਿਲਮਫੇਅਰ, ਨੈਸ਼ਨਲ ਅਵਾਰਡ, 1977

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)