'ਸੂਰ ਪਾਲਣੇ ਸ਼ੁਰੂ ਕੀਤੇ ਤਾਂ ਪਿਤਾ ਨੇ ਕਿਹਾ, ਹੁਣ ਗੋਹਾ ਸੁੱਟਣ ਦਾ ਕੰਮ ਕਰੋਗੇ', ਪੰਜਾਬ ਦੇ ਨੌਕਰੀਪੇਸ਼ਾ ਭਰਾਵਾਂ ਨੇ ਕਿਵੇਂ ਖੜ੍ਹਾ ਕੀਤਾ ਸੂਰ ਪਾਲਣ ਦਾ ਸਫਲ ਕਾਰੋਬਾਰ

    • ਲੇਖਕ, ਗੁਰਪ੍ਰੀਤ ਚਾਵਲਾ
    • ਰੋਲ, ਬੀਬੀਸੀ ਸਹਿਯੋਗੀ

ਗੁਰਦਾਸਪੁਰ ਦੇ ਰਹਿਣ ਵਾਲੇ ਦੋ ਨੌਜਵਾਨ ਚਰਨਜੀਤ ਸਿੰਘ ਅਤੇ ਰਣਜੀਤ ਸਿੰਘ ਨੌਕਰੀ ਦੇ ਨਾਲ-ਨਾਲ ਸੂਰ ਪਾਲਣ ਦਾ ਸਹਾਇਕ ਧੰਦਾ ਕਰ ਰਹੇ ਹਨ।

ਵੱਡੇ ਭਰਾ ਚਰਨਜੀਤ ਸਿੰਘ ਬੈਂਕਿੰਗ ਸੈਕਟਰ ਵਿੱਚ ਨੌਕਰੀ ਕਰਦੇ ਹਨ ਜਦਕਿ ਰਣਜੀਤ ਸਿੰਘ ਮੋਬਾਈਲ ਫ਼ੋਨ ਸੈਕਟਰ ਵਿੱਚ ਨੌਕਰੀ ਕਰਦੇ ਹਨ।

ਇਹ ਦੋਵੇਂ ਹੀ ਭਰਾ ਇੱਕ ਅਜਿਹੇ ਪਰਿਵਾਰ ਤੋਂ ਆਉਂਦੇ ਹਨ ਜਿਨ੍ਹਾਂ ਦਾ ਖੇਤੀਬਾੜੀ ਨਾਲ ਕੋਈ ਸਬੰਧ ਨਹੀਂ ਸੀ ਅਤੇ ਉਨ੍ਹਾਂ ਦੇ ਪਿਤਾ ਮਿਸਤਰੀ ਹਨ, ਜੋ ਮਜ਼ਦੂਰੀ ਕਰਦੇ ਹਨ।

ਪਰ ਉਨ੍ਹਾਂ ਦੇ ਪਿਤਾ ਨੇ ਮਿਹਨਤ ਕਰਕੇ ਦੋਵਾਂ ਭਰਾਵਾਂ ਨੂੰ ਚੰਗੀ ਸਿੱਖਿਆ ਦਿੱਤੀ। ਚਰਨਜੀਤ ਸਿੰਘ ਨੇ ਬੀਏ, ਬੀਐੱਸਸੀ ਅਤੇ ਐੱਮਬੀਏ ਕੀਤੀ ਹੈ।

ਦੋਵੇਂ ਭਰਾ ਸਾਲ 2012 ਵਿੱਚ ਸੂਰ ਪਾਲਣ ਦੇ ਸਹਾਇਕ ਧੰਦੇ ਨਾਲ ਜੁੜੇ ਸਨ।

ਉਨ੍ਹਾਂ ਮੁਤਾਬਕ, ਸ਼ੁਰੂਆਤ 'ਚ ਉਨ੍ਹਾਂ ਨੇ 22 ਜਾਨਵਰਾਂ ਨਾਲ ਫਾਰਮ ਦੀ ਸ਼ੁਰੂਆਤ ਕੀਤੀ ਸੀ ਅਤੇ ਹੁਣ ਉਨ੍ਹਾਂ ਕੋਲ 200 ਦੇ ਕਰੀਬ ਸੂਰ ਹਨ। ਉਹ ਆਪ ਹੀ ਬ੍ਰੀਡਿੰਗ ਕਰਦੇ ਹਨ, ਜਿਸ ਨਾਲ ਹੋਰ ਕਿਸਾਨਾਂ ਨੂੰ ਇਸ ਧੰਦੇ ਵਿੱਚ ਮਦਦ ਮਿਲਦੀ ਹੈ।

ਅੱਗੇ ਵਧਣ ਦੀ ਸੋਚ ਇਸ ਧੰਦੇ ਵੱਲ ਲੈ ਆਈ

ਚਰਨਜੀਤ ਦਾ ਕਹਿਣਾ ਹੈ ਕਿ ਅਗੇ ਵਧਣ ਦੀ ਸੋਚ ਹੀ ਉਨ੍ਹਾਂ ਨੂੰ ਇਸ ਕਿਤੇ ਵੱਲ ਖਿੱਚ ਕੇ ਲੈ ਆਈ।

ਚਰਨਜੀਤ ਸਿੰਘ ਨੇ ਕਿਹਾ, "ਮੈਨੂੰ ਲੱਗਦਾ ਸੀ ਕਿ ਜੋ ਆਪਣੇ ਕਾਰੋਬਾਰ ਵਿੱਚ ਤਰੱਕੀ ਹੈ, ਉਹ ਨੌਕਰੀ ਵਿੱਚ ਨਹੀਂ ਹੈ। ਇਸ ਲਈ ਮੇਰੇ ਜਾਣਕਾਰ ਨੇ ਮੈਨੂੰ ਸੂਰ ਪਾਲਣ ਦੇ ਧੰਦੇ ਦੀ ਸਲਾਹ ਦਿੱਤੀ ਅਤੇ ਇਸ ਨੂੰ ਅਪਣਾ ਕੇ ਅੱਜ ਮੈਨੂੰ ਤਸੱਲੀ ਅਤੇ ਖੁਸ਼ੀ ਹੈ।"

ਇਸ ਦੇ ਨਾਲ ਹੀ ਚਰਨਜੀਤ ਸਿੰਘ ਇਹ ਵੀ ਕਹਿੰਦੇ ਹਨ ਕਿ ਜਦੋਂ ਉਨ੍ਹਾਂ ਨੇ ਇਹ ਧੰਦਾ ਸ਼ੁਰੂ ਕੀਤਾ ਸੀ ਤਾਂ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਦਾ ਸਾਥ ਨਹੀਂ ਦਿੱਤਾ ਸੀ ਅਤੇ ਉਨ੍ਹਾਂ ਨੇ ਆਪਣਾ ਫਾਰਮ ਵੀ ਕਿਸੇ ਹੋਰ ਮਿਸਤਰੀ ਕੋਲੋਂ ਬਣਵਾਇਆ ਸੀ।

ਉਹ ਦੱਸਦੇ ਹਨ, "ਮੇਰੇ ਪਿਤਾ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਤੂੰ ਹੁਣ ਗੋਹਾ ਸੁੱਟਣ ਵਾਲਾ ਕੰਮ ਕਰੇਂਗਾ।"

ਉਹ ਆਖਦੇ ਹਨ ਉਨ੍ਹਾਂ ਨੂੰ ਇਹ ਕਾਰੋਬਾਰ ਸ਼ੁਰੂ ਕਰਨ ਵਿੱਚ ਕਾਫੀ ਔਕੜਾਂ ਦਾ ਸਾਹਮਣਾ ਕਰਨਾ ਪਿਆ ਪਰ ਅੱਜ ਉਹ ਖੁਸ਼ ਹਨ।

ਇਸ ਕਾਰੋਬਾਰ ਦੀ ਸਿਖਲਾਈ ਬਾਰੇ ਗੱਲ ਕਰਦਿਆਂ ਚਰਨਜੀਤ ਸਿੰਘ ਨੇ ਕਿਹਾ, "ਟ੍ਰੇਨਿੰਗ ਜ਼ਰੂਰੀ ਵੀ ਹੁੰਦੀ ਹੈ ਅਤੇ ਉਸ ਵਿੱਚ ਕਾਫੀ ਜਾਣਕਾਰੀ ਵੀ ਹੁੰਦੀ ਹੈ। ਇਸ ਲਈ ਉਹ ਕਾਫੀ ਮਦਦਗਾਰ ਸਾਬਿਤ ਹੁੰਦੀ ਹੈ।"

ਉਨ੍ਹਾਂ ਕਿਹਾ, "ਪਸ਼ੂ ਪਾਲਣ ਵਿਭਾਗ ਦੇ ਅਧਕਾਰਿਆ ਦੇ ਸਹਿਯੋਗ ਨਾਲ ਹੀ ਇਸ ਨੂੰ ਸ਼ੁਰੂ ਕਰਨ ਲਈ ਕਰਜ਼ਾ ਵੀ ਲਿਆ। ਭਾਵੇਂ ਕੋਰੋਨਾ ਕਾਲ ਵਿੱਚ ਬਹੁਤ ਘਾਟਾ ਵੀ ਸੀ, ਕਈਆਂ ਦੇ ਫਾਰਮ ਬੰਦ ਹੋ ਗਏ ਪਰ ਅਸੀਂ ਪਿੱਛੇ ਨਹੀਂ ਹਟੇ ਅਤੇ ਆਪਣੀ ਮਿਹਨਤ ਜਾਰੀ ਰੱਖੀ।"

ਚਰਨਜੀਤ ਮੁਤਾਬਕ, ਉਨ੍ਹਾਂ ਨੇ ਜੋ ਕਰਜ਼ਾ ਲਿਆ ਸੀ ਉਹ ਲਗਭਗ ਚੁਕਾ ਦਿੱਤਾ ਹੈ ਅਤੇ ਮੁਨਾਫ਼ਾ ਵੀ ਚੰਗਾ ਹੋ ਰਿਹਾ ਹੈ।

ਨੌਕਰੀ ਦੇ ਨਾਲ-ਨਾਲ ਸਾਂਭਦੇ ਹਨ ਫਾਰਮ

ਇਹ ਦੋਵੇਂ ਭਰਾ ਖ਼ੁਦ ਫਾਰਮ ਦੀ ਦੇਖਭਾਲ ਕਰਦੇ ਹਨ। ਦੋਵਾਂ ਭਰਾਵਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਤੈਅ ਕੀਤੀਆਂ ਹੋਈਆਂ ਹਨ।

ਰਣਜੀਤ ਸਿੰਘ ਆਖਦੇ ਹਨ, "ਸਵੇਰੇ ਨੌਕਰੀ ਜਾਣ ਤੋਂ ਪਹਿਲਾਂ ਅਤੇ ਸ਼ਾਮੀਂ ਨੌਕਰੀ ਤੋਂ ਆ ਕੇ ਕੁਝ ਸਮਾਂ ਅਸੀਂ ਆਪਣੇ ਫਾਰਮ ਵਿੱਚ ਬਿਤਾਉਂਦੇ ਹਾਂ।"

ਸਪਲਾਈ ਬਾਰੇ ਗੱਲ ਕਰਦਿਆਂ ਉਹ ਕਹਿੰਦੇ ਹਨ, "ਸਾਰੀ ਸਪਲਾਈ ਮੁੱਖ ਤੌਰ ʼਤੇ ਅਸਾਮ, ਗੁਹਾਟੀ ਅਤੇ ਨਾਗਾਲੈਂਡ ਆਦਿ ਥਾਵਾਂ ʼਤੇ ਜਾਂਦੀ ਹੈ ਜਦਕਿ ਪੰਜਾਬ ਵਿੱਚ ਇਸਦੀ ਬਹੁਤੀ ਮੰਗ ਨਹੀਂ ਹੈ।"

ਇਸ ਤੋਂ ਇਲਾਵਾ, ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਪੰਜਾਬ ਵਿੱਚ ਇਸ ਦੀ ਮੰਗ ਵਧਦੀ ਹੈ ਤਾਂ ਉਨ੍ਹਾਂ ਨੂੰ ਇਸ ਵਿੱਚ ਹੋਰ ਵੀ ਵਧੀਆ ਮੁਨਾਫ਼ਾ ਹੋ ਸਕਦਾ ਹੈ।

ਹਾਲਾਂਕਿ, ਪੰਜਾਬ ਵਿੱਚ ਜੋ ਵੀ ਇਸ ਕਿਤੇ ਨਾਲ ਜੁੜਿਆ ਹੈ ਉਨ੍ਹਾਂ ਕਿਸਾਨਾਂ ਵੱਲੋਂ ਆਪਣੇ ਪੱਧਰ ʼਤੇ ਇੱਕ ਐਸੋਸੀਏਸ਼ਨ ਬਣਾਈ ਹੋਈ ਹੈ, ਜਿਸ ਨਾਲ ਪੰਜਾਬ ਭਰ ਦੇ ਕਿਸਾਨ ਜੁੜੇ ਹਨ।

ਚਰਨਜੀਤ ਸਿੰਘ ਵੀ ਇਸ ਨਾਲ ਜੁੜੇ ਹੋਏ ਹਨ ਅਤੇ ਕਹਿੰਦੇ ਹਨ, "ਇਸਦਾ ਵੱਡਾ ਫ਼ਾਇਦਾ ਇਹ ਹੈ ਕਿ ਉਨ੍ਹਾਂ ਨੂੰ ਮੰਡੀਕਰਨ ਵਿੱਚ ਦਿੱਕਤ ਨਹੀਂ ਰਹਿੰਦੀ ਅਤੇ ਮਰਜ਼ੀ ਦੇ ਰੇਟ ਮਿਲਦੇ ਹਨ। ਐਸੋਸੀਏਸ਼ਨ ਵਾਲਿਆਂ ਦੀਆਂ ਗੱਡੀਆਂ ਆ ਕੇ ਮਾਲ ਲੈ ਜਾਂਦੀਆਂ ਹਨ।"

ਪਿਗਰੀ ਫਾਰਮਰ ਵੈਲਫੇਅਰ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਹਰਵਿੰਦਰ ਸਿੰਘ ਦਾ ਕਹਿਣਾ ਹੈ ਇਸ ਕਿੱਤੇ ਨਾਲ ਲਗਭਗ ਪੂਰੇ ਪੰਜਾਬ ਵਿੱਚੋਂ ਕਿਸਾਨ ਜੁੜੇ ਹੋਏ ਹਨ, ਜਿਨ੍ਹਾਂ ਵਿੱਚ ਲੁਧਿਆਣਾ, ਰੋਪੜ, ਗੁਰਦਾਸਪੁਰ, ਤਰਨਤਾਰਨ ਆਦਿ ਜ਼ਿਲ੍ਹੇ ਵੀ ਸ਼ਾਮਲ ਹਨ।

ਉਹ ਦੱਸਦੇ ਹਨ, "ਕਰੀਬ ਹਰੇਕ ਜ਼ਿਲ੍ਹੇ ਦੇ ਛੋਟੇ-ਵੱਡੇ ਕਿਸਾਨ ਸਾਡੀ ਐਸੋਸੀਏਸ਼ਨ ਨਾਲ ਜੁੜੇ ਹੋਏ ਹਨ, ਜਿਨ੍ਹਾਂ ਦੀ ਗਿਣਤੀ ਕਰੀਬ 450 ਹੈ। ਜਦਕਿ ਉਨ੍ਹਾਂ ਤੋਂ ਇਲਾਵਾ ਵੀ ਅਜਿਹੇ ਕਿਸਾਨ ਹਨ, ਜੋ ਜੱਦੀ-ਪੁਸ਼ਤੀ ਇਹ ਕੰਮ ਕਰ ਰਹੇ ਹਨ ਅਤੇ ਐਸੋਸੀਏਸ਼ਨ ਨਾਲ ਜੁੜੇ ਹੋਏ ਨਹੀਂ ਹਨ।"

ਉਨ੍ਹਾਂ ਮੁਤਾਬਕ, "ਅਜਿਹੇ ਕਿਸਾਨਾਂ ਦੀ ਗਿਣਤੀ ਵੀ 500 ਦੇ ਕਰੀਬ ਹੈ। ਜਿਹੜੇ ਸੂਰ ਇੱਥੇ ਤਿਆਰ ਹੁੰਦੇ ਹਨ, ਉਨ੍ਹਾਂ ਦੀ ਖਪਤ ਮੁੱਖ ਤੌਰ ਤੇ ਅਸਾਮ, ਨਾਗਾਲੈਂਡ, ਗੁਹਾਟੀ ਅਤੇ ਮਿਜ਼ੋਰਮ ਵਿੱਚ ਹੁੰਦੀ ਹੈ ਅਤੇ ਜੇਕਰ ਪੰਜਾਬ ਸਰਕਾਰ ਪੰਜਾਬ ʼਚ ਸਲਾਊਟਰ ਹਾਊਸ ਸਥਾਪਿਤ ਕਰ ਦੇਵੇ, ਤਾਂ ਉਸ ਨਾਲ ਪੰਜਾਬ ਦੇ ਕਿਸਾਨਾਂ ਨੂੰ ਵਾਡਾ ਲਾਭ ਹੋਵੇਗਾ।"

ਇਸ ਧੰਦੇ 'ਚ ਕਿੰਨੀ ਆਮਦਨ

ਚਰਨਜੀਤ ਦੱਸਦੇ ਹਨ ਕਿ ਇਸ ਧੰਦੇ ਵਿੱਚ ਕਿਸਾਨ ਨੂੰ ਹਰ ਸਾਲ ਆਪਣੀ ਕੁੱਲ ਲਾਗਤ ਰਕਮ ਤੋਂ 30-35 ਫੀਸਦ ਮੁਨਾਫ਼ਾ ਮਿਲ ਸਕਦਾ ਹੈ। ਜੋ ਕਿ ਉਹ ਖ਼ੁਦ ਵੀ ਕਮਾਉਣ ਦਾ ਦਾਅਵਾ ਕਰਦੇ ਹਨ।

ਉਹ ਕਹਿੰਦੇ ਹਨ ਕਿ ਇਨ੍ਹਾਂ ਸੂਰਾਂ ਦੀਆਂ ਵੱਖ-ਵੱਖ ਕਿਸਮਾਂ ਹਨ, ਪਰ ਜੋ ਮੁੱਖ ਤੌਰ ʼਤੇ ਮੰਗ ਵਿੱਚ ਰਹਿੰਦੀ ਹੈ ਉਹ ਲਾਰਜ ਵ੍ਹਾਈਟ ਯਾਰਕਰਸ਼ਾਇਰ, ਲਾਂਡਰੇਸ ਹੈ।

ਚਰਨਜੀਤ ਸਿੰਘ ਨੇ ਦੱਸਿਆ ਕਿ ਭਾਵੇਂ ਕਿ ਸੂਬਾ ਸਰਕਾਰ ਵੱਲੋਂ ਪਹਿਲਾਂ ਸੂਰ ਪਾਲਣ ਦੇ ਕਿੱਤੇ ਨੂੰ ਅਪਣਾਉਣ ʼਤੇ ਸਬਸਿਡੀ ਉੱਤੇ ਕਰਜ਼ ਮਿਲਦੇ ਸਨ, ਜੋ ਕਿ ਕਿਸਾਨਾਂ ਲਈ ਕਾਫੀ ਸਹਾਇਕ ਸੀ। ਪਰ ਹੁਣ ਉਸ ਦੇ ਕੁਝ ਨਿਯਮ ਬਦਲ ਗਏ ਹਨ ਅਤੇ ਕਿਸਾਨਾਂ ਨੂੰ ਉਸ ਦਾ ਫਾਇਦਾ ਉਸ ਤਰ੍ਹਾਂ ਨਹੀਂ ਮਿਲ ਰਿਹਾ, ਜਿਵੇਂ ਪਹਿਲਾਂ ਮਿਲਦਾ ਸੀ।

ਉਨ੍ਹਾਂ ਦੀ ਸਰਕਾਰ ਨੂੰ ਅਪੀਲ ਹੈ ਕਿ ਜੇਕਰ ਪੰਜਾਬ ਸਰਕਾਰ ਉਸ ਤਰ੍ਹਾਂ ਦੀ ਕਰਜ਼ ਸਕੀਮ ਅਤੇ ਸਲਾਊਟਰ ਹਾਊਸ ਸੂਬੇ ਵਿੱਚ ਸ਼ੁਰੂ ਕਰੇ ਤਾਂ ਇਸ ਵੱਲ ਕਿਸਾਨਾਂ ਦਾ ਹੋਰ ਝੁਕਾਅ ਹੋ ਸਕਦਾ ਹੈ।

ਚਰਨਜੀਤ ਸਿੰਘ ਦਾ ਕਹਿਣਾ ਹੈ ਕਿ "ਇਹ ਧੰਦਾ ਛੋਟੀ ਜਗ੍ਹਾ ਅਤੇ ਘੱਟ ਲਾਗਤ ਨਾਲ ਸ਼ੁਰੂ ਕੀਤਾ ਜਾ ਸਕਦਾ ਹੈ, ਭਾਵ ਸ਼ੁਰੂਆਤ ਘੱਟ ਪਸ਼ੂਆਂ ਤੋਂ ਵੀ ਹੋ ਸਕਦੀ ਹੈ।"

ʻਸੂਰ ਪਾਲਣ ਲਈ ਲੋਕਾਂ ਨੂੰ ਆਪਣੀ ਸੋਚ ਬਦਲਣ ਦੀ ਲੋੜ ਹੈʼ

ਸੀਨੀਅਰ ਵੈਟਨਰੀ ਅਫ਼ਸਰ ਡਾਕਟਰ ਰਾਜੇਸ਼ ਕੁਮਾਰ ਦਾ ਕਹਿਣਾ ਹੈ ਕਿ ਪੰਜਾਬ ਦੇ ਕਿਸਾਨ ਮੁੱਖ ਤੌਰ ʼਤੇ ਕਣਕ-ਝੋਨੇ ਦੇ ਫ਼ਸਲੀ ਚੱਕਰ ਵਿੱਚ ਫਸੇ ਹੋਏ ਹਨ ਜਦਕਿ ਸਮੇਂ ਦੀ ਲੋੜ ਹੈ ਕਿ ਉਨ੍ਹਾਂ ਨੂੰ ਸਹਾਇਕ ਧੰਦੇ ਅਪਨਾਉਣੇ ਪੈਣਗੇ।

ਉਨ੍ਹਾਂ ਦਾ ਕਹਿਣਾ ਹੈ ਕਿ "ਕਿਸਾਨਾਂ ਨੂੰ ਸਰਕਾਰ ਅਤੇ ਉਨ੍ਹਾਂ ਦਾ ਵਿਭਾਗ ਲਗਾਤਾਰ ਇਹ ਪ੍ਰੇਰਿਤ ਕਰਦਾ ਹੈ ਕਿ ਉਹ ਕਿਸਾਨੀ ਦੇ ਨਾਲ ਸਹਾਇਕ ਧੰਦੇ ਜ਼ਰੂਰ ਕਰਨ ਤਾਂ ਜੋ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਹੋ ਸਕੇ।"

"ਸੂਰ ਪਾਲਣ ਵੀ ਉਨ੍ਹਾਂ ਵਿੱਚੋ ਇੱਕ, ਵਧੀਆ ਸਹਾਇਕ ਧੰਦਾ ਹੈ ਪਰ ਉਸ ਵਿੱਚ ਸਮੱਸਿਆ ਇਹ ਆ ਰਹੀ ਹੈ ਕਿ ਸਾਡੇ ਲੋਕਾਂ ਨੂੰ ਉਸ ਲਈ ਆਪਣੀ ਸੋਚ ਬਦਲਣ ਦੀ ਲੋੜ ਹੈ। ਅਸੀਂ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਪਿੰਡਾਂ ਦਾ ਦੌਰਾ ਕਰਦੇ ਹਾਂ ਅਤੇ ਨੌਜਵਾਨਾਂ ਨਾਲ ਗੱਲ ਕਰਦੇ ਹਾਂ।"

"ਲੋਕ ਝਿਜਕਦੇ ਹਨ ਕਿ ਬਾਕੀ ਲੋਕ ਕਹਿਣਗੇ ਇਹ ਬੰਦਾ ਸੂਰ ਪਾਲਦਾ ਹੈ, ਇਸ ਲਈ ਅਜਿਹੀ ਸੋਚ ਬਦਲਣ ਦੀ ਲੋੜ ਹੈ। ਸਾਡੇ ਵਿਭਾਗ ਵੱਲੋਂ ਪੰਜਾਬ ਦੇ ਹਰ ਜ਼ਿਲੇ ਦੇ ਪੱਧਰ 'ਤੇ ਕਿਸਾਨਾਂ ਨੂੰ ਫ੍ਰੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਅਤੇ ਸਰਟੀਫਿਕੇਟ ਦਿੱਤਾ ਜਾਂਦਾ ਹੈ। ਸਰਟੀਫਿਕੇਟ ਦਾ ਫਾਇਦਾ ਇਹ ਹੈ ਕਿ ਉਨ੍ਹਾਂ ਨੂੰ ਲੋਨ ਵਿੱਚ ਮਦਦ ਮਿਲਦੀ ਹੈ ਕਿਉਂਕਿ ਸਰਕਾਰ ਦਾ ਨਿਯਮ ਹੈ ਕਿ ਜੇ ਬੰਦਾ ਸਿਖਲਾਈ ਪ੍ਰਾਪਤ ਹੋਵੇਗਾ ਤਾਂ ਹੀ ਲੋਨ ਦਿੱਤਾ ਜਾਵੇਗਾ। ਇਸ ਲਈ 8 ਲੱਖ ਰੁਪਏ ਤੱਕ ਦਾ ਲੋਨ ਮਿਲ ਸਕਦਾ ਹੈ।"

ਉਹ ਦੱਸਦੇ ਹਨ, "ਇਥੋਂ ਤੱਕ ਕਿ ਪਸ਼ੂਆਂ ਦੀ ਵੈਕਸੀਨ, ਉਨ੍ਹਾਂ ਦੀਆਂ ਬਿਮਾਰੀਆਂ ਦਾ ਇਲਾਜ ਅਤੇ ਸਮੇਂ-ਸਮੇਂ 'ਤੇ ਉਨ੍ਹਾਂ ਦੇ ਫਾਰਮਾਂ ʼਤੇ ਜਾ ਕੇ ਜਾਇਜ਼ਾ ਵੀ ਲਿਆ ਜਾਂਦਾ ਹੈ। ਇਹ ਕੋਈ ਬਹੁਤਾ ਮਹਿੰਗਾ ਧੰਦਾ ਨਹੀਂ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)