You’re viewing a text-only version of this website that uses less data. View the main version of the website including all images and videos.
ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਪ੍ਰਬੰਧਕ ਦੀ ਚੋਣ ਨੂੰ ਲੈ ਕੇ ਕੀ ਹੈ ਰੌਲ਼ਾ, ਜਿਸ 'ਤੇ ਐੱਸਜੀਪੀਸੀ ਨੇ ਜਤਾਇਆ ਇਤਰਾਜ਼
- ਲੇਖਕ, ਅਨੁਰੀਤ ਭਾਰਦਵਾਜ
- ਰੋਲ, ਬੀਬੀਸੀ ਸਹਿਯੋਗੀ
ਤਖ਼ਤ ਸ੍ਰੀ ਹਜ਼ੂਰ ਅਬਿਚਲ ਨਗਰ ਸਾਹਿਬ ਵਿਖੇ ਪ੍ਰਬੰਧਕ ਦੀ ਚੋਣ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ।
ਐੱਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇਸ ਬਾਬਤ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸੰਭਾਜੀ ਸ਼ਿੰਦੇ ਨੂੰ ਪੱਤਰ ਵੀ ਲਿਖਿਆ ਹੈ।
ਦਰਅਸਲ, ਮਹਾਰਾਸ਼ਟਰ ਸਰਕਾਰ ਨੇ ਨਾਂਦੇੜ ਜ਼ਿਲ੍ਹੇ ਦੇ ਕਲੈਕਟਰ ਅਭਿਜੀਤ ਰਾਜੇਂਦਰ ਰਾਉਤ ਨੂੰ ਹਜ਼ੂਰ ਸਾਹਿਬ ਵਿਖੇ ਗੁਰਦੁਆਰਾ ਬੋਰਡ ਦੇ ਪ੍ਰਬੰਧਕ ਵਜੋਂ ਨਿਯੁਕਤ ਕਰ ਦਿੱਤਾ ਹੈ।
ਐੱਸਜੀਪੀਸੀ ਦਾ ਇਤਰਾਜ਼ ਹੈ ਕਿ ਸਰਕਾਰ ਨੇ ਇਸ ਅਹੁਦੇ ਲਈ ਇੱਕ ਗ਼ੈਰ ਸਿੱਖ ਵਿਅਕਤੀ ਨੂੰ ਚੁਣਿਆ ਹੈ, ਜੋ ਕਿ ਠੀਕ ਨਹੀਂ ਹੈ।
ਐੱਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਆਪਣੇ ਪੱਤਰ ਵਿੱਚ ਮੁੱਖ ਮੰਤਰੀ ਸ਼ਿੰਦੇ ਨੂੰ ਬੇਨਤੀ ਕੀਤੀ ਹੈ ਕਿ ਉਹ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਧਿਆਨ 'ਚ ਰੱਖਦੇ ਹੋਏ ਤੁਰੰਤ ਇਸ ਫ਼ੈਸਲੇ ਨੂੰ ਵਾਪਸ ਲੈਣ।
'ਪ੍ਰਬੰਧਕ ਅਹੁਦੇ 'ਤੇ ਗ਼ੈਰ ਸਿੱਖ ਸਵੀਕਾਰਨਯੋਗ ਨਹੀਂ'- ਧਾਮੀ
ਧਾਮੀ ਨੇ ਆਪਣੇ ਪੱਤਰ ਵਿੱਚ ਲਿਖਿਆ ਹੈ ਕਿ ਸਿੱਖ ਸੰਸਥਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਦੇ ਨੁਮਾਇੰਦੇ ਹੋਣ ਦੇ ਨਾਤੇ ਉਹ ਸਰਕਰ ਦੇ ਇਸ ਫ਼ੈਸਲੇੇ ਦਾ ਸਖ਼ਤ ਵਿਰੋਧ ਕਰਦੇ ਹਨ।
ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਸਰਕਾਰ ਦੇ ਇਸ ਫ਼ੈਸਲੇ ਨਾਲ ਸਿੱਖ ਸੰਗਤਾਂ ਵਿੱਚ ਰੋਹ ਹੈ।
ਗੁਰਦੁਆਰਾ ਹਜ਼ੂਰ ਸਾਹਿਬ ਦੀ ਇਤਿਹਾਸਿਕ ਮਹੱਤਤਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਅਸਥਾਨ ਪੰਜ ਤਖਤਾਂ ਵਿੱਚੋਂ ਇੱਕ ਅਤੇ ਬਹੁਤ ਮਹੱਤਵਪੂਰਨ ਹੈ। ਸਾਰੀ ਦੁਨੀਆਂ ਵਿੱਚ ਵਸਦੀ ਸਿੱਖ ਸੰਗਤ ਦੇ ਮਨਾਂ ਵਿੱਚ ਹਜ਼ੂਰ ਸਾਹਿਬ ਲਈ ਵਿਸ਼ੇਸ਼ ਸਨਮਾਨ ਹੈ।
ਇੱਥੇ ਬੋਰਡ ਦੇ ਪ੍ਰਬੰਧਕ ਵਜੋਂ ਇੱਕ ਗ਼ੈਰ ਸਿੱਖ ਵਿਅਕਤੀ ਦੀ ਚੋਣ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਅਤੇ ਇਹ ਬਿਲਕੁਲ ਸਵੀਕਾਰਨਯੋਗ ਨਹੀਂ ਹੈ।
ਸਿੱਖ ਧਰਮ ਵਿੱਚ 5 ਤਖਤਾਂ ਦੀ ਮਹੱਤਤਾ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਤਖ਼ਤ ਸਾਹਿਬ ਦਾ ਕੰਮ ਸਿੱਖ ਮਰਿਆਦਾ ਨੂੰ ਯਕੀਨੀ ਬਣਾਉਣਾ ਹੈ, ਇਸ ਲਈ ਤਖ਼ਤ ਸਾਹਿਬ ਦੇ ਪ੍ਰਬੰਧਕ ਵਜੋਂ ਕਿਸੇ ਗ਼ੈਰ ਸਿੱਖ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ।
ਇੱਕ ਸਾਲ ਤੋਂ ਨਹੀਂ ਹੋਈਆਂ ਬੋਰਡ ਦੀਆਂ ਚੋਣਾਂ
ਐੱਸਜੀਪੀਸੀ ਦੇ ਸੂਚਨਾ ਤਕਨੀਕ ਵਿਭਾਗ 'ਚ ਲੇਖਕ ਅਤੇ ਪਬਲਿਸ਼ਰੀ ਵਿਭਾਗ ਦੇ ਮੈਂਬਰ ਜਸਕਰਨ ਸਿੰਘ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਗੁਰਦੁਆਰਾ ਸਚਖੰਡ ਬੋਰਡ, ਨਾਂਦੇੜ ਦੀ ਚੋਣ ਹਰ ਤਿੰਨ ਸਾਲਾਂ 'ਚ ਕਰਵਾਈ ਜਾਂਦੀ ਹੈ, ਪਰ ਜਦੋਂ ਤੋਂ 2022 'ਚ ਬੋਰਡ ਦਾ ਕਾਰਜਕਾਲ ਖ਼ਤਮ ਹੋਇਆ ਹੈ, ਇੱਕ ਸਾਲ ਹੋ ਗਿਆ ਪਰ ਚੋਣਾਂ ਨਹੀਂ ਹੋ ਸਕੀਆਂ।
ਹਾਲਾਂਕਿ ਉਹ ਮੰਨਦੇ ਹਨ ਕਿ ਅਜਿਹੀ ਦੇਰੀ ਕਈ ਜਾਇਜ਼ ਕਾਰਨਾਂ ਕਰਕੇ ਹੋ ਸਕਦੀ ਹੈ ਪਰ ਅਜਿਹੇ ਅਹਿਮ ਅਹੁਦੇ 'ਤੇ ਕਿਸੇ ਗ਼ੈਰ ਸਿੱਖ ਦੀ ਚੋਣ ਠੀਕ ਨਹੀਂ।
ਤਖ਼ਤ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਵਿਖੇ ਗੁਰਦੁਆਰਾ ਬੋਰਡ ਦਾ ਕਾਰਜਕਾਲ 15 ਮਾਰਚ 2022 ਨੂੰ ਪੂਰਾ ਹੋ ਗਿਆ ਸੀ। ਜਿਸ ਤੋਂ ਬਾਅਦ ਅਜੇ ਤੱਕ ਬੋਰਡ ਦੀਆਂ ਚੋਣਾਂ ਨਹੀਂ ਹੋਈਆਂ ਹਨ।
ਇਸ ਮਗਰੋਂ ਸਾਲ ਲਈ, ਸੇਵਾ ਮੁਕਤ ਆਈਪੀਐੱਸ ਅਫ਼ਸਰ ਡਾਕਟਰ ਪਰਵਿੰਦਰ ਸਿੰਘ ਪਸਰੀਚਾ ਨੂੰ ਬੋਰਡ ਦਾ ਪ੍ਰਬੰਧਕ ਬਣਾ ਦਿੱਤਾ ਗਿਆ ਸੀ।
ਹੁਣ ਉਨ੍ਹਾਂ ਦਾ ਇੱਕ ਸਾਲ ਦਾ ਕਾਰਜਕਾਲ ਵੀ 31 ਜੁਲਾਈ 2023 ਨੂੰ ਪੂਰਾ ਹੋ ਗਿਆ ਹੈ।
ਜਸਕਰਨ ਸਿੰਘ ਕਹਿੰਦੇ ਹਨ ਕਿ ਚੋਣਾਂ ਵਿੱਚ ਦੇਰੀ ਦੇ ਮੱਦੇਨਜ਼ਰ ਜੇ ਸਰਕਾਰ ਚਾਹੁੰਦੀ ਤਾਂ ਡਾਕਟਰ ਪਸਰੀਚਾ ਦੇ ਹੀ ਕਾਰਜਕਾਲ ਨੂੰ ਕੁਝ ਹੋਰ ਸਮੇਂ ਲਈ ਵਧਾ ਸਕਦੀ ਸੀ, ਪਰ ਸਰਕਾਰ ਨੇ ਅਜਿਹਾ ਨਹੀਂ ਕੀਤਾ।
ਇਸ ਦੇ ਨਾਲ ਹੀ ਐੱਸਜੀਪੀਸੀ ਪ੍ਰਧਾਨ ਨੇ ਵੀ ਆਪਣੀ ਚਿੱਠੀ ਵਿੱਚ ਬੇਨਤੀ ਕੀਤੀ ਹੈ ਕਿ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਬੋਰਡ ਦੀਆਂ ਚੋਣਾਂ ਛੇਤੀ ਕਰਵਾਈਆਂ ਜਾਣ ਤਾਂ ਜੋ ਗੁਰਦੁਆਰਿਆਂ ਦਾ ਪ੍ਰਬੰਧਨ ਸਪਸ਼ਟ ਅਤੇ ਲੋਕਤੰਤਰੀ ਢੰਗ ਨਾਲ ਕੀਤਾ ਜਾ ਸਕੇ।
ਗੁਰਦੁਆਰੇ ਦੇ ਬੋਰਡ ਦੀ ਚੋਣ ਕਿਵੇਂ ਹੁੰਦੀ ਹੈ?
ਜਸਕਰਨ ਸਿੰਘ ਦੱਸਦੇ ਹਨ ਕਿ ਗੁਰਦੁਆਰਾ ਬੋਰਡ 3 ਸਾਲ ਲਈ ਚੁਣਿਆ ਜਾਂਦਾ ਹੈ ਅਤੇ ਸੰਗਤ ਇਸ ਦੇ ਮੈਂਬਰਾਂ ਦੀ ਚੋਣ ਕਰਦੀ ਹੈ।
ਹਾਲਾਂਕਿ ਇਸ ਵਿੱਚ 4 ਮੈਂਬਰ ਐੱਸਜੀਪੀਸੀ ਵੱਲੋਂ ਨਾਮਜ਼ਦ ਕੀਤੇ ਜਾਂਦੇ ਹਨ ਅਤੇ ਐੱਸਜੀਪੀਸੀ ਦੇ ਪ੍ਰਧਾਨ ਆਪ ਵੀ ਇਸ ਦੇ ਮੈਂਬਰ ਹੁੰਦੇ ਹਨ।
ਐੱਸਜੀਪੀਸੀ ਕਿਸੇ ਵੀ ਸੂਬੇ ਵਿੱਚੋਂ ਆਪਣੇ ਮੈਂਬਰ ਇਸ ਦੇ ਲਈ ਨਾਮਜ਼ਦ ਕਰ ਸਕਦੀ ਹੈ।
ਉਨ੍ਹਾਂ ਦੱਸਿਆ ਸਰਕਾਰ ਵੱਲੋਂ ਵੀ ਕੁਝ ਮੈਂਬਰ ਨਾਮਜ਼ਦ ਹੁੰਦੇ ਹਨ, ਜਿਨ੍ਹਾਂ ਵਿੱਚੋਂ ਜ਼ਿਲ੍ਹੇ ਦੇ ਕਲੈਕਟਰ ਵੀ ਬੋਰਡ ਦੇ ਮੈਂਬਰ ਹੁੰਦੇ ਹਨ।
ਨਾਮਜ਼ਦ ਕੀਤੇ ਗਏ ਮੈਂਬਰਾਂ ਦੀ ਸੂਚੀ ਮਹਾਰਾਸ਼ਟਰ ਸਰਕਾਰ ਦੇ ਸਬੰਧਿਤ ਵਿਭਾਗ ਜਾਂ ਅਧਿਕਾਰੀ ਨੂੰ ਦੇ ਦਿੱਤੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਮੈਂਬਰਾਂ ਵਜੋਂ ਚੁਣ ਲਿਆ ਜਾਂਦਾ ਹੈ।
ਬਾਕੀ ਦੇ ਬਚੇ ਹੋਏ ਮੈਂਬਰਾਂ ਦੀ ਚੋਣ ਸਥਾਨਕ ਸਿੱਖ ਸੰਗਤਾਂ ਦੁਆਰਾ ਕੀਤੀ ਜਾਂਦੀ ਹੈ।
ਗੁਰਦੁਆਰਾ ਬੋਰਡ ਕੰਮ ਕੀ ਕਰਦਾ ਹੈ?
ਜਸਕਰਨ ਸਿੰਘ ਦੱਸਦੇ ਹਨ, ''ਇਸ ਤਖ਼ਤ ਸਾਹਿਬ ਨਾਲ ਹੋਰ ਕਈ ਗੁਰਦੁਆਰੇ ਜੁੜੇ ਹੋਏ ਹਨ। ਇੱਕ ਪੂਰਾ ਰੂਟ ਮੈਪ ਹੈ, ਜਿਸ ਵਿੱਚ ਕਈ ਗੁਰਦੁਆਰਾ ਸਾਹਿਬ ਆਉਂਦੇ ਹਨ ਅਤੇ ਇਹ ਬੋਰਡ ਉਨ੍ਹਾਂ ਸਾਰੇ ਗੁਰਦੁਆਰਿਆਂ ਦੇ ਪ੍ਰਬੰਧਨ ਦਾ ਕਾਰਜ ਦੇਖਦਾ ਹੈ।''
''ਬੋਰਡ ਇਨ੍ਹਾਂ ਸਾਰੇ ਗੁਰਦੁਆਰਿਆਂ ਦਾ ਪ੍ਰਬੰਧ, ਸੰਗਤ ਦੀਆਂ ਸਹੂਲਤਾਂ, ਗੁਰਦੁਆਰਿਆਂ ਨਾਲ ਜੁੜੀਆਂ ਹੋਰ ਸੰਸਥਾਵਾਂ ਜਿਵੇਂ ਹਸਪਤਾਲ, ਕਾਲਜ ਆਦਿ, ਉਨ੍ਹਾਂ ਦਾ ਪ੍ਰਬੰਧ ਦੇਖਦਾ ਹੈ।''
ਉਹ ਦੱਸਦੇ ਹਨ ਕਿ ਇਹ ਬੋਰਡ ਸੁਤੰਤਰ ਰੂਪ ਨਾਲ ਆਪਣਾ ਕੰਮ ਕਰਦਾ ਹੈ।
ਤਖ਼ਤ ਸ੍ਰੀ ਹਜ਼ੂਰ ਸਾਹਿਬ ਦਾ ਇਤਿਹਾਸਕ ਮਹੱਤਵ
ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲ ਨਗਰ ਸਾਹਿਬ ਦੀ ਵੈੱਬਸਾਈਟ 'ਤੇ ਦਿੱਤੀ ਜਾਣਕਾਰੀ ਮੁਤਾਬਕ, ਇਸ ਸਥਾਨ ਦਾ ਸਿੱਖ ਧਰਮ ਵਿੱਚ ਬਹੁਤ ਮਹੱਤਵ ਹੈ। ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਇਸੇ ਅਸਥਾਨ 'ਤੇ ਜੋਤਿ ਜੋਤ ਸਮਾਏ ਸਨ।
ਇਸ ਤੋਂ ਪਹਿਲਾਂ ਉਨ੍ਹਾਂ ਨੇ ਹਜ਼ੂਰ ਸਾਹਿਬ ਵਿਖੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ 'ਗੁਰ-ਤਾ-ਗੱਦੀ 'ਤੇ ਬਿਰਾਜਮਾਨ ਕਰ ਉਨ੍ਹਾਂ ਨੂੰ ''ਗੁਰੂ' ਮੰਨਣ ਦੇ ਬਚਨ ਕੀਤੇ ਸਨ।
ਇੱਥੇ ਹੀ ਮਾਧੋ ਦਾਸ ਸਿੱਖ ਧਰਮ ਅਪਨਾ ਕੇ ਬੰਦਾ ਸਿੰਘ ਬਹਾਦਰ ਬਣੇ ਅਤੇ ਸਿੱਖ ਸਿਤਿਹਾਸ 'ਚ ਅਹਿਮ ਭੂਮਿਕਾ ਨਿਭਾਈ।
ਨਾਂਦੇੜ ਸਾਹਿਬ ਵਿਖੇ, ਗੁਰਦੁਆਰਾ ਸਚਖੰਡ ਸਾਹਿਬ ਤੋਂ ਇਲਾਵਾ ਗੁਰਦੁਆਰਾ ਨਗੀਨਾ ਘਾਟ, ਬੰਦਾ ਘਾਟ, ਸੰਗਤ ਸਾਹਿਬ, ਬਓਲੀ ਸਾਹਿਬ, ਮਾਲ ਟੇਕੜੀ ਸ਼ਿਕਾਰ ਘਾਟ, ਹੀਰਾ ਘਾਟ ਅਤੇ ਮਾਤਾ ਸਾਹਿਬ ਹਨ।