ਸੁਪਰ ਕੰਪਿਊਟਰ ਪਰਮ ਰੁਦਰਾ ਕੀ ਹੈ? ਅਰਕਾ ਅਤੇ ਅਰੁਣੀਕਾ ਖੇਤੀ ਲਈ ਕਿਵੇਂ ਲਾਹੇਵੰਦ ਹੋਣਗੇ

ਤਸਵੀਰ ਸਰੋਤ, dst.gov.in
- ਲੇਖਕ, ਬੀ ਨਵੀਨ
- ਰੋਲ, ਬੀਬੀਸੀ ਪੱਤਰਕਾਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ, 26 ਸਤੰਬਰ ਨੂੰ ਤਿੰਨ ਪਰਮ ਰੁਦਰਾ ਕੰਪਿਊਟਰਾਂ ਦਾ ਉਦਘਾਟਨ ਕੀਤਾ, ਜੋ ਪੂਰੀ ਤਰ੍ਹਾਂ ਸਵਦੇਸ਼ੀ ਢੰਗ ਨਾਲ ਤਿਆਰ ਕੀਤੇ ਗਏ ਹਨ।
ਇਨ੍ਹਾਂ ਨੂੰ ਦਿੱਲੀ, ਕੋਲਕਾਤਾ ਅਤੇ ਪੁਣੇ ਵਿੱਚ 130 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਿਤ ਕੀਤਾ ਗਿਆ ਹੈ।
ਪ੍ਰਧਾਨ ਮੰਤਰੀ ਨੇ ਜਲਵਾਯੂ ਖੋਜ ਲਈ 850 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਗਏ ਹਾਈ-ਪਰਫ਼ੋਰਮੈਂਸ ਕੰਪਿਊਟਿੰਗ ਸਿਸਟਮ (ਐੱਚਪੀਸੀ) ਅਰਕਾ ਅਤੇ ਅਰੁਣਿਕਾ ਦਾ ਵੀ ਉਦਘਾਟਨ ਕੀਤਾ।
ਇਸ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਮੌਜੂਦਾ ਸਮੇਂ ਵਿੱਚ ਅਜਿਹਾ ਕੋਈ ਖੇਤਰ ਨਹੀਂ ਹੈ ਜੋ ਤਕਨੀਕ ਅਤੇ ਕੰਪਿਊਟਰਾਂ ਉੱਤੇ ਨਿਰਭਰ ਨਾ ਕਰਦਾ ਹੋਵੇ।”
“ਇਸ ਤਕਨੀਕੀ ਕ੍ਰਾਂਤੀ ਵਿੱਚ ਸਾਡੀ ਹਿੱਸੇਦਾਰੀ ਬਿਟਸ ਜਾਂ ਬਾਈਟਸ ਦੀ ਨਹੀਂ ਹੋਣੀ ਚਾਹੀਦੀ ਬਲਕਿ ਟੈਰਾਬਾਈਟ ਤੇ ਪੈਟਾਪਾਈਟ ਦੀ ਹੋਣੀ ਚਾਹੀਦੀ ਹੈ। (ਯਾਨੀ ਥੋੜ੍ਹੀ-ਬਹੁਤ ਨਹੀਂ ਬਲਕਿ ਗਿਣਨਯੋਗ ਹੋਣੀ ਚਾਹੀਦੀ ਹੈ)”
ਸਮਝਦੇ ਹਾਂ ਕਿ ਪਰਮ ਰੁਦਰਾ ਸੁਪਰ ਕੰਪਿਊਟਰ ਕੀ ਹਨ? ਇੰਨਾ ਹੀ ਨਹੀਂ ਇਹ ਵੀ ਜਾਣਦੇ ਹਾਂ ਕਿ ਅਰਕਾ ਅਤੇ ਅਰੁਣਿਕਾ ਦੇ ਟੀਚੇ ਕੀ ਹਨ?

ਪਰਮ ਰੁਦਰਾ ਸੁਪਰਕੰਪਿਊਟਰਜ਼ ਦੀ ਵਰਤੋਂ ਕੀ ਹੈ?
ਪਰਮ ਰੁਦਰਾ ਸੁਪਰਕੰਪਿਊਟਰ 'ਰੁਦਰਾ' ਸਰਵਰਾਂ ਦੇ ਨਾਲ ਮਿਲ ਕੇ ਕੰਮ ਕਰਦੇ ਹਨ।
ਇਨ੍ਹਾਂ ਨੂੰ ਦਿੱਲੀ, ਪੁਣੇ ਅਤੇ ਕੋਲਕਾਤਾ ਸ਼ਹਿਰਾਂ ਵਿੱਚ ਲਗਾਇਆ ਗਿਆ ਹੈ। ਡਿਜ਼ਾਈਨ ਤੋਂ ਲੈ ਕੇ ਨਿਰਮਾਣ ਤੱਕ, ਸਭ ਕੁਝ ਭਾਰਤ ਵਿੱਚ ਤਿਆਰ ਕੀਤਾ ਗਿਆ ਸੀ।
ਇਨ੍ਹਾਂ ਸੁਪਰਕੰਪਿਊਟਰਾਂ ਨੂੰ ਸੈਂਟਰ ਫਾਰ ਡਿਵੈਲਪਮੈਂਟ ਆਫ਼ ਐਡਵਾਂਸਡ ਕੰਪਿਊਟਿੰਗ (ਸੀ-ਡੀਏਸੀ) ਨੇ ਨੈਸ਼ਨਲ ਸੁਪਰਕੰਪਿਊਟਿੰਗ ਮਿਸ਼ਨ (ਐੱਨਐੱਸਐੱਮ) ਦੇ ਹਿੱਸੇ ਵਜੋਂ ਵਿਕਸਤ ਕੀਤਾ ਹੈ।
ਸਰਕਾਰ ਦਾ ਕਹਿਣਾ ਹੈ ਕਿ ਇਹ ਸੁਪਰ ਕੰਪਿਊਟਰ ਧਰਤੀ ਵਿਗਿਆਨ, ਭੌਤਿਕ ਵਿਗਿਆਨ, ਬ੍ਰਹਿਮੰਡ ਵਿਗਿਆਨ ਵਰਗੇ ਵਿਸ਼ਿਆਂ ਦੀ ਡੂੰਘਾਈ ਨਾਲ ਖੋਜ ਕਰਨ ਲਈ ਉਪਯੋਗੀ ਸਿੱਧ ਹੋਣਗੇ।
ਇਹ ਕਿਹਾ ਜਾਂਦਾ ਹੈ ਕਿ 350 ਤੋਂ ਵੱਧ ਯੂਨੀਵਰਸਿਟੀਆਂ ਵਿੱਚ ਖੋਜਕਰਤਾਵਾਂ ਅਤੇ ਦੇਸ਼ ਭਰ ਦੀਆਂ ਸੰਸਥਾਵਾਂ ਇਨ੍ਹਾਂ ਸੁਪਰ ਕੰਪਿਊਟਰਾਂ ਦੀਆਂ ਸੇਵਾਵਾਂ ਦੀ ਵਰਤੋਂ ਕਰ ਸਕਦੀਆਂ ਹਨ।

ਤਸਵੀਰ ਸਰੋਤ, Getty Images
ਅਰਕਾ ਅਤੇ ਅਰੁਣਿਕਾ ਕੀ ਕਰਨਗੇ?
ਸਮੇਂ ਦੇ ਨਾਲ ਜਲਵਾਯੂ ਪਰਿਵਰਤਨ ਦੀ ਨੇੜਿਓਂ ਨਿਗਰਾਨੀ ਕਰਨ ਲਈ ਜਲਵਾਯੂ ਵਿਗਿਆਨ ਵਿੱਚ ਖੋਜ ਲਈ ਹਾਈ-ਪ੍ਰਫ਼ੋਰਮੈਂਸ ਕੰਪਿਊਟਰ (ਐੱਚਪੀਸੀ) ਸਿਸਟਮ ਵਿਕਸਿਤ ਕੀਤੇ ਗਏ ਹਨ।
ਉਨ੍ਹਾਂ ਦਾ ਨਾਮ ਅਰਕਾ ਅਤੇ ਅਰੁਨੀਕਾ ਰੱਖਿਆ ਗਿਆ।
ਇੱਕ ਹਾਈ-ਪ੍ਰਫ਼ੋਰਮੈਂਸ ਕੰਪਿਊਟਰ ਸਿਸਟਮ ਇੱਕ ਅਜਿਹਾ ਸਿਸਟਮ ਹੈ ਜੋ ਡਾਟਾ ਨੂੰ ਬਹੁਤ ਤੇਜ਼ੀ ਨਾਲ ਪ੍ਰੋਸੈਸ ਕਰਦਾ ਹੈ, ਸਭ ਤੋਂ ਗੁੰਝਲਦਾਰ ਗਣਨਾਵਾਂ ਜਾਂ ਸਮੀਕਰਣਾਂ ਨੂੰ ਵੀ ਪੂਰਾ ਕਰ ਸਕਦਾ ਹੈ।
ਇਹ ਪ੍ਰਣਾਲੀਆਂ ਪੁਣੇ ਵਿੱਚ ਇੰਡੀਅਨ ਇੰਸਟੀਚਿਊਟ ਆਫ਼ ਟ੍ਰੋਪਿਕਲ ਮੈਟਾਲਰਜੀ (ਆਈਆਈਟੀਐੱਮ) ਵਿੱਚ ਸਥਾਪਿਤ ਕੀਤੀਆਂ ਗਈਆਂ ਹਨ ਅਤੇ ਨੈਸ਼ਨਲ ਸੈਂਟਰ ਫ਼ਾਰ ਮੀਡੀਅਮ ਰੇਂਜ ਵੈਦਰ ਫ਼ੋਰਕਾਸਟਿੰਗ, ਨੋਇਡਾ ਵਿੱਚ ਵੀ।
ਸਰਕਾਰ ਨੇ ਕਿਹਾ ਕਿ ਇਹ ਅਤਿ-ਆਧੁਨਿਕ ਟੈਕਨੀਕੀ ਪ੍ਰਣਾਲੀਆਂ ਇਨ੍ਹਾਂ ਸੰਸਥਾਵਾਂ ਨੂੰ ਗੰਭੀਰ ਮੌਸਮਾਂ ਜਿਵੇਂ ਕਿ ਭਾਰੀ ਤੂਫ਼ਾਨ, ਭਾਰੀ ਵਰਖਾ, ਹੜ੍ਹ, ਚੱਤਰਵਾਤ, ਬਿਜਲੀ ਡਿੱਗਣ ਅਤੇ ਗੜੇਮਾਰੀ ਆਦਿ ਬਾਰੇ ਵਧੇਰੇ ਸਹੀ ਭਵਿੱਖਬਾਣੀ ਕਰਨ ਦੇ ਸਮਰੱਥ ਬਣਾਉਣਗੀਆਂ।
ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਜੇਕਰ ਜਲਵਾਯੂ ਪਰਿਵਰਤਨ ਦੀ ਭਵਿੱਖਬਾਣੀ ਸਮਾਂ ਰਹਿੰਦਿਆਂ ਅਤੇ ਸਹੀ ਕੀਤੀ ਜਾਵੇ ਤਾਂ ਕੁਦਰਤੀ ਆਫਤਾਂ ਨਾਲ ਹੋਣ ਵਾਲੇ ਨੁਕਸਾਨ ਨੂੰ ਕਾਫੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ ਅਤੇ ਇਹ ਹਾਈ-ਪ੍ਰਫ਼ੋਰਮੈਂਸ ਸਿਸਟਮ ਉਸ ਲਈ ਸਹਾਇਕ ਸਿੱਧ ਹੋਣਗੇ।

ਤਸਵੀਰ ਸਰੋਤ, Getty Images
ਖੇਤੀ ਖੇਤਰ ਲਈ ਫ਼ਾਇਦਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਅਧਿਕਾਰਤ ਯੂ-ਟਿਊਬ ਚੈਨਲ 'ਤੇ ਇੱਕ ਵੀਡੀਓ ਅਪਲੋਡ ਕਰਕੇ ਇਸ ਨਵੀਂ ਤਕਨੀਕੀ ਪ੍ਰਣਾਲੀ ਦੇ ਖੇਤੀ ਖੇਤਰ ਨੂੰ ਹੋਣ ਵਾਲੇ ਫ਼ਾਇਦਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।
ਉਨ੍ਹਾਂ ਕਿਹਾ ਕਿ ਸੁਪਰ ਕੰਪਿਊਟਿੰਗ ਦੀ ਮਦਦ ਨਾਲ ਕੀਤੀ ਗਈ ਡੂੰਘੀ ਖੋਜ ਅਤੇ ਅੰਕੜਿਆਂ ਦੇ ਵਿਸ਼ਲੇਸ਼ਣ ਸਦਕਾ ਖੇਤੀ ਖੇਤਰ ਵਿੱਚ ਕ੍ਰਾਂਤੀਕਾਰੀ ਬਦਲਾਅ ਹੋਣਗੇ।
ਵੀਡੀਓ ਵਿੱਚ, ਇਹ ਸਮਝਾਇਆ ਗਿਆ ਸੀ ਕਿ ਵਿਗਿਆਨੀ ਇਨ੍ਹਾਂ ਸੁਪਰਕੰਪਿਊਟਿੰਗ ਸਿਸਟਮਜ਼ ਦੀ ਵਰਤੋਂ ਕਰਕੇ ਕੀਤੀ ਖੋਜ ਦੇ ਅਧਾਰ ਤੇ ਬਿਹਤਰ ਬੀਜ, ਵਧੇਰੇ ਗੁਣਵੱਤਾ ਖਾਦ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾ ਸਕਦੇ ਹਨ।
ਨਾਲ ਹੀ, ਮੌਸਮੀ ਤਬਦੀਲੀ ਦੀਆਂ ਵਧੇਰੇ ਸਹੀ ਭਵਿੱਖਬਾਣੀਆਂ ਕਰਕੇ ਕਿਸਾਨਾਂ ਨੂੰ ਬਿਜਾਈ ਕਦੋਂ ਕਰਨੀ ਹੈ ਵਰਗੀ ਲਾਹੇਵੰਦ ਜਾਣਕਾਰੀ ਸਮੇਂ ਸਿਰ ਦੇ ਸਕਦੇ ਹਨ।
ਪ੍ਰਧਾਨ ਮੰਤਰੀ ਮੁਤਾਬਿਕ ਇਹ ਪ੍ਰਣਾਲੀ ਕਿਸਾਨਾਂ ਦਾ ਹਰ ਪੱਧਰ ਉੱਤੇ ਮਾਰਗ ਦਰਸ਼ਨ ਕਰਨ ਦੇ ਯੋਗ ਹੈ।
ਉਨ੍ਹਾਂ ਕਿਹਾ ਕਿ ਫਸਲ ਦੀ ਕਟਾਈ ਦੇ ਸਮੇਂ ਨਾਲ ਸਬੰਧਿਤ ਸਵਾਲਾਂ ਦੀ ਜਵਾਬ ਇਸ ਸਿਸਟਮ ਜ਼ਰੀਏ ਬਹੁਤ ਸੌਖਿਆਂ ਮਿਲ ਸਕਦੇ ਹਨ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ''ਸੁਪਰ ਕੰਪਿਊਟਿੰਗ ਸਿਸਟਮ ਕਈ ਨਵੀਆਂ ਕਾਢਾਂ ਲਿਆਏਗਾ। ਜਿਵੇਂ-ਜਿਵੇਂ ਖੋਜ ਦੀ ਗੁਣਵੱਤਾ ਵਧੇਗੀ ਉਸ ਦੇ ਨਾਲ ਨਵੇਂ ਪ੍ਰਯੋਗ ਕਰਨ ਦੇ ਬੇਅੰਤ ਮੌਕੇ ਪੈਦਾ ਹੋਣਗੇ।"

ਤਸਵੀਰ ਸਰੋਤ, nsmindia.in
ਇਸ ਮਿਸ਼ਨ ਦੇ ਮੁੱਖ ਮਕਸਦ ਕੀ ਹਨ?
ਨੈਸ਼ਨਲ ਸੁਪਰਕੰਪਿਊਟਿੰਗ ਮਿਸ਼ਨ ਦੀ ਅਧਿਕਾਰਿਤ ਵੈੱਬਸਾਈਟ 'ਤੇ ਇਸ ਮਿਸ਼ਨ ਦੇ ਮਕਸਦ ਬਾਰੇ ਜਾਣਕਾਰੀ ਦਿੱਤੀ ਗਈ ਹੈ।
- ਭਾਰਤ ਨੂੰ ਸੁਪਰ ਕੰਪਿਊਟਿੰਗ ਵਿੱਚ ਦੁਨੀਆ ਦੇ ਮੋਹਰੀ ਦੇਸ਼ਾਂ ਵਿੱਚ ਸ਼ੁਮਾਰ ਕਰਵਾਉਣਾ
- ਭਾਰਤ ਨੂੰ ਦੇਸ਼ ਦੇ ਨਾਲ-ਨਾਲ ਪੂਰੀ ਦੁਨੀਆ ਨੂੰ ਦਰਪੇਸ਼ ਸਮੱਸਿਆਵਾਂ ਦਾ ਹੱਲ ਲੱਭਣ ਦੀ ਆਪਣੀ ਸਮਰੱਥਾ ਰੱਖਣ ਦੇ ਯੋਗ ਬਣਾਉਣਾ
- ਅਤਿ-ਆਧੁਨਿਕ ਸੁਪਰ ਕੰਪਿਊਟਿੰਗ ਸਹੂਲਤਾਂ ਦੀ ਵਿਵਸਥਾ ਦੇ ਨਾਲ, ਦੇਸ਼ ਦੇ ਵਿਗਿਆਨੀਆਂ ਅਤੇ ਖੋਜਕਰਤਾਵਾਂ ਨੂੰ ਉੱਨਤ ਅਤੇ ਅਤਿ ਆਧੁਨਿਕ ਖੋਜ ਕਰਨ ਲਈ ਉਤਸ਼ਾਹਿਤ ਕਰਨਾ
- ਬੇਲੋੜੇ ਕੰਮਾਂ 'ਤੇ ਖਰਚ ਕੀਤੇ ਗਏ ਸਮੇਂ ਅਤੇ ਮਿਹਨਤ ਨੂੰ ਘਟਾਉਣਾ ਅਤੇ ਨਕਲ ਨੂੰ ਖ਼ਤਮ ਕਰਨਾ।
- ਆਲਮੀ ਮੁਕਾਬਲੇ ਤੋਂ ਬਚਣ ਲਈ ਸੁਪਰ ਕੰਪਿਊਟਿੰਗ ਤਕਨਾਲੋਜੀ ਵਿੱਚ ਭਾਰਤ ਦੀ ਸਵੈ-ਨਿਰਭਰ ਬਣਾਉਣਾ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












