ਲੁਧਿਆਣਾ: ਕਰੋੜਾਂ ਦੀ ਲੁੱਟ ਦੀ ਵਾਰਦਾਤ ਨੂੰ ਕਿਵੇਂ ‘ਪਲਾਨ ਕੀਤਾ ਗਿਆ ਸੀ’, ਜਾਣੋ ਪੂਰਾ ਮਾਮਲਾ

ਮਨਦੀਪ ਕੌਰ ਤੇ ਪੁਲਿਸ ਦੀ ਫੋਟੋ

ਤਸਵੀਰ ਸਰੋਤ, Gurminder Grewal/BBC

ਲੁਧਿਆਣਾ ਦੀ ਸੀਐੱਮਐੱਸ ਕੰਪਨੀ ਵਿੱਚ ਹੋਈ ਕਰੀਬ ਸਾਢੇ ਅੱਠ ਕਰੋੜ ਦੀ ਲੁੱਟ ਨੂੰ ਲੁਧਿਆਣਾ ਪੁਲਿਸ ਨੇ 60 ਘੰਟਿਆਂ ਅੰਦਰ ਸੁਲਝਾਉਣ ਦਾ ਦਾਅਵਾ ਕੀਤਾ ਹੈ।

ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਇੱਕ ਪ੍ਰੈੱਸ ਕਾਨਫਰੰਸ ਵਿੱਚ ਜਾਣਕਾਰੀ ਦਿੰਦਿਆਂ ਕਿਹਾ ਕਿ ਵਾਰਦਾਤ ਨੂੰ ਅੰਜਾਮ 10 ਲੋਕਾਂ ਨੇ ਦਿੱਤਾ ਹੈ। ਇਨ੍ਹਾਂ ਵਿੱਚੋਂ ਹੁਣ ਤੱਕ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਬਾਕੀਆਂ ਦੀ ਭਾਲ ਜਾਰੀ ਹੈ।

ਇਸ ਤੋਂ ਇਲਾਵਾ ਪੁਲਿਸ ਨੇ ਕਿਹਾ ਹੈ ਕਿ ਕਰੀਬ 5 ਕਰੋੜ ਦੀ ਰਾਸ਼ੀ ਬਰਾਮਦ ਕਰ ਲਈ ਹੈ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਦੀ ਮੁੱਖ ਮੁਲਜ਼ਮ ਮਨਦੀਪ ਕੌਰ ਤੇ ਉਸ ਦਾ ਪਤੀ ਹੈ ਅਤੇ ਦੋਵਾਂ ਦੀ ਭਾਲ ਵੀ ਕੀਤੀ ਜਾ ਰਹੀ ਹੈ। ਪੰਜਾਬ ਪੁਲਿਸ ਨੇ ਦੋਵਾਂ ਖਿਲਾਫ਼ ਲੁਕਆਊਟ ਨੋਟਿਸ ਜਾਰੀ ਕੀਤਾ ਹੈ।

ਦਰਅਸਲ, ਬੈਂਕ ਵਿੱਚ ਕੈਸ਼ ਡਿਲੀਵਰ ਕਰਨ ਵਾਲੀ ਲੁਧਿਆਣਾ ਦੀ ਸੀਐੱਮਐੱਸ ਕੰਪਨੀ ਵਿੱਚ ਇਹ ਵਾਰਦਾਤ 10 ਜੂਨ ਨੂੰ ਰਾਤੀ ਕਰੀਬ ਡੇਢ ਵਜੇ ਵਾਪਰੀ ਸੀ।

ਪ੍ਰੈੱਸ ਕਾਨਫਰੰਸ ਵਿੱਚ ਜਾਣਕਾਰੀ ਦਿੰਦਿਆਂ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪਹਿਲਾਂ ਕੰਪਨੀ ਨੇ 7 ਕਰੋੜ ਰੁਪਏ ਦੀ ਲੁੱਟ ਦਾ ਜ਼ਿਕਰ ਕੀਤੀ ਸੀ ਪਰ ਬਾਅਦ ਵਿੱਚ ਇਸ ਨੂੰ 8.49 ਕਰੋੜ ਰੁਪਏ ਦੱਸਿਆ ਗਿਆ ਸੀ।

ਮਨਦੀਪ ਕੌਰ ਅਤੇ ਉਨ੍ਹਾਂ ਦੇ ਪਤੀ ਦੀ ਤਸਵੀਰ

ਤਸਵੀਰ ਸਰੋਤ, Punjab Police

ਤਸਵੀਰ ਕੈਪਸ਼ਨ, ਪੰਜਾਬ ਪੁਲਿਸ ਵੱਲੋਂ ਜਾਰੀ ਮਨਦੀਪ ਕੌਰ ਅਤੇ ਉਨ੍ਹਾਂ ਦੇ ਪਤੀ ਦੀ ਤਸਵੀਰ ਦੋਵਾਂ ਦੀ ਭਾਲ ਜਾਰੀ ਹੈ

ਕਿਵੇਂ ਦਿੱਤਾ ਵਾਰਦਾਤ ਨੂੰ ਅੰਜ਼ਾਮ

ਪੁਲਿਸ ਵੱਲੋਂ ਸਾਂਝੀ ਕੀਤੀ ਜਾਣਕਾਰੀ ਮੁਤਾਬਕ, ਮਨਜਿੰਦਰ ਸਿੰਘ ਉਰਫ਼ ਮਨੀ ਸੀਐੱਮਐੱਸ ਕੰਪਨੀ ਵਿੱਚ ਪਿਛਲੇ ਕੁਝ ਸਾਲਾਂ ਤੋਂ ਕੰਮ ਕਰ ਰਿਹਾ ਹੈ।

ਉਹ ਕੈਸ਼ ਪਾਉਣ ਦਾ ਕੰਮ ਕਰਦਾ ਸੀ। ਮਨੀ ਦੇ ਸੰਪਰਕ ਵਿੱਚ ਮਨਦੀਪ ਕੌਰ ਆਈ।

ਪੁਲਿਸ ਮੁਤਾਬਕ ਮਨਦੀਪ ਕੌਰ ਨੇ ਹੀ ਮਨੀ ਨੂੰ ਇਹ ਵਾਰਦਾਤ ਕਰਨ ਲਈ ਉਕਸਾਇਆ ਸੀ ਤੇ ਦੋਵਾਂ ਨੇ ਬੀਤੇ ਕੁਝ ਮਹੀਨਿਆਂ ਵਿੱਚ ਇਸ ਵਾਰਦਾਤ ਦੀ ਪਲਾਨਿੰਗ ਕੀਤੀ ਸੀ।

ਪੁਲਿਸ ਅਨੁਸਾਰ ਵਾਰਦਾਤ ਵਾਲੇ ਦਿਨ ਮਨਦੀਪ ਕੌਰ ਆਪਣੇ ਸਾਥੀਆਂ ਜਸਵਿੰਦਰ ਸਿੰਘ (ਪਤੀ), ਅਰੁਣ ਕੋਚ, ਨੰਨੀ, ਹਰਪ੍ਰੀਤ ਸਿੰਘ ਅਤੇ ਗੁਲਸ਼ਨ ਕਾਲੇ ਰੰਗ ਦੀ ਕਰੂਜ ਗੱਡੀ ਵਿੱਚ ਆਈ।

ਮਨਦੀਪ ਸਿੰਘ ਉਰਫ਼ ਮਨੀ ਆਪਣੇ ਸਾਥੀਆਂ ਹਰਵਿੰਦਰ ਸਿੰਘ, ਮਨਦੀਪ ਸਿੰਘ, ਪਰਮਜੀਤ ਸਿੰਘ ਅਤੇ ਨਰਿੰਦਰ ਸਿੰਘ ਨਾਲ ਦੋ ਮੋਟਰ ਸਾਈਕਲਾਂ ਪਰ ਸਵਾਰ ਹੋ ਕਰ ਰਾਤ ਕਰੀਬ 1:30 ਵਜੇ ਕੰਪਨੀ ਦੇ ਦਫ਼ਤਰ ਪਹੁੰਚੇ।

ਇਹ ਸਾਰੇ ਦਫ਼ਤਰ ਪਹੁੰਚ ਕੇ ਫੋਲਡ ਹੋਣ ਵਾਲੀ ਪੌੜੀ ਦੀ ਵਰਤੋਂ ਕਰਕੇ ਦਫ਼ਤਰ ਦੇ ਪਿਛਲੇ ਪਾਸਿਓਂ ਅੰਦਰ ਦਾਖ਼ਲ ਹੋ ਗਏ। ਉੱਥੇ ਸੁੱਤੇ ਹੋਏ ਤਿੰਨ ਸਕਿਉਰਟੀ ਗਾਰਡਾਂ ਦਾ ਅਸਲਾ ਖੋਹ ਕੇ ਉਨ੍ਹਾਂ ਨੂੰ ਬੰਦੀ ਬਣਾ ਲਿਆ।

ਵੀਡੀਓ ਕੈਪਸ਼ਨ, ਲੁਧਿਆਣਾ: ਕਰੋੜਾਂ ਦੀ ਲੁੱਟ ਦੀ ਯੋਜਨਾ ਕਿਵੇਂ ਬਣਾਈ ਗਈ ਸੀ

ਵਾਰਦਾਤ ਨੂੰ ਅੰਜਾਮ ਦੇਣ ਲਈ ਇਨ੍ਹਾਂ ਨੇ ਮੈਗਨੈਟੀਕ ਲੌਕ, ਡੀਵੀਆਰ ਅਤੇ ਸਾਈਰਨ (ਹੂਟਰ) ਦੀਆਂ ਤਾਰਾਂ ਕੱਟ ਦਿੱਤੀਆਂ ਅਤੇ ਕੈਸ਼ ਗਿਣਨ ਵਾਲੇ ਰੂਮ ਵਿੱਚ ਦਾਖ਼ਲ ਹੋ ਗਏ।

ਸਾਰੇ ਮੁਲਜ਼ਮਾਂ ਨੇ ਫਿਰ ਉੱਥੇ ਬੈਠੇ ਦੋ ਵਰਕਰਾਂ ਨੂੰ ਬੰਦੀ ਬਣਾਇਆ ਅਤੇ ਉੱਥੇ ਪਏ ਕੈਸ਼ ਨੂੰ ਬੈਗਾਂ ਵਿੱਚ ਪਾ ਕੇ ਕੰਪਨੀ ਦੀ ਹੀ ਵੈਨ ਵਿੱਚ ਲੋਡ ਕੀਤਾ।

ਇਸ ਦੌਰਾਨ ਉਨ੍ਹਾਂ ਨੇ ਕੈਸ਼ ਵੈਨ ਦੇ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਦੀਆਂ ਤਾਰਾਂ ਕੱਟੀਆਂ ਅਤੇ ਤਿੰਨ ਮੁਲਜ਼ਮ ਦੋ ਮੋਟਰਸਾਈਕਲਾਂ 'ਤੇ ਅਤੇ ਬਾਕੀ ਕੈਸ਼ ਵੈਨ ਵਿੱਚ ਸਵਾਰ ਹੋ ਕਰ ਮੋਕੇ ਤੋ ਫਰਾਰ ਹੋ ਗਏ।

ਇਨ੍ਹਾਂ ਨੇ ਬਾਅਦ ਵਿੱਚ ਕੈਸ਼ ਵੈਨ ਨੂੰ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਮੰਡਿਆਣੀ ਵਿੱਚ ਝਾੜੀਆਂ ਵਿਚ ਛੱਡ ਦਿੱਤਾ ਅਤੇ ਕੈਸ਼ ਲੈ ਕੇ ਮੌਕੇ ਤੋਂ ਫਰਾਰ ਹੋ ਗਏ।

CMS ਗੱਡੀ

ਤਸਵੀਰ ਸਰੋਤ, Gurminder Grewal/bbc

ਤਸਵੀਰ ਕੈਪਸ਼ਨ, ਲੁਧਿਆਣਾ ਦੀ ਸੀਐੱਮਐੱਸ ਕੰਪਨੀ ਵਿੱਚ ਹੋਈ ਸੀ ਵਾਰਦਾਤ
ਬੀਬੀਸੀ
ਬੀਬੀਸੀ

ਕਿਵੇਂ ਫੜ੍ਹੇ ਗਏ ਮੁਲਜ਼ਮ

ਪੁਲਿਸ ਨੂੰ ਮੌਕੇ ਤੋਂ ਮੋਬਾਈਲ ਫੋਨਾਂ ਦੇ ਡੰਪ ਡੇਟਾ ਨੂੰ ਚੁੱਕਿਆ ਅਤੇ ਕੈਸ਼ ਵੈਨ ਵਿਚ ਲੱਗੇ ਜੀਪੀਆਰਐੱਸ ਸਿਸਟਮ ਰਾਹੀਂ ਰੂਟ ਨੂੰ ਟਰੇਸ ਕੀਤਾ। ਵੱਖ-ਵੱਖ ਰੂਟਾਂ 'ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇਖੀ।

ਪੁਲਿਸ ਨੇ 13 ਜੂਨ ਨੂੰ ਉਸ ਵੇਲੇ ਪਿੰਡ ਢੱਟ ਨੇੜੇ ਜਗਰਓਂ ਫਲਾਈ ਓਵਰ ਕੋਲੋਂ ਮਨਦੀਪ ਸਿੰਘ ਉਰਫ਼ ਵਿੱਕੀ ਅਤੇ ਹਰਵਿੰਦਰ ਸਿੰਘ ਉਰਫ਼ ਲੰਬੂ ਨੂੰ ਕਾਬੂ ਕੀਤਾ।

ਇਨ੍ਹਾਂ ਨੇ ਪੁੱਛਗਿੱਛ ਦੌਰਾਨ ਜੁਰਮ ਨੂੰ ਕਬੂਲ ਕੀਤਾ ਅਤੇ ਲੁੱਟ ਦੇ ਮਾਸਟਰ ਮਾਈਂਡ ਮਨਜਿੰਦਰ ਸਿੰਘ ਉਰਫ਼ ਮਨੀ ਅਤੇ ਬਾਕੀ ਮੁਲਜ਼ਮਾਂ ਬਾਰੇ ਦੱਸਿਆ।

ਇਸ ਦੌਰਾਨ ਮਨਦੀਪ ਸਿੰਘ ਉਰਫ਼ ਵਿੱਕੀ ਦੇ ਘਰ ਤੋਂ 50 ਲੱਖ ਰੁਪਏ ਅਤੇ ਹਰਵਿੰਦਰ ਸਿੰਘ ਉਰਫ਼ ਲੰਬੂ ਦੇ ਘਰੋਂ 75 ਲੱਖ ਰੁਪਏ ਬਰਾਮਦ ਕੀਤੇ ਗਏ।

ਪੰਜਾਬ ਪੁਲਿਸ ਵੱਲੋਂ ਕਾਬੂ ਕੀਤੇ ਗਏ ਮੁਲਜ਼ਮ

ਤਸਵੀਰ ਸਰੋਤ, Gurminder Grewal/bbc

ਤਸਵੀਰ ਕੈਪਸ਼ਨ, ਪੰਜਾਬ ਪੁਲਿਸ ਵੱਲੋਂ ਕਾਬੂ ਕੀਤੇ ਗਏ ਮੁਲਜ਼ਮ

ਉਧਰ ਦੂਜੇ ਪਾਸੇ ਪੁਲਿਸ ਦੀ ਇੱਕ ਹੋਰ ਟੀਮ ਨੇ 13 ਜੂਨ ਨੂੰ ਹੀ ਮਨਜਿੰਦਰ ਸਿੰਘ ਉਰਫ਼ ਮਨੀ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ ਇੱਕ ਕਰੋੜ ਰੁਪਏ ਬਰਾਮਦ ਕੀਤੇ।

ਇਸੇ ਹੀ ਦਿਨ ਪਰਮਜੀਤ ਸਿੰਘ ਉਰਫ਼ ਪੰਮਾ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ 25 ਲੱਖ ਰੁਪਏ ਬਰਾਮਦ ਕੀਤੇ ਗਏ।

ਮੁਲਜ਼ਮ ਹਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਘਰੋਂ 25 ਲੱਖ ਰੁਪਏ ਬਰਾਮਦ ਕੀਤੇ ਹਨ। ਹਰਪ੍ਰੀਤ ਦੀ ਹੀ ਨਿਸ਼ਾਨਦੇਹੀ 'ਤੇ ਲੁੱਟ ਵਿੱਚ ਇਸਤੇਮਾਲ ਗੱਡੀ ਵੀ ਬਰਾਮਦ ਕੀਤੀ ਗਈ ਹੈ।

ਪੁਲਿਸ ਮੁਤਾਬਕ ਗੱਡੀ ਵਿੱਚੋਂ ਦੋ ਕਰੋੜ 25 ਲੱਖ 700 ਰੁਪਏ ਮਿਲੇ ਹਨ।

ਪੁਲਿਸ ਵੱਲੋਂ ਜਾਰੀ ਕੀਤੀ ਗਈ ਮਨਦੀਪ ਕੌਰ ਦੀ ਤਸਵੀਰ

ਤਸਵੀਰ ਸਰੋਤ, Punjab Police

ਤਸਵੀਰ ਕੈਪਸ਼ਨ, ਪੁਲਿਸ ਵੱਲੋਂ ਜਾਰੀ ਕੀਤੀ ਗਈ ਮਨਦੀਪ ਕੌਰ ਦੀ ਤਸਵੀਰ

ਕੌਣ ਹੈ ਮਨਦੀਪ ਕੌਰ

ਪੁਲਿਸ ਮੁਤਾਬਕ ਵਾਰਦਾਤ ਦੀ ਮੁੱਖ ਮੁਲਜ਼ਮਾਂ ਵਿੱਚੋਂ ਇੱਕ ਦੱਸੀ ਜਾ ਰਹੀ ਮਨਦੀਪ ਕੌਰ ਡੇਹਲੋਂ ਦੀ ਰਹਿਣ ਵਾਲੀ ਹੈ ਜਿਸ ਦਾ ਵਿਆਹ ਬਰਨਾਲਾ ਵਿੱਚ ਹੋਇਆ ਹੈ।

ਇਸ ਕੇਸ ਵਿੱਚ ਪੁਲਿਸ ਨੇ ਹੁਣ ਤੱਕ ਕੰਪਨੀ ਦੀ ਗੱਡੀ ਮਿਲੀ ਹੈ ਜਿਸ ਵਿਚੋਂ ਤਿੰਨ ਰਾਈਫਲਾਂ ਬਰਮਾਦ ਹੋਈਆਂ ਹਨ। ਇਸ ਤੋਂ ਇਲਾਵਾ ਵਾਰਦਾਤ ਲਈ ਵਰਤੀ ਇੱਕ ਨਿੱਜੀ ਗੱਡੀ ਪੁਲਿਸ ਨੇ ਜ਼ਬਤ ਕਰ ਲਈ ਹੈ।

ਪੁਲਿਸ ਮੁਤਾਬਕ ਉਨ੍ਹਾਂ ਨੇ ਮਨਦੀਪ ਕੌਰ ਅਤੇ ਉਸ ਦੇ ਪਤੀ ਖ਼ਿਲਾਫ਼ ਲੁਕ ਆਊਟ ਨੋਟਿਸ ਜਾਰੀ ਕਰ ਦਿੱਤਾ ਹੈ।

ਪੰਜਾਬ ਪੁਲਿਸ

ਤਸਵੀਰ ਸਰੋਤ, Gurminder Grewal

ਪੁਲਿਸ ਨੇ ਕੰਪਨੀ 'ਤੇ ਚੁੱਕੇ ਕੁਝ ਸਵਾਲ

ਪੁਲਿਸ ਕਮਿਸ਼ਨਰ ਸਿੱਧੂ ਨੇ ਦੱਸਿਆ ਹੈ ਕਿ ਇਸ ਮਾਮਲੇ ਵਿੱਚ ਕੰਪਨੀ 'ਤੇ ਕੁਝ ਸ਼ੰਕੇ ਖੜ੍ਹੇ ਹੋ ਰਹੇ ਹਨ, ਜਿਸ ਬਾਰੇ ਕੰਪਨੀ ਨੂੰ ਚਿੱਠੀ ਲਿਖ ਕਹਿ ਦਿੱਤਾ ਗਿਆ ਹੈ ਕਿ ਆਪਣਾ ਹਿਸਾਬ-ਕਿਤਾਬ ਸਹੀ ਢੰਗ ਨਾਲ ਪੇਸ਼ ਕਰੋ।

ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਪੰਜ ਮੈਂਬਰੀ ਟੀਮ ਬਣਾ ਦਿੱਤੀ ਗਈ ਹੈ, ਜੋ ਮਾਮਲੇ ਦੀ ਜਾਂਚ ਕਰੇਗੀ।

ਇਸ ਤੋਂ ਇਲਾਵਾ ਪੁਲਿਸ ਨੇ ਕੰਪਨੀ ਬਾਰੇ ਇਹ ਕਿਹਾ

  • ਕੰਪਨੀ ਨੇ ਸੁਰੱਖਿਆ ਵਿੱਚ ਕੁਤਾਹੀ ਵਰਤੀ
  • ਸ਼ੁਰੂਆਤ 'ਚ ਵੱਖਰੀ ਰਕਮ ਤੇ ਬਾਅਦ ਵਿੱਚ ਰਕਮ ਦੱਸੀ ਗਈ
  • ਸਕਿਊਰਿਟੀ ਗਾਰਡ ਕੋਲੋਂ ਬੇਟੇਮ ਡਿਊਟੀ ਲੈਣ ਮਗਰੋਂ ਰਾਤੀਂ ਉਸ ਕੋਲੋਂ ਡਿਊਟੀ ਲਈ ਗਈ
  • ਕੰਪਨੀ ਵਿੱਚ ਦਾਖ਼ਲ ਹੋਣ ਲਈ ਕਾਰਡ ਰਾਹੀਂ ਐਂਟਰੀ ਸਿਸਟਮ ਸੀ ਪਰ ਜੇਕਰ ਕੋਈ ਕਾਰਡ ਭੁੱਲ ਆਉਂਦਾ ਸੀ ਤਾਂ ਸਵਿੱਚ ਬੰਦ ਕਰ ਕੇ ਐਂਟਰੀ ਕੀਤੀ ਜਾ ਸਕਦੀ ਹੈ
  • ਕਰੋੜਾਂ ਰੁਪਏ ਦੀ ਨਕਦੀ ਨਾਲ ਸਿਰਫ਼ 2 ਗਾਰਡ ਤਾਇਨਾਤ ਸਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)