ਨਿਊਜ਼ੀਲੈਂਡ: ਪੰਜਾਬੀ ਨੌਜਵਾਨ ਜਿਸ ਨੇ ਅਫ਼ਗਾਨ ਕੁੜੀ ਦਾ ਬੇਰਹਿਮੀ ਨਾਲ ਕੀਤਾ ਕਤਲ, ਹੁਣ ਮਿਲੀ ਉਮਰ ਕੈਦ

ਨਿਊਜ਼ੀਲੈਂਡ ਵਿੱਚ ਪੰਜਾਬੀ ਮੂਲ ਦੇ 30 ਸਾਲਾ ਨੌਜਵਾਨ ਕੰਵਰਪਾਲ ਸਿੰਘ ਨੂੰ ਇੱਕ ਵਿਦਿਆਰਥਣ ਫ਼ਰਜ਼ਾਨਾ ਯਾਕੂਬੀ ਦੇ ਕਤਲ ਦੇ ਮਾਮਲੇ ਵਿੱਚ ਦੋਸ਼ੀ ਪਾਇਆ ਗਿਆ ਹੈ।

ਯਾਕੂਬੀ ਅਫ਼ਗਾਨਿਸਤਾਨ ਤੋਂ ਆਪਣੇ ਮਾਪਿਆਂ ਨਾਲ ਸ਼ਰਨਾਰਥੀ ਵਜੋਂ ਨਿਊਜ਼ੀਲੈਂਡ ਆਈ ਸੀ।

ਕੰਵਰਪਾਲ ਸਿੰਘ ਨੇ ਬੀਤੇ ਵਰ੍ਹੇ ਯਾਕੂਬੀ ਨੂੰ ਉਸ ਸਮੇਂ ਦਿਨ ਦਿਹਾੜੇ ਕਥਿਤ ਤੌਰ ’ਤੇ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ ਜਦੋਂ ਉਹ ਕੰਮ ਤੋਂ ਘਰ ਜਾ ਰਹੀ ਸੀ।

ਉਨ੍ਹਾਂ ਉੱਤੇ ਯਾਕੂਬੀ ਨੂੰ ਤੰਗ-ਪਰੇਸ਼ਾਨ ਕਰਨ ਉਸ ਦਾ ਪਿੱਛਾ ਕਰਨ ਦੇ ਇਲਜ਼ਾਮ ਵੀ ਹਨ।

ਬੁੱਧਵਾਰ ਨੂੰ ਉਨ੍ਹਾਂ ਗ਼ੈਰ-ਪੈਰੋਲ ਮਿਆਦ ਦੇ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਕੰਵਰਪਾਲ ਨੂੰ ਘੱਟੋ-ਘੱਟ 17 ਸਾਲ ਤਾਂ ਜੇਲ੍ਹ ਵਿੱਚ ਕੱਟਣੇ ਪੈਣਗੇ।

ਜ਼ਿਕਰਯੋਗ ਹੈ ਕਿ ਜਿਸ ਸਮੇਂ ਇਹ ਘਟਨਾ ਵਾਪਰੀ ਉਸ ਸਮੇਂ ਕੰਵਰਪਾਲ ਸਿੰਘ ਨਿਊਜ਼ੀਲੈਂਡ ਵਿੱਚ ਗ਼ੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਸਨ ਤੇ ਉਨ੍ਹਾਂ ਨੂੰ ਦੇਸ਼ ਨਿਕਾਲੇ ਦਾ ਨੋਟਿਸ ਦਿੱਤਾ ਗਿਆ ਸੀ।

ਬੁੱਧਵਾਰ ਨੂੰ ਔਕਲੈਂਡ ਹਾਈ ਕੋਰਟ ਦੇ ਜਸਟਿਸ ਡੇਵਿਡ ਜੌਹਨਸਟੋਨ ਨੇ ਕੰਵਰਪਾਲ ਖ਼ਿਲਾਫ਼ ਸਜ਼ਾ ਸੁਣਾਉਣ ਤੋਂ ਪਹਿਲਾਂ ਮਾਮਲੇ ਦਾ ਪਿਛੋਕੜ ਦੱਸਿਆ।

ਯਾਕੂਬੀ ਕੌਣ ਸਨ

ਇਸ ਮਾਮਲੇ ’ਤੇ ਜੱਜ ਨੇ ਫ਼ੈਸਲਾ ਸੁਣਾਉਣ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਉਹ ਸਜ਼ਾ ਬਾਰੇ ਦੱਸਣ ਤੋਂ ਪਹਿਲਾਂ ਉਥੇ ਬੈਠੇ ਲੋਕਾਂ ਨੂੰ ਘਟਨਾਕ੍ਰਮ ਤੋਂ ਜਾਣੂ ਕਰਵਾਉਣਾ ਚਾਹੁੰਦੇ ਹਨ। ਇਸ ਦੌਰਾਨ ਉਨ੍ਹਾਂ ਯਾਕੂਬੀ ਬਾਰੇ ਦੱਸਿਆ।

ਉਨ੍ਹਾਂ ਦੱਸਿਆ, “ਫ਼ਰਜ਼ਾਨਾ ਯਾਕੂਬੀ ਦੀ ਜਦੋਂ ਮੌਤ ਹੋਈ ਉਹ 21 ਸਾਲਾਂ ਦੀ ਸੀ। ਉਹ 2 ਸਾਲ ਦੀ ਉਮਰ ਵਿੱਚ ਆਪਣੇ ਮਾਪਿਆਂ ਨਾਲ ਸ਼ਰਨਾਰਥੀ ਵਜੋਂ ਅਫ਼ਗਾਨਿਸਾਨ ਤੋਂ ਨਿਊਜ਼ੀਲੈਂਡ ਆਏ ਸਨ।

ਯਾਕੂਬੀ ਇੱਕ ਹੁਸ਼ਿਆਰ ਤੇ ਆਤਮ-ਨਿਰਭਰ ਕੁੜੀ ਸੀ। ਉਹ ਪੜ੍ਹਾਈ ਵਿੱਚ ਚੰਗੀ ਸੀ ਤੇ 14 ਸਾਲ ਦੀ ਉਮਰ ਵਿੱਚ ਪੜ੍ਹਾਈ ਦੇ ਨਾਲ-ਨਾਲ ਕੰਮ ਵੀ ਕਰ ਰਹੀ ਸੀ।

ਯਾਕੂਬੀ ਨੇ 2022 ਵਿੱਚ ਕਾਨੂੰਨ ਦੀ ਪੜ੍ਹਾਈ ਮੁਕੰਮਲ ਕੀਤੀ ਤੇ ਹੁਣ ਇੱਕ ਖੁਸ਼ਹਾਲ ਜ਼ਿੰਦਗੀ ਜੀਅ ਰਹੀ ਸੀ।

ਪਰ ਕੰਵਰਪਾਲ ਨਾਲ ਉਨ੍ਹਾਂ ਦੀ ਮੁਲਾਕਾਤ ਨੇ ਸਭ ਕੁਝ ਬਦਲ ਦਿੱਤਾ ਸੀ।

ਕਿਵੇਂ ਯਾਕੂਬੀ ਦੀ ਮੁਲਾਕਾਤ ਕੰਵਰਪਾਲ ਨਾਲ ਹੋਈ

ਜੱਜ ਨੇ ਦੋਵਾਂ ਦੀ ਮੁਲਾਕਾਤ ਬਾਰੇ ਦੱਸਿਆ। ਯਾਕੂਬੀ ਤੇ ਕੰਵਰਪਾਲ ਸਤੰਬਰ 2020 ਵਿੱਚ ਪਹਿਲੀ ਵਾਰ ਇੱਕ-ਦੂਜੇ ਨੂੰ ਮਿਲੇ ਸੀ।

ਕੰਵਰ ਦਾ ਯਾਕੂਬ ਵੱਲ ਪਹਿਲੀ ਵਾਰ ਧਿਆਨ ਉਨ੍ਹਾਂ ਦਿਨਾਂ ਵਿੱਚ ਗਿਆ ਜਦੋਂ ਉਹ ਔਕਲੈਂਡ ਵਿੱਚ ਪੜ੍ਹ ਰਹੀ ਸੀ। ਯਾਕੂਬੀ ਕਈ ਵਾਰ ਉਥੋਂ ਦੀ ਕੁਈਨ ਸਟਰੀਟ ਤੋਂ ਗੁਜ਼ਰਦੀ ਸੀ ਜਿੱਥੇ ਕੰਵਰ ਸਕਿਊਰਟੀ ਗਾਰਡ ਵਜੋਂ ਕੰਮ ਕਰਦੇ ਸਨ।

ਇਹ ਉਹ ਸਮਾਂ ਸੀ ਜਦੋਂ ਕੰਵਰ ਨੇ ਯਾਕੂਬੀ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਤੇ ਇੱਕ ਦਿਨ ਉਹ ਕੌਫ਼ੀ ਦੇ ਕੱਪ ’ਤੇ ਮਿਲਣ ਨੂੰ ਰਾਜ਼ੀ ਹੋ ਗਈ। ਇਸ ਤੋਂ ਬਾਅਦ ਦੋਵੇਂ ਸੋਸ਼ਲ ਮੀਡੀਆ ਜ਼ਰੀਏ ਇੱਕ ਦੂਜੇ ਦੇ ਸੰਪਰਕ ਵਿੱਚ ਰਹੇ ਸਨ।

ਯਾਕੂਬੀ ਦਾ ਪਿੱਛਾ ਕਰਨਾ ਤੇ ਪੁਲਿਸ ਰਿਪੋਰਟ

ਕੁਝ ਸਮਾਂ ਬਾਅਦ ਯਾਕੂਬੀ ਨੇ ਕੰਵਰਪਾਲ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਉੱਤੇ ਬਲੌਕ ਕਰ ਦਿੱਤਾ ਜੋ ਕੰਵਰ ਨੂੰ ਨਾਗਵਾਰਾ ਗ਼ੁਜਰਿਆ। ਕੰਵਰਪਾਲ ਨੇ 2021 ਤੇ 2022 ਦੌਰਾਨ ਵੱਖਰੇ ਨਾਵਾਂ ਤੋਂ ਨਵੇਂ ਅਕਾਊਂਟ ਬਣਾਏ ਤੇ ਯਾਕੂਬੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਸੀ।

ਹੁਣ ਉਹ ਦੌਰ ਸੀ ਜਦੋਂ ਕੰਵਰ, ਯਾਕੂਬੀ ਨੂੰ ਡਰਾਉਣ ਧਮਕਾਉਣ ਲੱਗਿਆ ਸੀ। ਇਥੋਂ ਤੱਕ ਕਿ ਇੱਕ ਵਾਰ ਉਨ੍ਹਾਂ ਯਾਕੂਬੀ ਨੂੰ ਉਨ੍ਹਾਂ ਦੇ ਪਿਆਰ ਵਿੱਚ ਪੈਣ ਲਈ 365 ਦਿਨ ਦਿੰਦਿਆਂ ਕਿਹਾ ਕਿ ਜੇ ਅਜਿਹਾ ਨਾ ਹੋਇਆ ਤਾਂ ਉਹ ਉਸ ਨੂੰ ਕਿਡਨੈਪ ਕਰਨਗੇ। ਇੱਕ ਵਾਰ ਕੰਵਰਪਾਲ ਨੇ ਯਾਕੂਬੀ ਨੂੰ ਤੇਜ਼ਾਬ ਸੁੱਟਣ ਦੀ ਧਮਕੀ ਦਿੱਤੀ ਸੀ।

ਇਨ੍ਹਾਂ ਹੀ ਨਹੀਂ ਕੰਵਰ ਨੇ ਸੋਸ਼ਲ ਮੀਡੀਆ ਉੱਤੇ ਯਾਕੂਬੀ ਦੇ ਪਰਿਵਾਰ ਨਾਲ ਵੀ ਸੰਪਰਕ ਕੀਤਾ ਤਾਂ ਜੋ ਉਹ ਮਾਇਲ ਹੋ ਸਕੇ।

ਅਕਤੂਬਰ 2022 ਵਿੱਚ ਯਾਕੂਬੀ ਨੇ ਪਹਿਲੀ ਵਾਰ ਇੱਕ ਆਨਲਾਈਨ ਸ਼ਿਕਾਇਤ ਦਰਜ ਕਰਵਾਈ ਤੇ ਕੰਵਰ ਉੱਤੇ ਪਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ।

ਯਾਕੂਬੀ ਲਈ ਇਹ ਦੌਰ ਦਹਿਸ਼ਤ ਭਰਿਆ ਸੀ। ਉਹ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਤ ਸਨ।

ਉਹ 6 ਦਸੰਬਰ, 2022 ਨੂੰ ਹੈਂਡਰਸਨ ਪੁਲਿਸ ਸਟੇਸ਼ਨ ਗਏ ਤੇ ਕੰਵਰ ਤੇ ‘ਸਟਾਕਿੰਗ’ ਯਾਨੀ ਪਿੱਛਾ ਕਰਨ ਦਾ ਇਲਜ਼ਾਮ ਲਗਾਇਆ। ਉਨ੍ਹਾਂ ਨੇ ਪੁਲਿਸ ਨੂੰ ਧਮਕੀਆਂ ਭਰੇ ਮੈਸਜ ਵੀ ਦਿਖਾਏ।

ਕੰਵਰਪਾਲ ਦਾ ਯਾਕੂਬੀ ਨੂੰ ਮਿਲਣਾ ਤੇ ਫ਼ਿਰ ਕਤਲ ਨੂੰ ਅੰਜ਼ਾਮ ਦੇਣਾ

  • ਦੋਵੇਂ ਸਤੰਬਰ 2020 ਵਿੱਚ ਪਹਿਲੀ ਵਾਰ ਇੱਕ-ਦੂਜੇ ਨੂੰ ਮਿਲੇ
  • ਕੰਵਰਪਾਲ ਨੇ ਯਾਕੂਬੀ ਨੂੰ ਸਟਾਕ ਕਰਨਾ ਸ਼ੁਰੂ ਕੀਤਾ
  • ਸਾਲ 2021 ਤੇ 2022 ਉਹ ਯਾਕੂਬੀ ਨੂੰ ਧਮਕੀਆ ਦੇਣ ਲੱਗੇ ਤੇ ਸੋਸ਼ਲ ਮੀਡੀਆ ’ਤੇ ਨਾਮ ਬਦਲ-ਬਦਲ ਕੇ ਸਟਾਕ ਕਰਨ ਲੱਗੇ
  • ਅਕਤੂਬਰ 2022 ਵਿੱਚ ਯਾਕੂਬੀ ਨੇ ਪਹਿਲੀ ਵਾਰ ਇੱਕ ਆਨਲਾਈਨ ਸ਼ਿਕਾਇਤ ਦਰਜ ਕਰਵਾਈ ਤੇ ਕੰਵਰ ਉੱਤੇ ਪਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ
  • 19 ਦਸੰਬਰ, 2022 ਨੂੰ ਕੰਵਰਪਾਲ ਨੇ ਯਾਕੂਬ ’ਤੇ ਚਾਕੂ ਦੇ ਕਈ ਵਾਰ ਕੀਤੇ ਤੇ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ
  • ਕੰਵਰਪਾਲ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਜਿਸ ਦੇ ਚਲਦਿਆਂ ਉਨ੍ਹਾਂ ਘੱਟੋ-ਘੱਟ 17 ਸਾਲ ਤੱਕ ਜੇਲ੍ਹ ਵਿੱਚ ਬਿਤਾਉਣੇ ਪੈਣਗੇ

‘ਮਿੱਥ ਕੇ ਕੀਤਾ ਕਤਲ’

19 ਦਸੰਬਰ, 2022 ਨੂੰ ਯਾਕੂਬੀ ਆਪਣੇ ਕੰਮ ਖ਼ਤਮ ਕਰਕੇ ਘਰ ਨੂੰ ਜਾ ਰਹੀ ਸੀ। ਰਾਹ ਵਿੱਚ ਕੰਵਰਪਾਲ ਇੱਕ ਕਾਰ ਵਿੱਚ ਬੈਠੇ ਉਨ੍ਹਾਂ ਦੀ ਉਡੀਕ ਕਰ ਰਿਹਾ ਸੀ।

ਜੱਜ ਨੇ ਦੱਸਿਆ ਕਿ, ਜਿਵੇਂ ਹੀ ਉਹ ਕੰਵਰ ਦੇ ਨੇੜੇ ਪਹੁੰਚੀ ਉਨ੍ਹਾਂ ਦੇਖਿਆ ਕਿ ਕੰਵਰ ਦੇ ਹੱਥ ਵਿੱਚ ਇੱਕ ਚਾਕੂ ਸੀ। ਇਹ ਵੇਖ ਕੇ ਯਾਕੂਬੀ ਨੇ ਪੁਲਿਸ ਨੂੰ ਕਾਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸੇ ਦੌਰਾਨ ਕੰਵਰਪਾਲ ਨੇ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ।

ਕੰਵਰ ਨੇ ਯਾਕੂਬ ਦੇ ਢਿੱਡ ਤੇ ਛਾਤੀ ’ਤੇ ਕਈ ਵਾਰ ਕੀਤੇ। ਉਹ ਜ਼ਮੀਨ ਤੇ ਡਿੱਗ ਗਈ ਪਰ ਕੰਵਰ ਨੇ ਹਮਲੇ ਜਾਰੀ ਰੱਖੇ।

ਜਦੋਂ ਤੱਕ ਲੋਕ ਹਮਲਾ ਵਾਲੀ ਥਾਂ ’ਤੇ ਪਹੁੰਚੇ ਕੰਵਰ ਉੱਥੋਂ ਆਪਣੀ ਕਾਰ ਵਿੱਚ ਭੱਜ ਗਏ। ਯਾਕੂਬੀ ਦੇ ਸਰੀਰ ’ਤੇ 12 ਜਖ਼ਮ ਸਨ ਜਿਨ੍ਹਾਂ ਦਾ ਤਾਬ ਨਾ ਝੱਲਦਿਆਂ ਉਨ੍ਹਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ।

ਕੰਵਰਪਾਲ ਨੇ ਖ਼ੁਦ ਪੁਲਿਸ ਨਾਲ ਕੋਈ ਸੰਪਰਕ ਨਹੀਂ ਸੀ ਕੀਤਾ ਪਰ ਪਿਛਲੇ ਰਿਕਾਰਡ ਦੇ ਅਧਾਰ ਉੱਤੇ ਪੁਲਿਸ ਲਈ ਇਹ ਮਾਮਲਾ ਹੱਲ ਕਰਨਾ ਕੁਝ ਸੌਖਾ ਸੀ।

ਜੱਜ ਨੇ ਇਸ ਮਾਮਲੇ ਵਿੱਚ ਸਜ਼ਾ ਸੁਣਾਉਂਦਿਆ ਕਿਹਾ ਸੀ ਕਿ ਜਿਸ ਤਰੀਕੇ ਨਾਲ ਇਹ ਕਤਲ ਕੀਤਾ ਗਿਆ ਇਸ ਵਿੱਚ ਉਮਰ ਕੈਦ ਤੋਂ ਘੱਟ ਸਜ਼ਾ ਨਹੀਂ ਦਿੱਤੀ ਜਾਣੀ ਚਾਹੀਦੀ।

ਜੱਜ ਨੇ ਕਿਹਾ ਕਿ ਸਜ਼ਾ ਦਾ ਫ਼ੈਸਲਾ ਕਰਦਿਆਂ ਵਿਚਾਰਿਆ ਗਿਆ ਕਿ ਕਿਸੇ ਹੋਣਹਾਰ ਮਾਸੂਮ ਦਾ ਕਤਲ ਸਮਾਜ ਨੂੰ ਘਾਟਾ ਪਾਉਣ ਵਾਲਾ ਹੁੰਦਾ ਹੈ।

ਕੰਵਰਪਾਲ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਜਿਸ ਦੇ ਚਲਦਿਆਂ ਉਨ੍ਹਾਂ ਘੱਟੋ-ਘੱਟ 17 ਸਾਲ ਤੱਕ ਜੇਲ੍ਹ ਵਿੱਚ ਬਿਤਾਉਣੇ ਪੈਣਗੇ।

ਜੱਜ ਨੇ ਇਸ ਨੂੰ ਮਿੱਥ ਕੇ ਕੀਤਾ ਗਿਆ ਗੁਨਾਹ ਦੱਸਿਆ ਹੈ ਤੇ ਬੇਰਹਿਮ ਤਰੀਕੇ ਨਾਲ ਕੀਤਾ ਕਤਲ ਆਖਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)