ਐਂਟੀਬਾਇਓਟਿਕ ਦਵਾਈਆਂ ਦੇ ਘਟਦੇ ਅਸਰ ਕਰਕੇ ਹੋ ਚੁੱਕੀ ਹੈ 30 ਲੱਖ ਬੱਚਿਆਂ ਦੀ ਮੌਤ, ਨਵੇਂ ਅਧਿਐਨ ਵਿੱਚ ਹੋਰ ਕੀ ਹੋਇਆ ਖੁਲਾਸਾ

    • ਲੇਖਕ, ਡੋਮਿਨਿਕ ਹਿਊਜੇਸ
    • ਰੋਲ, ਬੀਬੀਸੀ ਪੱਤਰਕਾਰ

ਐਂਟੀਬਾਇਓਟਿਕ ਦਵਾਈਆਂ ਪ੍ਰਤੀ ਪ੍ਰਤੀਰੋਧ ਸਮਰੱਥਾ ਵਿਕਸਤ ਹੋਣ ਕਾਰਨ ਦੁਨੀਆਂ ਭਰ ਵਿੱਚ 30 ਲੱਖ ਤੋਂ ਵੱਧ ਬੱਚਿਆਂ ਦੀ ਮੌਤ ਹੋਣ ਦਾ ਖਦਸ਼ਾ ਹੈ। ਬਾਲ ਸਿਹਤ ਸਬੰਧੀ ਦੋ ਪ੍ਰਮੁੱਖ ਮਾਹਿਰਾਂ ਨੇ 2022 ਵਿੱਚ ਕੀਤੇ ਗਏ ਇੱਕ ਅਧਿਐਨ ਤੋਂ ਬਾਅਦ ਇਹ ਗੱਲ ਕਹੀ ਹੈ।

ਇਸਦਾ ਸਭ ਤੋਂ ਵੱਧ ਖ਼ਤਰਾ ਅਫਰੀਕਾ ਅਤੇ ਦੱਖਣ ਪੂਰਬੀ ਏਸ਼ੀਆ ਦੇ ਬੱਚਿਆਂ ਵਿੱਚ ਪਾਇਆ ਗਿਆ ਹੈ।

ਇਸ ਸਥਿਤੀ ਨੂੰ ਐਂਟੀਮਾਈਕਰੋਬਾਇਲ ਰੇਜ਼ਿਸਟੈਂਸ (ਰੋਗਾਣੂਰੋਧੀ ਪ੍ਰਤੀਰੋਧ) ਭਾਵ ਏਐੱਮਆਰ ਕਿਹਾ ਜਾਂਦਾ ਹੈ।

ਏਐੱਮਆਰ ਸਰੀਰ ਵਿੱਚ ਉਦੋਂ ਵਿਕਸਤ ਹੁੰਦਾ ਹੈ ਜਦੋਂ ਲਾਗ ਪੈਦਾ ਕਰਨ ਵਾਲੇ ਰੋਗਾਣੂ ਇੰਨੇ ਸ਼ਕਤੀਸ਼ਾਲੀ ਹੋ ਜਾਂਦੇ ਹਨ ਕਿ ਐਂਟੀਬਾਇਓਟਿਕ ਦਵਾਈਆਂ ਕੰਮ ਕਰਨਾ ਬੰਦ ਕਰ ਦਿੰਦੀਆਂ ਹਨ।

ਇਸ ਨੂੰ ਦੁਨੀਆਂ ਲਈ ਇੱਕ ਵੱਡਾ 'ਸਿਹਤ ਖ਼ਤਰਾ' ਮੰਨਿਆ ਜਾ ਰਿਹਾ ਹੈ।

ਇਸ ਨਵੇਂ ਅਧਿਐਨ ਤੋਂ ਪਤਾ ਲੱਗਾ ਹੈ ਕਿ ਏਐੱਮਆਰ ਬੱਚਿਆਂ ਨੂੰ ਕਿਵੇਂ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕਰ ਰਿਹਾ ਹੈ।

ਅਧਿਐਨ ਲਈ, ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਅਤੇ ਵਿਸ਼ਵ ਬੈਂਕ ਸਮੇਤ ਕਈ ਸੰਗਠਨਾਂ ਤੋਂ ਡਾਟਾ ਲਿਆ ਗਿਆ ਸੀ। ਖੋਜਕਾਰਾਂ ਦਾ ਅੰਦਾਜ਼ਾ ਹੈ ਕਿ ਸਾਲ 2022 ਵਿੱਚ 30 ਲੱਖ ਤੋਂ ਵੱਧ ਬੱਚਿਆਂ ਦੀ ਦਵਾਈ ਪ੍ਰਤੀ ਵਿਕਸਿਤ ਹੋਈ ਪ੍ਰਤੀਰੋਧਕ ਤਾਕਤ ਨਾਲ ਜੁੜੀ ਹੈ।

ਮਾਹਰਾਂ ਦਾ ਕਹਿਣਾ ਹੈ ਕਿ ਇਹ ਅਧਿਐਨ ਸਿਰਫ਼ ਤਿੰਨ ਸਾਲਾਂ ਵਿੱਚ ਬੱਚਿਆਂ ਵਿੱਚ ਏਐੱਮਆਰ ਨਾਲ ਸਬੰਧਤ ਲਾਗਾਂ ਵਿੱਚ ਦਸ ਗੁਣਾ ਤੋਂ ਵੱਧ ਵਾਧੇ ਨੂੰ ਉਜਾਗਰ ਕਰਦਾ ਹੈ।

ਕੋਵਿਡ ਮਹਾਂਮਾਰੀ ਕਾਰਨ ਇਹ ਗਿਣਤੀ ਹੋਰ ਵੀ ਵਧੇਰੇ ਹੋ ਸਕਦੀ ਹੈ।

ਐਂਟੀਬਾਇਓਟਿਕ ਦਵਾਈਆਂ ਦੀ ਵਧਦੀ ਵਰਤੋਂ

ਐਂਟੀਬਾਇਓਟਿਕ ਦਵਾਈਆਂ ਦੀ ਵਰਤੋਂ ਚਮੜੀ ਦੀ ਲਾਗ ਤੋਂ ਲੈ ਕੇ ਨਮੂਨੀਆ ਤੱਕ, ਕਈ ਕਿਸਮਾਂ ਦੇ ਬੈਕਟੀਰੀਆ ਦੀ ਲਾਗ ਦੇ ਇਲਾਜ ਜਾਂ ਰੋਕਥਾਮ ਲਈ ਕੀਤੀ ਜਾਂਦੀ ਹੈ।

ਕਈ ਵਾਰ ਇਸਦੀ ਵਰਤੋਂ ਲਾਗ ਦੇ ਇਲਾਜ ਦੀ ਬਜਾਏ ਰੋਕਥਾਮ ਲਈ ਵੀ ਕੀਤੀ ਜਾਂਦੀ ਹੈ। ਉਦਾਹਰਨ ਲਈ, ਜੇਕਰ ਕੋਈ ਸਰਜਰੀ ਕਰਵਾ ਰਿਹਾ ਹੋਵੇ ਜਾਂ ਕੈਂਸਰ ਦੇ ਇਲਾਜ ਲਈ ਕੀਮੋਥੈਰੇਪੀ ਹੋ ਰਹੀ ਹੋਵੇ।

ਹਾਲਾਂਕਿ, ਆਮ ਜ਼ੁਕਾਮ, ਫਲੂ ਜਾਂ ਕੋਵਿਡ ਵਰਗੀਆਂ ਬਿਮਾਰੀਆਂ ਅਤੇ ਵਾਇਰਲ ਇਨਫੈਕਸ਼ਨਾਂ 'ਤੇ ਐਂਟੀਬਾਇਓਟਿਕ ਦਵਾਈਆਂ ਦਾ ਕੋਈ ਪ੍ਰਭਾਵ ਨਹੀਂ ਪੈਂਦਾ।

ਕੁਝ ਬੈਕਟੀਰੀਆ ਨੇ ਹੁਣ ਕੁਝ ਦਵਾਈਆਂ ਪ੍ਰਤੀ ਪ੍ਰਤੀਰੋਧਕ ਸ਼ਕਤੀ ਵਿਕਸਤ ਕਰ ਲਈ ਹੈ। ਇਸ ਦੇ ਪਿੱਛੇ, ਐਂਟੀਬਾਇਓਟਿਕ ਦਵਾਈਆਂ ਦੀ ਅਣਉਚਿਤ ਵਰਤੋਂ ਨੂੰ ਕਾਰਨ ਦੱਸਿਆ ਜਾ ਰਿਹਾ ਹੈ।

ਨਵੀਆਂ ਐਂਟੀਬਾਇਓਟਿਕ ਦਵਾਈਆਂ ਦਾ ਉਤਪਾਦਨ ਇੱਕ ਲੰਮੀ ਅਤੇ ਮਹਿੰਗੀ ਪ੍ਰਕਿਰਿਆ ਹੈ ਅਤੇ ਹੌਲੀ ਵੀ ਹੋ ਗਈ ਹੈ।

ਰਿਪੋਰਟ ਦੇ ਮੁੱਖ ਲੇਖਕ, ਆਸਟ੍ਰੇਲੀਆ ਦੇ ਮਰਡੋਕ ਚਿਲਡਰਨਜ਼ ਰਿਸਰਚ ਇੰਸਟੀਚਿਊਟ ਦੇ ਡਾਕਟਰ ਯਾਨਹੋਂਗ ਜੇਸਿਕਾ ਹੂ ਅਤੇ ਕਲਿੰਟਨ ਹੈਲਥ ਐਕਸੈਸ ਇਨੀਸ਼ੀਏਟਿਵ ਦੇ ਪ੍ਰੋਫੈਸਰ ਹਰਬ ਹਾਰਵੇਲ ਹਨ, ਜੋ ਕਿ ਐਂਟੀਬਾਇਓਟਿਕ ਦਵਾਈਆਂ ਦੀ ਵਰਤੋਂ ਵਿੱਚ ਜ਼ਬਰਦਸਤ ਵਾਧੇ ਵੱਲ ਇਸ਼ਾਰਾ ਕਰਦੇ ਹਨ।

2019 ਅਤੇ 2021 ਦੇ ਵਿਚਕਾਰ, "ਵਾਚ ਐਂਟੀਬਾਇਓਟਿਕਸ" (ਪ੍ਰਤੀਰੋਧ ਦੇ ਉੱਚ ਜੋਖਮ ਵਾਲੀਆਂ ਦਵਾਈਆਂ) ਦੀ ਵਰਤੋਂ ਦੱਖਣ-ਪੂਰਬੀ ਏਸ਼ੀਆ ਵਿੱਚ 160 ਫੀਸਦੀ ਅਤੇ ਅਫਰੀਕਾ ਵਿੱਚ 126 ਫੀਸਦੀ ਵਧੀ।

ਇਸੇ ਸਮੇਂ ਦੌਰਾਨ, "ਰਿਜ਼ਰਵ ਐਂਟੀਬਾਇਓਟਿਕਸ" ਦੀ ਵਰਤੋਂ ਦੱਖਣ-ਪੂਰਬੀ ਏਸ਼ੀਆ ਵਿੱਚ 45 ਫੀਸਦੀ ਅਤੇ ਅਫਰੀਕਾ ਵਿੱਚ 125 ਫੀਸਦੀ ਤੱਕ ਵਧੀ।

ਇਸ ਕਿਸਮ ਦੇ ਐਂਟੀਬਾਇਓਟਿਕਸ ਦੀ ਵਰਤੋਂ ਗੰਭੀਰ ਪ੍ਰਤੀਰੋਧੀ ਲਾਗਾਂ ਲਈ ਕੀਤੀ ਜਾਂਦੀ ਹੈ।

ਘਟਦੇ ਬਦਲ

ਖੋਜਕਾਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਬੈਕਟੀਰੀਆ ਇਨ੍ਹਾਂ ਐਂਟੀਬਾਇਓਟਿਕ ਦਵਾਈਆਂ ਪ੍ਰਤੀ ਪ੍ਰਤੀਰੋਧਕ ਸ਼ਕਤੀ ਵਿਕਸਤ ਕਰ ਲੈਂਦੇ ਹਨ, ਤਾਂ ਬਹੁ-ਦਵਾਈ ਪ੍ਰਤੀਰੋਧਕ ਲਾਗਾਂ ਦੇ ਇਲਾਜ ਲਈ ਬਹੁਤ ਘੱਟ ਜਾਂ ਨਾ ਦੇ ਬਰਾਬਰ ਕੋਈ ਬਦਲ ਬਚੇਗਾ।

ਪ੍ਰੋਫੈਸਰ ਹਾਰਵੇਲ ਇਸ ਮਹੀਨੇ ਦੇ ਅੰਤ ਵਿੱਚ ਵਿਆਨਾ ਵਿੱਚ ਹੋਣ ਵਾਲੀ ਯੂਰਪੀਅਨ ਸੁਸਾਇਟੀ ਆਫ਼ ਕਲੀਨਿਕਲ ਮਾਈਕ੍ਰੋਬਾਇਓਲੋਜੀ ਐਂਡ ਇਨਫੈਕਸ਼ਨਸ ਡਿਸੀਜ਼ ਦੀ ਕਾਂਗਰਸ ਵਿੱਚ ਆਪਣੇ ਨਤੀਜੇ ਪੇਸ਼ ਕਰਨਗੇ।

ਸਮਾਗਮ ਤੋਂ ਪਹਿਲਾਂ ਉਨ੍ਹਾਂ ਕਿਹਾ, "ਏਐੱਮਆਰ ਇੱਕ ਵਿਸ਼ਵਵਿਆਪੀ ਸਮੱਸਿਆ ਹੈ। ਇਹ ਹਰ ਕਿਸੇ ਨੂੰ ਪ੍ਰਭਾਵਿਤ ਕਰਦੀ ਹੈ। ਅਸੀਂ ਇਹ ਕੰਮ ਅਸਲ ਵਿੱਚ ਇਸ ਗੱਲ 'ਤੇ ਧਿਆਨ ਕੇਂਦਰਿਤ ਕਰਨ ਲਈ ਕੀਤਾ ਹੈ ਕਿ ਏਐੱਮਆਰ ਬੱਚਿਆਂ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ?"

ਉਨ੍ਹਾਂ ਕਿਹਾ, "ਸਾਡਾ ਅੰਦਾਜ਼ਾ ਹੈ ਕਿ ਰੋਗਾਣੂਰੋਧੀ ਪ੍ਰਤੀਰੋਧ ਕਾਰਨ ਦੁਨੀਆਂ ਭਰ ਵਿੱਚ 30 ਲੱਖ ਬੱਚਿਆਂ ਦੀ ਮੌਤ ਹੋਈ ਹੈ।"

ਕੀ ਏਐੱਮਆਰ ਲਈ ਕੋਈ ਹੱਲ ਹੈ?

ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਏਐੱਮਆਰ ਨੂੰ ਮੌਜੂਦਾ ਸਭ ਤੋਂ ਗੰਭੀਰ ਵਿਸ਼ਵ ਵਿਆਪੀ ਸਿਹਤ ਖਤਰਿਆਂ ਵਿੱਚੋਂ ਇੱਕ ਦੱਸਿਆ ਹੈ ਪਰ ਪ੍ਰੋਫੈਸਰ ਹਾਰਵੇਲ ਚੇਤਾਵਨੀ ਦਿੰਦੇ ਹਨ ਕਿ ਇਸਦਾ ਕੋਈ ਆਸਾਨ ਜਵਾਬ ਨਹੀਂ ਹੈ।

ਉਨ੍ਹਾਂ ਕਿਹਾ, "ਇਹ ਇੱਕ ਬਹੁ-ਪੱਖੀ ਸਮੱਸਿਆ ਹੈ ਜੋ ਇਲਾਜ ਦੇ ਸਾਰੇ ਪਹਿਲੂਆਂ ਅਤੇ ਅਸਲ ਵਿੱਚ ਮਨੁੱਖੀ ਜੀਵਨ ਤੱਕ ਫੈਲੀ ਹੋਈ ਹੈ। ਐਂਟੀਬਾਇਓਟਿਕਸ ਸਾਡੇ ਚਾਰੇ ਪਾਸੇ ਮੌਜੂਦ ਹਨ। ਇਹ ਸਾਡੇ ਭੋਜਨ ਅਤੇ ਵਾਤਾਵਰਣ ਵਿੱਚ ਸਮੋ ਜਾਂਦੇ ਹਨ, ਇਸ ਲਈ ਇਨ੍ਹਾਂ ਦਾ ਹੱਲ ਲੱਭਣਾ ਸੌਖਾ ਨਹੀਂ ਹੈ।''

ਉਨ੍ਹਾਂ ਕਿਹਾ ਕਿ ਪ੍ਰਤੀਰੋਧੀ ਲਾਗਾਂ ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਹੈ- ਲਾਗ ਤੋਂ ਪੂਰੀ ਤਰ੍ਹਾਂ ਬਚ ਕੇ ਰਹਿਣਾ। ਇਸ ਦੇ ਲਈ, ਸਾਫ਼ ਪਾਣੀ ਅਤੇ ਸਫ਼ਾਈ ਦੇ ਨਾਲ-ਨਾਲ ਉੱਚ ਪੱਧਰੀ ਟੀਕਾਕਰਨ ਵੀ ਜ਼ਰੂਰੀ ਹੈ।

ਉਨ੍ਹਾਂ ਕਿਹਾ, "ਐਂਟੀਬਾਇਓਟਿਕਸ ਦੀ ਵਰਤੋਂ ਵਧੇਗੀ ਕਿਉਂਕਿ ਵਧੇਰੇ ਲੋਕਾਂ ਨੂੰ ਇਨ੍ਹਾਂ ਦੀ ਲੋੜ ਹੈ ਪਰ ਸਾਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਇਨ੍ਹਾਂ ਦੀ ਸਹੀ ਵਰਤੋਂ ਕੀਤੀ ਜਾਵੇ ਅਤੇ ਸਹੀ ਦਵਾਈਆਂ ਦੀ ਵਰਤੋਂ ਕੀਤੀ ਜਾਵੇ।"

ਕਿੰਗਜ਼ ਕਾਲਜ ਲੰਡਨ ਵਿਖੇ ਮਾਈਕ੍ਰੋਬਾਇਓਲੋਜੀ ਦੇ ਲੈਕਚਰਾਰ ਡਾਕਟਰ ਲਿੰਡਸੇ ਐਡਵਰਡਸ ਨੇ ਕਿਹਾ ਕਿ ਨਵਾਂ ਅਧਿਐਨ ਪਿਛਲੇ ਅੰਕੜਿਆਂ ਦੇ ਮੁਕਾਬਲੇ ਇੱਕ ਮਹੱਤਵਪੂਰਨ ਅਤੇ ਚਿੰਤਾਜਨਕ ਵਾਧਾ ਦਰਸਾਉਂਦਾ ਹੈ।

ਉਨ੍ਹਾਂ ਕਿਹਾ, "ਇਹ ਨਤੀਜੇ, ਸਿਹਤ ਖੇਤਰ ਵਿੱਚ ਕੰਮ ਕਰਨ ਵਾਲਿਆਂ ਲਈ ਇੱਕ ਚੇਤਾਵਨੀ ਹਨ। ਇਸ 'ਤੇ ਫੈਸਲਾਕੁੰਨ ਕਾਰਵਾਈ ਕੀਤੇ ਬਿਨਾਂ, ਏਐਮਆਰ ਬਾਲ ਸਿਹਤ ਵਿੱਚ ਹੋਈ ਦਹਾਕਿਆਂ ਦੀ ਤਰੱਕੀ ਨੂੰ ਕਮਜ਼ੋਰ ਕਰ ਸਕਦਾ ਹੈ। ਇਹ ਦੁਨੀਆਂ ਦੇ ਸਭ ਤੋਂ ਕਮਜ਼ੋਰ ਖੇਤਰਾਂ ਵਿੱਚ ਬਹੁਤ ਨੁਕਸਾਨ ਪਹੁੰਚਾ ਸਕਦਾ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)