ਨਿਊਜ਼ਕਲਿੱਕ ਦੇ ਸੰਪਾਦਕ ਪ੍ਰਬੀਰ ਪੁਰਕਾਯਸਥ ਦਾ 7 ਦਿਨਾਂ ਪੁਲਿਸ ਰਿਮਾਂਡ, ਨਿਊਜ਼ਕਲਿੱਕ ਨੇ ਜਾਰੀ ਕੀਤਾ ਇੱਕ ਬਿਆਨ?

ਪ੍ਰਬੀਰ ਪੁਰਕਾਯਸਥ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨਿਊਜ਼ ਪੋਰਟਲ ਨਿਊਜ਼ਕਲਿੱਕ ਦੇ ਸੰਪਾਦਕ ਪ੍ਰਬੀਰ ਪੁਰਕਾਯਸਥ।

ਨਿਊਜ਼ ਪੋਰਟਲ ਨਿਊਜ਼ਕਲਿੱਕ ਦੇ ਸੰਪਾਦਕ ਪ੍ਰਬੀਰ ਪੁਰਕਾਯਸਥ ਅਤੇ ਐੱਚ ਆਰ ਹੈਡ ਅਮਿਤ ਚੱਕਰਵਰਤੀ ਨੂੰ ਦਿੱਲੀ ਦੀ ਇੱਕ ਅਦਾਲਤ ਨੇ 7 ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ।

ਸੀਨੀਅਰ ਪੁਲਿਸ ਅਧਿਕਾਰੀਆਂ ਨੇ ਬੀਬੀਸੀ ਨੂੰ ਦੱਸਿਆ, “ਦੋਵਾਂ ਮੁਲਜ਼ਮਾਂ ਨੂੰ ਮੰਗਲਵਾਰ ਰਾਤ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਉਨ੍ਹਾਂ ਨੂੰ 7 ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜਿਆ ਹੈ।”

ਮੰਗਲਵਾਰ ਸਵੇਰੇ ਦਿੱਲੀ ਪੁਲਿਸ ਨੇ ਨਿਊਜ਼ ਪੋਰਟਲ ਨਿਊਜ਼ ਕਲਿੱਕ ਨਾਲ ਜੁੜੇ ਪੱਤਰਕਾਰਾਂ ਦੇ ਘਰਾਂ 'ਤੇ ਛਾਪੇਮਾਰੀ ਕੀਤੀ ਅਤੇ ਉਨ੍ਹਾਂ ਨੂੰ ਪੁੱਛਗਿੱਛ ਲਈ ਸਪੈਸ਼ਲ ਸੈੱਲ ਦੇ ਦਫ਼ਤਰ ਵੀ ਲਿਆਂਦਾ ਗਿਆ।

ਪੁਲਿਸ ਨੇ ਪ੍ਰਾਬੀਰ ਪੁਰਕਾਯਸਥਾ ਤੇ ਅਮਿਤ ਚੱਕਰਵਰਤੀ ਨੂੰ ਯੂਏਪੀਏ ਤਹਿਤ ਗ੍ਰਿਫ਼ਤਾਰ ਕੀਤਾ ਸੀ।

ਪਰੰਜੋਏ ਗੁਹਾ ਠਾਕੁਰਤਾ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਪਰੰਜੋਏ ਗੁਹਾ ਠਾਕੁਰਤਾ

ਨਿਊਜ਼ਕਲਿੱਕ ਵੱਲੋਂ ਜਾਰੀ ਬਿਆਨ

ਇਸ ਸਭ ਵਿਚਾਲੇ ਨਿਊਜ਼ਕਲਿੱਕ ਵੈਬਸਾਈਟ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਹੈ। ਜੋ ਇਸ ਤਰ੍ਹਾਂ ਹੈ-

  • ਨਿਊਜ਼ਕਲਿੱਕ ਇੱਕ ਆਜ਼ਾਦ ਨਿਊਜ਼ ਵੈਬਸਾਈਟ ਹੈ।
  • ਸਾਡੀ ਪੱਤਰਕਾਰੀ ਦੀ ਸਮੱਗਰੀ ਪੇਸ਼ੇ ਦੇ ਉੱਚ ਮਿਆਰਾਂ 'ਤੇ ਅਧਾਰਤ ਹੈ।
  • ਨਿਊਜ਼ਕਲਿੱਕ ਕਿਸੇ ਵੀ ਚੀਨੀ ਸੰਸਥਾ ਜਾਂ ਅਥਾਰਟੀ ਦੇ ਇਸ਼ਾਰੇ 'ਤੇ, ਸਿੱਧੇ ਜਾਂ ਅਸਿੱਧੇ ਤੌਰ 'ਤੇ ਕੋਈ ਖ਼ਬਰ ਜਾਂ ਜਾਣਕਾਰੀ ਪ੍ਰਕਾਸ਼ਿਤ ਨਹੀਂ ਕਰਦਾ ਹੈ।
  • ਨਿਊਜ਼ਕਲਿੱਕ ਆਪਣੀ ਵੈੱਬਸਾਈਟ 'ਤੇ ਚੀਨੀ ਪ੍ਰਚਾਰ ਦਾ ਪ੍ਰੋਪੈਗੈਂਟਾ ਨਹੀਂ ਕਰਦਾ।
  • ਨਿਊਜ਼ਕਲਿੱਕ ਆਪਣੀ ਵੈੱਬਸਾਈਟ 'ਤੇ ਪ੍ਰਕਾਸ਼ਿਤ ਸਮੱਗਰੀ ਦੇ ਸਬੰਧ ਵਿੱਚ ਨੇਵਿਲ ਰਾਏ ਸਿੰਘਮ ਤੋਂ ਨਿਰਦੇਸ਼ ਨਹੀਂ ਲੈਂਦਾ ਹੈ।
  • ਨਿਊਜ਼ਕਲਿੱਕ ਵੱਲੋਂ ਪ੍ਰਾਪਤ ਕੀਤੀ ਗਈ ਸਾਰੀ ਫੰਡਿੰਗ ਉਚਿਤ ਬੈਂਕਿੰਗ ਚੈਨਲਾਂ ਰਾਹੀਂ ਲਈ ਗਈ ਹੈ ਅਤੇ ਕਾਨੂੰਨ ਨੂੰ ਲੋੜੀਂਦੇ ਅਨੁਸਾਰ ਸਬੰਧਤ ਅਥਾਰਟੀਆਂ ਨੂੰ ਰਿਪੋਰਟ ਕੀਤੀ ਗਈ ਹੈ, ਜਿਵੇਂ ਕਿ ਭਾਰਤੀ ਰਿਜ਼ਰਵ ਬੈਂਕ ਵੱਲੋਂ ਦਿੱਲੀ ਹਾਈ ਕੋਰਟ ਦੇ ਸਾਹਮਣੇ ਕਾਰਵਾਈ ਵਿੱਚ ਪ੍ਰਮਾਣਿਤ ਕੀਤਾ ਗਿਆ ਹੈ।

ਨਿਊਜ਼ਕਲਿੱਕ ਦੀ ਵੈੱਬਸਾਈਟ 'ਤੇ ਪ੍ਰਕਾਸ਼ਿਤ ਕੀਤੀ ਗਈ ਸਾਰੀ ਪੱਤਰਕਾਰੀ ਸਮੱਗਰੀ ਇੰਟਰਨੈੱਟ 'ਤੇ ਉਪਲਬਧ ਹੈ ਅਤੇ ਕੋਈ ਵੀ ਇਸ ਨੂੰ ਦੇਖ ਸਕਦਾ ਹੈ।

ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਇਕ ਵੀ ਲੇਖ ਜਾਂ ਵੀਡੀਓ ਦਾ ਹਵਾਲਾ ਨਹੀਂ ਦਿੱਤਾ ਹੈ ਜਿਸ ਨੂੰ ਉਹ ਚੀਨੀ ਪ੍ਰਚਾਰ ਮੰਨਦੇ ਹਨ।

ਦਰਅਸਲ, ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਵੱਲੋਂ ਅਪਣਾਈ ਗਈ ਪੁੱਛਗਿੱਛ ਦੀ ਲਾਈਨ - ਦਿੱਲੀ ਦੰਗਿਆਂ, ਕਿਸਾਨਾਂ ਦੇ ਰੋਸ-ਮੁਜ਼ਾਹਰਿਆਂ ਆਦਿ ਦੀਆਂ ਰਿਪੋਰਟਾਂ ਬਾਰੇ ਹੈ, ਇਹ ਸਭ ਮੌਜੂਦਾ ਕਾਰਵਾਈ ਦੇ ਪਿੱਛੇ ਪ੍ਰੇਰਿਤ ਅਤੇ ਮਾੜੇ ਇਰਾਦੇ ਨੂੰ ਦਰਸਾਉਂਦੇ ਹਨ।

ਸਾਨੂੰ ਅਦਾਲਤਾਂ ਅਤੇ ਨਿਆਂਇਕ ਪ੍ਰਕਿਰਿਆ 'ਤੇ ਪੂਰਾ ਭਰੋਸਾ ਹੈ। ਅਸੀਂ ਭਾਰਤ ਦੇ ਸੰਵਿਧਾਨ ਅਨੁਸਾਰ ਆਪਣੀ ਪੱਤਰਕਾਰੀ ਦੀ ਆਜ਼ਾਦੀ ਅਤੇ ਆਪਣੀ ਜ਼ਿੰਦਗੀ ਲਈ ਲੜਾਂਗੇ।

ਪੁੱਛਗਿੱਛ ਤੋਂ ਬਾਅਦ ਦੋ ਪੱਤਰਕਾਰਾਂ ਪਰੰਜੋਏ ਗੁਹਾ ਠਾਕੁਰਤਾ ਅਤੇ ਅਭਿਸਾਰ ਸ਼ਰਮਾ ਨੂੰ ਘਰ ਜਾਣ ਦਿੱਤਾ ਗਿਆ।

ਹੁਣ ਇਸ ਪੂਰੇ ਮਾਮਲੇ 'ਤੇ ਦੋਵਾਂ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ।

ਲੰਬੀ ਪੁੱਛਗਿੱਛ ਤੋਂ ਬਾਅਦ ਪਰੰਜੋਏ ਗੁਹਾ ਠਾਕੁਰਤਾ ਲੋਧੀ ਰੋਡ 'ਤੇ ਸਥਿਤ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਦਫ਼ਤਰ ਤੋਂ ਬਾਹਰ ਆਏ।

ਉੱਥੇ ਉਨ੍ਹਾਂ ਨੇ ਮੀਡੀਆ ਨੂੰ ਕਿਹਾ ਸੀ, "ਅੱਜ ਸਵੇਰੇ ਨੌਂ ਪੁਲਿਸ ਵਾਲੇ ਗੁਰੂਗ੍ਰਾਮ 'ਚ ਮੇਰੇ ਘਰ ਆਏ। ਉੱਥੇ ਉਨ੍ਹਾਂ ਨੇ ਮੈਨੂੰ ਕੁਝ ਸਵਾਲ ਪੁੱਛੇ। ਮੈਂ ਆਪਣੀ ਮਰਜ਼ੀ ਨਾਲ ਉਨ੍ਹਾਂ ਨਾਲ ਸਪੈਸ਼ਲ ਸੈੱਲ ਦੇ ਦਫ਼ਤਰ ਆਇਆ ਸੀ।"

ਪੁੱਛਗਿੱਛ ਬਾਰੇ ਜਾਣਕਾਰੀ ਦਿੰਦੇ ਹੋਏ ਪਰੰਜੋਏ ਗੁਹਾ ਠਾਕੁਰਤਾ ਨੇ ਕਿਹਾ, "ਉਨ੍ਹਾਂ ਨੇ ਮੈਨੂੰ ਪੁੱਛਿਆ ਕਿ ਕੀ ਮੈਂ ਨਿਊਜ਼ ਕਲਿੱਕ ਦਾ ਕਰਮਚਾਰੀ ਹਾਂ, ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਉੱਥੇ ਸਲਾਹਕਾਰ ਹਾਂ।"

"ਇਸ ਤੋਂ ਇਲਾਵਾ, ਉਨ੍ਹਾਂ ਨੇ ਮੈਨੂੰ ਪੁੱਛਿਆ ਕਿ ਕੀ ਮੈਂ ਦਿੱਲੀ ਦੰਗਿਆਂ ਨੂੰ ਕਵਰ ਕੀਤਾ ਸੀ, ਕੀ ਮੈਂ ਕਿਸਾਨ ਅੰਦੋਲਨ ਨੂੰ ਕਵਰ ਕੀਤਾ ਸੀ? ਉਨ੍ਹਾਂ ਨੇ ਮੈਨੂੰ ਮੇਰੀ ਤਨਖ਼ਾਹ ਪੁੱਛੀ, ਜਿਸਦਾ ਮੈਂ ਜਵਾਬ ਦਿੱਤਾ।"

ਉਨ੍ਹਾਂ ਅੱਗੇ ਕਿਹਾ, "ਇੱਥੇ ਆਉਣ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਯੂਏਪੀਏ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮੈਂ ਸਵੇਰੇ ਕਰੀਬ 8.30 ਵਜੇ ਇੱਥੇ ਆਇਆ ਸੀ ਅਤੇ ਹੁਣ ਜਾ ਰਿਹਾ ਹਾਂ।"

ਇਸ ਦੇ ਨਾਲ ਹੀ ਪੱਤਰਕਾਰ ਅਭਿਸਾਰ ਸ਼ਰਮਾ ਤੋਂ ਵੀ ਪੁੱਛਗਿੱਛ ਖ਼ਤਮ ਹੋ ਗਈ ਹੈ।

ਉਨ੍ਹਾਂ ਨੇ ਟਵੀਟ ਕੀਤਾ, "ਦਿੱਲੀ ਪੁਲਿਸ ਦੇ ਸਪੈਸ਼ਲ ਵੱਲੋਂ ਇਕ ਦਿਨ ਦੀ ਪੁੱਛਗਿੱਛ ਤੋਂ ਬਾਅਦ ਮੈਂ ਘਰ ਪਰਤਿਆ ਹਾਂ। ਹਰ ਸਵਾਲ ਦਾ ਜਵਾਬ ਦਿੱਤਾ ਜਾਵੇਗਾ, ਡਰਨ ਦੀ ਲੋੜ ਨਹੀਂ।

ਅਭਿਸਾਰ ਸ਼ਰਮਾ

ਤਸਵੀਰ ਸਰੋਤ, Abhisar Sharma/X

ਅਭਿਸਾਰ ਨੇ ਅੱਗੇ ਲਿਖਿਆ, "ਮੈਂ ਸੱਤਾ ਵਿੱਚ ਬੈਠੇ ਲੋਕਾਂ ਤੋਂ ਸਵਾਲ ਕਰਦਾ ਰਹਾਂਗਾ, ਖ਼ਾਸ ਕਰਕੇ ਉਨ੍ਹਾਂ ਨੂੰ ਜੋ ਸਵਾਲਾਂ ਤੋਂ ਡਰਦੇ ਹਨ। ਪਿੱਛੇ ਹਟਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।"

ਪੱਤਰਕਾਰਾਂ ਦੇ ਘਰਾਂ ਵਿੱਚ ਛਾਪੇਮਾਰੀਆਂ

ਦਿੱਲੀ ਪੁਲਿਸ

ਤਸਵੀਰ ਸਰੋਤ, ANI

ਨਿਊਜ਼ ਵੈੱਬਸਾਈਟ ਨਿਊਜ਼ ਕਲਿੱਕ ਨਾਲ ਜੁੜੇ ਕਈ ਪੱਤਰਕਾਰਾਂ ਦੇ ਘਰਾਂ ਉੱਤੇ ਮੰਗਲਵਾਰ ਦੀ ਸਵੇਰ ਦਿੱਲੀ ਪੁਲਿਸ ਵੱਲੋਂ ਛਾਪੇਮਾਰੀਆਂ ਕੀਤੀਆਂ ਗਈਆਂ।

ਪ੍ਰੈੱਸ ਕਲੱਬ ਆਫ਼ ਇੰਡੀਆ ਨੇ ਕਿਹਾ, ‘‘ਪੱਤਰਕਾਰਾਂ ਅਤੇ ਨਿਊਜ਼ ਕਲਿੱਕ ਨਾਲ ਜੁੜੇ ਲੋਕਾਂ ਦੇ ਘਰਾਂ ਉੱਤੇ ਛਾਪੇਮਾਰੀ ਬੇਹੱਦ ਚਿੰਤਾਜਨਕ ਹੈ। ਅਸੀਂ ਮਾਮਲੇ ਉੱਤੇ ਨਜ਼ਰ ਬਣਾਈ ਹੋਈ ਹੈ। ਅਸੀਂ ਪੱਤਰਕਾਰਾਂ ਦੇ ਨਾਲ ਖੜ੍ਹੇ ਹਾਂ ਅਤੇ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਹੋਰ ਜਾਣਕਾਰੀ ਦਿੱਤੀ ਜਾਵੇ।’’

ਕੁਝ ਸਮਾਂ ਪਹਿਲਾਂ ਹੀ ਇਸ ਨਿਊਜ਼ ਪੋਰਟਲ ਉੱਤੇ ਚੀਨ ਤੋਂ ਫੰਡਿੰਗ ਲੈਣ ਦੇ ਇਲਜ਼ਾਮ ਲੱਗੇ ਸਨ ਅਤੇ ਈਡੀ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ।

ਇਸ ਮਾਮਲੇ ਵਿੱਚ ਹੁਣ ਤੱਕ ਕਿਸੇ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਖ਼ਬਰ ਨਹੀਂ ਹੈ। ਦਿੱਲੀ ਪੁਲਿਸ ਦੀ ਪ੍ਰਤੀਕਿਰਿਆ ਦਾ ਇੰਤਜ਼ਾਰ ਹੈ।

ਪੱਤਰਕਾਰ ਅਭਿਸਾਰ ਸ਼ਰਮਾ ਨੇ ਇੱਕ ਟਵੀਟ ਵਿੱਚ ਕਿਹਾ, ‘‘ਦਿੱਲੀ ਪੁਲਿਸ ਮੇਰੇ ਘਰ ਪਹੁੰਚੀ ਹੈ। ਪੁਲਿਸ ਮੇਰਾ ਲੈਪਟੌਪ ਅਤੇ ਫ਼ੋਨ ਲੈ ਕੇ ਜਾ ਰਹੀ ਹੈ।’’

ਅਭਿਸਾਰ ਸ਼ਰਮਾ

ਤਸਵੀਰ ਸਰੋਤ, Twitter

ਖ਼ਬਰ ਏਜੰਸੀ ਏਐੱਨਆਈ ਨੇ ਦੱਸਿਆ ਕਿ ਨਿਊਜ਼ ਕਲਿੱਕ ਨਾਲ ਜੁੜੀਆਂ 30 ਤੋਂ ਵੱਧ ਥਾਵਾਂ ਉੱਤੇ ਛਾਪੇਮਾਰੀ ਜਾਰੀ ਹੈ।

ਪੱਤਰਕਾਰ ਭਾਸ਼ਾ ਸਿੰਘ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ‘‘ਇਸ ਫ਼ੋਨ ਤੋਂ ਇਹ ਮੇਰਾ ਆਖ਼ਰੀ ਟਵੀਟ ਹੈ। ਦਿੱਲੀ ਪੁਲਿਸ ਨੇ ਮੇਰਾ ਫ਼ੋਨ ਜ਼ਬਤ ਕਰ ਲਿਆ ਹੈ।’’

ਭਾਸ਼ਾ ਸਿੰਘ

ਤਸਵੀਰ ਸਰੋਤ, Twitter

ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਅਗਸਤ ’ਚ ਕੀ ਕਿਹਾ ਸੀ?

ਅਗਸਤ ਵਿੱਚ ਵੀ ਇਹ ਨਿਊਜ਼ ਪੋਰਟਲ ਚਰਚਾ ਵਿੱਚ ਸੀ। ਇਸ ਵੈੱਬਸਾਈਟ ਦਾ ਹਵਾਲਾ ਦਿੰਦਿਆਂ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਰਾਹੁਲ ਗਾਂਧੀ ਉੱਤੇ ਨਿਸ਼ਾਨਾ ਸਾਧਿਆ ਸੀ।

ਉਨ੍ਹਾਂ ਨੇ ਇਲਜ਼ਾਮ ਲਗਾਇਆ ਸੀ, ‘‘ਰਾਹੁਲ ਜੀ ਦੀ ਨਕਲੀ ਮੁਹੱਬਤ ਦੀ ਦੁਕਾਨ ਵਿੱਚ ਚੀਨੀ ਸਮਾਨ ਸਾਹਮਣੇ ਆਉਣ ਲੱਗਾ ਹੈ।’’

ਕੇਂਦਰੀ ਮੰਤਰੀ ਨੇ ਇਲਜ਼ਾਮ ਲਗਾਇਆ ਕਿ ਇੱਕ ਏਜੰਡੇ ਤਹਿਤ ਭਾਰਤ ਖ਼ਿਲਾਫ਼ ਮਾੜਾ ਪ੍ਰਚਾਰ ਕੀਤਾ ਜਾਂਦਾ ਸੀ।

ਅਨੁਰਾਗ ਠਾਕੁਰ ਨੇ ਅਗਸਤ ਵਿੱਚ ਕਿਹਾ ਸੀ, ‘‘ਅਸੀਂ 2021 ਵਿੱਚ ਹੀ ਨਿਊਜ਼ ਕਲਿੱਕ ਬਾਰੇ ਖ਼ੁਲਾਸਾ ਕੀਤਾ ਕਿ ਕਿਵੇਂ ਵਿਦੇਸ਼ੀ ਹੱਥ ਭਾਰਤ ਖ਼ਿਲਾਫ਼ ਹਨ, ਕਿਵੇਂ ਵਿਦੇਸ਼ੀ ਪ੍ਰੋਪੇਗੇਂਡਾ ਭਾਰਤ ਖ਼ਿਲਾਫ਼ ਹੈ ਅਤੇ ਐਂਟੀ ਇੰਡੀਆ, ਬ੍ਰੇਕ ਇੰਡੀਆ ਕੈਂਪੇਨ ਵਿੱਚ ਕਾਂਗਰਸ ਅਤੇ ਵਿਰੋਧੀ ਦਲ ਉਨ੍ਹਾਂ ਦੇ ਸਮਰਥਨ ਵਿੱਚ ਸਾਹਮਣੇ ਆਏ।’’

ਉਨ੍ਹਾਂ ਨੇ ਉਦੋਂ ਇਲਜ਼ਾਮ ਲਗਾਇਆ ਸੀ ਕਿ ਚੀਨੀ ਕੰਪਨੀਆਂ ਨਿਊਜ਼ ਕਲਿੱਕ ਨੂੰ ਨੇਵਿਲ ਰਾਏ ਸਿੰਘਮ ਦੇ ਰਾਹੀਂ ਫੰਡ ਕਰ ਰਹੀਆਂ ਸਨ ਪਰ ਉਨ੍ਹਾਂ ਦੇ ਜੋ ਸੇਲਜ਼ਮੇਨ ਹਨ, ਉਹ ਹਿੰਦੁਸਤਾਨੀ ਹਨ। ਅਤੇ ਜਦੋਂ ਭਾਰਤ ਸਰਕਾਰ ਨੇ ਨਿਊਜ਼ ਵੈੱਬਸਾਈਟ ਖ਼ਿਲਾਫ਼ ਕਾਰਵਾਈ ਕੀਤੀ ਤਾਂ ਇਹ ਉਨ੍ਹਾਂ ਦੇ ਸਮਰਥਨ ਵਿੱਚ ਆ ਗਏ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)