ਕੀ ਕਦੇ ਏਲੀਅਨਜ਼ ਧਰਤੀ 'ਤੇ ਆਏ ਸਨ, ਜੇਕਰ ਅਸਲ ਵਿੱਚ ਏਲੀਅਨਜ਼ ਹਨ ਤਾਂ ਮਨੁੱਖ ਉਨ੍ਹਾਂ ਤੱਕ ਕਦੋਂ ਪਹੁੰਚ ਸਕੇਗਾ

ਰਾਤ ਨੂੰ ਤਾਰਿਆਂ ਨਾਲ ਭਰੇ ਅਸਮਾਨ ਵੱਲ ਦੇਖੋ ਅਤੇ ਫ਼ਿਰ ਆਪਣੇ ਆਪ ਤੋਂ ਪੁੱਛੋ, ਕੀ ਅਸੀਂ ਸੱਚਮੁੱਚ ਇੱਕ ਇੰਨੇ ਵਿਸ਼ਾਲ ਬ੍ਰਹਿਮੰਡ ਵਿੱਚ ਇਕੱਲੇ ਹਾਂ ਜਿਸਨੂੰ ਪੂਰੀ ਤਰ੍ਹਾਂ ਸਮਝਿਆ ਨਹੀਂ ਜਾ ਸਕਦਾ?

ਸ਼ਾਇਦ ਨਹੀਂ। ਧਰਤੀ ਅਰਬਾਂ ਹੋਰ ਥਾਵਾਂ ਦੇ ਵਿਸ਼ਾਲ ਸਮੁੰਦਰ ਵਿੱਚ ਇੱਕ ਛੋਟਾ ਜਿਹਾ ਸਥਾਨ ਹੈ, ਇਸ ਜਾਂ ਕਿਸੇ ਹੋਰ ਆਕਾਸ਼ੀ ਇਲਾਕੇ ਵਿੱਚ ਅਸੀਂ ਇਕੱਲੇ ਜੀਵਨ ਕਿਵੇਂ ਹੋ ਸਕਦੇ ਹਾਂ?

ਸਵਾਲ ਹੈ ਕਿ ਅਸੀਂ ਧਰਤੀ ਵਰਗੇ ਸੰਪੂਰਨ ਨਿਯੰਤ੍ਰਿਤ ਵਾਤਾਵਰਣ ਤੋਂ ਬਾਹਰ ਜੀਵਨ ਬਾਰੇ ਕੀ ਜਾਣਦੇ ਹਾਂ?

ਬਹੁਤ ਸਾਰੇ ਮਾਹਰ ਕਹਿੰਦੇ ਹਨ ਕਿ ਏਲੀਅਨਜ਼ ਦੀ ਹੋਂਦ ਦੇ ਠੋਸ ਸਬੂਤਾਂ ਤੋਂ ਬਿਨ੍ਹਾਂ ਵੀ ਸਾਨੂੰ ਇਹ ਸਿੱਟਾ ਕੱਢਣਾ ਪਵੇਗਾ ਕਿ ਉਹ ਮੌਜੂਦ ਹਨ।

ਸਾਡੀ ਆਕਾਸ਼ਗੰਗਾ ਅੰਦਾਜ਼ਨ 200 ਅਰਬ ਗਲੈਕਸੀਆਂ ਵਿੱਚੋਂ ਇੱਕ ਹੈ ਅਤੇ ਇਸ ਵਿੱਚ ਤਕਰੀਬਨ 300 ਅਰਬ ਤਾਰੇ ਹਨ। ਸਾਡਾ ਆਪਣਾ ਤਾਰਾ ਸੂਰਜ ਧਰਤੀ ਉੱਤੇ ਜੀਵਨ ਦਾ ਮੁੱਖ ਸਰੋਤ ਹੈ।

ਅਤੇ ਵਿਗਿਆਨੀ ਲਗਾਤਾਰ ਉਨ੍ਹਾਂ ਤਾਰਿਆਂ ਦੁਆਲੇ ਘੁੰਮਦੇ ਗ੍ਰਹਿਆਂ ਦੀ ਖੋਜ ਕਰ ਰਹੇ ਹਨ, ਜਿਨ੍ਹਾਂ ਨੂੰ ਐਕਸੋਪਲੈਨੇਟਸ ਵੀ ਕਿਹਾ ਜਾਂਦਾ ਹੈ।

ਸੰਭਾਵਨਾਵਾਂ ਉੱਤੇ ਬੱਝੀ ਆਸ

ਪੁਲਾੜ ਵਿਗਿਆਨੀ ਡਾਕਟਰ ਮੈਗੀ ਐਡਰਿਨ ਪੋਕੌਕ ਕਹਿੰਦੇ ਹਨ,"ਸਾਨੂੰ ਪੂਰਾ ਯਕੀਨ ਹੈ ਕਿ ਇਹ ਮੌਜੂਦ ਹੈ।"

"ਇਹ ਸਿਰਫ਼ ਇੱਕ ਅੰਕਾਂ ਦੀ ਖੇਡ ਹੈ। ਪਰ ਇਸ ਦੀ ਸੰਭਾਵਨਾ ਹੈ।"

ਸਾਡੇ ਕੋਲ ਹੁਣ ਜੋ ਤਕਨਾਲੋਜੀ ਹੈ, ਉਹ ਸਾਨੂੰ ਇਨ੍ਹਾਂ ਬਾਹਰੀ ਗ੍ਰਹਿਆਂ ਦੀ ਵਿਸਥਾਰ ਨਾਲ ਜਾਂਚ ਕਰਨ ਦਾ ਰਾਹ ਦਿੰਦੀ ਹੈ।

ਵਿਗਿਆਨੀ ਇਨ੍ਹਾਂ ਆਕਾਸ਼ੀ ਪਿੰਡਾਂ ਦੀ ਰਸਾਇਣਕ ਬਣਤਰ ਨੂੰ ਦੇਖਣ ਦੇ ਯੋਗ ਹਨ ਜੋ ਆਪਣੇ ਤਾਰਿਆਂ ਦੁਆਲੇ ਘੁੰਮ ਰਹੇ ਹਨ ਸ਼ਕਤੀਸ਼ਾਲੀ ਦੂਰਬੀਨਾਂ ਦੀ ਵਰਤੋਂ ਕਰਕੇ ਉਨ੍ਹਾਂ ਵਿੱਚੋਂ ਲੰਘਣ ਵਾਲੇ ਤਾਰਿਆਂ ਦੀ ਰੌਸ਼ਨੀ ਦੀ ਰਸਾਇਣਕ ਬਣਤਰ ਦੀ ਜਾਂਚ ਕਰ ਸਕਦੇ ਹਨ।

ਇਸਨੂੰ ਸਪੈਕਟ੍ਰੋਸਕੋਪੀ ਕਿਹਾ ਜਾਂਦਾ ਹੈ।

ਮੁੱਖ ਗੱਲ ਇਹ ਹੈ ਕਿ ਧਰਤੀ ਦੇ ਸਮਾਨ ਰਸਾਇਣਕ ਰਚਨਾ ਲੱਭਣੀ ਯਾਨੀ ਵਾਤਾਵਰਣ ਕਿਤੇ ਹੋਰ ਮੌਜੂਦ ਹੈ, ਸ਼ਾਇਦ ਹਜ਼ਾਰਾਂ ਪ੍ਰਕਾਸ਼ ਸਾਲ ਦੂਰ ਜਿੱਥੇ ਸੰਭਾਵੀ ਤੌਰ 'ਤੇ ਸਾਡੇ ਵਾਂਗ ਜੀਵਨ ਹੋ ਸਕਦਾ ਹੈ।

ਜੋ ਹੁਣ ਤੱਕ ਸੰਕੇਤ ਮਿਲੇ ਹਨ ਉਹ ਉਤਸ਼ਾਹਜਨਕ ਹਨ।

ਯੂਨਾਈਟਿਡ ਕਿੰਗਡਮ ਦੀ ਮੈਨਚੈਸਟਰ ਯੂਨੀਵਰਸਿਟੀ ਤੋਂ ਖਗੋਲ ਭੌਤਿਕ ਵਿਗਿਆਨ ਦੇ ਪ੍ਰੋਫੈਸਰ ਟਿਮ ਓ'ਬ੍ਰਾਇਨ ਕਹਿੰਦੇ ਹਨ, "ਅਸੀਂ ਅਜਿਹੇ ਸੈਂਕੜੇ ਗ੍ਰਹਿਆਂ ਬਾਰੇ ਜਾਣਦੇ ਹਾਂ ਜੋ ਸੰਭਾਵੀ ਤੌਰ 'ਤੇ ਰਹਿਣ ਯੋਗ ਹਨ।"

"ਇਹ ਨਿਸ਼ਚਿਤ ਹੈ ਕਿ ਅਸੀਂ ਅਗਲੇ ਦਹਾਕੇ ਤੱਕ ਜਾਂ ਇਸ ਤੋਂ ਥੋੜ੍ਹੇ ਵੱਧ ਸਮੇਂ ਵਿੱਚ ਇੱਕ ਅਜਿਹਾ ਗ੍ਰਹਿ ਲੱਭਣ ਜਾ ਰਹੇ ਹਾਂ ਜਿੱਥੇ ਜੀਵਨ ਦੇ ਸੰਭਾਵੀ ਸਬੂਤ ਮਿਲ ਸਕਦੇ ਹਨ।"

ਇਸ ਤੋਂ ਵੀ ਵੱਧ ਉਤਸ਼ਾਹਜਨਕ ਸਬੂਤ ਧਰਤੀ ਉੱਤੇ ਮਿਲਦੇ ਹਨ।

ਜੀਵਨ ਕਿੱਥੇ ਸੰਭਵ ਹੈ

ਪ੍ਰੋਫੈਸਰ ਟਿਮ ਓ'ਬ੍ਰਾਇਨ ਕਹਿੰਦੇ ਹਨ,"ਜੀਵਤ ਜੀਵ ਅਜਿਹੀਆਂ ਥਾਵਾਂ 'ਤੇ ਪਾਏ ਗਏ ਹਨ ਜਿਨ੍ਹਾਂ ਨੂੰ ਪਹਿਲਾਂ ਕਿਸੇ ਵੀ ਕਿਸਮ ਦੇ ਜੀਵਨ ਦੀ ਸੰਭਾਵਨਾ ਕਰਨੀ ਔਖੀ ਸਮਝੀ ਜਾਂਦੀ ਹੋਵੇ। ਅਜਿਹੀਆਂ ਥਾਵਾਂ ਜਿੱਥੇ ਸੂਰਜ ਦੀ ਰੌਸ਼ਨੀ ਜਾਂ ਗਰਮੀ ਦੀ ਪਹੁੰਚ ਨਹੀਂ ਹੈ, ਉਦਾਹਰਣ ਵਜੋਂ ਸਮੁੰਦਰਾਂ ਦੀਆਂ ਸਭ ਤੋਂ ਡੂੰਘੀਆਂ ਖਾਈਆਂ ਵਿੱਚ।"

"ਪਹਿਲਾਂ, ਅਸੀਂ ਮੰਨਦੇ ਸੀ ਕਿ ਜੀਵਨ ਸਿਰਫ਼ ਉਸ ਗ੍ਰਹਿ 'ਤੇ ਹੀ ਮੌਜੂਦ ਹੋ ਸਕਦਾ ਹੈ ਜੋ ਆਪਣੇ ਸਥਾਨਕ ਤਾਰੇ ਤੋਂ ਇੱਕ ਨਿਸ਼ਚਿਤ ਦੂਰੀ 'ਤੇ ਹੋਵੇ (ਇਸ ਲਈ ਇਸ ਵਿੱਚ ਰੇਡੀਏਸ਼ਨ ਦਾ ਪੱਧਰ ਸਹੀ ਹੋਵੇ)।"

ਧਰਤੀ ਵਾਂਗ ਜੀਵਨ ਹੋਰ ਥਾਵਾਂ ਉੱਤੇ ਵੀ ਹੋ ਸਕਦਾ ਹੈ, ਕਦੀ ਅਸੀਂ ਸੋਚਿਆ ਵੀ ਨਹੀਂ ਸੀ ਕਿ ਇਹ ਸੰਭਵ ਹੈ। ਪਰ ਹੁਣ ਸਾਨੂੰ ਸੰਭਾਵਨਾ ਨਜ਼ਰ ਆਉਂਦੀ ਹੈ ਕਿ ਚੰਦਰਮਾ ਅਤੇ ਸਿਰਫ਼ ਗ੍ਰਹਿ ਹੀ ਨਹੀਂ ਹੋਰ ਗ੍ਰਹਿ ਵੀ ਹਨ ਜੋ ਜੀਵਨ ਦਾ ਸਮਰਥਨ ਕਰਨ ਦੇ ਯੋਗ ਹੋ ਸਕਦੇ ਹਨ।"

ਇਸਦਾ ਮਤਲਬ ਇਹ ਨਹੀਂ ਹੈ ਕਿ ਉਹ ਹਮੇਸ਼ਾਂ ਦੀ ਤਰ੍ਹਾਂ ਧਰਤੀ ਦੇ ਹਰੇ ਜੀਵਾਂ ਵਰਗੇ ਦਿਖਾਈ ਦਿੰਦੇ ਹਨ। ਬਸ ਇਹ ਕਿ ਉੱਥੇ ਜੀਵਨ ਸੰਭਵ ਹੈ ਅਤੇ ਜਿਉਂਦੇ ਰਹਿਣ ਦੇ ਯੋਗ ਹੈ।

ਮਾਹਰ ਚੇਤਾਵਨੀ ਦਿੰਦੇ ਹਨ ਕਿ ਭਾਵੇਂ ਇਸ ਗੱਲ ਦੀ ਸੰਭਾਵਨਾ ਬਹੁਤ ਜ਼ਿਆਦਾ ਹੈ ਕਿ ਬਾਹਰ ਜੀਵਨ ਹੈ, ਫਿਰ ਵੀ ਇਹ ਜਾਣਨਾ ਮੁਸ਼ਕਲ ਹੈ। ਸ਼ਾਇਦ ਫ਼ਿਲਹਾਲ ਲਈ ਅਸੰਭਵ ਹੈ ਕਿ ਕੀ ਇਹ ਜੀਵਨ ਵੀ ਮਨੁੱਖੀ ਦਿਮਾਗ ਵਾਂਗ ਚੱਲਦਾ ਹੈ।

ਪ੍ਰੋਫੈਸਰ ਓ'ਬ੍ਰਾਇਨ ਕਹਿੰਦੇ ਹਨ, "ਧਰਤੀ ਉੱਤੇ ਜੀਵਨ ਦੇ ਜ਼ਿਆਦਾਤਰ ਇਤਿਹਾਸ ਲਈ ਇਹ ਬਹੁਤ ਹੀ ਸਾਦਾ ਜੀਵਨ ਸੀ। ਦਰਅਸਲ, ਇਹ ਅਰਬਾਂ ਸਾਲਾਂ ਤੋਂ ਬੈਕਟੀਰੀਆ ਦਾ ਜੀਵਨ ਸੀ।"

ਅਤੇ ਇਹ ਅਚਾਨਕ ਵਾਪਰੀਆਂ ਘਟਨਾਵਾਂ ਦੀ ਇੱਕ ਲੜੀ ਸੀ ਜਿਸਨੇ ਸਾਡੇ ਗ੍ਰਹਿ 'ਤੇ ਬਹੁ-ਸੈਲੂਲਰ ਜੀਵਨ ਦਾ ਵਿਕਾਸ ਕੀਤਾ ਸੀ।

ਏਲੀਅਨ ਜੀਵਨ ਦੇ ਸੰਪਰਕ ਵਿੱਚ ਆਉਣ ਲਈ ਇਸ ਨੂੰ ਸਰੀਰਕ ਤੌਰ 'ਤੇ ਅਤੇ ਤਕਨੀਕੀ ਤੌਰ 'ਤੇ ਉੱਨਤ ਹੋਣ ਦੀ ਲੋੜ ਹੈ।

ਸੈਲਾਨੀਆਂ ਦੀ ਉਮੀਦ ਕਰ ਰਹੇ ਹੋ?

ਤਾਂ, ਜੇਕਰ ਅਸੀਂ ਇਕੱਲੇ ਨਹੀਂ ਹਾਂ। ਤਾਂ ਕੀ ਇਸਦਾ ਮਤਲਬ ਇਹ ਹੈ ਕਿ ਸਾਨੂੰ ਏਲੀਅਨ ਜੀਵਨ ਦੀ ਫੇਰੀ ਦੀ ਉਮੀਦ ਕਰਨੀ ਚਾਹੀਦੀ ਹੈ? ਇਹ ਗੁੰਝਲਦਾਰ ਹੈ।

ਇਹ ਵਿਸ਼ਵਾਸ ਕਰਨਾ ਔਖਾ ਹੈ ਕਿ ਕੋਈ ਵੀ ਜੀਵ ਕਦੇ ਵੀ ਉਸ ਬਿੰਦੂ 'ਤੇ ਨਹੀਂ ਪਹੁੰਚਿਆ ਜਿੱਥੇ ਉਹ ਤਾਰਿਆਂ ਵਿਚਕਾਰ ਦੂਰੀ ਤੈਅ ਕਰ ਸਕੇ।

ਤਾਂ, ਜਿੱਥੋਂ ਤੱਕ ਅਸੀਂ ਦੱਸ ਸਕਦੇ ਹਾਂ, ਇਹ ਅਜੇ ਤੱਕ ਕਿਉਂ ਨਹੀਂ ਹੋਇਆ?

ਡਾ. ਐਡਰਿਨ-ਪੋਕੌਕ ਕਹਿੰਦੇ ਹਨ, "ਸਾਡੀ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਸਾਡੇ ਕੋਲ ਜੀਵਨ ਦੀ ਸਿਰਫ਼ ਇੱਕ ਹੀ ਉਦਾਹਰਣ ਹੈ ਅਤੇ ਉਹ ਹੈ ਇਸ ਗ੍ਰਹਿ 'ਤੇ ਜੀਵਨ।"

ਪਰ ਇਹ ਸ਼ਾਇਦ ਬ੍ਰਹਿਮੰਡ ਵਿੱਚ ਕਿਤੇ ਹੋਰ ਜੀਵਨ ਲਈ ਇੱਕ ਬਲੂਪ੍ਰਿੰਟ ਨਹੀਂ ਹੈ।

"ਉਦਾਹਰਣ ਲਈ ਡਾਕਟਰ ਐਡਰਿਨ ਪੋਕੌਕ ਕਹਿੰਦੇ ਹਨ, "ਜੇ ਤੁਸੀਂ ਕਿਸੇ ਅਜਿਹੇ ਤਾਰੇ ਦੇ ਨੇੜੇ ਰਹਿੰਦੇ ਹੋ ਜੋ ਕਾਫ਼ੀ ਸਰਗਰਮ ਹੈ, ਤਾਂ ਸ਼ਾਇਦ ਤੁਸੀਂ ਜ਼ਮੀਨ ਦੇ ਹੇਠਾਂ ਰਹਿ ਸਕਦੇ ਹੋ। ਇਸਦਾ ਮਤਲਬ ਇਹ ਨਹੀਂ ਹੈ ਕਿ ਜੀਵਨ ਬਾਹਰ ਨਹੀਂ ਹੈ ਪਰ ਹੋ ਸਕਦਾ ਹੈ ਕਿ ਤੁਹਾਡੇ ਕੋਲ ਸੰਚਾਰ ਦੇ ਸਾਧਨ ਨਾ ਹੋਣ ਕਿਉਂਕਿ ਤੁਸੀਂ ਸਤ੍ਹਾ ਦੇ ਹੇਠਾਂ ਰਹਿੰਦੇ ਹੋ।"

ਜਾਂ ਇਹ ਸਿਰਫ਼ ਇਹ ਹੋ ਸਕਦਾ ਹੈ ਕਿ ਅਸੀਂ ਇੱਕੋ ਜਿਹੀ ਭਾਸ਼ਾ ਨਹੀਂ ਬੋਲਦੇ।

ਪ੍ਰੋਫੈਸਰ ਓ'ਬ੍ਰਾਇਨ ਕਹਿੰਦੇ ਹਨ, "ਅਸੀਂ ਹੁਣ 1960 ਤੋਂ ਬਾਹਰੀ-ਧਰਤੀ ਸੱਭਿਅਤਾਵਾਂ ਤੋਂ ਸਿਗਨਲਾਂ ਨੂੰ ਸੁਣਨ ਲਈ ਰੇਡੀਓ ਟੈਲੀਸਕੋਪਾਂ ਦੀ ਵਰਤੋਂ ਕਰ ਰਹੇ ਹਾਂ।"

"ਹਾਲਾਂਕਿ, ਬਹੁਤ ਸਾਰੇ ਵੱਖ-ਵੱਖ ਤਰੀਕਿਆਂ ਨਾਲ ਕੋਈ ਜੀਵ ਸੰਕੇਤ ਭੇਜ ਸਕਦਾ ਹੈ, ਅਸੀਂ ਕਦੇ ਵੀ ਕੁਝ ਵੀ ਵਾਪਸ ਨਹੀਂ ਸੁਣ ਸਕਦੇ।"

ਭਾਵੇਂ ਅਸੀਂ ਬ੍ਰਹਿਮੰਡ ਦੇ ਦੂਜੇ ਜੀਵਨ ਵਾਂਗ ਹੀ ਤਰੰਗ-ਲੰਬਾਈ 'ਤੇ ਹਾਂ, ਇਸ ਵਿੱਚ ਸ਼ਾਮਲ ਵਿਸ਼ਾਲ ਦੂਰੀਆਂ ਦਾ ਮਤਲਬ ਹੈ ਕਿ ਸੁਨੇਹੇ ਭੇਜਣ ਅਤੇ ਫਿਰ ਜਵਾਬ ਦੇਣ ਵਿੱਚ ਹਜ਼ਾਰਾਂ ਸਾਲ ਲੱਗ ਸਕਦੇ ਹਨ (ਸੋਚੋ ਕਿ ਜੇ ਪੁਰਾਣੇ ਜਮਾਨੇ ਵਾਂਗ ਚਿੱਠੀ ਜ਼ਰੀਏ ਸੰਪਰਕ ਕਰਨਾ ਹੋਵੇ ਤਾਂ ਹੁਣ ਇਹ ਅਸੰਭਵ ਤੌਰ 'ਤੇ ਹੌਲੀ ਜਾਪਦਾ ਹੈ)।

ਕੈਲੀਫੋਰਨੀਆ ਯੂਨੀਵਰਸਿਟੀ ਬਰਕਲੇ ਵਿਖੇ ਸਥਿਤ ਇੱਕ ਨਵੇਂ ਪ੍ਰੋਜੈਕਟ 'ਬ੍ਰੇਕਥਰੂ ਲਿਸਨ' ਰਾਹੀਂ, ਵਿਗਿਆਨੀ ਦਸ ਲੱਖ ਨੇੜਲੇ ਤਾਰਿਆਂ ਦੀ ਖੋਜ ਕਰ ਰਹੇ ਹਨ, ਇਸ ਉਮੀਦ ਵਿੱਚ ਕਿ ਉਹ ਧਰਤੀ 'ਤੇ ਸੁਨੇਹੇ ਭੇਜਣ ਦੇ ਯੋਗ ਕਿਸੇ ਵੀ ਚੀਜ਼ ਨਾਲ ਕਿਤੇ ਸੰਚਾਰ ਕਰ ਸਕਣਗੇ।

ਉਹ ਉਨ੍ਹਾਂ ਤਾਰਿਆਂ ਨੂੰ ਵੀ ਦੇਖ ਰਹੇ ਹਨ ਜੋ ਸਾਡੀ ਆਕਾਸ਼ਗੰਗਾ ਦੇ ਵਿਚਕਾਰ 25,000 ਪ੍ਰਕਾਸ਼ ਸਾਲ ਦੂਰ ਹਨ।

ਇਸਦਾ ਮਤਲਬ ਹੈ ਕਿ ਇਨ੍ਹਾਂ ਤਾਰਿਆਂ ਵਿੱਚੋਂ ਇੱਕ ਤੋਂ ਭੇਜੇ ਗਏ ਸੁਨੇਹੇ ਨੂੰ ਸਾਡੇ ਤੱਕ ਪਹੁੰਚਣ ਤੋਂ ਪਹਿਲਾਂ ਤਕਰੀਬਨ 25,000 ਸਾਲ ਦੀ ਯਾਤਰਾ ਕਰਨ ਦੀ ਲੋੜ ਹੋਵੇਗੀ।

ਇਸ ਲਈ, ਜੇਕਰ ਏਲੀਅਨ ਜੀਵਨ ਬਾਹਰ ਹੈ, ਤਾਂ ਸਾਨੂੰ ਇਸ ਬਾਰੇ ਕੁਝ ਸੁਣਨ ਵਿੱਚ ਹਜ਼ਾਰਾਂ ਸਾਲ ਲੱਗ ਸਕਦੇ ਹਨ।

ਇੱਕ ਲੰਮਾ ਸਫ਼ਰ ਬਾਕੀ ਹੈ

ਨੇੜਲੇ ਭਵਿੱਖ ਵਿੱਚ ਵੀ ਵਿਸ਼ਾਲ ਦੂਰੀਆਂ 'ਤੇ ਅੰਤਰ-ਗਲੈਕਟਿਕ ਪੁਲਾੜ ਯਾਤਰਾ ਇੱਕ ਬਦਲ ਨਹੀਂ ਹੈ।

ਅਸੀਂ ਪ੍ਰਕਾਸ਼ ਦੀ ਗਤੀ ਨਾਲ ਰੇਡੀਓ ਤਰੰਗਾਂ ਭੇਜਣ ਦੇ ਯੋਗ ਹਾਂ, ਪਰ ਇਹ ਸਿਰਫ਼ ਇੱਕ ਰੇਡੀਓ ਤਰੰਗ ਹੈ, ਜੋ ਸਪੇਸ ਦੇ ਖਲਾਅ ਵਿੱਚੋਂ ਲੰਘਦੀ ਹੈ। ਹਾਲਾਂਕਿ, ਕਿਸੇ ਵੀ ਕਿਸਮ ਦਾ ਪੁਲਾੜ ਵਾਹਨ ਤਾਰਿਆਂ ਵਿਚਕਾਰ ਯਾਤਰਾ ਕਰਨ ਦੇ ਯੋਗ ਨਹੀਂ ਹੈ।

ਜੇਕਰ ਅਸੀਂ ਭੌਤਿਕ ਪੁੰਜ ਨੂੰ ਈਥਰ ਵਿੱਚ ਭੇਜਣਾ ਚਾਹੁੰਦੇ ਹਾਂ, ਲੋਕਾਂ ਦੇ ਰੂਪ ਵਿੱਚ ਤਾਂ ਇਹ ਬਹੁਤ ਜ਼ਿਆਦਾ ਚੁਣੌਤੀਪੂਰਨ ਹੋ ਜਾਂਦਾ ਹੈ।

ਅਤੇ ਜੇਕਰ ਸਾਡੀ ਸੱਭਿਅਤਾ ਅਜੇ ਤੱਕ ਅਜਿਹਾ ਕਰਨ ਦੇ ਯੋਗ ਨਹੀਂ ਹੈ, ਤਾਂ ਮਾਹਰ ਕਹਿੰਦੇ ਹਨ ਕਿ ਹੋ ਸਕਦਾ ਹੈ ਕਿ ਸਾਡੇ ਆਕਾਸ਼ੀ ਗੁਆਂਢੀ ਵੀ ਸ਼ਾਇਦ ਅਜਿਹਾ ਕਰਨ ਦੇ ਯੋਗ ਨਹੀਂ ਹਨ।

ਭਾਵੇਂ ਉਨ੍ਹਾਂ ਕੋਲ ਸਾਡੇ ਤੱਕ ਸਮੁੰਦਰੀ ਸਫ਼ਰ ਕਰਨ ਦੀ ਤਕਨਾਲੋਜੀ ਸੀ, ਸਾਨੂੰ ਇਸ ਸਪੱਸ਼ਟ ਸੰਭਾਵਨਾ 'ਤੇ ਵਿਚਾਰ ਕਰਨ ਦੀ ਲੋੜ ਹੈ ਕਿ ਉਹ ਸ਼ਾਇਦ ਅਜਿਹਾ ਨਾ ਕਰਨਾ ਚਾਹੁਣ।

ਇਸ ਵਿੱਚ ਇੱਕ ਨਿਸ਼ਚਿਤ ਮਾਤਰਾ ਵਿੱਚ ਬ੍ਰਹਿਮੰਡੀ ਤੌਰ ਉੱਤੇ ਚੰਗਾ ਸਮਾਂ ਵੀ ਸ਼ਾਮਲ ਹੋਣਾ ਚਾਹੀਦਾ ਹੈ। ਇਹ ਯਾਦ ਰੱਖਣਾ ਸ਼ਾਇਦ ਔਖਾ ਹੈ ਕਿ ਸਾਡੀ ਸੱਭਿਅਤਾ ਅਸਲ ਵਿੱਚ ਧਰਤੀ 'ਤੇ ਕਿੰਨਾ ਘੱਟ ਸਮਾਂ ਰਹੀ ਹੈ।

ਧਰਤੀ ਉੱਤੇ ਜੀਵਨ 3.5 ਅਰਬ ਸਾਲਾਂ ਤੋਂ ਵੱਧ ਸਮੇਂ ਤੋਂ ਮੌਜੂਦ ਹੈ, ਪਰ ਆਧੁਨਿਕ ਮਨੁੱਖ ਤਕਰੀਬਨ 300,000 ਸਾਲਾਂ ਤੋਂ ਹੀ ਇੱਥੇ ਰਹਿ ਸਕੇ ਹਨ। ਅਤੇ ਕਿਉਂਕਿ ਸੱਭਿਅਤਾਵਾਂ ਤੇਜ਼ੀ ਨਾਲ ਅਲੋਪ ਹੋ ਸਕਦੀਆਂ ਹਨ, ਸੰਪਰਕ ਲਈ ਸਾਧਨ ਘੱਟ ਹਨ।

ਸਾਨੂੰ ਪੱਕਾ ਪਤਾ ਨਹੀਂ ਹੈ ਕਿ ਕੀ ਏਲੀਅਨ ਕਦੇ ਸਾਡੇ ਪਲਾਂਟ 'ਤੇ ਆਏ ਸਨ, ਅਸੀਂ ਥੋੜ੍ਹੇ ਹੋਰ ਯਕੀਨ ਨਾਲ ਕਹਿ ਸਕਦੇ ਹਾਂ ਕਿ ਉਹ ਸ਼ਾਇਦ ਉਸ ਸਮੇਂ ਦੌਰਾਨ ਨਹੀਂ ਆਏ ਹੋਣਗੇ ਜਦੋਂ ਮਨੁੱਖ ਗ੍ਰਹਿ 'ਤੇ ਘੁੰਮ ਰਹੇ ਹਨ।

ਡਾਕਟਰ ਐਡਰਿਨ ਪੋਕੌਕ ਕਹਿੰਦੇ ਹਨ, "ਜੇ ਸਾਡੀਆਂ ਸੱਭਿਅਤਾਵਾਂ ਇੱਕ ਦੂਜੇ ਨਾਲ ਸੰਪਰਕ ਤੱਕ ਨਹੀਂ ਪਹੁੰਚਦੀਆਂ, ਤਾਂ ਅਸੀਂ ਕਦੇ ਵੀ ਏਲੀਅਨਾਂ ਨੂੰ ਨਹੀਂ ਮਿਲਾਂਗੇ।"

ਸ਼ਾਇਦ ਉਹ ਬਹੁਤ ਸਮਾਂ ਪਹਿਲਾਂ ਆਏ ਸਨ, ਜਾਂ ਉਹ ਭਵਿੱਖ ਵਿੱਚ ਆਉਣਗੇ, ਮਨੁੱਖੀ ਜੀਵਨ ਦੀ ਮਿਆਦ ਖ਼ਤਮ ਹੋਣ ਤੋਂ ਬਹੁਤ ਬਾਅਦ।

ਇਸ ਲਈ ਸ਼ਾਇਦ ਜੂਰਾਸਿਕ ਕਾਲ ਦੌਰਾਨ ਡਾਇਨਾਸੌਰਾਂ ਨੇ ਪਰਦੇਸੀ ਜੀਵਨ ਦੀ ਮੇਜ਼ਬਾਨੀ ਕੀਤੀ। ਸਾਨੂੰ ਸ਼ਾਇਦ ਕਦੇ ਇਸ ਸਭ ਬਾਰੇ ਸਪੱਸ਼ਟ ਪਤਾ ਨਹੀਂ ਲੱਗੇਗਾ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)