You’re viewing a text-only version of this website that uses less data. View the main version of the website including all images and videos.
62 ਸਾਲ ਬਾਅਦ ਪੁਲਾੜ ਯਾਤਰਾ 'ਤੇ ਗਈਆਂ ਸਿਰਫ਼ ਮਹਿਲਾਵਾਂ, 11 ਮਿੰਟ ਦੇ ਸਫ਼ਰ ਦੌਰਾਨ ਕੀ-ਕੀ ਹੋਇਆ
- ਲੇਖਕ, ਕੇ ਸ਼ੁਭਗੁਣਮ
- ਰੋਲ, ਬੀਬੀਸੀ ਪੱਤਰਕਾਰ
ਪੌਪ ਗਾਇਕਾ ਕੈਟੀ ਪੈਰੀ ਸਣੇ ਪੁਲਾੜ ਵਿੱਚ ਯਾਤਰਾ ਕਰਨ ਵਾਲੀਆਂ ਛੇ ਔਰਤਾਂ ਸੁਰੱਖਿਅਤ ਧਰਤੀ 'ਤੇ ਵਾਪਸ ਆ ਗਈਆਂ ਹਨ। ਉਨ੍ਹਾਂ ਦੀ ਯਾਤਰਾ ਤਕਰੀਬਨ 11 ਮਿੰਟਾਂ ਦੀ ਸੀ।
ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਚਾਲਕ ਦਲ ਪੁਲਾੜ ਵਿੱਚ ਪਹੁੰਚਿਆ, ਤਾਂ ਕੈਟੀ ਪੈਰੀ ਇੱਕ ਗੀਤ ਗਾ ਰਹੀ ਸੀ।
ਉਨ੍ਹਾਂ ਦੇ ਜਹਾਜ਼ ਨੇ ਵੱਧ ਤੋਂ ਵੱਧ 2300 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਸਫ਼ਰ ਕੀਤਾ ਹੈ।
ਇਹ ਆਵਾਜ਼ ਦੀ ਗਤੀ ਤੋਂ ਤਿੰਨ ਗੁਣਾ ਵੱਧ ਹੈ। ਇਸ ਟੀਮ ਵਿੱਚ ਪੌਪ ਗਾਇਕ, ਪੱਤਰਕਾਰ, ਵਿਗਿਆਨੀ ਅਤੇ ਫ਼ਿਲਮ ਨਿਰਮਾਤਾ ਸਣੇ ਵੱਖ-ਵੱਖ ਖੇਤਰਾਂ ਦੀਆਂ ਔਰਤਾਂ ਸ਼ਾਮਲ ਸਨ।
ਛੇ ਔਰਤਾਂ ਦੀ ਇਸ ਪੂਰੀ ਟੀਮ ਨੂੰ ਜੈਫ਼ ਬੇਜ਼ੋਸ ਦੀ ਸਪੇਸ ਕੰਪਨੀ ਬਲੂ ਓਰਿਜਿਨ ਨੇ 'ਨਿਊ ਸ਼ੇਪਰਡ ਰਾਕੇਟ' ਰਾਹੀਂ ਪੁਲਾੜ ਵਿੱਚ ਭੇਜਿਆ ਸੀ।
1963 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਔਰਤਾਂ ਦੀ ਇੱਕ ਪੂਰੀ ਟੀਮ ਨੇ ਪੁਲਾੜ ਦੀ ਯਾਤਰਾ ਕੀਤੀ ਹੈ।
ਇਸ ਤੋਂ ਪਹਿਲਾਂ ਰੂਸੀ ਪੁਲਾੜ ਯਾਤਰੀ ਵੈਲੇਨਟੀਨਾ ਤੇਰੇਸ਼ਕੋਵਾ ਨੇ 1963 ਵਿੱਚ ਪੁਲਾੜ ਦੀ ਯਾਤਰਾ ਕੀਤੀ ਸੀ।
ਬਲੂ ਓਰਿਜਿਨ ਦੀ ਇਸ ਯਾਤਰਾ ਵਿੱਚ ਪੌਪ ਗਾਇਕਾ ਕੈਟੀ ਪੈਰੀ, ਪੱਤਰਕਾਰ ਗੇਲ ਕਿੰਗ, ਨਾਗਰਿਕ ਅਧਿਕਾਰਾਂ ਦੀ ਵਕੀਲ ਅਮਾਂਡਾ ਇੰਗੁਏਨ, ਨਾਸਾ ਦੀ ਸਾਬਕਾ ਰਾਕੇਟ ਵਿਗਿਆਨੀ ਆਇਸ਼ਾ ਬੋਵੇ ਅਤੇ ਫ਼ਿਲਮ ਨਿਰਮਾਤਾ ਕੈਰੀਨ ਫਲਿਨ ਸ਼ਾਮਲ ਹਨ।
ਉਸ ਦੇ ਨਾਲ ਛੇਵੀਂ ਔਰਤ, ਲੌਰੇਨ ਸਾਂਚੇਜ਼ ਵੀ ਸਨ, ਜਿਨ੍ਹਾਂ ਨੇ ਸਮੂਹ ਦੀ ਅਗਵਾਈ ਕੀਤੀ। ਉਹ ਜੈਫ਼ ਬੇਜ਼ੋਸ ਦੀ ਦੋਸਤ ਹਨ।
ਇਹ ਸਾਰੀਆਂ ਔਰਤਾਂ ਨੇ ਕਰਮਣ ਲਾਈਨ ਨੂੰ ਪਾਰ ਕੀਤਾ, ਜੋ ਕਿ ਧਰਤੀ ਅਤੇ ਪੁਲਾੜ ਦੇ ਵਿਚਕਾਰ ਇੱਕ ਕਾਲਪਨਿਕ ਹੱਦ ਹੈ ਅਤੇ ਜੋ ਧਰਤੀ ਦੇ ਵਾਯੂਮੰਡਲ ਤੋਂ ਬਹੁਤ ਦੂਰ ਹੈ।
ਔਰਤਾਂ ਦੀ ਪੁਲਾੜ ਯਾਤਰਾ
ਇਨ੍ਹਾਂ ਛੇ ਔਰਤਾਂ ਨੇ ਨਿਊ ਸ਼ੇਪਾਰਡ-31 ਨਾਮਕ ਇਸ ਮਿਸ਼ਨ 'ਤੇ ਬਲੂ ਓਰਿਜਿਨ ਦੇ ਨਿਊ ਸ਼ੇਪਾਰਡ ਰਾਕੇਟ 'ਤੇ ਯਾਤਰਾ ਕੀਤੀ।
ਇਸ ਦੇ ਅੰਦਰਲਾ ਪੁਲਾੜ ਯਾਨ ਪੂਰੀ ਤਰ੍ਹਾਂ ਸਵੈਚਾਲਕ ਵਜੋਂ ਕੰਮ ਕਰ ਸਕਦਾ ਹੈ। ਇਹ ਯਾਤਰਾ ਤਕਰੀਬਨ 11 ਮਿੰਟ ਤੱਕ ਚੱਲੀ।
ਨਿਊ ਸ਼ੇਪਾਰਡ ਰਾਕੇਟ ਨੂੰ 14 ਅਪ੍ਰੈਲ ਨੂੰ ਅਮਰੀਕਾ ਦੇ ਪੱਛਮੀ ਟੈਕਸਾਸ ਸਥਿਤ ਕੰਪਨੀ ਦੇ ਲਾਂਚ ਸੈਂਟਰ ਤੋਂ ਪੁਲਾੜ ਵਿੱਚ ਲਾਂਚ ਕੀਤਾ ਗਿਆ ਸੀ।
ਲੌਰੇਨ ਸਾਂਚੇਜ਼ ਨੇ 2023 ਵਿੱਚ ਵੋਗ ਮੈਗਜ਼ੀਨ ਨਾਲ ਇੱਕ ਇੰਟਰਵਿਊ ਵਿੱਚ ਸਾਰੀਆਂ ਔਰਤਾਂ ਦੀ ਪੁਲਾੜ ਉਡਾਣ ਦੇ ਆਪਣੇ ਸੁਪਨੇ ਦਾ ਜ਼ਿਕਰ ਕੀਤਾ।
ਬਲੂ ਓਰਿਜਿਨ ਨੇ ਇੱਕ ਬਿਆਨ ਵਿੱਚ ਕਿਹਾ, "ਇਹ ਸਿਰਫ਼ ਇੱਕ ਪੁਲਾੜ ਮਿਸ਼ਨ ਨਹੀਂ ਹੈ। ਇਹ ਲੋਕਾਂ ਦੀ ਮਾਨਸਿਕਤਾ ਨੂੰ ਬਦਲਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਨ ਦਾ ਮਿਸ਼ਨ ਹੈ।"
ਕਰਮਣ ਸੀਮਾ ਕੀ ਹੈ?
ਕਰਮਨ ਰੇਖਾ ਇੱਕ ਕਾਲਪਨਿਕ ਹੱਦ ਹੈ। ਇਸਨੂੰ ਧਰਤੀ ਉੱਤੇ ਸਮੁੰਦਰ ਤਲ ਤੋਂ 100 ਕਿਲੋਮੀਟਰ ਦੀ ਉਚਾਈ 'ਤੇ ਪਰਿਭਾਸ਼ਿਤ ਕੀਤਾ ਗਿਆ ਹੈ।
ਇਸਨੂੰ ਵਿਆਪਕ ਤੌਰ 'ਤੇ ਉਹ ਬਿੰਦੂ ਮੰਨਿਆ ਜਾਂਦਾ ਹੈ ਜਿੱਥੇ ਕੋਈ ਧਰਤੀ ਤੋਂ ਵੱਖ ਹੋ ਕੇ ਪੁਲਾੜ ਵਿੱਚ ਯਾਤਰਾ ਕਰ ਸਕਦਾ ਹੈ। ਯਾਨੀ ਇਸ ਬਿੰਦੂ ਨੂੰ ਧਰਤੀ ਦੇ ਵਾਯੂਮੰਡਲ ਦਾ ਅੰਤ ਅਤੇ ਪੁਲਾੜ ਦੀ ਸ਼ੁਰੂਆਤ ਮੰਨਿਆ ਜਾਂਦਾ ਹੈ।
ਕਰਮਨ ਰੇਖਾ ਫ਼ੈਡਰੇਸ਼ਨ ਏਅਰੋਨੌਟਿਕ ਇੰਟਰਨੈਸ਼ਨਲ ਵਲੋਂ ਨਿਰਧਾਰਤ ਕੀਤੀ ਗਈ ਸੀ ਅਤੇ ਇਸ ਉਚਾਈ ਤੱਕ ਪਹੁੰਚਣਾ ਪੁਲਾੜ ਖੋਜ ਵਿੱਚ ਇੱਕ ਅਹਿਮ ਮੀਲ ਪੱਥਰ ਮੰਨਿਆ ਜਾਂਦਾ ਹੈ।
ਮੋਹਾਲੀ ਸਥਿਤ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਐਜੂਕੇਸ਼ਨ ਐਂਡ ਰਿਸਰਚ ਦੇ ਪ੍ਰੋਫੈਸਰ ਅਤੇ ਸਾਬਕਾ ਵਿਗਿਆਨੀ ਡਾਕਟਰ ਟੀ.ਵੀ. ਵੈਂਕਟੇਸ਼ਵਰਨ ਕਹਿੰਦੇ ਹਨ, "ਕੌਮਾਂਤਰੀ ਪੱਧਰ 'ਤੇ ਮੰਨੇ ਗਏ ਨਿਯਮਾਂ ਅਨੁਸਾਰ, ਇਹ ਹੀ ਸਪੇਸ ਦੀ ਪਰਿਭਾਸ਼ਾ ਹੈ। ਇਹ ਕਰਮਣ ਰੇਖਾ ਹੈ।"
ਉਨ੍ਹਾਂ ਦੇ ਅਨੁਸਾਰ, 99.9 ਫ਼ੀਸਦ ਵਾਯੂਮੰਡਲ 100 ਕਿਲੋਮੀਟਰ ਦੀ ਉਚਾਈ ਤੋਂ ਹੇਠਾਂ ਮੌਜੂਦ ਹੈ, ਜਿਸਨੂੰ ਕਰਮਨ ਸੀਮਾ ਵਜੋਂ ਪਰਿਭਾਸ਼ਿਤ ਕੀਤਾ ਗਿਆ ਹੈ, ਇਸ ਲਈ ਇਹ ਫ਼ੈਸਲਾ ਕੀਤਾ ਗਿਆ ਕਿ ਇਸਦੇ ਉੱਪਰ ਵਾਲਾ ਖੇਤਰ ਸਪੇਸ ਹੈ।
ਇਸ ਸੀਮਾ ਰੇਖਾ ਤੋਂ ਪਾਰ ਯਾਤਰਾ ਕਰਨ ਵਾਲਿਆਂ ਨੂੰ 'ਪੁਲਾੜ ਯਾਤਰੀ' ਦਾ ਦਰਜਾ ਦਿੱਤਾ ਜਾਂਦਾ ਹੈ। ਇਹੀ ਕਾਰਨ ਹੈ ਕਿ ਬਲੂ ਓਰਿਜਿਨ ਦਾ ਪੁਲਾੜ ਮਿਸ਼ਨ ਵੀ ਇਸ ਸੀਮਾ ਤੋਂ ਪਾਰ ਜਾ ਕੇ ਆਪਣੇ ਯਾਤਰੀਆਂ ਨੂੰ ਪੁਲਾੜ ਦਾ ਅਸਲ ਤਜ਼ਰਬਾ ਦੇਵੇਗਾ।
'ਇਸਦਾ ਮਕਸਦ ਪੁਲਾੜ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨਾ ਹੈ'
ਡਾਕਟਰ ਵੈਂਕਟੇਸ਼ਵਰਨ ਕਹਿੰਦੇ ਹਨ ਕਿ ਇਸ ਮਿਸ਼ਨ ਦਾ ਮਕਸਦ ਪੁਲਾੜ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨਾ ਹੈ।
ਉਹ ਕਹਿੰਦੇ ਹਨ, "ਇਸ ਕੰਪਨੀ ਨੇ ਕਈ ਵਾਰ ਪੁਲਾੜ ਸੈਰ-ਸਪਾਟਾ ਕੀਤਾ ਹੈ। ਪਰ ਜਦੋਂ ਤੁਸੀਂ ਇਸ ਯਾਤਰਾ ਬਾਰੇ ਸੁਣਦੇ ਹੋ, ਤਾਂ ਤੁਹਾਨੂੰ ਇਹ ਨਹੀਂ ਮੰਨਣਾ ਚਾਹੀਦਾ ਕਿ ਇਹ ਸੁਨੀਤਾ ਵਿਲੀਅਮਜ਼ ਵਰਗੀ ਯਾਤਰਾ ਹੈ।"
ਸੁਨੀਤਾ ਵਿਲੀਅਮਜ਼ ਪੁਲਾੜ ਦੇ ਇੱਕ ਖੇਤਰ ਵਿੱਚ ਗਏ ਸਨ ਜੋ ਤਕਰੀਬਨ 400 ਕਿਲੋਮੀਟਰ ਉੱਪਰ ਸੀ।
ਇਨ੍ਹਾਂ ਔਰਤਾਂ ਦੀ ਪੁਲਾੜ ਉਡਾਣ ਬਾਰੇ ਗੱਲ ਕਰਦੇ ਹੋਏ, ਉਨ੍ਹਾਂ ਕਿਹਾ, "ਉਹ ਕਰਮਨ ਸੀਮਾ ਦੇ ਇੱਕਦਮ ਉੱਪਰ ਗਈਆਂ, ਜਿੱਥੋਂ ਪੁਲਾੜ ਸ਼ੁਰੂ ਹੁੰਦਾ ਹੈ, ਅਤੇ ਫਿਰ ਕੁਝ ਮਿੰਟਾਂ ਵਿੱਚ ਵਾਪਸ ਆ ਗਈਆਂ।"
ਵੈਂਕਟੇਸ਼ਵਰਨ ਨੇ ਕਿਹਾ, "ਇਸ ਯਾਤਰਾ ਦਾ ਕੁੱਲ ਸਮਾਂ ਤਕਰਬੀਨ 11 ਮਿੰਟ ਸੀ। ਉਨ੍ਹਾਂ ਦੀ ਰਾਕੇਟ ਵਿੱਚ ਸੱਤ ਮਿੰਟ ਯਾਤਰਾ ਰਹੀ। ਲਗਭਗ 48 ਕਿਲੋਮੀਟਰ ਦੀ ਯਾਤਰਾ ਕਰਨ ਤੋਂ ਬਾਅਦ, ਯਾਤਰੀਆਂ ਨੂੰ ਲੈ ਕੇ ਜਾਣ ਵਾਲੇ ਪੁਲਾੜ ਯਾਨ ਨੂੰ ਰਾਕੇਟ ਤੋਂ ਪੁਲਾੜ ਵਿੱਚ ਉਸੇ ਤਰ੍ਹਾਂ ਲਾਂਚ ਕੀਤਾ ਜਾਂਦਾ ਜਿਵੇਂ ਪੱਥਰ ਨੂੰ ਉੱਪਰ ਵੱਲ ਸੁੱਟਿਆ ਜਾਂਦਾ ਹੈ।"
ਉਨ੍ਹਾਂ ਨੇ ਕਿਹਾ, "ਰਾਕੇਟ ਦੁਆਰਾ ਲਾਂਚ ਕੀਤਾ ਗਿਆ ਪੁਲਾੜ ਯਾਨ ਕਰਮਨ ਲਾਈਨ ਦੇ ਬਿਲਕੁਲ ਉੱਪਰੋਂ ਲੰਘਦਾ ਅਤੇ ਫ਼ਿਰ ਧਰਤੀ 'ਤੇ ਵਾਪਸ ਆ ਜਾਂਦਾ।"
ਉਨ੍ਹਾਂ ਦਾ ਕਹਿਣਾ ਹੈ ਕਿ ਇਸ ਪ੍ਰੋਜੈਕਟ ਦਾ ਮਕਸਦ ਲੋਕਾਂ ਨੂੰ ਪੁਲਾੜ ਸੈਰ-ਸਪਾਟੇ ਵੱਲ ਆਕਰਸ਼ਿਤ ਕਰਨਾ ਅਤੇ ਇਸ ਰਾਹੀਂ ਇੱਕ ਨਵਾਂ ਉਦਯੋਗ ਬਣਾਉਣਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਅਜਿਹੇ ਯਤਨ "ਔਰਤਾਂ ਦੇ ਵਿਕਾਸ 'ਤੇ ਕੇਂਦ੍ਰਿਤ ਹੋਣਗੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਦਾ ਕੰਮ ਕਰਨਗੇ।"
ਪੁਲਾੜ ਵਿੱਚ ਜਾਣ ਵਾਲੀਆਂ ਔਰਤਾਂ ਪਿਛੋਕੜ ਕੀ ਹੈ?
ਲਾਰੇਨ ਸਾਂਚੇਜ਼
ਲਾਰੇਨ ਸਾਂਚੇਜ਼ ਇੱਕ ਲਾਇਸੰਸਸ਼ੁਦਾ ਹੈਲੀਕਾਪਟਰ ਪਾਇਲਟ ਹੈ। ਸਾਂਚੇਜ਼ ਨੇ 2016 ਵਿੱਚ ਬਲੈਕ ਓਪਸ ਐਵੀਏਸ਼ਨ ਦੀ ਸਥਾਪਨਾ ਕੀਤੀ। ਉਹ ਅਤੇ ਬੇਜੋਸ ਅਰਥ ਫੰਡ ਦੇ ਉਪ-ਪ੍ਰਧਾਨ ਹਨ। ਉਹ ਤਿੰਨ ਬੱਚਿਆਂ ਦੀ ਮਾਂ ਹੈ।
ਆਇਸ਼ਾ ਬੋਵੇ
ਆਇਸ਼ਾ ਬੋਵੇ ਬਹਾਮਾਸ ਦੀ ਰਹਿਣ ਵਾਲੀ ਹੈ। ਉਹ ਸਾਬਕਾ ਨਾਸਾ ਰਾਕੇਟ ਵਿਗਿਆਨੀ ਅਤੇ ਉੱਦਮੀ ਹਨ। ਇਹ ਵਿਗਿਆਨ, ਤਕਨੀਕ, ਇੰਜੀਨੀਅਰਿੰਗ ਅਤੇ ਗਣਿਤ ਦੇ ਵਿਸ਼ਿਆਂ ਨਾਲ ਸਬੰਧਤ ਹਨ।
ਆਇਸ਼ਾ ਸਟੈਮ ਬੋਰਡ ਦੀ ਸੀਈਓ ਵੀ ਹੈ, ਇੱਕ ਇੰਜੀਨੀਅਰਿੰਗ ਕੰਪਨੀ ਜੋ ਕਿ ਅਮਰੀਕਾ ਵਿੱਚ ਸਭ ਤੋਂ ਤੇਜ਼ੀ ਨਾਲ ਵਧਣ ਵਾਲੀਆਂ ਨਿੱਜੀ ਕੰਪਨੀਆਂ ਦੀ ਸੂਚੀ, ਆਈਐੱਨਸੀ 5000 ਵਿੱਚ ਦੋ ਵਾਰ ਸੂਚੀਬੱਧ ਹੋ ਚੁੱਕੀ ਹੈ।
ਉਨ੍ਹਾਂ 'ਲਿੰਗੋ' ਨਾਮ ਦੀ ਇੱਕ ਕੰਪਨੀ ਵੀ ਸਥਾਪਿਤ ਕੀਤੀ ਹੈ ਜਿਸਦਾ ਮਕਸਦ ਦਸ ਲੱਖ ਵਿਦਿਆਰਥੀਆਂ ਨੂੰ ਜ਼ਰੂਰੀ ਤਕਨੀਕੀ ਹੁਨਰ ਸਿਖਾਉਣਾ ਹੈ।
ਅਮਾਂਡਾ ਇੰਗੁਏਨ
ਅਮਾਂਡਾ ਇੱਕ ਬਾਇਓਸਪੇਸ ਖੋਜ ਵਿਗਿਆਨੀ ਹੈ। ਉਨ੍ਹਾਂ ਨੇ ਹਾਰਵਰਡ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਪ੍ਰਾਪਤ ਕੀਤੀ ਹੈ। ਉਨ੍ਹਾਂ ਨੇ ਹਾਰਵਰਡ ਸੈਂਟਰ ਫਾਰ ਐਸਟ੍ਰੋਫਿਜ਼ਿਕਸ, ਐੱਮਆਈਟੀ, ਨਾਸਾ ਵਿਖੇ ਖੋਜ ਕਾਰਜ ਵੀ ਕੀਤਾ ਹੈ।
ਅਮਾਂਡਾ ਨੇ 1981 ਤੋਂ 2011 ਤੱਕ ਨਾਸਾ ਦੇ ਪੁਲਾੜ ਮਿਸ਼ਨ ਵਿੱਚ ਕੰਮ ਕੀਤਾ।
ਉਨ੍ਹਾਂ ਨੇ ਜਿਨਸੀ ਹਿੰਸਾ ਦੇ ਪੀੜਤਾਂ ਲਈ ਬਹੁਤ ਕੰਮ ਕੀਤਾ, ਜਿਸ ਲਈ ਉਨ੍ਹਾਂ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਸੀ। ਉਸਨੂੰ ਸਾਲ 2022 ਵਿੱਚ ਟਾਈਮ ਮੈਗਜ਼ੀਨ ਵੂਮੈਨ ਆਫ਼ ਦਿ ਈਅਰ ਐਵਾਰਡ ਵੀ ਮਿਲਿਆ ਹੈ।
ਕੈਟੀ ਪੈਰੀ
ਪੌਪ ਗਾਇਕਾ ਕੈਟੀ ਪੈਰੀ ਉਨ੍ਹਾਂ ਕਲਾਕਾਰਾਂ ਵਿੱਚੋਂ ਇੱਕ ਹੈ ਜਿਨ੍ਹਾਂ ਦੇ ਸੰਗੀਤ ਐਲਬਮ ਸਭ ਤੋਂ ਵੱਧ ਵਿਕਣ ਵਾਲੇ ਐਲਬਮਾਂ ਵਿੱਚੋਂ ਇੱਕ ਹਨ। ਉਨ੍ਹਾਂ ਦੇ ਗੀਤਾਂ ਨੂੰ 115 ਅਰਬ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।
ਇੱਕ ਗਲੋਬਲ ਪੌਪ ਸੁਪਰਸਟਾਰ ਵਜੋਂ ਜਾਣੀ ਜਾਂਦੀ, ਕੈਟੀ ਕਈ ਮਾਨਵਤਾਵਾਦੀ ਮੁੱਦਿਆਂ ਨੂੰ ਚੁੱਕਣ ਵਾਲੀ ਆਵਾਜ਼ ਵੀ ਰਹੀ ਹੈ।
ਯੂਨੀਸੇਫ਼ ਦੀ ਸਦਭਾਵਨਾ ਰਾਜਦੂਤ ਹੋਣ ਦੇ ਨਾਤੇ, ਉਹ ਹਰ ਬੱਚੇ ਦੀ ਸਿਹਤ, ਸਿੱਖਿਆ, ਸਮਾਨਤਾ ਅਤੇ ਸੁਰੱਖਿਆ ਦੇ ਅਧਿਕਾਰ ਨੂੰ ਯਕੀਨੀ ਬਣਾਉਣ ਲਈ ਆਪਣੀ ਆਵਾਜ਼ ਬੁਲੰਦ ਕਰਦੇ ਹਨ।
ਗੇਲ ਕਿੰਗ
ਗੇਲ ਕਿੰਗ ਇੱਕ ਪੁਰਸਕਾਰ ਜੇਤੂ ਪੱਤਰਕਾਰ ਹੈ। ਉਹ ਸੀਬੀਐੱਸ ਮਾਰਨਿੰਗਜ਼ ਦੀ ਸਹਿ-ਮੇਜ਼ਬਾਨ ਅਤੇ ਓਪਰਾ ਡੇਲੀ ਦੀ ਸੰਪਾਦਕ ਹਨ।
ਪੱਤਰਕਾਰੀ ਦੇ ਖੇਤਰ ਵਿੱਚ ਆਪਣੇ ਕਈ ਸਾਲਾਂ ਦੇ ਤਜ਼ਰਬੇ ਦੇ ਆਧਾਰ 'ਤੇ, ਗੇਲ ਨੂੰ ਇੰਟਰਵਿਊਜ਼ ਵਿੱਚ ਅਰਥਪੂਰਨ ਗੱਲਬਾਤ ਕਰਨ ਦਾ ਮਾਹਰ ਮੰਨਿਆ ਜਾਂਦਾ ਹੈ।
ਕੇਰੀਅਨ ਫ਼ਲਿਨ
ਫ਼ੈਸ਼ਨ ਅਤੇ ਮਨੁੱਖੀ ਸਰੋਤਾਂ ਵਿੱਚ ਬੈਚਲਰ ਦੀ ਡਿਗਰੀ ਹਾਸਲ ਕਰਨ ਤੋਂ ਬਾਅਦ, ਕੇਰੀਅਨ ਫ਼ਲਿਨ ਨੇ ਪਿਛਲੇ ਦਸ ਸਾਲ ਐਲਨ-ਸਟੀਵਨਸਨ ਸਕੂਲ, ਦਿ ਹਾਈ ਲਾਈਨ, ਅਤੇ ਹਡਸਨ ਰਿਵਰ ਪਾਰਕ ਸਣੇ ਕਈ ਗ਼ੈਰ-ਮੁਨਾਫ਼ਾ ਸੰਸਥਾਵਾਂ ਨਾਲ ਸਵੈ-ਸੇਵੀ ਵਜੋਂ ਕੰਮ ਕੀਤਾ ਹੈ।
ਕਹਾਣੀਆਂ ਸੁਣਾਉਣ ਵਿੱਚ ਮਾਹਰ, ਕੈਰੀਅਨ ਨੇ ਸੋਚਣ ਨੂੰ ਮਜ਼ਬੂਰ ਕਰਨ ਵਾਲੇ ਵਿਸ਼ਿਆਂ 'ਤੇ ਫਿਲਮਾਂ ਬਣਾਈਆਂ ਹਨ।
ਫ਼ਲਿਨ ਨੇ 'ਦਿਸ ਚੇਂਜਸ ਐਵਰੀਥਿੰਗ' (2018), ਜੋ ਹਾਲੀਵੁੱਡ ਵਿੱਚ ਔਰਤਾਂ ਦੇ ਇਤਿਹਾਸ ਦੀ ਪੜਚੋਲ ਕਰਦੀ ਹੈ, ਅਤੇ 'ਲਿਲੀ'(2024), ਫ਼ਿਲਮ ਜੋ ਵਕੀਲ ਲਿਲੀ ਲੈਡਬੇਟਰ ਬਾਰੇ ਹੈ ਬਣਾਈਆਂ ਹਨ।।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ