ਮਣੀਪੁਰ 'ਚ ਦੋ ਔਰਤਾਂ ਨੂੰ ਨਗਨ ਕਰਕੇ ਪਰੇਡ ਕਰਾਉਣ ਦਾ ਕੀ ਹੈ ਮਾਮਲਾ, ਜਿਸ ਉੱਤੇ ਮੋਦੀ ਵੀ ਬੋਲੇ, 'ਮੇਰਾ ਦਿਲ ਦੁੱਖ ਅਤੇ ਗੁੱਸੇ ਨਾਲ ਭਰਿਆ'

ਮਣੀਪੁਰ ਵਿੱਚ ਦੋ ਮਹਿਲਾਵਾਂ ਨੂੰ ਸੜਕ 'ਤੇ ਬਿਨਾਂ ਕੱਪੜਿਆਂ ਦੇ ਦੌੜਾਏ ਜਾਣ ਦਾ ਮਾਮਲਾ ਹੁਣ ਪੂਰੀ ਤਰ੍ਹਾਂ ਭਖ ਗਿਆ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ, ਸੁਪਰੀਮ ਕੋਰਟ, ਸੂਬੇ ਦੇ ਮੁੱਖ ਮੰਤਰੀ ਬੀਰੇਨ ਸਿੰਘ, ਵਿਰੋਧੀ ਪਾਰਟੀਆਂ ਦੇ ਆਗੂਆਂ ਅਤੇ ਆਮ ਲੋਕਾਂ ਨੇ ਇਸ ਘਟਨਾ 'ਤੇ ਗੁੱਸਾ ਜ਼ਾਹਿਰ ਕੀਤਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਦਿਲ ਵਿੱਚ ਇਸ ਪੂਰੀ ਘਟਨਾ ਕਾਰਨ ਪੀੜਾ ਭਰ ਗਈ ਹੈ ਅਤੇ ਕਿਸੇ ਵੀ ਹਾਲ 'ਚ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

ਦਰਅਸਲ, ਮਣੀਪੁਰ ਤੋਂ ਇੱਕ ਵੀਡੀਓ ਵਾਇਰਲ ਹੋਇਆ ਹੈ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਮਰਦਾਂ ਦੀ ਭੀੜ ਦੋ ਔਰਤਾਂ ਨੂੰ ਨਗਨ ਹਾਲਤ ਵਿੱਚ ਸੜਕ 'ਤੇ ਦੌੜਾ ਰਹੀ ਹੈ।

ਮਾਮਲੇ 'ਚ ਦਰਜ ਐਫਆਈਆਰ 'ਚ ਇਹ ਵੀ ਦੱਸਿਆ ਗਿਆ ਹੈ ਕਿ ਇਸ ਪੂਰੀ ਘਟਨਾ ਦੌਰਾਨ ਮਹਿਲਾਵਾਂ ਨਾਲ ਕੁੱਟਮਾਰ ਹੋਈ ਅਤੇ ਇੱਕ ਨੌਜਵਾਨ ਮਹਿਲਾ ਨਾਲ ਸਾਮੂਹਿਕ ਬਲਾਤਕਾਰ ਵੀ ਕੀਤਾ ਗਿਆ।

‘ਮੇਰਾ ਦਿਲ ਪੀੜਾ ਤੇ ਗੁੱਸੇ ਨਾਲ ਭਰਿਆ ਹੋਇਆ ਹੈ’ - ਪੀਐਮ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਨਸੂਨ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਮਣੀਪੁਰ ਹਿੰਸਾ ਤੇ ਮਹਿਲਾਵਾਂ ਨਾਲ ਸ਼ੋਸ਼ਣ ਵਾਲੇ ਮਾਮਲੇ 'ਤੇ ਬੋਲਦਿਆਂ ਕਿਹਾ ਕਿ ''ਕਿਸੇ ਵੀ ਸੱਭਿਅਕ ਸਮਾਜ ਲਈ ਇਹ ਬਹੁਤ ਸ਼ਰਮਿੰਦਾ ਕਰਨ ਵਾਲੀ ਘਟਨਾ ਹੈ।''

ਉਨ੍ਹਾਂ ਘਟਨਾ 'ਤੇ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ''ਮੇਰਾ ਦਿਲ ਪੀੜਾ ਤੇ ਗੁੱਸੇ ਨਾਲ ਭਰਿਆ ਹੋਇਆ ਹੈ।''

ਉਨ੍ਹਾਂ ਕਿਹਾ, ''ਪਾਪ ਕਰਨ ਵਾਲੇ, ਗੁਨਾਹ ਕਰਨ ਵਾਲੇ ਆਪਣੀ ਥਾਂ 'ਤੇ ਹਨ ਪਰ ਬੇਇੱਜ਼ਤੀ ਪੂਰੇ ਦੇਸ਼ ਦੀ ਹੋ ਰਹੀ ਹੈ।''

ਉਨ੍ਹਾਂ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਅਪੀਲ ਕੀਤੀ ਕਿ ਮਹਿਲਾਵਾਂ ਦੀ ਸੁਰੱਖਿਆ ਲਈ ਸਖ਼ਤ ਤੋਂ ਸਖ਼ਤ ਕਦਮ ਚੁੱਕਣ।

ਪ੍ਰਧਾਨ ਮੰਤਰੀ ਨੇ ਕਿਹਾ ਕਿ ''ਮੈਂ ਦੇਸ਼ ਦੀ ਜਨਤਾ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਕਿਸੇ ਵੀ ਦੋਸ਼ੀ ਨੂੰ ਮੁਆਫ਼ ਨਹੀਂ ਕੀਤਾ ਜਾਵੇਗਾ।''

ਸੁਪਰੀਮ ਕੋਰਟ ਵੀ ਸਖ਼ਤ

ਦੇਸ਼ ਦੀ ਸਰਵਉੱਚ ਅਦਾਲਤ ਨੇ ਵੀ ਇਸ ਮਾਮਲੇ ਨੂੰ ਧਿਆਨ ਵਿੱਚ ਲੈਂਦੇ ਹੋਏ ਚਿੰਤਾ ਪ੍ਰਗਟਾਈ ਹੈ ਅਤੇ ਕਿਹਾ ਹੈ ਕਿ ਸੁਪਰੀਮ ਕੋਰਟ ਇਸ ਮਾਮਲੇ ਵਿੱਚ 28 ਜੁਲਾਈ ਨੂੰ ਸੁਣਵਾਈ ਕਰੇਗੀ।

ਚੀਫ਼ ਜਸਟਿਸ ਆਫ਼ ਇੰਡੀਆ ਡੀਵਾਈ ਚੰਦਰਚੂੜ ਨੇ ਕਿਹਾ, ''ਸਰਕਾਰ ਨੂੰ ਇਸ ਮਾਮਲੇ 'ਚ ਦਖ਼ਲ ਦੇਣਾ ਚਾਹੀਦਾ ਹੈ ਅਤੇ ਕਾਰਵਾਈ ਕਰਨੀ ਚਾਹੀਦੀ ਹੈ। ਕਿਸੇ ਵੀ ਹਾਲ 'ਚ ਇਹ ਸਵੀਕਾਰਨ ਯੋਗ ਨਹੀਂ ਹੈ। ਇਹ ਘਟਨਾ ਪ੍ਰੇਸ਼ਾਨ ਕਰਨ ਵਾਲੀ ਹੈ। ਇਹ ਸੰਵਿਧਾਨ ਅਤੇ ਮਨੁੱਖੀ ਅਧਿਕਾਰਾਂ ਦਾ ਉਲੰਘਣਾ ਹੈ।''

ਬੀਬੀਸੀ ਪੱਤਰਕਾਰ ਸੁਚਿੱਤਰਾ ਮੋਹੰਤੀ ਨੇ ਦੱਸਿਆ ਕਿ ਸੀਜੀਆਈ ਦੀ ਬੈਂਚ ਨੇ ਆਦੇਸ਼ ਦਿੱਤੇ ਹਨ ਕਿ, ਕੇਂਦਰ ਤੇ ਸੂਬਾ ਸਰਕਾਰ ਨੇ ਇਸ ਮਾਮਲੇ 'ਚ ਕੀ ਕਦਮ ਚੁੱਕੇ, ਇਸ ਬਾਰੇ 28 ਜੁਲਾਈ ਤੱਕ ਜਾਣਕਾਰੀ ਦੇਵੇ।

ਵੀਡੀਓ ਵਾਇਰਲ ਹੋਣ ਤੋਂ ਬਾਅਦ ਪਹਿਲੀ ਗ੍ਰਿਫ਼ਤਾਰੀ

ਮਣੀਪੁਰ ਦੇ ਮੁੱਖ ਮੰਤਰੀ ਨੇ ਇੱਕ ਟਵੀਟ ਕਰਕੇ ਕਿਹਾ ਹੈ ਕਿ ''ਵਾਇਰਲ ਵੀਡੀਓ 'ਚ ਜਿਨ੍ਹਾਂ ਦੋ ਮਹਿਲਾਵਾਂ ਨਾਲ ਇਹ ਅਣਮਨੁੱਖੀ ਅਤੇ ਅਪਮਾਨਜਨਕ ਘਟਨਾ ਹੋਈ ਹੈ, ਉਨ੍ਹਾਂ ਨਾਲ ਮੇਰੀ ਹਮਦਰਦੀ ਹੈ।''

''ਵੀਡੀਓ ਸਾਹਮਣੇ ਆਉਣ ਤੋਂ ਬਾਅਦ ਮਣੀਪੁਰ ਪੁਲਿਸ ਨੇ ਆਪ ਮਾਮਲੇ 'ਚ ਕਾਰਵਾਈ ਤੇਜ਼ ਕਰ ਦਿੱਤੀ ਸੀ ਅਤੇ ਇਸ ਮਾਮਲੇ 'ਚ ਵੀਰਵਾਰ ਸਵੇਰੇ ਪਹਿਲੀ ਗ੍ਰਿਫ਼ਤਾਰੀ ਹੋਈ ਹੈ।''

ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

''ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦੇਣ 'ਤੇ ਵੀ ਵਿਚਾਰ ਕੀਤਾ ਜਾਵੇਗਾ। ਮੈਂ ਸਪਸ਼ਟ ਕਰ ਦੇਵਾਂ ਕਿ ਅਜਿਹੇ ਘਿਨੌਣੇ ਅਪਰਾਧ ਲਈ ਸਮਾਜ 'ਚ ਕੋਈ ਥਾਂ ਨਹੀਂ ਹੈ।''

'ਉਨ੍ਹਾਂ ਨੇ ਕਿਹਾ ਕੱਪੜੇ ਉਤਾਰੋ ਨਹੀਂ ਤਾਂ ਤੁਹਾਨੂੰ ਮਾਰ ਦੇਵਾਂਗੇ'

ਨਿਊਜ਼ ਵੈੱਬਸਾਈਟ ਸਕ੍ਰੋਲ ਮੁਤਾਬਕ ਇਨ੍ਹਾਂ ਦੋ ਔਰਤਾਂ ਵਿੱਚੋਂ ਇੱਕ 21 ਸਾਲਾ ਔਰਤ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ।

ਸਕ੍ਰੌਲ ਨੇ ਪੀੜਿਤ ਮਹਿਲਾਵਾਂ ਵਿੱਚੋਂ ਇੱਕ ਨਾਲ ਗੱਲਬਾਤ ਕੀਤੀ ਹੈ।

ਇਸ ਦੌਰਾਨ ਪੀੜਿਤ ਮਹਿਲਾ ਨੇ ਕਿਹਾ, “ਅਸੀਂ ਸੁਣਿਆ ਕਿ ਨੇੜਲੇ ਪਿੰਡ ਵਿੱਚ ਮੈਤਈ ਲੋਕਾਂ ਦੇ ਘਰਾਂ ਨੂੰ ਸਾੜਿਆ ਜਾ ਰਿਹਾ ਹੈ। ਇਹ ਸੁਣ ਕੇ ਅਸੀਂ ਭੱਜ ਗਏ। ਫਿਰ ਭੀੜ ਨੇ ਸਾਨੂੰ ਫੜ੍ਹ ਲਿਆ।''

''ਭੀੜ ਨੇ ਸਾਡੇ ਨਾਲ ਤਸ਼ੱਦਦ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਅਸੀਂ ਇਨਕਾਰ ਕੀਤਾ ਤਾਂ ਭੀੜ ਨੇ ਕਿਹਾ ਕਿ ਆਪਣੇ ਕੱਪੜੇ ਉਤਾਰੋ, ਨਹੀਂ ਤਾਂ ਤੁਹਾਨੂੰ ਮਾਰ ਦੇਵਾਂਗੇ।''

ਇਸ 40 ਸਾਲਾ ਔਰਤ ਨੇ ਕਿਹਾ, ''ਆਪਣੀ ਜਾਨ ਬਚਾਉਣ ਲਈ ਅਸੀਂ ਆਪਣੇ ਸਾਰੇ ਕੱਪੜੇ ਉਤਾਰ ਦਿੱਤੇ। ਇਸ ਦੌਰਾਨ ਮਰਦ ਸਾਡੇ ਥੱਪੜ ਮਾਰਦੇ ਰਹੇ।''

ਉਨ੍ਹਾਂ ਕਿਹਾ, “ਉਹ ਮੈਨੂੰ ਨੇੜਲੇ ਖੇਤ ਵਿੱਚ ਲੈ ਗਏ। ਪਰ ਮੈਂ ਖੁਸ਼ਕਿਸਮਤ ਸੀ ਕਿ ਮੇਰੇ ਨਾਲ ਬਲਾਤਕਾਰ ਨਹੀਂ ਹੋਇਆ।''

ਐਫਆਰੀਆਰ 'ਚ ਕੀ ਲਿਖਿਆ ਹੈ?

ਇਸ ਪੂਰੇ ਮਾਮਲੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਇਹ 2 ਮਹੀਨੇ ਪਹਿਲਾਂ ਦਾ ਵੀਡੀਓ ਹੈ।

ਇੱਕ ਟਵੀਟ ਵਿੱਚ ਮਣੀਪੁਰ ਪੁਲਿਸ ਨੇ ਦੱਸਿਆ, ”ਇਹ ਘਟਨਾ 4 ਮਈ ਦੀ ਹੈ। ਮਾਮਲੇ 'ਚ ਅਣਪਛਾਤੇ ਲੋਕਾਂ ਖ਼ਿਲਾਫ਼ ਅਗਵਾ ਕਰਨ, ਗੈਂਗਰੇਪ ਅਤੇ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ।''

''ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਮੁਲਜ਼ਮਾਂ ਨੂੰ ਫੜ੍ਹਨ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ।''

ਅੰਗਰੇਜ਼ੀ ਅਖਬਾਰ ਇੰਡੀਅਨ ਐਕਸਪ੍ਰੈਸ ਵਿੱਚ ਛਪੀ ਖ਼ਬਰ ਮੁਤਾਬਕ, ਕੁਕੀ-ਜ਼ੋਮੀ ਭਾਈਚਾਰੇ ਨਾਲ ਸਬੰਧਤ ਇਨ੍ਹਾਂ ਮਹਿਲਾਵਾਂ ਦਾ 4 ਮਈ ਨੂੰ ਮੈਤਈ ਦਬਦਬੇ ਵਾਲੇ ਥੌਬਲ ਜ਼ਿਲ੍ਹੇ ਵਿੱਚ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ।

ਹਾਲਾਂਕਿ, ਇਸ ਸਬੰਧੀ ਐਫਆਈਆਰ ਕਾਂਗਪੋਕਪੀ ਜ਼ਿਲ੍ਹੇ ਵਿੱਚ 18 ਮਈ ਦਰਜ ਕੀਤੀ ਗਈ ਸੀ। ਇਸ ਤੋਂ ਬਾਅਦ ਮਾਮਲਾ ਸਬੰਧਤ ਥਾਣੇ ਨੂੰ ਭੇਜ ਦਿੱਤਾ ਗਿਆ।

ਮਣੀਪੁਰ ਪੁਲਿਸ ਦੇ ਇੱਕ ਉੱਚ ਅਧਿਕਾਰੀ ਐਸਪੀ ਕੇ ਮੇਘਚੰਦਰ ਸਿੰਘ ਨੇ ਇਸ ਘਟਨਾ 'ਤੇ ਜਾਰੀ ਇੱਕ ਪ੍ਰੈਸ ਨੋਟ ਵਿੱਚ ਕਿਹਾ ਹੈ ਕਿ ਮਣੀਪੁਰ ਪੁਲਿਸ ਮੁਲਜ਼ਮਾਂ ਨੂੰ ਫੜ੍ਹਨ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਪਰ ਹੁਣ ਤੱਕ ਇਸ ਮਾਮਲੇ ਵਿੱਚ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।

ਵੀਡੀਓ ਵਿੱਚ ਨਜ਼ਰ ਆ ਰਹੀ ਇੱਕ ਮਹਿਲਾ ਦੀ ਉਮਰ ਕਰੀਬ 20 ਸਾਲ ਅਤੇ ਦੂਜੀ ਦੀ ਉਮਰ 40 ਸਾਲ ਦੱਸੀ ਜਾ ਰਹੀ ਹੈ।

ਇਨ੍ਹਾਂ ਔਰਤਾਂ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਵੀਡੀਓ ਵਿੱਚ ਸਿਰਫ਼ ਦੋ ਔਰਤਾਂ ਹੀ ਨਜ਼ਰ ਆ ਰਹੀਆਂ ਹਨ, ਪਰ ਭੀੜ ਨੇ ਇੱਕ 50 ਸਾਲਾ ਔਰਤ ਨੂੰ ਵੀ ਕੱਪੜੇ ਉਤਾਰਨ ਲਈ ਮਜਬੂਰ ਕੀਤਾ ਸੀ।

ਐਫਆਈਆਰ ਵਿੱਚ ਕਿਹਾ ਗਿਆ ਹੈ ਕਿ ਇੱਕ ਨੌਜਵਾਨ ਮਹਿਲਾ ਨਾਲ ਦਿਨ-ਦਿਹਾੜੇ ਸਮੂਹਿਕ ਬਲਾਤਕਾਰ ਵੀ ਕੀਤਾ ਗਿਆ।

ਪੀੜਤ ਮਹਿਲਾਵਾਂ ਨੇ ਦੱਸਿਆ ਹੈ ਕਿ 3 ਮਈ ਨੂੰ ਆਧੁਨਿਕ ਹਥਿਆਰਾਂ ਨਾਲ ਲੈਸ ਹੋ ਕੇ 800 ਤੋਂ 1000 ਲੋਕਾਂ ਨੇ ਥੌਬਲ ਜ਼ਿਲ੍ਹੇ 'ਚ ਸਥਿਤ ਉਨ੍ਹਾਂ ਦੇ ਪਿੰਡ 'ਤੇ ਹਮਲਾ ਕੀਤਾ ਸੀ। ਇਨ੍ਹਾਂ ਲੋਕਾਂ ਨੇ ਪਿੰਡ ਨੂੰ ਲੁੱਟਣ ਦੇ ਨਾਲ-ਨਾਲ ਅੱਗ ਲਗਾਉਣੀ ਵੀ ਸ਼ੁਰੂ ਕਰ ਦਿੱਤੀ ਸੀ।

ਅਜਿਹੇ 'ਚ ਦੋ ਔਰਤਾਂ ਅਤੇ ਇੱਕ ਨੌਜਵਾਨ ਮਹਿਲਾ ਆਪਣੇ ਪਿਤਾ ਅਤੇ ਭਰਾ ਦੇ ਨਾਲ ਜੰਗਲਾਂ ਵੱਲ ਭੱਜੇ।

ਸ਼ਿਕਾਇਤ ਅਨੁਸਾਰ, ਪੁਲਿਸ ਇਨ੍ਹਾਂ ਔਰਤਾਂ ਨੂੰ ਬਚਾਉਣ ਵਿੱਚ ਵੀ ਕਾਮਯਾਬ ਵੀ ਹੋਈ। ਪੁਲਿਸ ਨੇ ਇਨ੍ਹਾਂ ਲੋਕਾਂ ਨੂੰ ਥਾਣੇ ਲੈ ਕੇ ਜਾ ਰਹੀ ਸੀ ਪਰ ਥਾਣੇ ਤੋਂ ਦੋ ਕਿਲੋਮੀਟਰ ਪਹਿਲਾਂ ਹੀ ਭੀੜ ਨੇ ਇਨ੍ਹਾਂ ਨੂੰ ਰੋਕ ਲਿਆ।

ਇਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਇਨ੍ਹਾਂ ਔਰਤਾਂ ਨੂੰ ਪੁਲਿਸ ਤੋਂ ਖੋਹ ਲਿਆ, ਜਿਸ ਤੋਂ ਬਾਅਦ ਨੌਜਵਾਨ ਮਹਿਲਾ ਦੇ ਪਿਤਾ ਨੂੰ ਮੌਕੇ 'ਤੇ ਹੀ ਮਾਰ ਦਿੱਤਾ ਗਿਆ।

ਐਫਆਈਆਰ ਮੁਤਾਬਕ, ਤਿੰਨਾਂ ਮਹਿਲਾਵਾਂ ਨੂੰ ਭੀੜ ਦੇ ਸਾਹਮਣੇ ਨਗਨ ਹੋ ਕੇ ਚੱਲਣ ਲਈ ਮਜਬੂਰ ਕੀਤਾ ਗਿਆ ਅਤੇ ਨੌਜਵਾਨ ਮਹਿਲਾ ਨਾਲ ਜਨਤਕ ਤੌਰ 'ਤੇ ਸਮੂਹਿਕ ਬਲਾਤਕਾਰ ਦਾ ਇਲਜ਼ਾਮ ਹੈ।

ਐਫਆਈਆਰ ਮੁਤਾਬਕ, ਜਦੋਂ ਇਸ ਨੌਜਵਾਨ ਮਹਿਲਾ ਦੇ 19 ਸਾਲਾ ਭਰਾ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਵੀ ਮਾਰ ਦਿੱਤਾ ਗਿਆ।

ਪੰਜ ਜ਼ਿਲ੍ਹਿਆਂ ਵਿੱਚ ਅਣਮਿੱਥੇ ਸਮੇਂ ਲਈ ਕਰਫਿਊ

ਇੰਡੀਜੀਨਸ ਟਰਾਈਬਲ ਲੀਡਰਜ਼ ਫੋਰਮ ਨੇ ਇਸ ਮੁੱਦੇ 'ਤੇ ਬਿਆਨ ਦਿੰਦਿਆਂ ਕਿਹਾ ਹੈ ਕਿ ਜਿਣਸੀ ਸ਼ੋਸ਼ਣ ਕਰਨ ਵਾਲਿਆਂ ਨੇ ਪੀੜਤਾਂ ਦੀ ਪਛਾਣ ਜ਼ਾਹਰ ਕਰਨ ਵਾਲੀਆਂ ਵੀਡੀਓਜ਼ ਜਾਰੀ ਕਰਨ ਦਾ ਫੈਸਲਾ ਕਰਕੇ ਪੀੜਤਾਂ ਨਾਲ ਅੱਤਿਆਚਾਰ ਨੂੰ ਵਧਾ ਦਿੱਤਾ ਹੈ।

ਇਸ ਦੇ ਨਾਲ ਹੀ ਮਹਿਲਾ ਸੰਗਠਨ ਵੱਲੋਂ ਇਸ ਮੁੱਦੇ 'ਤੇ ਰੋਸ ਮਾਰਚ ਕੱਢਣ ਦੇ ਐਲਾਨ ਤੋਂ ਬਾਅਦ ਸੂਬਾ ਸਰਕਾਰ ਨੇ ਘਾਟੀ ਦੇ ਪੰਜ ਜ਼ਿਲ੍ਹਿਆਂ 'ਚ ਅਣਮਿੱਥੇ ਸਮੇਂ ਲਈ ਕਰਫਿਊ ਦਾ ਐਲਾਨ ਕਰ ਦਿੱਤਾ ਹੈ।

ਇਹ ਜ਼ਿਲ੍ਹੇ ਇੰਫਾਲ ਪੂਰਬੀ, ਇੰਫਾਲ ਪੱਛਮੀ, ਬਿਸ਼ਨੂਪੁਰ, ਕਾਕਚਿੰਗ ਅਤੇ ਥੌਬਲ ਹਨ।

ਅੰਗਰੇਜ਼ੀ ਅਖ਼ਬਾਰ ਦਿ ਹਿੰਦੂ 'ਚ ਛਪੀ ਖ਼ਬਰ ਮੁਤਾਬਕ, ਮਣੀਪੁਰ ਦੇ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਸੀਆਰਪੀਐੱਫ ਨੇ ਨਾਗਾਲੈਂਡ ਅਤੇ ਅਸਾਮ ਤੋਂ ਦੋ ਉੱਚ ਅਧਿਕਾਰੀਆਂ ਨੂੰ ਮਣੀਪੁਰ 'ਚ ਤੈਨਾਤ ਕੀਤਾ ਹੈ।

ਇਸ ਦੇ ਨਾਲ ਹੀ ਮਣੀਪੁਰ ਦੇ ਕਾਂਗਪੋਕਪੀ ਅਤੇ ਜਿਰਬਮ ਜ਼ਿਲ੍ਹਿਆਂ ਵਿੱਚ ਦੋ ਟੈਕਟਿਕਲ ਹੈੱਡਕੁਆਰਟਰ ਸਥਾਪਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਸੀਆਰਪੀਐਫ ਦਾ ਪਹਿਲਾਂ ਹੀ ਇੰਫਾਲ ਵਿੱਚ ਇੱਕ ਹੈੱਡਕੁਆਰਟਰ ਹੈ।

  • ਪਿਛਲੇ ਦੋ ਮਹੀਨਿਆਂ ਤੋਂ ਮਣੀਪੁਰ 'ਚ ਜਾਰੀ ਹਿੰਸਾ ਰੁਕਣ ਦਾ ਨਾਮ ਨਹੀਂ ਲੈ ਰਹੀ
  • ਮਾਮਲਾ ਮੈਤੇਈ ਭਾਈਚਾਰੇ ਨੂੰ ਅਨੁਸੂਚਿਤ ਕਬੀਲੇ ਦਾ ਦਰਜਾ ਦੇਣ ਦੀ ਮੰਗ ਦਾ ਸੀ
  • ਬਾਕੀ ਕਬੀਲੇ ਮੈਤੇਈ ਨੂੰ ਕਬੀਲੇ ਦਾ ਦਰਜਾ ਦੇਣ ਦੀ ਮੰਗ ਦਾ ਵਿਰੋਧ ਕਰ ਰਹੇ ਹਨ
  • ਇਸ ਮਾਮਲੇ ਨੂੰ ਲੈ ਕੇ ਮੈਤਈ ਤੇ ਕੁਕੀ ਭਚਾਰੀਆਂ ਦਰਮਿਆਨ ਇਹ ਹਿੰਸਾ 3 ਮਈ ਨੂੰ ਸ਼ੁਰੂ ਹੋਈ ਸੀ
  • ਉਦੋਂ ਤੋਂ ਹੁਣ ਤੱਕ ਮਣੀਪੁਰ ਵਿੱਚ 142 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਲਗਭਗ 60,000 ਬੇਘਰ ਹੋ ਚੁੱਕੇ ਹਨ
  • ਸੂਬਾ ਸਰਕਾਰ ਮੁਤਾਬਕ ਇਸ ਹਿੰਸਾ 'ਚ ਅੱਗਜ਼ਨੀ ਦੀਆਂ 5000 ਘਟਨਾਵਾਂ ਹੋ ਚੁੱਕੀਆਂ ਹਨ
  • ਮਣੀਪੁਰ ਸਰਕਾਰ ਨੇ ਕਿਹਾ ਕਿ ਹਿੰਸਾ ਨਾਲ ਸਬੰਧਤ ਕੁੱਲ 5,995 ਮਾਮਲੇ ਦਰਜ ਕੀਤੇ ਗਏ ਹਨ
  • ਇਨ੍ਹਾਂ ਮਾਮਲਿਆਂ ਵਿੱਚ 6,745 ਲੋਕਾਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਹੈ

ਸਿਆਸੀ ਆਗੂਆਂ ਦਾ ਕੇਂਦਰ 'ਤੇ ਨਿਸ਼ਾਨਾ

ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਆਮ ਲੋਕਾਂ ਤੋਂ ਲੈ ਕੇ ਕਾਂਗਰਸੀ ਆਗੂ ਵੀ ਮੋਦੀ ਸਰਕਾਰ ਨੂੰ ਘੇਰਦੇ ਨਜ਼ਰ ਆਏ।

ਲੋਕ ਮਣੀਪੁਰ ਦੇ ਮੁੱਦੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੁੱਪ 'ਤੇ ਸਵਾਲ ਚੁੱਕ ਰਹੇ ਹਨ।

ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ ਕੀਤੀ ਹੈ ਇਸ ਮਾਮਲੇ 'ਚ ਮਿਸਾਲੀ ਕਾਰਵਾਈ ਹੋਣੀ ਚਾਹੀਦੀ ਹੈ।

ਉਨ੍ਹਾਂ ਟਵੀਟ ਕਰਕੇ ਇਸ ਘਟਨਾ ਨੂੰ ਬੇਹੱਦ ਸ਼ਰਮਨਾਕ ਤੇ ਨਿੰਦਣਯੋਗ ਦੱਸਿਆ।

ਉਨ੍ਹਾਂ ਕਿਹਾ, ''ਸਾਡੇ ਸਮਾਜ 'ਚ ਇਸ ਤਰ੍ਹਾਂ ਦੀ ਘਟਨਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਕਾਂਗਰਸ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਟਵੀਟ ਕਰਦਿਆਂ ਲਿਖਿਆ, ''ਮਣੀਪੁਰ ਤੋਂ ਆ ਰਹੀਆਂ ਔਰਤਾਂ ਦੇ ਖ਼ਿਲਾਫ਼ ਜਿਣਸੀ ਹਿੰਸਾ ਦੀਆਂ ਤਸਵੀਰਾਂ ਦਿਲ ਦਹਿਲਾ ਦੇਣ ਵਾਲੀਆਂ ਹਨ।''

''ਔਰਤਾਂ ਵਿਰੁੱਧ ਹਿੰਸਾ ਦੀ ਇਸ ਭਿਆਨਕ ਘਟਨਾ ਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ ਘੱਟ ਹੈ। ਸਮਾਜ ਵਿੱਚ ਹਿੰਸਾ ਦਾ ਸਭ ਤੋਂ ਵੱਧ ਖਮਿਆਜ਼ਾ ਔਰਤਾਂ ਅਤੇ ਬੱਚਿਆਂ ਨੂੰ ਭੁਗਤਣਾ ਪੈਂਦਾ ਹੈ।''

ਉਨ੍ਹਾਂ ਅੱਗੇ ਪ੍ਰਧਾਨ ਮੰਤਰੀ ਮੋਦੀ ਦੀ ਚੁੱਪੀ 'ਤੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਲਿਖਿਆ, "ਸਾਨੂੰ ਸਾਰਿਆਂ ਨੂੰ ਮਣੀਪੁਰ ਵਿੱਚ ਸ਼ਾਂਤੀ ਲਈ ਯਤਨਾਂ ਨੂੰ ਅੱਗੇ ਵਧਾਉਂਦੇ ਹੋਏ ਇੱਕ ਆਵਾਜ਼ ਵਿੱਚ ਹਿੰਸਾ ਦੀ ਨਿੰਦਾ ਕਰਨੀ ਪਵੇਗੀ।''

''ਕੇਂਦਰ ਸਰਕਾਰ, ਪ੍ਰਧਾਨ ਮੰਤਰੀ ਜੀ ਮਣੀਪੁਰ ਦੀਆਂ ਹਿੰਸਕ ਘਟਨਾਵਾਂ 'ਤੇ ਕਿਉਂ ਅੱਖਾਂ ਮੀਚੀ ਬੈਠੇ ਹਨ? ਕੀ ਅਜਿਹੀਆਂ ਤਸਵੀਰਾਂ ਅਤੇ ਹਿੰਸਕ ਘਟਨਾਵਾਂ ਉਨ੍ਹਾਂ ਨੂੰ ਪ੍ਰੇਸ਼ਾਨ ਨਹੀਂ ਕਰਦੀਆਂ?''

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਵੀ ਇਸ 'ਤੇ ਪ੍ਰਤੀਕਿਰਿਆ ਦਿੱਤੀ ਤੇ ਲਿਖਿਆ, ''ਪ੍ਰਧਾਨ ਮੰਤਰੀ ਦੀ ਚੁੱਪ ਅਤੇ ਕੋਈ ਕਾਰਵਾਈ ਨਾ ਕਰਨ ਨੇ ਮਣੀਪੁਰ ਨੂੰ ਅਰਾਜਕਤਾ ਦੀ ਸਥਿਤੀ ਵਿੱਚ ਲਿਆ ਦਿੱਤਾ ਹੈ।''

''ਜਦੋਂ ਮਣੀਪੁਰ ਵਿੱਚ ਇੰਡੀਆ ਦੇ ਵਿਚਾਰ ਉੱਤੇ ਹਮਲਾ ਹੋ ਰਿਹਾ ਹੈ ਤਾਂ 'ਇੰਡੀਆ' ਚੁੱਪ ਨਹੀਂ ਰਹੇਗਾ। ਅਸੀਂ ਮਣੀਪੁਰ ਦੇ ਲੋਕਾਂ ਦੇ ਨਾਲ ਖੜ੍ਹੇ ਹਾਂ। ਸ਼ਾਂਤੀ ਹੀ ਅੱਗੇ ਵਧਣ ਦਾ ਰਸਤਾ ਹੈ।''

ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਦਿਆਂ ਲਿਖਿਆ, "ਮਣੀਪੁਰ ਵਿੱਚ ਵਾਪਰੀ ਘਟਨਾ ਬਹੁਤ ਸ਼ਰਮਨਾਕ ਅਤੇ ਨਿੰਦਣਯੋਗ ਹੈ। ਭਾਰਤੀ ਸਮਾਜ ਵਿੱਚ ਅਜਿਹੀਆਂ ਘਿਨੌਣੀਆਂ ਹਰਕਤਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ। ਮਣੀਪੁਰ ਵਿੱਚ ਸਥਿਤੀ ਬਹੁਤ ਚਿੰਤਾਜਨਕ ਹੁੰਦੀ ਜਾ ਰਹੀ ਹੈ।''

ਉਨ੍ਹਾਂ ਕਿਹਾ, ''ਮੈਂ ਪ੍ਰਧਾਨ ਮੰਤਰੀ ਨੂੰ ਮਣੀਪੁਰ ਦੀ ਸਥਿਤੀ ਵੱਲ ਧਿਆਨ ਦੇਣ ਦੀ ਅਪੀਲ ਕਰਦਾ ਹਾਂ। ਇਸ ਘਟਨਾ ਦੀ ਵੀਡੀਓ 'ਚ ਦਿਖਾਈ ਦੇਣ ਵਾਲੇ ਮੁਲਜ਼ਮਾਂ ਖ਼ਿਲਾਫ਼ ਸਖਤ ਕਾਰਵਾਈ ਕਰੋ। ਭਾਰਤ 'ਚ ਅਜਿਹੇ ਅਪਰਾਧਿਕ ਪ੍ਰਵਿਰਤੀ ਵਾਲੇ ਲੋਕਾਂ ਲਈ ਕੋਈ ਥਾਂ ਨਹੀਂ ਹੋਣੀ ਚਾਹੀਦੀ।''

ਦਿੱਲੀ ਮਹਿਲਾ ਕਮਿਸ਼ਨ ਦੇ ਪ੍ਰਧਾਨ ਸਵਾਤੀ ਮਾਲੀਵਾਲ ਨੇ ਕਿਹਾ ਕਿ 'ਵੀਡੀਓ ਦੇਖਣ ਤੋਂ ਬਾਅਦ ਮੈਂ ਬੁਰੀ ਤਰ੍ਹਾਂ ਹਿੱਲ ਗਈ ਤੇ ਪੂਰੀ ਰਾਤ ਸੌਂ ਨਹੀਂ ਸਕੀ।'

ਉਨ੍ਹਾਂ ਨਾਰਾਜ਼ਗੀ ਜਤਾਈ ਕਿ ਇਸ ਘਟਨਾ ਨੂੰ ਢਾਈ ਮਹੀਨੇ ਤੋਂ ਜ਼ਿਆਦਾ ਹੋ ਗਏ ਹਨ, ਪੁਲਿਸ ਨੇ ਐਫਆਈਆਰ ਦਰਜ ਕਰ ਲਈ ਹੈ ਪਰ ਅਜੇ ਤੱਕ ਇੱਕ ਵੀ ਗ੍ਰਿਫ਼ਤਾਰੀ ਨਹੀਂ ਹੋਈ।

ਖ਼ਬਰ ਏਜੰਸੀ ਏਐਨਆਈ ਨਾਲ ਗੱਲ ਕਰਦਿਆਂ ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਦੀ ਚੁੱਪ 'ਤੇ ਵੀ ਸਵਾਲ ਚੁੱਕੇ।

ਉਨ੍ਹਾਂ ਕਿਹਾ ਕਿ 'ਮੈਂ ਪ੍ਰਧਾਨ ਮੰਤਰੀ ਜੀ ਅਤੇ ਮਣੀਪੁਰ ਸਰਕਾਰ ਨੂੰ ਪੱਤਰ ਲਿਖ ਰਹੀ ਹਾਂ ਕਿ ਕੁਝ ਵੀ ਕਰੋ, ਮਣੀਪੁਰ ਦੀ ਹਿੰਸਾ ਬੰਦ ਕਰਵਾਓ।''

''ਇਸ ਮਾਮਲੇ ਵਿੱਚ ਛੇਤੀ ਤੋਂ ਛੇਤੀ ਮੁਲਜ਼ਮਾਂ ਨੂੰ ਫੜ੍ਹਿਆ ਜਾਵੇ ਅਤੇ ਸਖ਼ਤ ਸਜ਼ਾ ਦਿੱਤੀ ਜਾਵੇ।

ਉਨ੍ਹਾਂ ਕਿਹਾ, ''ਮੇਰੀ ਮਣੀਪੁਰ ਸਰਕਾਰ ਨੂੰ ਅਪੀਲ ਹੈ ਕਿ ਮੈਂ ਉੱਥੇ ਆ ਕੇ ਜਾਇਜ਼ਾ ਲੈਣਾ ਚਾਹੁੰਦੀ ਹਾਂ, ਕਿਉਂਕਿ ਮੈਨੂੰ ਖਦਸ਼ਾ ਹੈ ਕਿ ਅਜਿਹਾ ਹੋਰ ਮਹਿਲਾਵਾਂ ਨਾਲ ਵੀ ਹੋਇਆ ਹੋ ਸਕਦਾ ਹੈ।''

ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਇੱਕ ਪੂਰੀ ਰਿਪੋਰਟ ਤਿਆਰ ਕਰਕੇ ਸਰਕਾਰ ਦੇ ਸਾਹਮਣੇ ਪੇਸ਼ ਕਰਨਾ ਚਾਹੁੰਦੇ ਹਨ।

ਸਵਾਤੀ ਮਾਲੀਵਾਲ ਨੇ ਇਸ ਮਾਮਲੇ ਵਿੱਚ ਮਣੀਪੁਰ ਪੁਲਿਸ ਦੇ ਰਵੱਈਏ 'ਤੇ ਵੀ ਸਵਾਲ ਚੁੱਕੇ ਹਨ ਅਤੇ ਕਿਹਾ ਕਿਸ ਇਸ ਮਾਮਲੇ ਵਿੱਚ ਮਣੀਪੁਰ ਪੁਲਿਸ ਅਤੇ ਇਸ ਸਭ 'ਚ ਸ਼ਾਮਲ ਅਧਿਕਾਰੀਆਂ 'ਤੇ ਕਾਰਵਾਈ ਕਰਨ ਦੀ ਲੋੜ ਹੈ।

ਸਮ੍ਰਿਤੀ ਇਰਾਨੀ ਨੇ ਕੀਤੀ ਸੂਬੇ ਦੇ ਮੁੱਖ ਮੰਤਰੀ ਨਾਲ ਗੱਲ

ਭਾਜਪਾ ਆਗੂ ਤੇ ਲੋਕ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਨੇ ਮਣੀਪੁਰ 'ਚ ਔਰਤਾਂ ਦੇ ਜਿਨਸੀ ਸ਼ੋਸ਼ਣ ਦੇ ਵੀਡੀਓ 'ਤੇ ਸੂਬੇ ਦੇ ਮੁੱਖ ਮੰਤਰੀ ਨਾਲ ਗੱਲ ਕੀਤੀ ਹੈ।

ਸਮ੍ਰਿਤੀ ਇਰਾਨੀ ਨੇ ਬੁੱਧਵਾਰ ਦੇਰ ਰਾਤ 12 ਵਜੇ ਇਸ ਮੁੱਦੇ 'ਤੇ ਟਵੀਟ ਵੀ ਕੀਤਾ।

ਉਨ੍ਹਾਂ ਲਿਖਿਆ, ''ਮਣੀਪੁਰ 'ਚ ਦੋ ਮਹਿਲਾਵਾਂ ਦੇ ਜਿਣਸੀ ਸ਼ੋਸ਼ਣ ਦਾ ਭਿਆਨਕ ਵੀਡੀਓ ਅਣਮਨੁੱਖੀ ਅਤੇ ਨਿੰਦਣਯੋਗ ਹੈ।''

''ਮੈਂ ਮੁੱਖ ਮੰਤਰੀ ਐਨ ਬੀਰੇਨ ਸਿੰਘ ਨਾਲ ਗੱਲ ਕੀਤੀ ਹੈ। ਮੁੱਖ ਮੰਤਰੀ ਨੇ ਮੈਨੂੰ ਦੱਸਿਆ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ। ਉਨ੍ਹਾਂ ਨੇ ਮੈਨੂੰ ਭਰੋਸਾ ਦਿਵਾਇਆ ਹੈ ਕਿ ਮੁਲਜ਼ਮਾਂ ਨੂੰ ਫੜ੍ਹਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)