ਬਿੱਗ ਬੌਸ ’ਚ ਅੰਕਿਤਾ ਲੋਖੰਡੇ ਕਿਉਂ ਚਰਚਾ ’ਚ ਹਨ ਤੇ ਕੀ ਹੈ ਉਹ ਦਰਦ ਜਿਸ ਨੇ ਉਨ੍ਹਾਂ ਨੂੰ ਝੰਜੋੜ ਦਿੱਤਾ ਸੀ

ਅੰਕਿਤਾ ਲੋਕੰਡੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅੰਕਿਤਾ ਲੋਖੰਡੇ ਬਿੱਗ ਬੌਸ ਸੀਜ਼ਨ 17 ਵਿੱਚ ਆਪਣੇ ਪਤੀ ਨਾਲ ਹਿੱਸਾ ਲੈ ਰਹੇ ਹਨ
    • ਲੇਖਕ, ਮਧੂ ਪਾਲ
    • ਰੋਲ, ਬੀਬੀਸੀ ਸਹਿਯੋਗੀ

ਅਦਾਕਾਰਾ ਅੰਕਿਤਾ ਲੋਖੰਡੇ ਇਨ੍ਹੀਂ ਦਿਨੀਂ ਮੁੜ ਸੁਰਖੀਆਂ ’ਚ ਹਨ।

ਉਨ੍ਹਾਂ ਦੇ ਸੁਰਖੀਆਂ ’ਚ ਆਉਣ ਦਾ ਕਾਰਨ ਹੈ, ਬਿੱਗ ਬੌਸ-17 ’ਚ ਉਨ੍ਹਾਂ ਦਾ ਬਤੌਰ ਪ੍ਰਤੀਯੋਗੀ ਬਣ ਕੇ ਆਉਣਾ।

ਬਿੱਗ ਬੌਸ ਦੇ ਘਰ ਅੰਕਿਤਾ ਇਕੱਲੇ ਨਹੀਂ ਆਏ ਹਨ। ਉਨ੍ਹਾਂ ਦੇ ਨਾਲ ਆਏ ਹਨ ਉਨ੍ਹਾਂ ਦੇ ਕਾਰੋਬਾਰੀ ਪਤੀ ਵਿੱਕੀ ਜੈਨ।

ਬਿੱਗ ਬੌਸ 17 ਸ਼ੋਅ ਸ਼ੁਰੂ ਹੋਏ ਨੂੰ ਅਜੇ ਕੁਝ ਹੀ ਸਮਾਂ ਹੋਇਆ ਹੈ, ਪਰ ਬਿੱਗ ਬੌਸ ਦੇ ਘਰ ’ਚ ਲੜਾਈ-ਝਗੜੇ ਅਤੇ ਬੋਲ-ਕਬੋਲ ਦਾ ਦੌਰ ਸ਼ੁਰੂ ਵੀ ਹੋ ਗਿਆ ਹੈ।

ਕਈ ਪ੍ਰਤੀਯੋਗੀ ਇੱਕ-ਦੂਜੇ ਨਾਲ ਲੜਦੇ-ਝਗੜਦੇ ਵਿਖਾਈ ਦੇ ਰਹੇ ਹਨ। ਕੋਈ ਵੀ ਪੰਗਾ ਲੈਣ ਤੋਂ ਬਾਜ਼ ਨਹੀਂ ਆ ਰਿਹਾ ਹੈ। ਪਰ ਸ਼ੋਅ ਦੇ ਸ਼ੁਰੂਆਤੀ ਦਿਨਾਂ ’ਚ ਹੀ ਅੰਕਿਤਾ ਅਤੇ ਉਨ੍ਹਾਂ ਦੇ ਪਤੀ ਦਰਮਿਆਨ ਲੜਾਈ-ਝਗੜਾ ਹੋ ਜਾਵੇਗਾ, ਇਹ ਕਿਸੇ ਨੇ ਵੀ ਨਹੀਂ ਸੋਚਿਆ ਸੀ।

ਇਸ ਵਾਰ ਬਿੱਗ ਬੌਸ 17 ਦੀ ਖਾਸੀਅਤ ਇਹ ਹੈ ਕਿ ਇੰਟਰਟੇਨਮੈਂਟ ਇੰਡਸਟਰੀ ਤੋਂ ਕਈ ਜੋੜੀਆਂ ਆਈਆਂ ਹਨ। ਜਿੰਨ੍ਹਾਂ ਵਿਚਾਲੇ ਪਿਆਰ ਅਤੇ ਤਕਰਾਰ ਦੋਵੇਂ ਪਹਿਲੂ ਵਿਖਾਈ ਦੇ ਰਹੇ ਹਨ।

ਅੰਕਿਤਾ ਲੋਖੰਡੇ ਦੀ ਆਪਣੇ ਪਤੀ ਨਾਲ ਨਾਰਾਜ਼ਗੀ ਦਾ ਕਾਰਨ ਇਹ ਹੈ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਪਤੀ ਉਨ੍ਹਾਂ ਦੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰਦੇ ਹਨ ਅਤੇ ਘਰ ਦੇ ਦੂਜੇ ਮੈਂਬਰਾਂ ’ਤੇ ਜ਼ਿਆਦਾ ਧਿਆਨ ਦਿੰਦੇ ਹਨ।

ਅੰਕਿਤਾ ਲੋਖੰਡੇ ਅਤੇ ਵਿੱਕੀ ਜੈਨ ਦਾ ਵਿਆਹ ਦਸੰਬਰ 2021 ’ਚ ਹੋਇਆ ਸੀ।

ਅੰਕਿਤਾ ਅਤੇ ਵਿੱਕੀ ਦੀ ਬਿੱਗ ਬੌਸ ’ਚ ਹੋਈ ਤੂੰ-ਤੂੰ, ਮੈਂ-ਮੈਂ

ਅੰਕਿਤਾ ਤੇ ਵਿਜੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅੰਕਿਤਾ ਆਪਣੇ ਪਤੀ ਵਿਜੇ ਨਾਲ

ਵਿੱਕੀ ਜੈਨ ਅਤੇ ਅੰਕਿਤਾ ਲੋਖੰਡੇ ਦੋਵੇਂ ਹੀ ਇਸ ਸ਼ੋਅ ਦੇ ਮਜ਼ਬੂਤ ਦਾਅਵੇਦਾਰਾਂ ਵੱਜੋਂ ਉਭਰੇ ਹਨ।

ਹਾਲਾਂਕਿ ਸ਼ੋਅ ਦੀ ਸ਼ੁਰੂਆਤ ਤੋਂ ਹੀ ਅੰਕਿਤਾ ਅਤੇ ਵਿੱਕੀ ਵਿਚਾਲੇ ਗੇਮ ਪਲਾਨਿੰਗ ਨੂੰ ਲੈ ਕੇ ਬਹਿਸ ਜਾਰੀ ਹੈ।

ਅਜਿਹੇ ’ਚ ਦੋਵਾਂ ਵਿਚਾਲੇ ਤਣਾਅ ਵੀ ਵਿਖਾਈ ਦੇ ਰਿਹਾ ਹੈ।

ਅੰਕਿਤਾ ਅਤੇ ਵਿੱਕੀ ਜੈਨ ਦਰਮਿਆਨ ਲੜਾਈ ਇੰਨੀ ਵੱਧ ਗਈ ਹੈ ਕਿ ਹੁਣ ਹਰ ਗੱਲ ’ਤੇ ਦੋਵਾਂ ਦੇ ਸਿੰਗ ਫਸੇ ਹੀ ਰਹਿੰਦੇ ਹਨ।

ਸ਼ੋਅ ਦੇ ਤਾਜ਼ਾ ਅੇਪੀਸੋਡ ’ਚ ਜਦੋਂ ਵਿੱਕੀ ਜੈਨ ਨੇ ਅੰਕਿਤਾ ਨੂੰ ਇਹ ਕਿਹਾ, “ਜ਼ਿੰਦਗੀ ’ਚ ਤੁਸੀਂ ਮੈਨੂੰ ਕੁਝ ਦੇ ਤਾਂ ਪਾਏ ਨਹੀਂ ਹੋ, ਘੱਟ ਤੋਂ ਘੱਟ ਮੈਨੂੰ ਦਿਮਾਗੀ ਸ਼ਾਂਤੀ ਹੀ ਦੇ ਦਿਓ।”

ਇਸ ਗੱਲ ਨੂੰ ਸੁਣ ਕੇ ਸੋਸ਼ਲ ਮੀਡੀਆ ’ਤੇ ਤਰ੍ਹਾਂ-ਤਰਾਂ ਦੀ ਚਰਚਾ ਸ਼ੁਰੂ ਹੋ ਗਈ ਹੈ ਅਤੇ ਅੰਕਿਤਾ ਦੇ ਪ੍ਰਸ਼ੰਸਕ ਉਨ੍ਹਾਂ ਦੀ ਹਿਮਾਇਤ ਕਰਦੇ ਨਜ਼ਰ ਆਏ।

ਅੰਕਿਤਾ ਲੋਖੰਡੇ ਨੂੰ ਮਨੋਰੰਜਨ ਜਗਤ ਨਾਲ ਜੁੜੇ ਹੋਏ 15 ਸਾਲ ਤੋਂ ਵੀ ਵੱਧ ਦਾ ਸਮਾਂ ਹੋ ਗਿਆ ਹੈ। ਇਨ੍ਹਾਂ 15 ਸਾਲਾਂ ’ਚ ਉਨ੍ਹਾਂ ਦੀ ਜ਼ਿੰਦਗੀ ’ਚ ਉਤਰਾਅ-ਚੜ੍ਹਾਅ ਆਏ। ਆਓ ਜਾਣਦੇ ਹਾਂ ਅੰਕਿਤਾ ਲੋਖੰਡੇ ਦੀ ਹੁਣ ਤੱਕ ਦੀ ਜ਼ਿੰਦਗੀ ਦੇ ਬਾਰੇ ’ਚ।

ਪਵਿੱਤਰ ਰਿਸ਼ਤਾ ਨੇ ਬਦਲੀ ਤਕਦੀਰ

ਅੰਕਿਤਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅੰਕਿਤਾ ਨੂੰ ਲੜੀਵਾਰ ਪਵਿੱਤਰ ਰਿਸ਼ਤਾ ਜ਼ਰੀਏ ਪਛਾਣ ਮਿਲੀ ਸੀ

ਅੰਕਿਤਾ ਦਾ ਜਨਮ 19 ਦਸੰਬਰ, 1984 ਨੂੰ ਮੱਧ ਪ੍ਰਦੇਸ਼ ਦੇ ਇੰਦੌਰ ’ਚ ਇੱਕ ਮਹਾਰਾਸ਼ਟਰੀ ਪਰਿਵਾਰ ’ਚ ਹੋਇਆ ਸੀ।

ਆਪਣੀ ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਅੰਕਿਤਾ ਨੇ ਸਾਲ 2005 ’ਚ ਮੁੰਬਈ ਦਾ ਰੁਖ਼ ਕੀਤਾ ਅਤੇ 2007 ’ਚ ਆਏ ਸ਼ੋਅ ‘ਇੰਡੀਆਜ਼ ਬੇਸਟ ਸਿਨੇਸਟਾਰ ਦੀ ਖੋਜ’ ਨਾਲ ਆਪਣੇ ਅਦਾਕਾਰੀ ਕਰੀਅਰ ਦਾ ਆਗਾਜ਼ ਕੀਤਾ।

ਅੰਕਿਤਾ ਦੇ ਕਰੀਅਰ ਨੂੰ ਅਸਲ ਉਡਾਣ ਏਕਤਾ ਕਪੂਰ ਦੇ ਸੀਰੀਅਲ ‘ਪਵਿੱਤਰ ਰਿਸ਼ਤਾ’ ਤੋਂ ਮਿਲੀ ਸੀ।

ਅੰਕਿਤਾ ਨੇ 2009-2014 ਤੱਕ ਇਸ ਸੀਰੀਅਲ ’ਚ ਕੰਮ ਕੀਤਾ। ਇਸ ਸੀਰੀਅਲ ’ਚ ਉਨ੍ਹਾਂ ਨੇ ਅਰਚਨਾ ਦੇਸ਼ਮੁਖ ਦਾ ਮੁੱਖ ਕਿਰਦਾਰ ਨਿਭਾਇਆ ਸੀ।

ਇਸ ਸੀਰੀਅਲ ’ਚ ਅੰਕਿਤਾ ਦੇ ਨਾਲ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਮੁੱਖ ਭੁਮਿਕਾ ਨਿਭਾਈ ਸੀ।

ਇਹ ਸੀਰੀਅਲ ਇੰਨਾ ਮਸ਼ਹੂਰ ਹੋਇਆ ਸੀ ਕਿ ਦਰਸ਼ਕਾਂ ਨੇ ਇਸ ਜੋੜੀ ਨੂੰ ਟੀਵੀ ਇੰਡਸਟਰੀ ਦੀ ਨੰਬਰ-1 ਜੋੜੀ ਬਣਾ ਦਿੱਤਾ ਸੀ।

ਇਸ ਸ਼ੋਅ ਦੇ ਕਿਰਦਾਰ ਮਾਨਵ ਅਤੇ ਅਰਚਨਾ ਹਰ ਘਰ ’ਚ ਪਛਾਣੇ ਜਾ ਰਹੇ ਸਨ।

ਸੀਨੀਅਰ ਪੱਤਰਕਾਰ ਅਤੇ ਆਲੋਚਕ ਡਾਕਟਰ ਰਾਮਚੰਦਰਨ ਸ਼੍ਰੀਨਿਵਾਸਨ ਨੇ ਬੀਬੀਸੀ ਹਿੰਦੀ ਨੂੰ ਦੱਸਿਆ ਕਿ ਸੁਸ਼ਾਂਤ ਸਿੰਘ ਰਾਜਪੂਤ ਅਤੇ ਅੰਕਿਤਾ ਲੋਖੰਡੇ ਦੀ ਪਹਿਲੀ ਮੁਲਾਕਾਤ ਵੀ ਇਸ ਸੀਰੀਅਲ ਦੇ ਸੈੱਟ ’ਤੇ ਹੀ ਹੋਈ ਸੀ।

ਦੋਵਾਂ ਵਿਚਾਲੇ ਨਜ਼ਦੀਕੀਆਂ ਵੀ ਇਸੇ ਸ਼ੋਅ ਦੌਰਾਨ ਵਧੀਆਂ ਸਨ।

ਸੁਸ਼ਾਂਤ ਅਤੇ ਅੰਕਿਤਾ ਦਾ ਰਿਸ਼ਤਾ ਅਤੇ ਬ੍ਰੇਕਅੱਪ

ਅੰਕਿਤਾ

ਤਸਵੀਰ ਸਰੋਤ, Getty Images

ਸ਼੍ਰੀਨਿਵਾਸਨ ਦੱਸਦੇ ਹਨ, “ਸੁਸ਼ਾਂਤ ਅਤੇ ਅੰਕਿਤਾ ਦੀ ਜੋੜੀ ਇੰਨੀ ਮਸ਼ਹੂਰ ਹੋ ਗਈ ਸੀ ਕਿ ਇਸ ਜੋੜੀ ਨੂੰ ਬਹੁਤ ਸਾਰੇ ਐਵਾਰਡ ਵੀ ਮਿਲੇ ਸਨ। ਇਹ ਜੋੜੀ ‘ਝਲਕ ਦਿਖਲਾ ਜਾ’ ਦੇ ਸੀਜ਼ਨ-4 ’ਚ ਵੀ ਇੱਕ ਜੋੜੇ ਵੱਜੋਂ ਵਿਖਾਈ ਦਿੱਤੀ ਸੀ।

ਉਨ੍ਹਾਂ ਦਾ ਰਿਸ਼ਤਾ ਤਕਰੀਬਨ 6 ਸਾਲਾਂ ਤੱਕ ਚੱਲਿਆ। ਦੋਵਾਂ ਨੇ ਹਮੇਸ਼ਾ ਹੀ ਇਕ-ਦੂਜੇ ਦਾ ਪੂਰਾ ਖਿਆਲ ਰੱਖਿਆ, ਪਰ ਜਦੋਂ ਦੋਵਾਂ ਦਾ ਰਿਸ਼ਤਾ ਟੁੱਟਿਆ ਤਾਂ ਉਹ ਵੀ ਬਹੁਤ ਸ਼ਾਂਤੀ ਨਾਲ, ਕੋਈ ਤਮਾਸ਼ਾ ਨਹੀਂ ਕੀਤਾ ਦੋਵਾਂ ਨੇ ਹੀ।”

ਉਹ ਅੱਗੇ ਕਹਿੰਦੇ ਹਨ, “ ਸੁਸ਼ਾਂਤ ਸਿੰਘ ਰਾਜਪੂਤ ਇੱਕ ਬਹੁਤ ਹੀ ਵਧੀਆ ਇਨਸਾਨ ਸਨ। ਉਨ੍ਹਾਂ ਨੇ ਹਮੇਸ਼ਾ ਹੀ ਅੰਕਿਤਾ ਦੀ ਇੱਜ਼ਤ ਦਾ ਧਿਆਨ ਰੱਖਿਆ ਅਤੇ ਬ੍ਰੇਕਅੱਪ ਤੋਂ ਬਾਅਦ ਵੀ ਇੱਕ ਦੋਸਤ ਦੀ ਤਰ੍ਹਾਂ ਅੰਕਿਤਾ ਨਾਲ ਜੁੜੇ ਰਹੇ।”

“14 ਜੂਨ 2020 ਨੂੰ ਜਦੋਂ ਸੁਸ਼ਾਂਤ ਦੀ ਮੌਤ ਹੋਈ ਤਾਂ ਅੰਕਿਤਾ ਬੁਰੀ ਤਰ੍ਹਾਂ ਨਾਲ ਟੁੱਟ ਗਈ ਸੀ। ਉਨ੍ਹਾਂ ਨੂੰ ਸੁਸ਼ਾਂਤ ਸੀ ਮੌਤ ਨੇ ਡੂੰਗਾ ਸਦਮਾ ਦਿੱਤਾ ਸੀ ।”

“ਉਸ ਸਮੇਂ ਸੁਸ਼ਾਂਤ ਅਤੇ ਅੰਕਿਤਾ ਭਾਵੇਂ ਇੱਕਠੇ ਨਹੀਂ ਸਨ, ਪਰ ਦੋਵਾਂ ਦਰਮਿਆਨ ਕਈ ਖੂਬਸੂਰਤ ਯਾਦਾਂ ਮੌਜੂਦ ਸਨ। ਸੁਸ਼ਾਂਤ ਅਤੇ ਅੰਕਿਤਾ ਰਿਸ਼ਤਾ ਖ਼ਤਮ ਹੋਣ ਤੋਂ ਬਾਅਦ ਵੀ ਹਮੇਸ਼ਾਂ ਇਕ-ਦੂਜੇ ਲਈ ਫਿਕਰਮੰਦ ਵਿਖਾਈ ਦਿੰਦੇ ਸਨ। ਸੁਸ਼ਾਂਤ ਦੀ ਮੌਤ ਨੇ ਅੰਕਿਤਾ ਨੂੰ ਬਿਲਕੁਲ ਤੋੜ ਕੇ ਰੱਖ ਦਿੱਤਾ ਸੀ।”

ਸੁਸ਼ਾਂਤ ਦੀ ਮੌਤ ਨੇ ਅੰਕਿਤਾ ਨੂੰ ਦਿੱਤਾ ਵੱਡਾ ਝਟਕਾ

ਅੰਕਿਤਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅੰਕਿਤਾ ਮੁਤਾਬਕ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੇ ਉਨ੍ਹਾਂ ਨੂੰ ਤੋੜ ਕੇ ਰੱਖ ਦਿੱਤਾ ਸੀ।

ਅੰਕਿਤਾ ਨੇ ਇੱਕ ਇੰਟਰਵਿਊ ’ਚ ਦੱਸਿਆ ਸੀ ਕਿ ਸੁਸ਼ਾਂਤ ਸਿੰਘ ਰਾਜਪੂਤ ਤੋਂ ਵੱਖ ਹੋਣ ਤੋਂ ਬਹੁਤ ਉਹ ਅੰਦਰੋਂ ਬਹੁਤ ਟੁੱਟ ਗਏ ਸਨ।

ਜਦੋਂ ਸੁਸ਼ਾਂਤ ਅਤੇ ਉਨ੍ਹਾਂ ਦਾ ਬ੍ਰੇਕਅੱਪ ਹੋਇਆ ਤਾਂ ਇਸ ਸਦਮੇ ’ਚੋਂ ਬਾਹਰ ਆਉਣਾ ਬਹੁਤ ਹੀ ਭਾਰੀ ਹੋ ਰਿਹਾ ਸੀ। ਇਸ ਦਾ ਕਾਰਨ ਸੀ ਦੋਵਾਂ ਦਾ ਲੰਮੇ ਸਮੇਂ ਤੱਕ ਚੱਲਿਆ ਰਿਲੇਸ਼ਨਸ਼ਿਪ।

ਉਨ੍ਹਾਂ ਨੇ ਉਦੋਂ ਕਿਹਾ ਸੀ, “ ਇਹ ਉਸ ਸਮੇਂ ਹੋਰ ਮੁਸ਼ਕਲ ਹੋ ਜਾਂਦਾ ਹੈ ਜਦੋਂ ਇੱਕ ਤਾਂ ਮੂਵਓਨ ਕਰ ਜਾਂਦਾ ਹੈ ਅਤੇ ਦੂਜਾ ਨਹੀਂ ਕਰ ਪਾਉਂਦਾ ਹੈ। ਦੂਜਾ ਇਹੀ ਸੋਚਦਾ ਰਹਿੰਦਾ ਹੈ ਕਿ ਅੱਜ ਨਹੀਂ ਤਾਂ ਕੱਲ੍ਹ ਉਹ ਵਾਪਸ ਉਸ ਦੇ ਕੋਲ ਜ਼ਰੂਰ ਆਵੇਗਾ।”

“ਇਸ ਦਰਦ ਤੋਂ ਬਾਹਰ ਆਉਣ ਲਈ ਮੈਨੂੰ ਢਾਈ ਸਾਲ ਦਾ ਸਮਾਂ ਲੱਗਿਆ ਸੀ। ਮੈਂ ਇਸ ਸਦਮੇ ਤੋਂ ਬਾਹਰ ਹੀ ਨਹੀਂ ਆ ਪਾ ਰਹੀ ਸੀ ਅਤੇ ਅਜਿਹੀ ਸਥਿਤੀ ’ਚ ਮੈਂ ਕਿਸੇ ਹੋਰ ਨੂੰ ਡੇਟ ਕਰਨ ਬਾਰੇ ਵੀ ਸੋਚ ਨਹੀਂ ਪਾ ਰਹੀ ਸੀ। ਮੇਰੇ ਲਈ ਇਹ ਬਹੁਤ ਹੀ ਦੁਖਦਾਈ ਸੀ। ਪਰ ਮੈਂ ਪਿਆਰ ’ਚ ਵਿਸ਼ਵਾਸ ਕਰਨਾ ਕਦੇ ਵੀ ਨਹੀਂ ਛੱਡਿਆ।”

ਅੰਕਿਤਾ ਲੋਕੰਡੇ

ਅੰਕਿਤਾ ਨੇ ਦੱਸਿਆ ਸੀ, “ਵਿੱਕੀ ਜੈਨ ਮੇਰੇ ਬਹੁਤ ਹੀ ਵਧੀਆ ਦੋਸਤ ਸਨ। ਹਾਲਾਂਕਿ ਮੈਂ ਉਨ੍ਹਾਂ ਨੂੰ ਕਦੇ ਵੀ ਉਸ ਨਜ਼ਰ ਨਾਲ ਨਹੀਂ ਵੇਖਿਆ ਸੀ। ਮੇਰੀ ਜਦੋਂ ਵੀ ਵਿੱਕੀ ਨਾਲ ਗੱਲ ਹੁੰਦੀ ਸੀ ਤਾਂ ਮੈਂ ਉਨ੍ਹਾਂ ਨੂੰ ਇਹੀ ਕਹਿੰਦੀ ਸੀ ਕਿ ਮੇਰਾ ਐਕਸ ਇੱਕ ਦਿਨ ਜ਼ਰੂਰ ਵਾਪਸ ਆਵੇਗਾ। ਮੈਂ ਉਸ ਦੇ ਲਈ ਇੰਤਜ਼ਾਰ ਕਰਾਂਗੀ।”

“ਮੈਨੂੰ ਨਹੀਂ ਪਤਾ ਕਿ ਇਹ ਕਿਵੇਂ ਹੋਇਆ, ਬਸ ਵਿੱਕੀ ਮੇਰੀ ਜ਼ਿੰਦਗੀ ’ਚ ਆ ਗਏ ਅਤੇ ਉਨ੍ਹਾਂ ਨੇ ਮੈਨੂੰ ਵਿਆਹ ਲਈ ਪ੍ਰਪੋਜ਼ ਕੀਤਾ। ਮੈਨੂੰ ਉਸ ਸਮੇਂ ਮਹਿਸੂਸ ਹੋਇਆ ਕਿ ਮੈਂ ਇੱਕ ਰਿਲੇਸ਼ਨਸ਼ਿਪ ਤੋਂ ਬਾਹਰ ਆਈ ਅਤੇ ਦੂਜੇ ਰਿਲੇਸ਼ਨਸਿਪ ’ਚ ਚਲੀ ਗਈ।”

“ਪਹਿਲੇ ਰਿਲੇਸ਼ਨਸ਼ਿਪ ਤੋਂ ਬਾਹਰ ਆਉਣਾ ਮੇਰੇ ਲਈ ਬਹੁਤ ਹੀ ਦੁਖਦਾਈ ਸੀ, ਪਰ ਵਿੱਕੀ ਦੇ ਮੇਰੇ ਜ਼ਿੰਦਗੀ ’ਚ ਆਉਣ ਤੋਂ ਬਾਅਦ ਮੇਰੀ ਜ਼ਿੰਦਗੀ ਹੀ ਬਦਲ ਗਈ।”

ਕੰਗਨਾ ਦੀ ਫਿਲਮ ‘ਮਣੀਕਰਣਿਕਾ’ ਜ਼ਰੀਏ ਫਿਲਮਾਂ ’ਚ ਕੀਤੀ ਐਂਟਰੀ

ਅੰਕਿਤਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੰਗਨਾ ਰਣੌਤ ਦੀ ਫਿਲਮ ‘ਮਣੀਕਰਣਿਕਾ’ ’ਚ ਅੰਕਿਤਾ ਦੇ ਕਿਰਦਾਰ ਨੂੰ ਲੋਕਾਂ ਵੱਲੋਂ ਕਾਫ਼ੀ ਸਰਾਹਿਆ ਗਿਆ ਸੀ।

ਅੰਕਿਤਾ ਲੋਖੰਡੇ ਦੇ ਅਦਾਕਾਰੀ ਕਰੀਅਰ ਦਾ ਜ਼ਿਕਰ ਕਰਦੇ ਹੋਏ ਡਾਕਟਰ ਰਾਮਚੰਦਰਨ ਸ਼੍ਰੀਨਿਵਾਸਨ ਕਹਿੰਦੇ ਹਨ ਕਿ ਇਹ ਗੱਲ ਸੱਚ ਹੈ ਕਿ ਅੰਕਿਤਾ ਨੇ ਕਈ ਵੱਡੀਆਂ ਫਿਲਮਾਂ ਕਰਨ ਤੋਂ ਇਨਕਾਰ ਕੀਤਾ ਸੀ।

ਉਹ ਕਹਿੰਦੇ ਹਨ ਜੇਕਰ ਤੁਹਾਨੂੰ ਯਾਦ ਹੋਵੇ ਤਾਂ ਕੰਗਨਾ ਰਣੌਤ ਦੀ ਫਿਲਮ ‘ਮਣੀਕਰਣਿਕਾ’ ਜੋ ਕਿ ਝਾਂਸੀ ਦੀ ਰਾਣੀ ’ਤੇ ਆਧਾਰਿਤ ਸੀ, ਉਸ ਫਿਲਮ ’ਚ ਅੰਕਿਤਾ ਦੇ ਕਿਰਦਾਰ ਨੂੰ ਲੋਕਾਂ ਵੱਲੋਂ ਖਾਸਾ ਸਰਾਹਿਆ ਗਿਆ ਸੀ।

ਫਿਲਮ ਨੂੰ ਸਰਾਹਿਆ ਤਾਂ ਗਿਆ ਪਰ ਇਹ ਫਿਲਮ ਉਮੀਦ ਮੁਤਾਬਕ ਪੈਸੇ ਨਾ ਕਮਾ ਸਕੀ, ਕਿਉਂਕਿ ਇਸ ਫਿਲਮ ਦਾ ਬਜਟ ਹੀ ਬਹੁਤ ਜ਼ਿਆਦਾ ਸੀ।

ਉਸ ਤੋਂ ਬਾਅਦ ਅੰਕਿਤਾ ਨੇ ਸਾਜਿਦ ਨਾਡੀਆਵਾੜਾ ਦੀ ਫਿਲਮ ‘ਬਾਗੀ 3’ ’ਚ ਵੀ ਕੰਮ ਕੀਤਾ।

ਸੰਜੇ ਲੀਲਾ ਭੰਸਾਲੀ ਅਤੇ ਫ਼ਰਹਾ ਨੂੰ ਕਿਉਂ ਕੀਤੀ ‘ਨਾਂਹ’

ਅੰਕਿਤਾ ਲੋਕੰਡੇ

ਤਸਵੀਰ ਸਰੋਤ, Getty Images

ਸ਼੍ਰੀਨਿਵਾਸਨ ਅੱਗੇ ਕਹਿੰਦੇ ਹਨ ਕਿ ਅੰਕਿਤਾ ਲੋਖੰਡੇ ਨੂੰ ਸੰਜੇ ਲੀਲਾ ਭੰਸਾਲੀ ਨੇ ਸਭ ਤੋਂ ਪਹਿਲਾਂ ‘ਰਾਮਲੀਲਾ’ ਦੀ ਪੇਸ਼ਕਸ਼ ਕੀਤੀ ਸੀ, ਪਰ ਅੰਕਿਤਾ ਨੇ ਇਸ ਫਿਲਮ ਨੂੰ ਇਸ ਲਈ ਨਾਂਹ ਕਹੀ ਸੀ ਕਿਉਂਕਿ ਇਸ ਫਿਲਮ ’ਚ ਬਹੁਤ ਸਾਰੇ ਇੰਟੀਮੇਟ ਸੀਨ, ਕਿੱਸ ਸੀਨ ਸਨ, ਜਿਸ ਨੂੰ ਕਰਨ ’ਚ ਉਹ ਸਹਿਜ ਨਹੀਂ ਸਨ। ਇਸ ਲਈ ਅੰਕਿਤਾ ਨੇ ਨਾਂਹ ਕਹਿ ਦਿੱਤੀ ਸੀ।

ਇਸ ਫਿਲਮ ’ਚ ਉਹ ਸੁਸ਼ਾਂਤ ਨੂੰ ਵੀ ਲੈਣਾ ਚਾਹੁੰਦੇ ਸਨ, ਪਰ ਬਾਅਦ ’ਚ ਸਮਾਂ ਬਦਲ ਗਿਆ ਅਤੇ ਸੁਸ਼ਾਂਤ ਨਾਲ ਇਹ ਫਿਲਮ ਨਾ ਹੋ ਸਕੀ।

ਇਸ ਤੋਂ ਇਲਾਵਾ ਫ਼ਰਹਾ ਖ਼ਾਨ ਦੀ ਫਿਲਮ ‘ਹੈਪੀ ਨਿਊ ਈਅਰ’ ’ਚ ਵੀ ਉਨ੍ਹਾਂ ਨੂੰ ਇੱਕ ਕਿਰਦਾਰ ਦੀ ਪੇਸ਼ਕਸ਼ ਹੋਈ ਸੀ, ਪਰ ਉਹ ਕਿਰਦਾਰ ਉਨ੍ਹਾਂ ਨੂੰ ਪਸੰਦ ਨਹੀਂ ਆਇਆ, ਕਿਉਂਕਿ ਜਿਸ ਤਰ੍ਹਾਂ ਨਾਲ ਉਹ ਕਿਰਦਾਰ ਲਿਖਿਆ ਗਿਆ ਸੀ , ਉਹ ਉਨ੍ਹਾਂ ਨੂੰ ਪਸੰਦ ਨਹੀਂ ਆਇਆ ਸੀ।

ਸ਼੍ਰੀਨਿਵਾਸਨ ਅੱਗੇ ਕਹਿੰਦੇ ਹਨ, “ ਇੰਡਸਟਰੀ ’ਚ ਬਹੁਤ ਸਾਰੀਆਂ ਕੁੜੀਆਂ ਆਉਂਦੀਆਂ ਹਨ ਅਤੇ ਉਹ ਰਸਤਾ ਭਟਕ ਜਾਂਦੀਆਂ ਹਨ। ਅਜਿਹੇ ਕਈ ਲੋਕਾਂ ਦੇ ਲਈ ਅੰਕਿਤਾ ਇੱਕ ਮਾਡਲ ਹੈ ਜੋ ਕਿ ਆਪਣੀ ਜ਼ਿੰਦਗੀ ਆਪਣੀਆਂ ਸ਼ਰਤਾਂ ’ਤੇ ਜੀਅ ਰਹੇ ਹਨ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)