You’re viewing a text-only version of this website that uses less data. View the main version of the website including all images and videos.
'ਵਿਦੇਸ਼ਾਂ 'ਚ ਨੌਕਰੀਆਂ ਦਾ ਝੂਠਾ ਵਾਅਦਾ ਕਰਕੇ ਹੁੰਦੀ ਸੀ ਠੱਗੀ', ਕਾਲਪਨਿਕ ਦੇਸ਼ਾਂ ਵਾਲੀ ਫਰਜ਼ੀ ਅੰਬੈਸੀ ਚਲਾਉਣ ਵਾਲਾ ਸ਼ਖ਼ਸ ਕਿਵੇਂ ਫੜਿਆ ਗਿਆ
ਉੱਤਰ ਪ੍ਰਦੇਸ਼ ਐਸਟੀਐਫ ਦੀ ਨੋਇਡਾ ਯੂਨਿਟ ਨੇ ਲੰਘੇ ਮੰਗਲਵਾਰ, 22 ਜੁਲਾਈ ਨੂੰ ਗਾਜ਼ਿਆਬਾਦ ਵਿੱਚ ਇੱਕ ਵਿਅਕਤੀ ਨੂੰ ਜਾਅਲੀ ਅੰਬੈਸੀ ਚਲਾਉਣ ਦੇ ਇਲਜ਼ਾਮ ਤਹਿਤ ਗ੍ਰਿਫ਼ਤਾਰ ਕੀਤਾ ਹੈ।
ਇਲਜ਼ਾਮ ਹਨ ਕਿ ਮੁਲਜ਼ਮ ਆਪਣੇ ਆਪ ਨੂੰ ਵੈਸਟਆਰਕਟਿਕਾ, ਸਬੋਰਗਾ, ਪੌਲਵੀਆ ਅਤੇ ਲੋਡੋਨੀਆ ਵਰਗੇ ਤਥਾ ਕਥਿਤ ਦੇਸ਼ਾਂ ਦਾ ਰਾਜਦੂਤ ਦੱਸ ਕੇ ਲੋਕਾਂ ਨਾਲ ਸੰਪਰਕ ਕਰਦਾ ਸੀ।
ਐਸਟੀਐਫ ਦੇ ਐਸਐਸਪੀ ਸੁਸ਼ੀਲ ਘੁਲੇ ਦੇ ਅਨੁਸਾਰ, "ਉਹ ਆਪਣੇ ਆਪ ਨੂੰ ਵੈਸਟਆਰਕਟਿਕਾ, ਸਬੋਰਗਾ, ਪੌਲਵੀਆ, ਲੋਡੋਨੀਆ ਅਤੇ ਕੁਝ 'ਦੇਸ਼ਾਂ' ਦੇ ਰਾਜਦੂਤ ਵਜੋਂ ਪੇਸ਼ ਕਰਕੇ, ਲੋਕਾਂ ਨਾਲ ਸੰਪਰਕ ਕਰਦਾ ਸੀ। ਉਸ ਕੋਲੋਂ ਬਹੁਤ ਸਾਰੀਆਂ ਇਤਰਾਜ਼ਯੋਗ ਸਮੱਗਰੀਆਂ ਬਰਾਮਦ ਕੀਤੀਆਂ ਗਈਆਂ ਹਨ।"
"ਬਰਾਮਦ ਕੀਤੀਆਂ ਗਈਆਂ ਗੱਡੀਆਂ 'ਤੇ ਡਿਪਲੋਮੈਟਿਕ ਸਟਾਈਲ 'ਚ ਫਰਜ਼ੀ ਨੰਬਰ ਪਲੇਟਾਂ ਲੱਗੀਆਂ ਹੋਈਆਂ ਸਨ, ਜਿਨ੍ਹਾਂ ਨੂੰ ਕਿਸੇ ਅਧਿਕਾਰਤ ਏਜੰਸੀ ਤੋਂ ਮਨਜ਼ੂਰੀ ਨਹੀਂ ਮਿਲੀ ਸੀ।"
ਪੁਲਿਸ ਦਾ ਕਹਿਣਾ ਹੈ ਕਿ ਹਰਸ਼ਵਰਧਨ ਜੈਨ ਨਾਮ ਦੇ ਇਸ ਵਿਅਕਤੀ ਨੇ ਗਾਜ਼ੀਆਬਾਦ ਦੇ ਕਵੀ ਨਗਰ ਖੇਤਰ ਵਿੱਚ ਇੱਕ ਕਿਰਾਏ ਦਾ ਘਰ ਲਿਆ ਸੀ, ਜਿੱਥੋਂ ਉਹ ਕਥਿਤ ਤੌਰ 'ਤੇ ਜਾਅਲੀ ਦੂਤਾਵਾਸ ਚਲਾ ਰਿਹਾ ਸੀ।
'ਕਈ ਮੋਹਰਾਂ, ਫਰਜ਼ੀ ਪੈਨ ਕਾਰਡ ਅਤੇ ਜਾਅਲੀ ਫੋਟੋਆਂ ਬਰਾਮਦ'
ਐਸਐਸਪੀ ਸੁਸ਼ੀਲ ਘੁਲੇ ਨੇ ਦੱਸਿਆ, "ਮੁਲਜ਼ਮ ਗਾਜ਼ੀਆਬਾਦ ਦੇ ਕਵੀ ਨਗਰ ਦਾ ਵਸਨੀਕ ਹੈ। ਇੱਥੇ ਕਿਰਾਏ ਦੇ ਘਰ ਵਿੱਚ ਕਥਿਤ ਤੌਰ 'ਤੇ ਇੱਕ ਗੈਰ-ਕਾਨੂੰਨੀ ਦੂਤਾਵਾਸ ਚਲਾ ਰਿਹਾ ਸੀ।"
ਉਨ੍ਹਾਂ ਅੱਗੇ ਕਿਹਾ, "ਉਹ ਲੋਕਾਂ ਨੂੰ ਪ੍ਰਭਾਵਿਤ ਕਰਨ, ਉਨ੍ਹਾਂ ਨਾਲ ਠੱਗੀ ਦੇ ਇਰਾਦੇ ਨਾਲ ਮੋਰਫਡ ਤਸਵੀਰਾਂ ਦੀ ਵਰਤੋਂ ਕਰਦਾ ਸੀ। ਇਨ੍ਹਾਂ ਵਿੱਚ ਉਹ ਆਪਣੇ ਆਪ ਨੂੰ ਕਈ ਵੱਡੇ ਲੋਕਾਂ ਨਾਲ ਦਿਖਾਉਂਦਾ ਸੀ।"
ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਉਹ ਵਿਦੇਸ਼ਾਂ ਵਿੱਚ ਨੌਕਰੀਆਂ ਦਾ ਝੂਠਾ ਵਾਅਦਾ ਕਰਕੇ ਅਤੇ ਸ਼ੇਲ ਕੰਪਨੀਆਂ ਰਾਹੀਂ ਹਵਾਲਾ ਰੈਕੇਟ ਚਲਾ ਕੇ ਲੋਕਾਂ ਨਾਲ ਠੱਗੀ ਕਰਦਾ ਸੀ।
ਪੁਲਿਸ ਦੇ ਅਨੁਸਾਰ, ਗ੍ਰਿਫਤਾਰੀ ਦੌਰਾਨ ਐਸਟੀਐਫ ਨੇ ਮੁਲਜ਼ਮ ਕੋਲੋਂ ਸ਼ੱਕੀ ਅਤੇ ਫਰਜ਼ੀ ਸਮੱਗਰੀ ਬਰਾਮਦ ਕੀਤੀ ਹੈ। ਇਨ੍ਹਾਂ ਵਿੱਚ ਸ਼ਾਮਲ ਹਨ:
- ਚਾਰ ਗੱਡੀਆਂ, ਜਿਨ੍ਹਾਂ 'ਤੇ ਡਿਪਲੋਮੈਟਿਕ ਸਟਾਈਲ ਦੀਆਂ ਜਾਅਲੀ ਨੰਬਰ ਪਲੇਟਾਂ ਲੱਗੀਆਂ ਸਨ
- 12 ਵੱਖ-ਵੱਖ ਗੈਰ-ਕਾਨੂੰਨੀ ਪਾਸਪੋਰਟ
- ਦੋ ਜਾਅਲੀ ਪੈਨ ਕਾਰਡ
- 34 ਵੱਖ-ਵੱਖ ਦੇਸ਼ਾਂ ਅਤੇ ਕੰਪਨੀਆਂ ਦੀਆਂ ਜਾਅਲੀ ਮੋਹਰਾਂ
- ਦੋ ਪ੍ਰੈਸ ਕਾਰਡ
- 44 ਲੱਖ 70 ਹਜ਼ਾਰ ਰੁਪਏ ਨਕਦੀ
- ਕਈ ਦੇਸ਼ਾਂ ਦੀ ਕਰੰਸੀ
- 18 ਵਾਧੂ ਜਾਅਲੀ ਨੰਬਰ ਪਲੇਟਾਂ
- ਕੰਪਨੀਆਂ ਨਾਲ ਸਬੰਧਤ ਦਸਤਾਵੇਜ਼
ਪਹਿਲਾਂ ਵੀ ਹੋ ਚੁੱਕੀ ਹੈ ਗ੍ਰਿਫ਼ਤਾਰੀ
ਪੁਲਿਸ ਰਿਕਾਰਡ ਅਨੁਸਾਰ, ਹਰਸ਼ਵਰਧਨ ਨੂੰ ਸਾਲ 2011 ਵਿੱਚ ਵੀ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਐਸਐਸਪੀ ਸੁਸ਼ੀਲ ਘੁਲੇ ਨੇ ਕਿਹਾ, "ਉਸ ਸਮੇਂ ਉਸ ਕੋਲੋਂ ਇੱਕ ਸੈਟੇਲਾਈਟ ਫ਼ੋਨ ਬਰਾਮਦ ਹੋਇਆ ਸੀ ਅਤੇ ਉਸ ਵਿਰੁੱਧ ਕਵੀ ਨਗਰ ਪੁਲਿਸ ਸਟੇਸ਼ਨ ਵਿੱਚ ਕੇਸ ਦਰਜ ਕੀਤਾ ਗਿਆ ਸੀ।"
ਹੁਣ ਗਾਜ਼ੀਆਬਾਦ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਸ ਖ਼ਿਲਾਫ਼ ਗ਼ੈਰ-ਕਾਨੂੰਨੀ ਗਤੀਵਿਧੀਆਂ, ਜਾਅਲੀ ਦਸਤਾਵੇਜ਼ ਰੱਖਣ ਅਤੇ ਬਣਾਉਣ ਅਤੇ ਧੋਖਾਧੜੀ ਤਹਿਤ ਵੱਖ-ਵੱਖ ਧਾਰਾਵਾਂ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਵੈਸਟਆਰਕਟਿਕਾ ਕੀ ਹੈ?
ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ, ਵੈਸਟਆਰਕਟਿਕਾ ਵੀ ਸੁਰਖੀਆਂ ਵਿੱਚ ਹੈ। ਮੁਲਜ਼ਮ ਹਰਸ਼ਵਰਧਨ ਆਪਣੇ ਆਪ ਨੂੰ ਜਿਨ੍ਹਾਂ ਦੇਸ਼ਾਂ ਦਾ ਰਾਜਦੂਤ ਬਣਾ ਕੇ ਪੇਸ਼ ਕਰਦਾ ਸੀ, ਉਨ੍ਹਾਂ ਵਿੱਚੋਂ ਇੱਕ ਨਾਮ ਸੀ - ਵੈਸਟਆਰਕਟਿਕਾ।
ਪਹਿਲੀ ਵਾਰ ਸੁਣਨ 'ਤੇ, ਇਹ ਇੱਕ ਛੋਟਾ ਜਾਂ ਦੂਰ-ਦੁਰਾਡੇ ਦਾ ਦੇਸ਼ ਲੱਗਦਾ ਹੈ, ਪਰ ਵੈਸਟਆਰਕਟਿਕਾ ਅਸਲ ਵਿੱਚ ਇੱਕ ਕਾਲਪਨਿਕ ਦੇਸ਼ ਹੈ, ਜਿਸਨੂੰ ਸਾਲ 2001 ਵਿੱਚ ਇੱਕ ਸਾਬਕਾ ਅਮਰੀਕੀ ਜਲ ਸੈਨਾ ਅਧਿਕਾਰੀ ਟ੍ਰੈਵਿਸ ਮੈਕਹੈਨਰੀ ਨੇ ਬਣਾਇਆ ਸੀ।
ਇਸਦੀ ਆਪਣੀ ਵੈੱਬਸਾਈਟ, ਝੰਡਾ, ਪ੍ਰਤੀਕ ਅਤੇ ਇੱਕ ਕਰੰਸੀ ਵੀ ਮੌਜੂਦ ਹੈ। ਇਹ ਖੁਦ ਨੂੰ ਅੰਟਾਰਕਟਿਕਾ ਦੇ ਉਸ ਬਰਫੀਲੇ ਹਿੱਸੇ ਦਾ ਨੁਮਾਇੰਦਾ ਕਹਿੰਦਾ ਹੈ, ਜਿਸ 'ਤੇ ਕਿਸੇ ਵੀ ਦੇਸ਼ ਦਾ ਰਸਮੀ ਦਾਅਵਾ ਨਹੀਂ ਹੈ।
ਵੈਸਟਆਰਕਟਿਕਾ ਦੀ ਵੈੱਬਸਾਈਟ ਅਨੁਸਾਰ, ਇਹ ਇੱਕ ਗੈਰ-ਮੁਨਾਫ਼ਾ ਸੰਗਠਨ ਹੈ ਜਿਸਦਾ ਉਦੇਸ਼ ਵਾਤਾਵਰਣ ਸੁਰੱਖਿਆ ਅਤੇ ਜਲਵਾਯੂ ਪਰਿਵਰਤਨ ਬਾਰੇ ਜਾਗਰੂਕਤਾ ਫੈਲਾਉਣਾ ਹੈ। ਇਸ ਵਿੱਚ 'ਰਾਜਦੂਤ' ਵਰਗੇ ਅਹੁਦੇ, 'ਨਾਗਰਿਕਤਾ' ਅਤੇ 'ਸਨਮਾਨਤ ਉਪਾਧੀਆਂ' ਵੀ ਦਿੱਤੀਆਂ ਜਾਂਦੀਆਂ ਹਨ।
ਹਾਲਾਂਕਿ, ਦੁਨੀਆਂ ਦੇ ਕਿਸੇ ਵੀ ਦੇਸ਼ ਜਾਂ ਸੰਯੁਕਤ ਰਾਸ਼ਟਰ ਨੇ ਇਸਨੂੰ ਕਦੇ ਵੀ ਇੱਕ ਅਸਲੀ ਦੇਸ਼ ਵਜੋਂ ਮਾਨਤਾ ਨਹੀਂ ਦਿੱਤੀ ਹੈ।
ਵੈਸਟਆਰਕਟਿਕਾ ਦੀ ਵੈੱਬਸਾਈਟ ਮੁਤਾਬਕ, ਇਸ 'ਦੇਸ਼' ਦੀ ਸਰਕਾਰ ਦੀ ਅਗਵਾਈ ਗ੍ਰੈਂਡ ਡਿਊਕ ਟ੍ਰੈਵਿਸ ਕਰਦੇ ਹਨ, ਜਿਨ੍ਹਾਂ ਦੀ ਮਦਦ ਲਈ ਇੱਕ ਪ੍ਰਧਾਨ ਮੰਤਰੀ ਅਤੇ 'ਰਾਇਲ ਕੌਂਸਲ' ਬਣਾਈ ਗਈ ਹੈ।
ਇਸ ਤੋਂ ਇਲਾਵਾ, 'ਗ੍ਰੈਂਡ ਡਯੂਕਲ ਕੋਰਟ' ਨਾਮਕ ਇੱਕ ਸੰਸਥਾ ਵੀ ਹੈ ਜੋ ਵੈਸਟਆਰਕਟਿਕਾ ਦੁਆਰਾ ਬਣਾਏ ਗਏ ਕਾਨੂੰਨਾਂ ਦੀ ਵਿਆਖਿਆ ਕਰਨ ਦਾ ਕੰਮ ਕਰਦੀ ਹੈ।
ਵੈੱਬਸਾਈਟ 'ਤੇ ਦੱਸਿਆ ਗਿਆ ਹੈ ਕਿ ਇਨ੍ਹਾਂ ਦੇ 'ਪੀਅਰਸ' ਯਾਨੀ ਮੈਂਬਰ ਉਹ ਲੋਕ ਹਨ ਜੋ ਸੰਸਥਾ ਦੇ ਉਦੇਸ਼ਾਂ ਨੂੰ ਪੂਰਾ ਕਰਨ ਵਿੱਚ ਆਪਣੀ ਜਾਣਕਾਰੀ, ਸਮਾਂ ਅਤੇ ਹੁਨਰ ਨਾਲ ਯੋਗਦਾਨ ਪਾਉਂਦੇ ਹਨ।
ਪਰ, ਇਹ ਸਭ ਇੱਕ ਡਿਜੀਟਲ ਅਤੇ ਪ੍ਰਤੀਕਾਤਮਕ ਢਾਂਚੇ ਤੱਕ ਸੀਮਤ ਹੈ, ਜਿਸਦੀ ਅਸਲ ਦੁਨੀਆਂ ਵਿੱਚ ਕੋਈ ਕਾਨੂੰਨੀ ਜਾਂ ਕੂਟਨੀਤਕ ਮਾਨਤਾ ਨਹੀਂ ਹੈ।
ਹਾਲਾਂਕਿ, ਵੈਸਟਆਰਕਟਿਕਾ ਦਾ ਮੁਲਜ਼ਮ ਹਰਸ਼ਵਰਧਨ ਨਾਲ ਕੋਈ ਸਬੰਧ ਹੈ, ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ