7 ਲੋਕਾਂ ਨੇ ਅਗਲੇ ਜਨਮ ’ਚ ਛੇਤੀ ਜਾਣ ਲਈ ਕਥਿਤ ਤੌਰ ’ਤੇ ਖੁਦਕੁਸ਼ੀ ਕੀਤੀ, ਪੂਰਾ ਮਾਮਲਾ ਜਾਣੋ

    • ਲੇਖਕ, ਰੰਜਨ ਅਰੁਣ ਪ੍ਰਸਾਦ
    • ਰੋਲ, ਬੀਬੀਸੀ ਤਾਮਿਲ

ਸ਼੍ਰੀਲੰਕਾ ਵਿੱਚ ਇੱਕ ਪਾਦਰੀ ਸਮੇਤ 7 ਲੋਕਾਂ ਨੇ ਇਸ ਲਈ ਕਥਿਤ ਤੌਰ ਉੱਤੇ ਖੁਦਕੁਸ਼ੀ ਕਰ ਲਈ ਤਾਂ ਜੋ ਉਹ ਅਗਲੇ ਜਨਮ ਵਿੱਚ ਜਲਦੀ ਜਾ ਸਕਣ।

ਹਾਲਾਂਕਿ, ਪੁਲਿਸ ਨੇ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਰੁਵਨ ਪ੍ਰਸੰਨਾ ਗੁਣਾਰਤਨੇ ਨਾਮ ਦੇ 47 ਸਾਲਾ ਇੱਕ ਵਿਅਕਤੀ ਉੱਤੇ ਇਲਜ਼ਾਮ ਹਨ ਕਿ ਉਸ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਬੁੱਧ ਧਰਮ ਨੂੰ ਤੋੜ-ਮਰੋੜ ਕੇ ਸਿੱਖਿਆ ਪੇਸ਼ ਕੀਤੀ।

ਪੁਲਿਸ ਦੀ ਮੁੱਢਲੀ ਜਾਂਚ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਉਸ ਨੇ ਆਪਣੇ ਉਪਦੇਸ਼ਾਂ ਵਿੱਚ ਕਿਹਾ ਸੀ ਕਿ ਖੁਦਕੁਸ਼ੀ ਕਰ ਕੇ ਉਹ ਅਗਲੇ ਜਨਮ ਵਿੱਚ ਜਲਦੀ ਜਾ ਸਕਦਾ ਹੈ।

ਇਹ ਪਤਾ ਲੱਗਾ ਹੈ ਕਿ ਰੁਵਨ ਪਹਿਲਾਂ ਇੱਕ ਕੈਮੀਕਲ ਲੈਬਾਰਟਰੀ ਵਿੱਚ ਨੌਕਰੀ ਕਰਦਾ ਸੀ।

ਹੁਣ ਇਹ ਵਿਅਕਤੀ ਕੈਮੀਕਲ ਲੈਬਾਰਟਰੀ ਤੋਂ ਦੂਰ ਚਲਾ ਗਿਆ ਸੀ ਅਤੇ ਸ਼੍ਰੀਲੰਕਾ ਦੇ ਵੱਖ-ਵੱਖ ਹਿੱਸਿਆਂ ਵਿੱਚ ਪੜ੍ਹਾਉਂਦਾ ਸੀ।

ਇਸ ਪਾਦਰੀ ਨੇ ਪਿਛਲੇ ਮਹੀਨੇ 28 ਦਸੰਬਰ ਨੂੰ ਖੁਦਕੁਸ਼ੀ ਕਰ ਲਈ ਸੀ।

ਪੁਲਿਸ ਜਾਂਚ 'ਚ ਹੋਮਗਾਮਾ ਇਲਾਕੇ ਦੇ ਇੱਕ ਘਰ 'ਚ ‘ਨੰਜੂ’ ਨਾਮ ਦੀ ਦਵਾਈ ਖਾਣ ਨਾਲ ਬੰਦੇ ਦੀ ਮੌਤ ਦੀ ਪੁਸ਼ਟੀ ਹੋਈ ਹੈ।

ਪੁਲਿਸ ਦਾ ਕਹਿਣਾ ਹੈ ਕਿ ਪਾਦਰੀ ਦੀ ਪਤਨੀ ਨੇ ਆਪਣੇ ਤਿੰਨ ਬੱਚਿਆਂ ਨੂੰ ਜ਼ਹਿਰ ਦੇਣ ਤੋਂ ਬਾਅਦ ਖੁਦਕੁਸ਼ੀ ਕਰ ਲਈ ਸੀ।

ਪੁਲਿਸ ਕਿਵੇਂ ਜਾਂਚ ਕਰ ਰਹੀ ਹੈ?

ਮਾਲਬੇ ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਨੂੰ ਸ਼ੁਰੂਆਤੀ ਤੌਰ 'ਤੇ ਸ਼ੱਕ ਹੈ ਕਿ ਉਹ ਆਪਣੇ ਪਤੀ ਦੀ ਮੌਤ ਨੂੰ ਬਰਦਾਸ਼ਤ ਨਹੀਂ ਕਰ ਸਕਦੀ ਸੀ ਅਤੇ ਤਣਾਅ ਕਾਰਨ ਉਸ ਨੇ ਬੱਚਿਆਂ ਨੂੰ ਜ਼ਹਿਰ ਦੇ ਦਿੱਤਾ ਅਤੇ ਖੁਦ ਵੀ ਖੁਦਕੁਸ਼ੀ ਕਰ ਲਈ ਹੋ ਸਕਦੀ ਹੈ।

ਹਾਲਾਂਕਿ, ਇਸ ਘਟਨਾ ਨੂੰ ਲੈ ਕੇ ਸ਼ੱਕ ਪੈਦਾ ਹੋਣ ਤੋਂ ਬਾਅਦ ਪੁਲਿਸ ਨੇ ਵੱਖ-ਵੱਖ ਪਹਿਲੂਆਂ ਤੋਂ ਜਾਂਚ ਸ਼ੁਰੂ ਕਰ ਦਿੱਤੀ ਹੈ।

ਅਜਿਹੇ ਵਿੱਚ ਪੁਲਿਸ ਨੇ ਪਰਿਵਾਰ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਵਾਲੇ ਇੱਕ ਵਿਅਕਤੀ ਤੋਂ ਪੁੱਛਗਿੱਛ ਕੀਤੀ ਹੈ।

ਪੁਲਿਸ ਨੇ ਅੰਬਲੰਗੋਡਾ ਇਲਾਕੇ ਦੇ 34 ਸਾਲਾ ਪੀਰਥੀ ਕੁਮਾਰਾ ਨਾਮ ਦੇ ਵਿਅਕਤੀ ਨੂੰ ਜਾਂਚ ਲਈ ਬੁਲਾਇਆ ਸੀ ਅਤੇ ਉਸ ਤੋਂ ਪੁੱਛਗਿੱਛ ਕੀਤੀ ਗਈ ਹੈ।

ਇਸ ਵਿਅਕਤੀ ਨੇ ਪੁਲਿਸ ਨੂੰ ਬਿਆਨ ਦਿੱਤਾ ਹੈ ਕਿ ਉਹ ਕਈ ਸਾਲ ਪਹਿਲਾਂ ਇਸ ਪ੍ਰਚਾਰਕ ਦੇ ਉਪਦੇਸ਼ ਸਮਾਗਮਾਂ ਵਿੱਚ ਹਾਜ਼ਰੀ ਭਰੀ ਸੀ।

ਇਸੇ ਹੀ ਕਾਰਨ ਉਹ ਪਾਦਰੀ ਦੀ ਪਤਨੀ ਅਤੇ ਬੱਚਿਆਂ ਦੇ ਅੰਤਿਮ ਸੰਸਕਾਰ ਵਿੱਚ ਵੀ ਸ਼ਾਮਲ ਹੋਇਆ।

ਉਸ ਨੇ ਇਹ ਵੀ ਬਿਆਨ ਦਿੱਤਾ ਹੈ ਕਿ ਇਸ ਪ੍ਰਚਾਰਕ ਨੇ ਖ਼ੁਦਕੁਸ਼ੀ ਨੂੰ ਉਤਸ਼ਾਹਿਤ ਕਰਨ ਵਾਲੀਆਂ ਸਿੱਖਿਆਵਾਂ ਦਿੱਤੀਆਂ ਸਨ।

ਇਹ ਕਿਹਾ ਜਾ ਰਿਹਾ ਹੈ ਕਿ ਇਸ ਬੰਦੇ ਨੇ ਇਕਬਾਲੀਆ ਬਿਆਨ ਦਿੱਤਾ ਹੈ ਕਿ ਪਾਦਰੀ ਨੇ ਅਗਲੇ ਜਨਮ ਵਿੱਚ ਜਲਦੀ ਜਾਣ ਦੀ ਨੀਅਤ ਨਾਲ ਖੁਦਕੁਸ਼ੀ ਕੀਤੀ ਹੈ।

ਕੀ ਸਭ ਨੇ ਇੱਕੋ ਕਿਸਮ ਦਾ ਜ਼ਹਿਰ ਖਾਦਾ ?

34 ਸਾਲਾ ਪੀਰਥੀ ਕੁਮਾਰਾ ਜਿਸ ਨੇ ਪੁਲਿਸ ਨੂੰ ਬਿਆਨ ਦਿੱਤਾ ਸੀ ਅਤੇ ਸਿੱਖਿਆ ਵਾਲੇ ਸਮਾਗਮ ਵਿੱਚ ਹਿੱਸਾ ਲਿਆ ਸੀ, ਉਸ ਨੇ ਵੀ ਖੁਦਕੁਸ਼ੀ ਕਰ ਲਈ ਹੈ।

ਪੁਲਿਸ ਨੇ ਮਹਾਰਾਗਾਮਾ ਇਲਾਕੇ ਦੇ ਇਕ ਹੋਟਲ ਦੇ ਕਮਰੇ 'ਚੋਂ ਉਸ ਦੀ ਲਾਸ਼ ਬਰਾਮਦ ਕੀਤੀ ਹੈ।

ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਪੀਰਥੀ ਨੇ 2 ਜਨਵਰੀ ਨੂੰ ਇੱਕ ਕਿਸਮ ਦਾ ਨਸ਼ੀਲਾ ਪਦਾਰਥ ਖਾ ਕੇ ਖੁਦਕੁਸ਼ੀ ਕਰ ਲਈ ਸੀ।

ਪੁਲਿਸ ਨੇ ਹੋਟਲ ਦੇ ਕਮਰੇ 'ਚੋਂ ਨੰਜੂ ਨਾਮੀਂ ਦਵਾਈ ਬਰਾਮਦ ਕਰ ਲਈ ਹੈ, ਜਿਸ ਨੂੰ ਇਸ ਵਿਅਕਤੀ ਦੇ ਖਾਣ ਦਾ ਸ਼ੱਕ ਹੈ।

ਇਸ ਦੇ ਨਾਲ ਹੀ ਇੱਕ ਨੌਜਵਾਨ ਔਰਤ ਦੀ ਵੀ ਨੰਜੂ ਦੀ ਮੌਤ ਹੋਈ ਹੈ। ਉਸ ਬਾਰੇ ਕਿਹਾ ਜਾਂਦਾ ਹੈ ਕਿ ਉਸ ਨੇ ਮਾਂ ਅਤੇ ਬੱਚਿਆਂ ਦੇ ਅੰਤਿਮ ਸੰਸਕਾਰ ਵਿੱਚ ਹਿੱਸਾ ਲਿਆ ਸੀ।

ਇਸ ਔਰਤ ਨੇ ਯੱਕਲਾ ਇਲਾਕੇ 'ਚ ਆਪਣੇ ਘਰ ਵਿੱਚ ਖੁਦਕੁਸ਼ੀ ਕਰ ਲਈ ਸੀ।

ਪੁਲਿਸ ਦੇ ਅਨੁਸਾਰ ਜਾਂਚ ਤੋਂ ਪਤਾ ਲੱਗਾ ਹੈ ਕਿ ਨੌਜਵਾਨ ਔਰਚ ਨੇ ਪ੍ਰਚਾਰਕ ਦੀਆਂ ਸਿੱਖਿਆਵਾਂ ਵਾਲੇ ਸਮਾਗਮ ਵਿੱਚ ਹਿੱਸਾ ਲਿਆ ਸੀ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਉਹ ਬੁੱਧ ਧਰਮ ਨੂੰ ਵਿਗਾੜ ਕੇ ਪੇਸ਼ ਕਰਦਾ ਸੀ।

ਪੁਲਿਸ ਨੇ ਇਸ ਗੱਲ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਖੁਦਕੁਸ਼ੀ 'ਚ ਕਥਿਤ ਤੌਰ 'ਤੇ ਵਰਤਿਆ ਗਿਆ ਪਦਾਰਥ ਇੱਕੋ ਤਰ੍ਹਾਂ ਦਾ ਹੈ ਜਾਂ ਨਹੀਂ?

ਇਨ੍ਹਾਂ ਮਾਮਲਿਆਂ ਦੀ ਜਾਂਚ ਲਈ ਪੁਲਿਸ ਨੇ ਲੋਕਾਂ ਦੇ ਕਈ ਸਮੂਹਾਂ ਤੋਂ ਪੁੱਛਗਿੱਛ ਕੀਤੀ ਹੈ।

ਇਹ ਦੇਖਣ ਲਈ ਵੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਿ ਕੀ ਇਨ੍ਹਾਂ ਪਛਾਣੇ ਗਏ ਵਿਅਕਤੀਆਂ ਵਿੱਚੋਂ ਕੋਈ ਹੋਰ ਵੀ ਪ੍ਰਭਾਵਿਤ ਪਾਇਆ ਗਿਆ ਹੈ?

ਪੁਲਿਸ ਦੇ ਮੀਡੀਆ ਬੁਲਾਰੇ ਸੀਨੀਅਰ ਪੁਲਿਸ ਕਪਤਾਨ ਐਡਵੋਕੇਟ ਨਿਹਾਲ ਤਲਦੁਵਾ ਨੇ ਕਿਹਾ ਕਿ ਉਨ੍ਹਾਂ ਦੀ ਮੌਤ ਇੱਕ ਕਿਸਮ ਦਾ ਜ਼ਹਿਰ ਖਾਣ ਨਾਲ ਹੋਈ ਹੈ ਜਿਸ ਦੇ ਸਾਇਨਾਈਡ ਹੋਣ ਦਾ ਸ਼ੱਕ ਹੈ।

ਨਿਹਾਲ ਤਲਦੁਵਾ ਨੇ ਕਿਹਾ, “ਸਾਰੀਆਂ ਚਾਰ ਘਟਨਾਵਾਂ ਵਿੱਚ ਇੱਕੋ ਕਿਸਮ ਦੇ ਨਿਸ਼ਾਨ ਮਿਲੇ ਹਨ। ਯਾਨੀ ਨੰਜੂ ਦਾ ਸ਼ੱਕੀ ਬੈਗ ਮਿਲਿਆ ਹੈ। ਇਹ ਪਦਾਰਥ ਛੋਟੀਆਂ ਬਾਲਟੀਆਂ ਵਿੱਚ ਪਾਇਆ ਜਾਂਦਾ ਹੈ। ਸਾਨੂੰ ਸ਼ੱਕ ਹੈ ਕਿ ਇਹ ਸਾਇਨਾਈਡ ਹੈ।”

ਉਨ੍ਹਾਂ ਕਿਹਾ, “ਹਾਲਾਂਕਿ ਰਸਾਇਣਕ ਵਿਸ਼ਲੇਸ਼ਣ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ ਕਿ ਉਹ ਪਦਾਰਥ ਕੀ ਹੈ। ਪਰ ਇਹ ਸਪੱਸ਼ਟ ਹੈ ਕਿ ਇਹ ਇੱਕ ਖਤਰਨਾਕ ਚੀਜ਼ ਹੈ।”

ਨਿਹਾਲ ਤਲਦੁਵਾ ਮੁਤਾਬਕ, "ਜਾਂਚ ਵਿਭਾਗ ਦੀ ਪੜਤਾਲ ਵਿੱਚ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਉਸ ਪ੍ਰਚਾਰਕ ਨੇ ਜ਼ਹਿਰ ਪੀ ਕੇ ਆਤਮਹੱਤਿਆ ਕਰਨਾ ਸਿਖਾਇਆ ਹੈ। ਉਸ ਨੇ ਸਿਖਾਇਆ ਹੈ ਕਿ ਜੇਕਰ ਕੋਈ ਉਸੇ ਮੌਕੇ 'ਤੇ ਮਰ ਜਾਵੇ ਤਾਂ ਅਗਲੇ ਜਨਮ ਵਿੱਚ ਉਹ ਚੰਗੀ ਥਾਂ ਪੈਂਦਾ ਹੋ ਸਕਦਾ ਹੈ। ਕੁਝ ਮਾਮਲਿਆਂ ਵਿੱਚ ਅਜਿਹੇ ਲੋਕ ਵੀ ਹੋ ਸਕਦੇ ਹਨ ਜੋ ਇਹਨਾਂ ਗੱਲਾਂ ਨੂੰ ਮੰਨਦੇ ਹਨ। ਉਨ੍ਹਾਂ ਦੇ ਰਿਸ਼ਤੇਦਾਰ ਜਿਨ੍ਹਾਂ ਨੇ ਉਸ ਦੀਆਂ ਸਿੱਖਿਆਵਾਂ ਵਿੱਚ ਹਿੱਸਾ ਲਿਆ ਸੀ, ਉਹ ਉਸ ਵੱਲ ਧਿਆਨ ਦੇਣ।"

ਨੋਟ: ਕਿਸੇ ਦਵਾਈ ਅਤੇ ਥੈਰਿਪੀ ਦੇ ਰਾਹੀਂ ਮਾਨਸਿਕ ਬਿਮਾਰੀਆਂ ਦਾ ਇਲਾਜ ਸੰਭਵ ਹੈ। ਇਸ ਲਈ ਤੁਹਾਨੂੰ ਕਿਸੇ ਮਾਹਿਰ ਦੀ ਮਦਦ ਲੈਣੀ ਚਾਹੀਦੀ ਹੈ। ਜੇ ਤੁਹਾਡੇ ਵਿੱਚ ਜਾਂ ਤੁਹਾਡੇ ਕਿਸੇ ਨਜ਼ਦੀਕੀ ਵਿੱਚ ਕਿਸੇ ਤਰ੍ਹਾਂ ਦੀ ਮਾਨਸਿਕ ਤਕਲੀਫ਼ ਦੇ ਲੱਛਣ ਹਨ ਤਾਂ ਇਨ੍ਹਾਂ ਹੈਲਪਲਾਈਨ ਨੰਬਰਾਂ ਉੱਪਰ ਫ਼ੋਨ ਕਰ ਕੇ ਮਦਦ ਹਾਸਲ ਕੀਤੀ ਜਾ ਸਕਦੀ ਹੈ।

ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲਾ-1800-599-0019

ਇੰਸਟੀਚਿਊਟ ਆਫ਼ ਹਿਊਮਨ ਬਿਹੇਰਵੀਅਰ ਐਂਡ ਅਲਾਈਡ ਸਾਇੰਸਿਜ਼-9868396824, 9868396841, 011-22574820

ਨੈਸ਼ਨਲ ਇੰਸਟੀਚਿਊਟ ਆਫ਼ ਮੈਂਟਲ ਹੈਲਥ ਐਂਡ ਨਿਊਰੋ ਸਾਇੰਸਿਜ਼-080 - 26995000

ਵਿਦਿਆਸਾਗਰ ਇੰਸਟੀਚਿਊਟ ਆਫ਼ ਮੈਂਟਲ ਹੈਲਥ ਐਂਡ ਅਲਾਈਡ ਸਾਇੰਸਿਜ਼-011 2980 2980

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)