ਭਾਰਤ-ਪਾਕਿਸਤਾਨ ਸੰਘਰਸ਼ 'ਤੇ ਪੋਸਟ ਕਰਨ ਵਾਲੇ ਪ੍ਰੋਫੈਸਰ ਅਲੀ ਖ਼ਾਨ ਮਹਿਮੂਦਾਬਾਦ ਗ੍ਰਿਫ਼ਤਾਰ, ਕੀ ਹੈ ਪੂਰਾ ਮਾਮਲਾ?

ਤਸਵੀਰ ਸਰੋਤ, Ali Khan Mahmudabad/FB
ਭਾਰਤ ਅਤੇ ਪਾਕਿਸਤਾਨ ਵਿਚਾਲੇ ਸੰਘਰਸ਼ ਅਤੇ ਕਰਨਲ ਸੋਫੀਆ ਕੁਰੈਸ਼ੀ ਅਤੇ ਵਿੰਗ ਕਮਾਂਡਰ ਵਿਓਮਿਕਾ ਸਿੰਘ ਤੋਂ ਪ੍ਰੈੱਸ ਬ੍ਰੀਫਿੰਗ ਕਰਵਾਉਣ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਪੋਸਟ ਕਰਨ ਵਾਲੇ ਪ੍ਰੋਫੈਸਰ ਅਲੀ ਖ਼ਾਨ ਮਹਿਮੂਦਾਬਾਦ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਹ ਗ੍ਰਿਫ਼ਤਾਰੀ ਹਰਿਆਣਾ ਦੀ ਸੋਨੀਪਤ ਪੁਲਿਸ ਨੇ ਸਥਾਨਕ ਨਿਵਾਸੀ ਯੋਗੇਸ਼ ਦੀ ਸ਼ਿਕਾਇਤ ਦੇ ਆਧਾਰ 'ਤੇ ਕੀਤੀ ਹੈ। ਹਰਿਆਣਾ ਪੁਲਿਸ ਨੇ ਪ੍ਰੋਫੈਸਰ ਅਲੀ ਖ਼ਾਨ ਵਿਰੁੱਧ ਦੋ ਭਾਈਚਾਰਿਆਂ ਵਿਚਕਾਰ ਨਫ਼ਰਤ ਭੜਕਾਉਣ ਦੀ ਧਾਰਾ ਤਹਿਤ ਮਾਮਲਾ ਦਰਜ ਕੀਤਾ ਹੈ।
ਪ੍ਰੋਫੈਸਰ ਅਲੀ ਖ਼ਾਨ ਹਰਿਆਣਾ ਦੀ ਅਸ਼ੋਕਾ ਯੂਨੀਵਰਸਿਟੀ ਵਿੱਚ ਐਸੋਸੀਏਟ ਪ੍ਰੋਫੈਸਰ ਹਨ। ਉਨ੍ਹਾਂ ਦੀ ਪਤਨੀ ਨੇ ਬੀਬੀਸੀ ਨੂੰ ਦੱਸਿਆ ਕਿ ਪੁਲਿਸ ਐਤਵਾਰ ਸਵੇਰੇ ਲਗਭਗ 6:30 ਵਜੇ ਉਨ੍ਹਾਂ ਦੇ ਘਰ ਪਹੁੰਚੀ ਅਤੇ ਪ੍ਰੋਫੈਸਰ ਅਲੀ ਖਾਨ ਨੂੰ ਆਪਣੇ ਨਾਲ ਲੈ ਗਈ।
ਇਸ ਮਾਮਲੇ ਵਿੱਚ ਪਹਿਲਾਂ ਹਰਿਆਣਾ ਰਾਜ ਮਹਿਲਾ ਕਮਿਸ਼ਨ ਨੇ ਵੀ ਪ੍ਰੋਫੈਸਰ ਅਲੀ ਖ਼ਾਨ ਨੂੰ ਸੰਮਨ ਜਾਰੀ ਕਰਕੇ ਉਨ੍ਹਾਂ ਤੋਂ ਜਵਾਬ ਮੰਗਿਆ ਸੀ।
ਪ੍ਰੋਫੈਸਰ ਅਲੀ ਖ਼ਾਨ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਕਈ ਲੋਕ ਆਪਣੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ, ਕਈ ਲੋਕ ਸੋਸ਼ਲ ਮੀਡੀਆ 'ਤੇ ਵੀ ਇਸ 'ਤੇ ਚਰਚਾ ਕਰ ਰਹੇ ਹਨ।

ਤਸਵੀਰ ਸਰੋਤ, Vineet Kumar
ਕੀ ਹੈ ਮਾਮਲਾ?
6 ਅਤੇ 7 ਮਈ ਦੀ ਦਰਮਿਆਨੀ ਰਾਤ ਨੂੰ ਪਾਕਿਸਤਾਨ ਖ਼ਿਲਾਫ਼ ਭਾਰਤੀ ਫੌਜ ਦੀ ਕਾਰਵਾਈ ਤੋਂ ਬਾਅਦ, ਕਰਨਲ ਸੋਫੀਆ ਕੁਰੈਸ਼ੀ ਅਤੇ ਵਿੰਗ ਕਮਾਂਡਰ ਵਿਓਮਿਕਾ ਸਿੰਘ ਨੇ ਇੱਕ ਪ੍ਰੈੱਸ ਬ੍ਰੀਫਿੰਗ ਵਿੱਚ ਇਸ ਬਾਰੇ ਜਾਣਕਾਰੀ ਦਿੱਤੀ।
ਇਸ ਤੋਂ ਬਾਅਦ, 8 ਮਈ ਨੂੰ ਪ੍ਰੋਫੈਸਰ ਅਲੀ ਖ਼ਾਨ ਮਹਿਮੂਦਾਬਾਦ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਪਾਈ ਸੀ। ਇਸ ਪੋਸਟ ਵਿੱਚ, ਉਨ੍ਹਾਂ ਨੇ ਕਰਨਲ ਸੋਫੀਆ ਕੁਰੈਸ਼ੀ ਅਤੇ ਵਿੰਗ ਕਮਾਂਡਰ ਵਿਓਮਿਕਾ ਸਿੰਘ ਨੂੰ ਪ੍ਰੈੱਸ ਬ੍ਰੀਫਿੰਗ ਵਿੱਚ ਭੇਜਣ ਬਾਰੇ ਲਿਖਿਆ ਸੀ।
ਇਸ ਤੋਂ ਇਲਾਵਾ, ਪ੍ਰੋਫੈਸਰ ਅਲੀ ਖ਼ਾਨ ਨੇ ਆਪਣੀ ਪੋਸਟ ਵਿੱਚ ਭਾਰਤ-ਪਾਕਿਸਤਾਨ ਟਕਰਾਅ ਅਤੇ 'ਜੰਗ ਦੀ ਮੰਗ ਕਰਨ ਵਾਲਿਆਂ' ਦੀਆਂ ਭਾਵਨਾਵਾਂ ਬਾਰੇ ਵੀ ਲਿਖਿਆ ਅਤੇ ਜੰਗ ਦੇ ਨੁਕਸਾਨਾਂ ਬਾਰੇ ਦੱਸਿਆ।
ਹਰਿਆਣਾ ਰਾਜ ਮਹਿਲਾ ਕਮਿਸ਼ਨ ਨੇ ਉਨ੍ਹਾਂ ਦੀ ਇਸ ਪੋਸਟ ਦਾ ਖ਼ੁਦ ਨੋਟਿਸ ਲਿਆ ਅਤੇ 12 ਮਈ ਨੂੰ ਉਨ੍ਹਾਂ ਨੂੰ ਸੰਮਨ ਜਾਰੀ ਕੀਤਾ। ਇਸ ਸੰਮਨ ਵਿੱਚ ਕਿਹਾ ਗਿਆ ਸੀ ਕਿ ਉਨ੍ਹਾਂ ਦਾ ਬਿਆਨ 'ਕਥਿਤ ਤੌਰ 'ਤੇ ʻਹਥਿਆਰਬੰਦ ਬਲਾਂ ਵਿੱਚ ਔਰਤਾਂ ਦਾ ਕਥਿਤ ਅਪਮਾਨ ਅਤੇ ਫਿਰਕੂ ਨਫ਼ਰਤ ਨੂੰ ਉਤਸ਼ਾਹਿਤ ਕਰਨ ਵਾਲਾ' ਸੀ।
ਹਰਿਆਣਾ ਮਹਿਲਾ ਕਮਿਸ਼ਨ ਨੇ ਆਪਣੇ ਨੋਟਿਸ ਵਿੱਚ ਛੇ ਨੁਕਤਿਆਂ ਦਾ ਜ਼ਿਕਰ ਕੀਤਾ ਅਤੇ ਇਸ ਵਿੱਚ 'ਕਰਨਲ ਸੋਫੀਆ ਕੁਰੈਸ਼ੀ ਅਤੇ ਵਿੰਗ ਕਮਾਂਡਰ ਵਿਓਮਿਕਾ ਸਿੰਘ ਸਮੇਤ ਵਰਦੀਧਾਰੀ ਔਰਤਾਂ ਦਾ ਅਪਮਾਨ ਅਤੇ ਭਾਰਤੀ ਹਥਿਆਰਬੰਦ ਸੈਨਾਵਾਂ ਵਿੱਚ ਪੇਸ਼ੇਵਰ ਅਧਿਕਾਰੀਆਂ ਵਜੋਂ ਉਨ੍ਹਾਂ ਦੀ ਭੂਮਿਕਾ ਨੂੰ ਕਮਜ਼ੋਰ ਕਰਨ' ਬਾਰੇ ਵੀ ਗੱਲ ਕੀਤੀ।
ਇਸ ਦੇ ਨਾਲ ਹੀ, ਹਰਿਆਣਾ ਮਹਿਲਾ ਕਮਿਸ਼ਨ ਨੇ ਪ੍ਰੋਫੈਸਰ ਅਲੀ ਖ਼ਾਨ ਨੂੰ ਕਮਿਸ਼ਨ ਦੇ ਸਾਹਮਣੇ ਪੇਸ਼ ਹੋਣ ਲਈ 48 ਘੰਟੇ ਦਾ ਸਮਾਂ ਦਿੱਤਾ ਅਤੇ ਉਨ੍ਹਾਂ ਤੋਂ ਲਿਖਤੀ ਜਵਾਬ ਮੰਗਿਆ।
ਇਸ ਤੋਂ ਬਾਅਦ, ਪ੍ਰੋਫੈਸਰ ਅਲੀ ਖ਼ਾਨ ਦੇ ਵਕੀਲਾਂ ਨੇ ਉਨ੍ਹਾਂ ਵੱਲੋਂ ਮਹਿਲਾ ਕਮਿਸ਼ਨ ਨੂੰ ਲਿਖਤੀ ਜਵਾਬ ਦਿੱਤਾ। ਜਵਾਬ ਵਿੱਚ ਉਨ੍ਹਾਂ ਨੇ ਸੰਵਿਧਾਨ ਦੇ ਆਰਟੀਕਲ 19 (1) ਦੇ ਤਹਿਤ ਪ੍ਰਗਟਾਵੇ ਦੀ ਆਜ਼ਾਦੀ ਦਾ ਹਵਾਲਾ ਦਿੱਤਾ।
ਪ੍ਰੋਫੈਸਰ ਅਲੀ ਖ਼ਾਨ ਦੇ ਵਕੀਲਾਂ ਨੇ ਕਿਹਾ ਕਿ ਉਹ ਇਤਿਹਾਸ ਅਤੇ ਰਾਜਨੀਤੀ ਸ਼ਾਸਤਰ ਦੇ ਪ੍ਰੋਫੈਸਰ ਹਨ। ਉਨ੍ਹਾਂ ਨੇ ਇਹ ਬਿਆਨ 'ਆਪਣੀ ਅਕਾਦਮਿਕ ਅਤੇ ਪੇਸ਼ੇਵਰ ਮੁਹਾਰਤ ਦੀ ਵਰਤੋਂ ਕਰਦੇ ਹੋਏ' ਦਿੱਤੇ ਸਨ ਅਤੇ ਉਨ੍ਹਾਂ ਨੂੰ 'ਗ਼ਲਤ ਸਮਝਿਆ' ਗਿਆ ਹੈ।
ਸ਼ਨੀਵਾਰ, 17 ਮਈ ਨੂੰ, ਹਰਿਆਣਾ ਦੇ ਸੋਨੀਪਤ ਦੇ ਇੱਕ ਸਥਾਨਕ ਨਿਵਾਸੀ ਯੋਗੇਸ਼ ਨੇ ਪ੍ਰੋਫੈਸਰ ਅਲੀ ਖ਼ਾਨ ਦੇ ਇਨ੍ਹਾਂ ਬਿਆਨਾਂ ਸਬੰਧੀ ਇੱਕ ਐੱਫਆਈਆਰ ਦਰਜ ਕਰਵਾਈ।
ਇਸ ਸ਼ਿਕਾਇਤ ਦੇ ਆਧਾਰ 'ਤੇ ਹਰਿਆਣਾ ਪੁਲਿਸ ਨੇ ਐਤਵਾਰ ਨੂੰ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਹਰਿਆਣਾ ਪੁਲਿਸ ਨੇ ਪ੍ਰੋਫੈਸਰ ਅਲੀ ਖ਼ਾਨ ਵਿਰੁੱਧ ਭਾਰਤੀ ਨਿਆਂ ਸਹਿਤਾ ਦੀ ਧਾਰਾ 196 (1)ਬੀ, 197 (1)ਸੀ, 152 ਅਤੇ 299 ਤਹਿਤ ਮਾਮਲਾ ਦਰਜ ਕੀਤਾ ਹੈ।

ਤਸਵੀਰ ਸਰੋਤ, Ali Khan Mahmudabad/FB
ਪ੍ਰੋਫੈਸਰ ਅਲੀ ਖ਼ਾਨ ਨੇ ਕੀ ਕਿਹਾ ਸੀ?
8 ਮਈ ਨੂੰ ਕੀਤੀ ਗਈ ਇੱਕ ਪੋਸਟ ਵਿੱਚ, ਪ੍ਰੋਫੈਸਰ ਅਲੀ ਖ਼ਾਨ ਨੇ ਲਿਖਿਆ, "ਇੰਨੇ ਸਾਰੇ ਸੱਜੇ-ਪੱਖੀ ਟਿੱਪਣੀਕਾਰਾਂ ਕਰਨਲ ਸੋਫੀਆ ਕੁਰੈਸ਼ੀ ਦੀ ਤਾਰੀਫ਼ ਕਰ ਰਹੇ ਹਨ, ਇਹ ਦੇਖ ਕੇ ਮੈਂ ਖੁਸ਼ ਹਾਂ।"
"ਪਰ ਸ਼ਾਇਦ ਇਹ ਲੋਕ ਵੀ ਇਸੇ ਤਰ੍ਹਾਂ ਮੌਬ ਲੀਚਿੰਗ ਦੇ ਪੀੜਤਾਂ, ਮਨਮਰਜ਼ੀ ਨਾਲ ਬੁਲਡੋਜ਼ਰ ਚਲਾਉਣ ਅਤੇ ਭਾਜਪਾ ਦੇ ਨਫ਼ਰਤ ਫੈਲਾਉਣ ਦੇ ਪੀੜਤਾਂ ਲਈ ਆਪਣੀ ਆਵਾਜ਼ ਚੁੱਕ ਸਕਦੇ ਹਨ ਕਿ ਇਨ੍ਹਾਂ ਲੋਕਾਂ ਨੂੰ ਭਾਰਤੀ ਨਾਗਰਿਕਾਂ ਵਜੋਂ ਸੁਰੱਖਿਆ ਦਿੱਤੀ ਜਾ ਸਕੇ।"
ਪ੍ਰੋਫੈਸਰ ਅਲੀ ਖ਼ਾਨ ਨੇ ਕਿਹਾ, "ਦੋ ਮਹਿਲਾ ਸੈਨਿਕਾਂ ਰਾਹੀਂ ਜਾਣਕਾਰੀ ਦੇਣ ਦਾ ਨਜ਼ਰੀਆ ਮਹੱਤਵਪੂਰਨ ਹੈ। ਪਰ ਇਸ ਨਜ਼ਰੀਏ ਨੂੰ ਹਕੀਕਤ ਵਿੱਚ ਬਦਲਣਾ ਚਾਹੀਦਾ ਹੈ, ਨਹੀਂ ਤਾਂ ਇਹ ਸਿਰਫ਼ ਪਖੰਡ ਹੈ।"
ਹਾਲਾਂਕਿ, ਪ੍ਰੋਫੈਸਰ ਅਲੀ ਖ਼ਾਨ ਨੇ ਆਪਣੀ ਪੋਸਟ ਵਿੱਚ ਭਾਰਤ ਦੀ ਵਿਭਿੰਨਤਾ ਦੀ ਪ੍ਰਸ਼ੰਸਾ ਵੀ ਕੀਤੀ।
ਉਨ੍ਹਾਂ ਨੇ ਲਿਖਿਆ, "ਸਰਕਾਰ ਜੋ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ ਉਸ ਦੀ ਤੁਲਨਾ ਵਿੱਚ ਆਮ ਮੁਸਲਮਾਨਾਂ ਦੇ ਸਾਹਮਣੇ ਜ਼ਮੀਨੀਂ ਹਕੀਕਤ ਵੱਖ ਹੈ।"
"ਪਰ ਇਸ ਦੇ ਨਾਲ ਹੀ ਇਹ ਪ੍ਰੈੱਸ ਕਾਨਫਰੰਸ (ਕਰਨਲ ਸੋਫੀਆ ਅਤੇ ਵਿੰਗ ਕਮਾਂਡਰ ਵਿਓਮਿਕਾ ਸਿੰਘ ਦੀ ਪ੍ਰੈੱਸ ਬ੍ਰੀਫਿੰਗ) ਤੋਂ ਪਤਾ ਲੱਗਦਾ ਹੈ ਕਿ ਭਾਰਤ ਆਪਣੀ ਵਿਭਿੰਨਤਾ ਵਿੱਚ ਇੱਕਜੁਟ ਹੈ ਅਤੇ ਇੱਕ ਵਿਚਾਰ ਦੇ ਰੂਪ ਵਿੱਚ ਪੂਰੀ ਤਰ੍ਹਾਂ ਮਰਿਆ ਨਹੀਂ ਹੈ।"
ਪ੍ਰੋਫੈਸਰ ਅਲੀ ਖ਼ਾਨ ਨੇ ਆਪਣੀ ਪੋਸਟ ਦੇ ਅੰਤ ਵਿੱਚ ਤਿਰੰਗੇ ਦੇ ਨਾਲ 'ਜੈ ਹਿੰਦ' ਲਿਖਿਆ।
ਪ੍ਰੋਫੈਸਰ ਅਲੀ ਖ਼ਾਨ ਦੀ ਪਤਨੀ ਅਤੇ ਵਕੀਲ ਕੀ ਬੋਲੇ?
ਪ੍ਰੋਫੈਸਰ ਅਲੀ ਖ਼ਾਨ ਮਹਿਮੂਦਾਬਾਦ ਦੀ ਗ੍ਰਿਫ਼ਤਾਰੀ ਬਾਰੇ ਜਾਣਨ ਲਈ, ਬੀਬੀਸੀ ਪੱਤਰਕਾਰ ਦਿਲਨਵਾਜ਼ ਪਾਸ਼ਾ ਨੇ ਉਨ੍ਹਾਂ ਦੀ ਪਤਨੀ ਨਾਲ ਗੱਲ ਕੀਤੀ।
ਪ੍ਰੋਫੈਸਰ ਅਲੀ ਖ਼ਾਨ ਦੀ ਪਤਨੀ ਓਨਾਈਜ਼ਾ ਨੇ ਬੀਬੀਸੀ ਨੂੰ ਦੱਸਿਆ, "ਸਵੇਰੇ ਲਗਭਗ 6:30 ਵਜੇ, ਇੱਕ ਪੁਲਿਸ ਟੀਮ ਅਚਾਨਕ ਸਾਡੇ ਘਰ ਪਹੁੰਚੀ ਅਤੇ ਪ੍ਰੋਫੈਸਰ ਅਲੀ ਖ਼ਾਨ ਨੂੰ ਬਿਨ੍ਹਾਂ ਕੋਈ ਜਾਣਕਾਰੀ ਦਿੱਤੇ ਆਪਣੇ ਨਾਲ ਲੈ ਗਈ।"
ਓਨਾਈਜ਼ਾ ਨੇ ਦੱਸਿਆ, "ਮੈਂ ਨੌਂ ਮਹੀਨਿਆਂ ਦੀ ਗਰਭਵਤੀ ਹਾਂ। ਜਲਦੀ ਹੀ ਮੇਰੀ ਡਿਲੀਵਰੀ ਹੋਣ ਵਾਲੀ ਹੈ। ਮੇਰੇ ਪਤੀ ਨੂੰ ਬਿਨ੍ਹਾਂ ਕਿਸੇ ਠੋਸ ਕਾਰਨ ਜਾਂ ਵਜ੍ਹਾ ਦੱਸੇ ਘਰੋਂ ਜ਼ਬਰਦਸਤੀ ਲੈ ਗਏ ਹਨ।"
ਇਸ ਦੌਰਾਨ, ਪ੍ਰੋਫੈਸਰ ਅਲੀ ਖ਼ਾਨ ਮਹਿਮੂਦਾਬਾਦ ਦੇ ਵਕੀਲਾਂ ਦੀ ਟੀਮ ਦੇ ਇੱਕ ਵਕੀਲ ਨੇ ਬੀਬੀਸੀ ਨੂੰ ਦੱਸਿਆ, "ਅਸੀਂ ਮੰਨ ਰਹੇ ਹਾਂ ਕਿ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਟਰਾਂਜ਼ਿਟ ਰਿਮਾਂਡ 'ਤੇ ਸੋਨੀਪਤ ਲੈ ਕੇ ਗਏ ਹਨ। ਉਨ੍ਹਾਂ ਨੂੰ ਉੱਥੋਂ ਦੀ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਜਾ ਸਕਦਾ ਹੈ। ਇਸ ਵੇਲੇ ਅਸੀਂ ਹੋਰ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਹਾਂ।"
ਹਰਿਆਣਾ ਪੁਲਿਸ ਨੇ ਪ੍ਰੋਫੈਸਰ ਅਲੀ ਖ਼ਾਨ ਮਹਿਮੂਦਾਬਾਦ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ।
ਨਿਊਜ਼ ਏਜੰਸੀ ਪੀਟੀਆਈ ਦੇ ਅਨੁਸਾਰ, ਪੁਲਿਸ ਨੇ ਉਨ੍ਹਾਂ ਨੂੰ ਫੌਜ ਦੇ 'ਆਪ੍ਰੇਸ਼ਨ ਸਿੰਦੂਰ' 'ਤੇ ਟਿੱਪਣੀ ਕਰਨ ਲਈ ਗ੍ਰਿਫ਼ਤਾਰ ਕੀਤਾ ਹੈ।

ਤਸਵੀਰ ਸਰੋਤ, Vineet Kumar
ਅਲੀ ਖ਼ਾਨ ਦੀ ਗ੍ਰਿਫ਼ਤਾਰੀ ਬਾਰੇ ਕਿਸ ਨੇ ਕੀ ਕਿਹਾ?
ਪ੍ਰੋਫੈਸਰ ਅਲੀ ਖ਼ਾਨ ਮਹਿਮੂਦਾਬਾਦ ਦੀ ਗ੍ਰਿਫ਼ਤਾਰੀ ਤੋਂ ਬਾਅਦ, ਕਈ ਮੰਨੇ-ਪ੍ਰਮੰਨੇ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਪ੍ਰਤੀਕਿਰਿਆ ਦਿੱਤੀ ਹੈ।
ਸਵਰਾਜ ਅਭਿਆਨ ਦੇ ਸਹਿ-ਸੰਸਥਾਪਕ ਯੋਗੇਂਦਰ ਯਾਦਵ ਨੇ ਕਿਹਾ ਕਿ ਪ੍ਰੋਫੈਸਰ ਅਲੀ ਖ਼ਾਨ ਦੀ ਗ੍ਰਿਫ਼ਤਾਰੀ ਹੈਰਾਨ ਕਰਨ ਵਾਲੀ ਹੈ।
ਉਨ੍ਹਾਂ ਨੇ ਐਕਸ 'ਤੇ ਅਲੀ ਖ਼ਾਨ ਮਹਿਮੂਦਾਬਾਦ ਦੀ ਪੋਸਟ ਨੂੰ ਸਾਂਝਾ ਕਰਦੇ ਹੋਏ, ਲਿਖਿਆ, "ਇਸ ਪੋਸਟ ਨੂੰ ਪੜ੍ਹੋ ਅਤੇ ਖ਼ੁਦ ਨੂੰ ਪੁੱਛੋ, ਇਸ ਵਿੱਚ ਔਰਤ ਵਿਰੋਧੀ ਕੀ ਹੈ? ਇਹ ਪੋਸਟ ਧਾਰਮਿਕ ਨਫ਼ਰਤ ਕਿਵੇਂ ਫੈਲਾ ਰਹੀ ਹੈ?"
"ਅਤੇ ਇਹ ਭਾਰਤ ਦੀ ਏਕਤਾ, ਅਖੰਡਤਾ ਅਤੇ ਪ੍ਰਭੂਸੱਤਾ ਨੂੰ ਕਿਵੇਂ ਖ਼ਤਰੇ ਵਿੱਚ ਪਾ ਰਹੀ ਹੈ? (ਐੱਫਆਈਆਰ ਵਿੱਚ ਭਾਰਤੀ ਨਿਆਂ ਸਹਿਤਾ ਦੀ ਧਾਰਾ 152)। ਅਜਿਹੀ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਕਿਵੇਂ ਕਾਰਵਾਈ ਕਰ ਸਕਦੀ ਹੈ?"
ਯੋਗੇਂਦਰ ਯਾਦਵ ਨੇ ਇਹ ਵੀ ਲਿਖਿਆ, "ਇਹ ਵੀ ਪੁੱਛੋ ਕਿ ਕੀ ਮੱਧ ਪ੍ਰਦੇਸ਼ ਦੇ ਮੰਤਰੀ ਨੂੰ ਕੁਝ ਹੋਇਆ ਹੈ ਜਿਸ ਨੇ ਅਸਲ ਵਿੱਚ ਕਰਨਲ ਸੋਫੀਆ ਦਾ ਅਪਮਾਨ ਕੀਤਾ ਸੀ?"
ਇਤਿਹਾਸਕਾਰ ਰਾਮਚੰਦਰ ਗੁਹਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਪ੍ਰੋਫੈਸਰ ਅਲੀ ਖ਼ਾਨ ਦੀ ਗ੍ਰਿਫ਼ਤਾਰੀ ਦੀ ਖ਼ਬਰ ਪੋਸਟ ਕਰਦੇ ਹੋਏ ਲਿਖਿਆ, "ਲੋਕਤੰਤਰ ਦੀ ਜਨਨੀ।"
ਲੇਖਕ ਅਤੇ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਅਪੂਰਵਾਨੰਦ ਨੇ ਕਿਹਾ ਕਿ "ਹਰਿਆਣਾ ਪੁਲਿਸ ਨੇ ਅਲੀ ਖ਼ਾਨ ਮਹਿਮੂਦਾਬਾਦ ਨੂੰ ਗ਼ੈਰ-ਕਾਨੂੰਨੀ ਤੌਰ 'ਤੇ ਗ੍ਰਿਫ਼ਤਾਰ ਕੀਤਾ ਹੈ।"
ਪ੍ਰੋਫੈਸਰ ਅਪੂਰਵਾਨੰਦ ਨੇ ਐਕਸ 'ਤੇ ਲਿਖਿਆ, "ਹਰਿਆਣਾ ਪੁਲਿਸ ਨੇ ਡਾ. ਅਲੀ ਖ਼ਾਨ ਨੂੰ ਗ਼ੈਰ-ਕਾਨੂੰਨੀ ਤੌਰ 'ਤੇ ਗ੍ਰਿਫ਼ਤਾਰ ਕੀਤਾ ਹੈ। ਬਿਨ੍ਹਾਂ ਟਰਾਂਜ਼ਿਟ ਰਿਮਾਂਡ ਦੇ ਉਨ੍ਹਾਂ ਨੂੰ ਦਿੱਲੀ ਤੋਂ ਹਰਿਆਣਾ ਲਿਆਂਦਾ ਗਿਆ। ਐੱਫਆਈਆਰ ਰਾਤ 8 ਵਜੇ ਦਰਜ ਕੀਤੀ ਗਈ ਅਤੇ ਪੁਲਿਸ ਅਗਲੀ ਸਵੇਰ 7 ਵਜੇ ਉਨ੍ਹਾਂ ਦੇ ਘਰ ਪਹੁੰਚੀ ਗਈ!"
ਉਨ੍ਹਾਂ ਨੇ ਇਸ ਮਾਮਲੇ ਵਿੱਚ ਦਿੱਲੀ ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਦਖ਼ਲ ਦੀ ਮੰਗ ਕੀਤੀ ਹੈ ਅਤੇ ਪ੍ਰਬੀਰ ਪੁਰਕਾਇਸਥ ਮਾਮਲੇ ਵਿੱਚ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਜ਼ਿਕਰ ਕੀਤਾ ਹੈ।

ਤਸਵੀਰ ਸਰੋਤ, ANI
ਦੂਜੇ ਪਾਸੇ, ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਸੰਸਦ ਮੈਂਬਰ ਮਨੋਜ ਕੁਮਾਰ ਝਾਅ ਨੇ ਵੀ ਅਲੀ ਖ਼ਾਨ ਮਹਿਮੂਦਾਬਾਦ ਦੀ ਗ੍ਰਿਫਤਾਰੀ ਬਾਰੇ ਪੋਸਟ ਕੀਤਾ।
ਉਨ੍ਹਾਂ ਨੇ ਲਿਖਿਆ ਹੈ, "ਸੱਚਾ ਲੋਕਤੰਤਰ ਉਹ ਹੈ ਜਿੱਥੇ ਤੁਸੀਂ ਖੁੱਲ੍ਹੇ ਰਹਿਣ ਲਈ 'ਬੰਦ' ਨਹੀਂ ਹੋ।"
ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਪ੍ਰੋਫੈਸਰ ਅਲੀ ਖ਼ਾਨ ਦੀ ਗ੍ਰਿਫ਼ਤਾਰੀ ਵਿਰੁੱਧ ਅਦਾਲਤ ਜਾਣ ਦੀ ਗੱਲ ਕੀਤੀ।
ਇਸ ਦੌਰਾਨ, 'ਦਿ ਹਿੰਦੂ' ਅਖਬਾਰ ਦੀ ਪੱਤਰਕਾਰ ਸੁਹਾਸਿਨੀ ਹੈਦਰ ਨੇ ਕਿਹਾ ਕਿ ਪ੍ਰੋਫੈਸਰ ਅਲੀ ਖ਼ਾਨ ਦੀ ਪੋਸਟ ਵਿਤਕਰੇ ਬਾਰੇ ਸੀ।
ਉਨ੍ਹਾਂ ਕਿਹਾ, "ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦੋਂ ਕਿ ਇੱਕ ਮੰਤਰੀ ਨੇ ਇਸ ਮੁੱਦੇ 'ਤੇ ਫਿਰਕੂ ਟਿੱਪਣੀ ਕੀਤੀ ਹੈ ਅਤੇ ਉਹ ਖੁੱਲ੍ਹ ਕੇ ਘੁੰਮ ਰਿਹਾ ਹੈ।"
ਇਸ ਤੋਂ ਪਹਿਲਾਂ, ਹਰਿਆਣਾ ਰਾਜ ਮਹਿਲਾ ਕਮਿਸ਼ਨ ਦੇ ਸੰਮਨਾਂ ਵਿਰੁੱਧ 1203 ਲੋਕਾਂ ਨੇ ਪ੍ਰੋਫੈਸਰ ਅਲੀ ਖ਼ਾਨ ਦਾ ਸਮਰਥਨ ਕਰਦੇ ਹੋਏ ਇੱਕ ਪੱਤਰ ਜਾਰੀ ਕੀਤਾ ਸੀ।
ਇਸ ਪੱਤਰ ਰਾਹੀਂ, ਇਨ੍ਹਾਂ ਲੋਕਾਂ ਨੇ ਹਰਿਆਣਾ ਰਾਜ ਮਹਿਲਾ ਕਮਿਸ਼ਨ ਤੋਂ ਮੰਗ ਕੀਤੀ ਕਿ "ਸੰਮਨ ਵਾਪਸ ਲਏ ਜਾਣ ਅਤੇ ਪ੍ਰੋਫੈਸਰ ਅਲੀ ਖ਼ਾਨ ਮਹਿਮੂਦਾਬਾਦ ਤੋਂ ਜਨਤਕ ਤੌਰ 'ਤੇ ਮੁਆਫ਼ੀ ਮੰਗਣ" ਦੀ ਮੰਗ ਕੀਤੀ।
ਇਸ ਦੇ ਨਾਲ ਹੀ ਇਨ੍ਹਾਂ ਲੋਕਾਂ ਨੇ ਅਸ਼ੋਕਾ ਯੂਨੀਵਰਸਿਟੀ ਨੂੰ ਆਪਣੇ ਪ੍ਰੋਫੈਸਰ ਦੇ ਨਾਲ ਖੜ੍ਹੇ ਹੋਣ ਦੀ ਅਪੀਲ ਕੀਤੀ।
ਕੌਣ ਹਨ ਪ੍ਰੋਫੈਸਰ ਅਲੀ ਖ਼ਾਨ?
ਅਲੀ ਖ਼ਾਨ ਮਹਿਮੂਦਾਬਾਦ ਰਾਜਨੀਤੀ ਵਿਗਿਆਨ ਅਤੇ ਇਤਿਹਾਸ ਦੇ ਪ੍ਰੋਫੈਸਰ ਹਨ। ਉਹ ਰਾਜਨੀਤੀ ਵਿਗਿਆਨ ਦੇ ਮੁਖੀ ਵੀ ਹਨ।
ਅਲੀ ਖਾਨ ਮਹਿਮੂਦਾਬਾਦ ਦੇ ਫੇਸਬੁੱਕ ਪ੍ਰੋਫਾਈਲ ਦੇ ਅਨੁਸਾਰ, ਉਹ ਉੱਤਰ ਪ੍ਰਦੇਸ਼ ਦੇ ਮਹਿਮੂਦਾਬਾਦ ਦੇ ਰਹਿਣ ਵਾਲੇ ਹਨ।
ਅਸ਼ੋਕਾ ਯੂਨੀਵਰਸਿਟੀ ਦੀ ਅਧਿਕਾਰਤ ਵੈੱਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ਉਨ੍ਹਾਂ ਨੇ ਅਮਰੀਕਾ ਦੇ ਐਮਹਰਸਟ ਕਾਲਜ ਤੋਂ ਇਤਿਹਾਸ ਅਤੇ ਰਾਜਨੀਤੀ ਸ਼ਾਸਤਰ ਵਿੱਚ ਗ੍ਰੈਜੂਏਸ਼ਨ ਕੀਤੀ।
ਇਸ ਤੋਂ ਬਾਅਦ ਉਨ੍ਹਾਂ ਨੇ ਸੀਰੀਆ ਦੀ ਦਮਿਸ਼ਕ ਯੂਨੀਵਰਸਿਟੀ ਤੋਂ ਐੱਮ.ਫਿਲ ਕੀਤੀ। ਉਨ੍ਹਾਂ ਨੇ ਇਸ ਦੌਰਾਨ, ਨਾ ਸਿਰਫ਼ ਸੀਰੀਆ ਦੀ ਯਾਤਰਾ ਕੀਤੀ, ਸਗੋਂ ਲੇਬਨਾਨ, ਮਿਸਰ ਅਤੇ ਯਮਨ ਦੀ ਵੀ ਯਾਤਰਾ ਕੀਤੀ ਅਤੇ ਕੁਝ ਸਮਾਂ ਈਰਾਨ ਅਤੇ ਇਰਾਕ ਵਿੱਚ ਵੀ ਬਿਤਾਇਆ।
ਉਨ੍ਹਾਂ ਨੇ ਇੰਗਲੈਂਡ ਦੀ ਕੈਂਬਰਿਜ ਯੂਨੀਵਰਸਿਟੀ ਤੋਂ ਆਪਣੀ ਪੀਐੱਚਡੀ ਪੂਰੀ ਕੀਤੀ।
ਆਪਣੇ ਇੰਸਟਾਗ੍ਰਾਮ ਅਤੇ ਐਕਸ ਪ੍ਰੋਫਾਈਲ ਵਿੱਚ ਅਲੀ ਖ਼ਾਨ ਮਹਿਮੂਦਾਬਾਦ ਨੇ ਖ਼ੁਦ ਨੂੰ ਸਮਾਜਵਾਦੀ ਪਾਰਟੀ ਦਾ ਨੇਤਾ ਦੱਸਿਆ ਹੈ। ਉਨ੍ਹਾਂ ਦੇ ਇੰਸਟਾਗ੍ਰਾਮ ਅਤੇ ਫੇਸਬੁੱਕ ਟਾਈਮਲਾਈਨ 'ਤੇ ਪਾਰਟੀ ਮੁਖੀ ਅਖਿਲੇਸ਼ ਯਾਦਵ ਨਾਲ ਉਨ੍ਹਾਂ ਦੀ ਇੱਕ ਤਸਵੀਰ ਵੀ ਹੈ।
ਹਾਲਾਂਕਿ ਨਾ ਤਾਂ ਸਮਾਜਵਾਦੀ ਪਾਰਟੀ ਤੇ ਨਾ ਹੀ ਅਖਿਲੇਸ਼ ਯਾਦਵ ਨੇ ਇਸ ਮਾਮਲੇ ਉੱਤੇ ਕੋਈ ਪ੍ਰਤੀਕਿਰਿਆ ਦਿੱਤੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












